ਐਮਾਜ਼ੋਨ ਦੇ ਮਾਲਿਕ ਜੈਫ਼ ਬੈਜ਼ੋਸ ਨੇ ਮੈਗਜ਼ੀਨ 'ਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਇਲਜ਼ਾਮ ਲਾਇਆ

ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਐਮਾਜ਼ੋਨ (Amazon.com) ਦੇ ਸੰਸਥਾਪਕ ਜੈਫ਼ ਬੈਜ਼ੋਸ ਨੇ ਨੈਸ਼ਨਲ ਇਨਕੁਆਇਰਰ ਮੈਗਜ਼ੀਨ ਦੇ ਮਾਲਿਕ 'ਤੇ ਇਤਰਾਜ਼ਯੋਗ ਤਸਵੀਰਾਂ ਕਾਰਨ ਬਲੈਕਮੇਲ ਕਰਨ ਦਾ ਇਲਜ਼ਾਮ ਲਾਇਆ ਹੈ।

ਬੈਜ਼ੋਸ ਦਾ ਕਹਿਣਾ ਹੈ ਕਿ ਮੈਗਜ਼ੀਨ ਦੀ ਮੂਲ ਕੰਪਨੀ ਅਮਰੀਕਨ ਮੀਡੀਆ ਇੰਕ (ਏਐਮਆਈ) ਚਾਹੁੰਦੀ ਸੀ ਕਿ ਉਹ ਇਸ ਮਾਮਲੇ ਵਿੱਚ ਜਾਂਚ ਕਰਵਾਉਣੀ ਛੱਡ ਦੇਣ ਕਿ ਉਨ੍ਹਾਂ ਨੂੰ ਜੈਫ਼ ਦੇ ਨਿੱਜੀ ਮੈਸੇਜ ਕਿਵੇਂ ਮਿਲੇ।

ਜੈਫ਼ ਬੈਜ਼ੋਸ ਅਤੇ ਉਨ੍ਹਾਂ ਦੀ ਪਤਨੀ ਮੈਕੈਨਜ਼ੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦਾ ਤਲਾਕ ਹੋ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਐਮਾਜ਼ੋਨ ਦੇ ਮਾਲਿਕ ਕੋਲ 137 ਬਿਲੀਅਨ ਡਾਲਰ ਦੀ ਜਾਇਦਾਦ ਹੈ। ਤਲਾਕ ਦੇ ਨਾਲ ਹੀ ਮੈਕੇਨਜ਼ੀ ਉਨ੍ਹਾਂ ਦੀ ਜਾਇਦਾਦ ਦੀ 50 ਫੀਸਦੀ ਦੀ ਹੱਕਦਾਰ ਹੋ ਜਾਵੇਗੀ।

ਉਨ੍ਹਾਂ ਦਾ ਇਹ ਐਲਾਨ ਨੈਸ਼ਨਲ ਇਨਕੁਆਇਰਰ ਵਿੱਚ ਜੈਫ਼ ਦੇ ਵਿਆਹ ਤੋਂ ਬਾਹਰ ਰਿਸ਼ਤੇ ਬਾਰੇ ਖ਼ਬਰ ਛਪਣ ਤੋਂ ਕੁਝ ਹੀ ਸਮਾਂ ਪਹਿਲਾਂ ਹੋਇਆ ਸੀ।

ਇਹ ਵੀ ਪੜ੍ਹੋ:

ਬੀਬੀਸੀ ਨੇ ਏਐਮਆਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਟਿੱਪਣੀ ਨਹੀਂ ਕੀਤੀ।

ਐਮਾਜ਼ੋਨ ਮਾਲਿਕ ਬੈਜ਼ੋਸ ਦਾ ਕੀ ਦਾਅਵਾ ਹੈ?

ਇੱਕ ਬਲਾਗ ਵਿੱਚ ਜੈਫ਼ ਬੈਜ਼ੋਸ ਨੇ ਇੱਕ ਈਮੇਲ ਪੋਸਟ ਕੀਤਾ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਏਐਮਆਈ ਦੇ ਨੁਮਾਇੰਦਿਆਂ ਵੱਲੋਂ ਵਿਚੌਲਿਆਂ ਨੂੰ ਭੇਜਿਆ ਗਿਆ ਸੀ।

ਇਸ ਵਿੱਚ ਉਨ੍ਹਾਂ ਨੇ ਬੈਜ਼ੋਸ ਅਤੇ ਉਨ੍ਹਾਂ ਦੀ ਪ੍ਰੇਮੀਕਾ ਅਤੇ ਸਾਬਕਾ ਟੀਵੀ ਹੋਸਟ ਲੌਰੇਨ ਸੈਨਚੈਜ਼ ਨਾਲ ਉਨ੍ਹਾਂ ਦੀਆਂ ਨਜ਼ਦੀਕੀ ਤਸਵੀਰਾਂ ਛਾਪਣ ਦੀ ਧਮਕੀ ਦਿੱਤੀ ਹੈ।

ਅਰਬਪਤੀ ਜੈਫ਼ ਜੋ ਵਾਸ਼ਿੰਗਟਨ ਪੋਸਟ ਦੇ ਵੀ ਮਾਲਕ ਹਨ, ਨੇ ਕਿਹਾ ਕਿ ਏਐਮਆਈ ਚਾਹੁੰਦਾ ਸੀ ਕਿ ਉਹ ਇੱਕ "ਝੂਠਾ ਜਨਤਕ ਬਿਆਨ" ਦੇਵੇ ਕਿ ਨੈਸ਼ਨਲ ਇਨਕੁਆਰਰ ਵੱਲੋਂ ਉਨ੍ਹਾਂ ਦੀ ਅਤੇ ਪ੍ਰੇਮੀਕਾ ਬਾਰੇ ਕੀਤੀ ਗਈ ਕਵਰੇਜ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ।

ਬਲਾਗ ਵਿਚ ਸ਼ਾਮਿਲ ਕੀਤੀਆਂ ਗਈਆਂ ਈ-ਮੇਲਜ਼ ਮੁਤਾਬਕ ਏਐਮਆਈ ਦੇ ਇੱਕ ਵਕੀਲ ਨੇ ਕਿਹਾ ਕਿ ਜੇ ਇੱਕ ਜਨਤਕ ਬਿਆਨ ਦੇ ਦਿੱਤਾ ਜਾਵੇ ਤਾਂ ਤਸਵੀਰਾਂ ਪ੍ਰਕਾਸ਼ਿਤ ਨਹੀਂ ਕੀਤੀਆਂ ਜਾਣਗੀਆਂ।"

ਜੈਫ਼ ਨੇ ਕਿਹਾ, "ਤਸ਼ਦੱਦ ਅਤੇ ਬਲੈਕਮੇਲਿੰਗ ਅੱਗੇ ਝੁਕਣ ਦੀ ਬਜਾਏ ਮੈਂ ਉਹੀ ਛਾਪਣ ਦੀ ਕੋਸ਼ਿਸ਼ ਕੀਤੀ ਹੈ ਜੋ ਉਨ੍ਹਾਂ ਨੇ ਮੈਨੂੰ ਭੇਜਿਆ ਸੀ ਚਾਹੇ ਮੈਨੂੰ ਇਸ ਨਾਲ ਨਿੱਜੀ ਨੁਕਸਾਨ ਅਤੇ ਸ਼ਰਮਿੰਦਾ ਹੋਣਾ ਪੈ ਸਕਦਾ ਹੈ।"

ਇਸ ਤੋਂ ਪਹਿਲਾਂ ਬਲਾਗ ਪੋਸਟ ਦੇ ਸ਼ੁਰੂ ਵਿਚ ਜੈਫ਼ ਬੈਜ਼ੋਸ ਨੇ ਏਐਮਆਈ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਿਚਾਲੇ ਸਬੰਧਾਂ ਦਾ ਜ਼ਿਕਰ ਕੀਤਾ।

ਜੈਫ਼ ਨੇ ਰਾਸ਼ਟਰਪਤੀ ਟਰੰਪ ਦਾ ਜ਼ਿਕਰ ਕਿਉਂ ਕੀਤਾ?

ਜੈਫ਼ ਬੈਜ਼ੋਸ ਨੇ ਕਿਹਾ ਕਿ ਵਾਸ਼ਿੰਗਟਨ ਪੋਸਟ ਦੀ ਮਾਲਕੀ ਉਨ੍ਹਾਂ ਲਈ "ਗੁੰਝਲਦਾਰ" ਸੀ ਕਿਉਂਕਿ ਉਸ ਨੇ "ਕੁੱਝ ਸ਼ਕਤੀਸ਼ਾਲੀ ਲੋਕਾਂ" ਨੂੰ ਉਨ੍ਹਾਂ ਦਾ ਦੁਸ਼ਮਣ ਬਣਾ ਦਿੱਤਾ ਸੀ।

ਇਸ ਵਿੱਚ ਰਾਸ਼ਟਰਪਤੀ ਡੌਨਾਲਡ ਟਰੰਪ ਵੀ ਸ਼ਾਮਲ ਹਨ। ਉਹ ਏਐਮਆਈ ਦੇ ਬੌਸ ਡੇਵਿਡ ਪੈਕਰ ਦੇ ਦੋਸਤ ਹਨ।

ਏਐਮਆਈ ਨੇ ਹਾਲ ਹੀ ਵਿੱਚ ਕਬੂਲ ਕੀਤਾ ਹੈ ਕਿ ਉਹ ਟਰੰਪ ਦੀ ਰਾਸ਼ਟਰਪਤੀ ਮੁਹਿੰਮ ਦਾ ਹਿੱਸਾ ਸਨ ਜਿਸ ਵਿੱਚ ਉਨ੍ਹਾਂ ਦੇ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਲਈ ਇੱਕ ਪਲੇਅਬੁਆਏ ਮਾਡਲ ਨੂੰ 150,000 ਡਾਲਰ ਦੀ ਰਾਸ਼ੀ ਦਾ ਭੁਗਤਾਨ ਕਰਨਾ ਪਿਆ ਸੀ।

ਬੈਜ਼ੋਸ ਨੇ ਆਪਣੇ ਬਲਾਗ ਵਿੱਚ ਕਿਹਾ ਹੈ ਕਿ ਕਿਵੇਂ ਪ੍ਰਕਾਸ਼ਕਾਂ ਨੇ ਕੈਰਨ ਮੈਕਡੌਗਲ ਦੀ ਸਿਆਸੀ ਸ਼ਰਮਨਾਕ ਕਹਾਣੀ ਨੂੰ ਦਬਾਉਣ ਲਈ ਸਮਝੌਤਾ ਕੀਤਾ।

ਫੈਡਰਲ ਅਥੌਰਿਟੀ ਨਾਲ ਸਹਿਯੋਗ ਕਰਨ ਦੇ ਏਐਮਆਈ ਦੇ ਸਮਝੌਤੇ ਦਾ ਅਰਥ ਹੈ ਕਿ ਭੁਗਤਾਨਾਂ ਦੇ ਲਈ ਉਨ੍ਹਾਂ ਉੱਤੇ ਅਪਰਾਧਿਕ ਮਾਮਲੇ ਦਰਜ ਨਹੀਂ ਹੋਣਗੇ।

ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹਨ ਜਿਸ ਨੇ ਪੈਸਿਆਂ ਦੀ ਅਦਾਇਗੀ ਲਈ ਦਿਸ਼ਾ-ਨਿਰਦੇਸ਼ ਦਿੱਤੇ ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਪਹਿਲਾਂ ਹੀ ਕਬੂਲ ਕਰ ਚੁੱਕੇ ਹਨ ਕਿ ਅਦਾਇਗੀ ਲਈ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ।

ਬੈਜ਼ੋਸ ਨੂੰ ਸਾਖ ਦੀ ਕਿੰਨੀ ਫਿਕਰ

ਐਮੈਜ਼ੋਨ ਦੇ ਬੌਸ ਜੈਫ ਨੇ ਇਹ ਵੀ ਕਿਹਾ ਕਿ ਇਹ ਗੱਲ ਸਾਹਮਣੇ ਰੱਖਣ ਨਾਲ ਉਨ੍ਹਾਂ ਨੂੰ ਸ਼ਰਮਿੰਦਾ ਹੋਣ ਦੀ ਸੰਭਾਵਨਾ ਸੀ।

''ਮੈਂ ਨਿੱਜੀ ਫੋਟੋਆਂ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ ਪਰ ਮੈਂ ਉਨ੍ਹਾਂ ਵੱਲੋਂ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਬਲੈਕਮੇਲਿੰਗ, ਸਿਆਸੀ ਮਦਦ, ਸਿਆਸੀ ਹਮਲੇ ਅਤੇ ਭ੍ਰਿਸ਼ਟਾਚਾਰ ਦਾ ਹਿੱਸਾ ਨਹੀਂ ਬਣਾਂਗਾ। ਮੈਂ ਖੜ੍ਹੇ ਹੋਣਾ ਪਸੰਦ ਕਰਦਾ ਹਾਂ, ਇਸ ਚਿੱਠੀ ਨੂੰ ਪੜ੍ਹੋ ਅਤੇ ਦੇਖੋ ਕਿ ਕੀ ਨਿਕਲਦਾ ਹੈ।"

ਇਹ ਵੀ ਪੜ੍ਹੋ:

ਨਿਊ ਯਾਰਕ ਦੇ ਇੱਕ ਲੇਖਕ ਰੌਨਨ ਫਰੋ ਨੇ ਇਲਜ਼ਾਮ ਲਾਇਆ ਹੈ ਕਿ ਉਸ ਨੂੰ ਅਤੇ ਇੱਕ ਹੋਰ ਮਸ਼ਹੂਰ ਪੱਤਰਕਾਰ ਨੂੰ ਏਐਮਆਈ ਵੱਲੋਂ ਅਜਿਹੀ ਧਮਕੀ ਮਿਲ ਚੁੱਕੀ ਹੈ।

ਜੈਫ਼ ਬੈਜ਼ੋਸ ਦਾ ਕਹਿਣਾ ਹੈ ਕਿ "ਏਐਮਆਈ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਛਾਪਣ ਦਾ ਮਕਸਦ ਹੈ ਐਮਾਜ਼ਾਨ ਸ਼ੇਅਰ ਹੋਲਡਰਜ਼ ਨੂੰ ਦਿਖਾਉਣਾ ਕਿ ਮੇਰੇ ਵਪਾਰਕ ਫੈਸਲੇ ਕਿੰਨੇ ਭਿਆਨਕ ਹਨ।"

ਬੈਜ਼ੋਸ ਨੇ ਕਿਹਾ ਕਿ ਕੰਪਨੀ ਖੁਦ ਹੀ ਇਸ ਗੱਲ ਦਾ ਜਵਾਬ ਦਿੰਦੀ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)