ਸਿਆਸਤ 'ਚ ਕਿਸ ਤਰ੍ਹਾਂ ਦੀ ਔਰਤ ਨੂੰ ਪਸੰਦ ਕੀਤਾ ਜਾਂਦਾ ਹੈ - ਬਲਾਗ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਸਾਡੇ ਚਾਰੇ ਪਾਸੇ ਹਰ ਵੇਲੇ ਸੋਹਣੇ ਚਿਹਰਿਆਂ ਦੀ ਤਾਰੀਫ਼, ਸੋਹਣੇ ਨਾ ਹੋਣ ਦੀ ਹੀਣ ਭਾਵਨਾ ਅਤੇ ਹੋਰ ਸੋਹਣੇ ਦਿਖਣ ਦੇ ਤਰੀਕਿਆਂ ਦੀ ਨੁਮਾਇਸ਼ ਹੈ। ਮਤਲਬ ਔਰਤ ਕਿੰਨੀ ਵੀ ਪੜ੍ਹੀ ਲਿਖੀ ਹੋਵੇ ਅਤੇ ਆਪਣੇ ਕੰਮ ਵਿੱਚ ਤੇਜ਼ ਹੋਵੇ ਪਰ ਜੇਕਰ ਥੋੜ੍ਹੀ ਸੋਹਣੀ ਹੁੰਦੀ ਤਾਂ ਵਧੀਆ ਹੁੰਦਾ।

ਸੋਹਣੇ ਹੋਣ ਦੀ ਇਸ ਜੱਦੋ-ਜਹਿਦ 'ਚ ਮੈਂ ਇਤਫ਼ਾਕ ਨਹੀਂ ਰੱਖਦੀ ਪਰ ਦੁਨੀਆਂ ਰੱਖਦੀ ਹੈ ਅਤੇ ਇਸ ਲਈ ਮੈਂ ਹੈਰਾਨ ਹੁੰਦੀ ਹਾਂ, ਜਦੋਂ ਦੇਖਦੀ ਹਾਂ ਕਿ ਕਿਵੇਂ ਸੋਹਣੇ ਹੋਣਾ ਇੱਕ ਬੋਝ ਜਿਹਾ ਬਣ ਜਾਂਦਾ ਹੈ।

ਚਿਹਰੇ ਤੋਂ ਸੋਹਣੀ ਹੋਵੇਗੀ ਤਾਂ ਅਕਲੋਂ ਖਾਲ੍ਹੀ ਹੋਵੇਗੀ। ਮੌਕਾ ਵੀ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਸੋਹਣੀ ਹੈ ਅਤੇ ਕੰਮ ਕੁਝ ਖ਼ਾਸ ਨਹੀਂ ਕਰ ਸਕੇਗੀ ਕਿਉਂਕਿ ਕਾਬਲੀਅਤ ਦੇ ਨਾਮ 'ਤੇ ਸੁੰਦਰਤਾ ਹੀ ਤਾਂ ਹੈ।

ਇਹ ਵੀ ਪੜ੍ਹੋ-

ਪ੍ਰਿਅੰਕਾ ਅਤੇ ਮਾਇਆਵਤੀ 'ਤੇ ਨੇਤਾਵਾਂ ਦੇ ਬੋਲ

ਇਹ ਦੋਹਰੇ ਮਾਪਦੰਡ ਇੱਕ ਵਾਰ ਫਿਰ ਦੇਖਣ ਨੂੰ ਮਿਲੇ ਜਦੋਂ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਜਨਰਲ ਸਕੱਤਰ ਥਾਪਿਆ ਗਿਆ ਹੈ।

ਉਦੋਂ ਭਾਰਤੀ ਜਨਤਾ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਦੀਆਂ ਟਿੱਪਣੀਆਂ ਕੁਝ ਇਸ ਤਰ੍ਹਾਂ ਦੀਆਂ ਸਨ।

"ਲੋਕ ਸਭਾ ਚੋਣਾਂ ਵਿੱਚ ਕਾਂਗਰਸ ਚਾਕਲੇਟ ਵਰਗੇ ਚਿਹਰੇ ਸਾਹਮਣੇ ਲਿਆ ਰਹੀ ਹੈ।"

"ਇਸ ਨਾਲ ਉੱਤਰ ਪ੍ਰਦੇਸ 'ਚ ਬੱਸ ਇਹ ਫਾਇਦਾ ਹੋਵੇਗਾ ਕਿ ਕਾਂਗਰਸ ਦੀਆਂ ਚੋਣ ਸਭਾਵਾਂ 'ਚ ਕੁਰਸੀਆਂ ਖਾਲੀ ਨਹੀਂ ਦਿਖੀਆਂ।"

"ਵੋਟ ਚਿਹਰੇ ਦੇ ਸੋਹਣੇ ਹੋਣ ਦੇ ਬਲ 'ਤੇ ਜਿੱਤੇ ਜਾ ਸਕਦੇ ਹਨ।"

ਪਰ ਅਜਿਹਾ ਵੀ ਨਹੀਂ ਕਿ ਔਰਤ ਆਗੂ 'ਸੋਹਣੀ' ਹੋਣ ਦੀ ਪਰਿਭਾਸ਼ਾ ਵਿੱਚ ਫਿਟ ਨਾ ਹੁੰਦੀ ਹੋਵੇ ਤਾਂ ਇੱਜ਼ਤ ਮਿਲ ਜਾਵੇਗੀ।

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਲਈ ਸਮਾਜਵਾਦੀ ਪਾਰਟੀ (ਸਪਾ) ਨੇਤਾ ਮੁਲਾਇਮ ਸਿੰਘ ਯਾਦਵ ਨੇ ਕਿਹਾ ਸੀ, "ਕੀ ਮਾਇਆਵਤੀ ਇੰਨੀ ਸੋਹਣੀ ਹੈ ਕਿ ਕੋਈ ਉਨ੍ਹਾਂ ਦਾ ਬਲਾਤਕਾਰ ਕਰਨਾ ਚਾਹੇਗਾ?"

ਰਾਜ ਸਭਾ ਮੈਂਬਰ ਸ਼ਰਦ ਯਾਦਵ ਨੇ ਰਾਜਸਥਾਨ ਵਿੱਚ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਮੋਟੀ ਹੋ ਗਈ ਹੈ, ਉਨ੍ਹਾਂ ਨੂੰ ਆਰਾਮ ਕਰਨ ਦੇਣਾ ਚਾਹੀਦਾ ਹੈ।

ਯਾਨਿ ਕੋਈ ਫਰਕ ਨਹੀਂ ਪੈਂਦਾ, ਗੱਲ ਬੱਸ ਇੰਨੀ ਹੈ ਕਿ ਪਾਰਟੀ ਕੋਈ ਵੀ ਹੋਵੇ, ਅਜਿਹੇ ਪੁਰਸ਼ਾਂ ਦੀ ਘਾਟ ਨਹੀਂ ਜੋ ਇਹ ਮੰਨਦੇ ਹਨ ਕਿ ਸਿਆਸਤ 'ਚ ਔਰਤਾਂ ਪੁਰਸ਼ਾਂ ਨਾਲੋਂ ਘੱਟ ਹਨ।

ਸਿਆਸਤ ਵਿੱਚ ਡਟੀਆਂ ਔਰਤਾਂ

ਕਿਸੇ ਥਾਂ ਤੁਹਾਨੂੰ ਇੰਨਾ ਬੇਇੱਜ਼ਤ ਕੀਤਾ ਜਾਵੇ, ਤੁਹਾਡੇ ਸਰੀਰ ਬਾਰੇ ਬੇਝਿਜਕ ਮਾੜੀਆਂ ਗੱਲਾਂ ਹੋਣ ਅਤੇ ਤੁਹਾਡੇ ਕੰਮਾਂ ਨੂੰ ਨੀਵਾਂ ਦਿਖਾਇਆ ਜਾਵੇ ਤਾਂ ਕੀ ਤੁਸੀਂ ਉਥੇ ਦਾ ਰੁਖ਼ ਕਰੋਗੇ?

ਸ਼ਾਇਦ ਨਹੀਂ, ਪਰ ਇਨ੍ਹਾਂ ਔਰਤਾਂ ਨੂੰ ਦੇਖੋ, ਉਸੇ ਰਾਹ 'ਤੇ ਤੁਰੀਆਂ ਹੀ ਨਹੀਂ, ਡਟੀਆਂ ਹੋਈਆਂ ਹਨ। ਚਮੜੀ ਗੋਰੀ ਹੋਵੇ ਜਾਂ ਕਣਕਵੰਨੀ, ਮੋਟੀ ਜ਼ਰੂਰ ਕਰ ਲਈ।

ਗਿਣਤੀ ਅਜੇ ਕਾਫੀ ਘੱਟ ਹੈ। ਪਹਿਲੀ ਲੋਕ ਸਭਾ 'ਚ 4 ਫੀਸਦ ਤੋਂ ਵੱਧ ਕੇ 16ਵੀਂ ਲੋਕ ਸਭਾ 'ਚ ਕਰੀਬ 12 ਫੀਸਦ ਔਰਤਾਂ ਸੰਸਦ ਮੈਂਬਰ ਹਨ।

ਗੁਆਂਢ ਵਿੱਚ ਦੇਖੀਏ ਤਾਂ ਨੇਪਾਲ ਦੀ ਸੰਸਦ ਵਿੱਚ 38 ਫੀਸਦ, ਬੰਗਲਾਦੇਸ ਅਤੇ ਪਾਕਿਸਤਾਨ ਵਿੱਚ 20 ਫੀਸਦ ਔਰਤਾਂ ਹਨ।

ਇਸ ਤੋਂ ਪਹਿਲਾਂ ਤੁਸੀਂ ਕਹੋ ਕਿ ਸੁਪਨੇ ਦੇਖਣਾ ਛੱਡ ਦਈਏ, ਮੈਂ ਦੱਸ ਦੇਵਾਂ ਕਿ ਅਫ਼ਰੀਕੀ ਦੇਸ ਰਵਾਂਡਾ ਨੇ ਸੰਭਾਵਨਾ ਦੀ ਹੱਦ ਇੰਨੀ ਉੱਚੀ ਕਰ ਦਿੱਤੀ ਹੈ ਕਿ ਚਾਹਤ ਨੂੰ ਹੋਰ ਪਰ ਲੱਗ ਗਏ ਹਨ। ਰਵਾਂਡਾ ਦੀ ਸੰਸਦ 'ਚ 63 ਫੀਸਦ ਔਰਤਾਂ ਹਨ।

ਭਾਰਤ 'ਚ ਔਰਤਾਂ ਨੂੰ ਟਿਕਟ ਦੇਣ 'ਚ ਹਿਚਕਿਚਾਹਟ

ਭਾਰਤ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਕਈ ਦਹਾਕਿਆਂ ਪਹਿਲਾਂ, ਆਜ਼ਾਦੀ ਦੇ ਨਾਲ ਮਿਲ ਗਿਆ ਸੀ ਪਰ ਇਸ ਦੇ ਨਾਲ ਸਿਆਸਤ ਵਿੱਚ ਸ਼ਕਤੀਸ਼ਾਲੀ ਅਹੁਦਿਆਂ 'ਤੇ ਉਨ੍ਹਾਂ ਦੀ ਭਾਗੀਦਾਰੀ ਤੈਅ ਨਹੀਂ ਹੋਈ ਸੀ।

ਸਿਆਸੀ ਪਾਰਟੀਆਂ ਪੁਰਸ਼-ਪ੍ਰਧਾਨ ਰਹੀਆਂ ਅਤੇ ਔਰਤਾਂ ਨੂੰ ਟਿਕਟ ਦੇਣ ਵਿੱਚ ਝਿਜਕਦੀਆਂ ਰਹੀਆਂ, ਭਾਵੇਂ ਉਹ ਵਿਧਾਇਕ ਦਾ ਅਹੁਦਾ ਹੋਵੇ ਜਾਂ ਐਮ ਪੀ ਦਾ।

2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਰੀਬ 7500 ਉਮੀਦਵਾਰ ਮੈਦਾਨ ਵਿੱਚ ਸਨ, ਉਨ੍ਹਾਂ ਵਿਚੋਂ ਸਿਰਫ਼ 8 ਫੀਸਦ ਯਾਨਿ ਕਰੀਬ 500 ਔਰਤਾਂ ਸਨ।

ਖੋਜ ਸੰਸਥਾ, 'ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ' ਦੇ ਵਿਸ਼ਲੇਸ਼ਣ ਮੁਤਾਬਕ ਇਨ੍ਹਾਂ ਔਰਤਾਂ 'ਚ ਇੱਕ-ਤਿਹਾਈ ਕਿਸੇ ਪਾਰਟੀ ਤੋਂ ਨਹੀਂ ਲੜੀਆਂ ਬਲਕਿ ਆਜ਼ਾਦ ਉਮੀਦਵਾਰ ਸਨ।

ਇਹ ਵੀ ਪੜ੍ਹੋ-

ਪਾਰਟੀਆਂ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 59, ਕਾਂਗਰਸ ਨੇ 60 ਅਤੇ ਭਾਜਪਾ ਨੇ 38 ਸੀਟਾਂ 'ਤੇ ਔਰਤਾਂ ਨੂੰ ਟਿਕਟ ਦਿੱਤਾ।

ਸਭ ਤੋਂ ਚੰਗਾ ਪ੍ਰਦਰਸ਼ਨ ਰਿਹਾ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦਾ ਜਿੰਨ੍ਹਾਂ ਨੇ ਇੱਕ-ਤਿਹਾਈ ਸੀਟਾਂ 'ਤੇ ਔਰਤਾਂ ਨੂੰ ਟਿਕਟ ਦਿੱਤਾ।

ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ ਕਿ ਪਾਰਟੀ ਕਿਸੇ ਉਮੀਦਵਾਰ ਨੂੰ ਟਿਕਟ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਜਿੱਤਣ ਦੀ ਕਾਬਲੀਅਤ ਨੂੰ ਮਾਪਦੀ ਹੈ।

ਪਤੇ ਦੀ ਗੱਲ ਇਹ ਹੈ ਕਿ ਆਮ ਸਮਝ ਤੋਂ ਬਿਲਕੁਲ ਉਲਟ, ਔਰਤਾਂ ਮਰਦਾਂ ਨਾਲੋਂ ਬਿਹਤਰ ਹਨ।

ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਔਰਤਾਂ ਦੇ ਜਿੱਤਣ ਦੀ ਦਰ (9 ਫੀਸਦ) ਮਰਦਾਂ (6 ਫੀਸਦ) ਤੋਂ ਕਿਤੇ ਬਿਹਤਰ ਹੈ।

ਇਸ ਦੇ ਬਾਵਜੂਦ ਸਿਆਸਤ ਵਿੱਚ ਪੁਰਸ਼ਾਂ ਦੀ ਪ੍ਰਧਾਨਗੀ ਹੋਣ ਕਰਕੇ ਮਹਿਲਾ ਉਮੀਦਵਾਰਾਂ ਲਈ ਚੁਣੌਤੀ ਦੁੱਗਣੀ ਹਰੀ ਹੈ।

ਇਸ ਲਈ ਬਦਲਾਅ ਲਈ ਪਾਰਟੀਆਂ ਦੀ ਨੀਤੀ ਬਦਲਣੀ ਜ਼ਰੂਰੀ ਹੈ।

ਉਹ ਨਹੀਂ ਬਦਲੀ ਤਾਂ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਸੀਟਾਂ ਰਾਖਵੀਆਂ ਕਰਨ ਵਾਲਾ ਬਿੱਲ ਕਦੇ ਪਾਸ ਨਹੀਂ ਹੋਵੇਗਾ ਅਤੇ ਜੇ ਹੋ ਜਾਵੇਗਾ ਤਾਂ ਲਾਗੂ ਨਹੀਂ ਹੋਵੇਗਾ।

ਰੁਕਾਵਟ ਲਈ ਖ਼ੇਦ ਹੈ

ਸੁਆਲ ਇਹ ਵੀ ਹੈ ਕਿ ਕੀ ਰਾਖਵਾਂਕਰਨ ਹੀ ਸਹੀ ਰਾਹ ਹੈ?

ਔਰਤਾਂ ਲਈ ਪੰਚਾਇਤ ਪੱਧਰ 'ਤੇ ਪਹਿਲਾਂ ਹੀ ਇੱਕ-ਤਿਹਾਈ ਅਤੇ ਫਿਰ 50 ਫੀਸਦ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਅਤੇ ਇਸ ਨਾਲ ਉਨ੍ਹਾਂ ਦੀ ਨੁਮਾਇੰਦਗੀ ਵੀ ਵਧੀ ਹੈ।

ਪਰ ਨੀਤ ਨਾ ਬਦਲਣ ਕਾਰਨ ਹੁਣ ਵੀ ਵਧੇਰੇ ਔਰਤਾਂ ਨਾਮ ਦੀਆਂ ਸਰਪੰਚ ਹਨ। ਉਨ੍ਹਾਂ ਦੇ ਕੰਮ ਉਨ੍ਹਾਂ ਦੇ ਪਤੀ, ਸਹੁਰੇ, ਪਿਤਾ ਜਾਂ ਕੋਈ ਹੋਰ ਪ੍ਰਭਾਵਸ਼ਾਲੀ ਮਰਦ ਹੀ ਕਰਦਾ ਹੈ।

ਕਾਰਨ ਉਹੀ ਹੈ ਕਿ ਉਨ੍ਹਾਂ ਦੀ ਕਾਬਲੀਅਤ ਨੂੰ ਘੱਟ ਮਾਪਿਆ ਜਾਂਦਾ ਹੈ ਅਤੇ ਸਮਰਥਾ ਹੋਵੇ ਵੀ ਤਾਂ ਉਸ ਨੂੰ ਨਿਖਾਰਨ ਦਾ, ਸਿੱਖਣ ਦਾ ਅਤੇ ਅੱਗੇ ਵਧਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਹੈ।

ਪਰ ਕੁਝ ਔਰਤਾਂ ਹਨ ਜੋ ਇਨ੍ਹਾਂ ਸਭ ਰੁਕਾਵਟਾਂ ਲਈ ਖ਼ੇਦ ਜ਼ਾਹਿਰ ਕਰਨ ਦੀ ਬਜਾਇ ਆਪਣੀ ਥਾਂ ਬਣਾ ਰਹੀਆਂ ਹਨ।

ਉਹ ਸੋਹਣੀਆਂ ਵੀ ਹਨ, ਕਣਕਵੰਨੀਆਂ ਵੀ, ਮੋਟੀਆਂ ਵੀ ਹਨ। ਉਹ ਔਰਤਾਂ ਹੋਣ ਤੋਂ ਇਲਾਵਾ ਛੋਟੀ ਸਮਝੀਆਂ ਜਾਣ ਵਾਲੀਆਂ ਜਾਤੀਆਂ ਤੋਂ ਵੀ ਹਨ, ਆਦਿਵਾਸੀ ਹਨ, ਗਰੀਬ ਹਨ ਜਾਂ ਮੱਧ ਵਰਗੀ ਪਰਿਵਾਰ ਤੋਂ ਹਨ।

ਪਰ ਉਨ੍ਹਾਂ ਨੇ ਚੁਣਿਆ ਹੈ ਲੀਡਰ ਹੋਣਾ, ਨਿਡਰ ਹੋਣਾ। ਉਹ ਇਹ ਜਾਣ ਗਈਆਂ ਹਨ ਕਿ ਮਾੜੇ ਕੰਮੈਂਟ ਉਨ੍ਹਾਂ ਨੂੰ ਨਹੀਂ ਬਲਕਿ ਅਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਨੀਵਾਂ ਦਿਖਾਉਂਦੇ ਹਨ।

ਉਹ ਜਾਣਦੀਆਂ ਹਨ ਕਿ ਕਿਸਮਤ ਦੇ ਬਦਲਣ ਦਾ ਇੰਤਜ਼ਾਰ ਹੱਥ 'ਤੇ ਹੱਥ ਧਰ ਕੇ ਨਹੀਂ ਬਲਕਿ ਆਪਣੀ ਆਵਾਜ਼ ਨੂੰ ਚੁਟਕਲਿਆਂ ਦੇ ਰੌਲੇ ਵਿੱਚ ਬੁਲੰਦ ਕਰ ਹੋਵੇਗਾ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)