ਵਿੰਗ ਕਮਾਂਡਰ ਅਭਿਨੰਦਨ ਦੇ ਭਾਜਪਾ ਸਮਰੱਥਕ ਹੋਣ ਦਾ ਸੱਚ-ਫੈਕਟ ਚੈੱਕ

ਸੋਸ਼ਲ ਮੀਡੀਆ ’ਤੇ ਇੱਕ ਪਾਕਿਸਤਾਨ ਵਿੱਚ ਫੜ੍ਹੇ ਗਏ ਭਾਰਤੀ ਫੌਜ ਦੇ ਪਾਇਲਟ ਅਭਿਨੰਦਨ ਦੇ ਹਮਸ਼ਕਲ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਨੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕੀਤੀ ਹੈ ਅਤੇ ਉਨ੍ਹਾਂ ਨੇ ਆਪਣਾ ਵੋਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦਿੱਤਾ ਹੈ।

ਫੋਟੋ ਦੀ ਕੈਪਸ਼ਨ ਵਿੱਚ ਲਿਖਿਆ ਹੈ: "ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਖੁੱਲ੍ਹੇ ਤੌਰ 'ਤੇ ਭਾਜਪਾ ਦੀ ਹਮਾਇਤ ਕੀਤੀ ਹੈ ਅਤੇ ਨਰਿੰਦਰ ਮੋਦੀ ਨੂੰ ਵੋਟ ਵੀ ਪਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਤੋਂ ਵਧੀਆ ਪ੍ਰਧਾਨ ਮੰਤਰੀ ਹੋਰ ਕੋਈ ਨਹੀਂ ਹੋ ਸਕਦਾ। ਦੋਸਤੋ, ਜੇਹਾਦੀਆਂ ਅਤੇ ਕਾਂਗਰਸ ਨੂੰ ਦੱਸ ਦਿਓ ਕਿ ਉਹ ਇੱਕ ਫੌਜੀ ਜਵਾਨ ਨੂੰ ਕਦੇ ਵਾਪਸ ਨਹੀਂ ਸਨ ਲਿਆ ਸਕਦੇ।"

ਵਿੰਗ ਕਮਾਂਡਰ ਅਭਿਨੰਦਨ ਦੇ ਜਹਾਜ਼ ਨੂੰ 27 ਫਰਵਰੀ 2019 ਨੂੰ ਪਾਕਿਸਤਾਨ ਸ਼ਾਸ਼ਿਤ ਕਸ਼ਮੀਰ ਵਿੱਚ ਡੇਗ ਲਿਆ ਸੀ। ਪਾਕਿਸਤਾਨ ਨੇ ਉਨ੍ਹਾਂ ਨੂੰ 1 ਮਾਰਚ ਨੂੰ ਵਾਘਾ ਬਾਰਡਰ ਰਾਹੀਂ ਭਾਰਤੀ ਅਧਿਕਾਰੀਆ ਦੇ ਹਵਾਲੇ ਕਰ ਦਿੱਤਾ ਸੀ।

ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਉੱਪਰ ਹਵਾਈ ਹਮਲੇ ਕੀਤੇ ਸਨ। ਇਹ ਹਮਲੇ ਭਾਰਤ ਸ਼ਾਸ਼ਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ ਉੱਤੇ ਮੱਧ ਫਰਵਰੀ ਵਿਚ ਹੋਏ ਆਤਮਘਾਤੀ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਕੀਤੇ ਜਾਣ ਦ ਗੱਲ ਕਹੀ ਗਈ।

ਭਾਰਤ ਦਾ ਦਾਅਵਾ ਸੀ ਇਕ ਜਿਨ੍ਹਾਂ ਥਾਵਾਂ ਉੱਤੇ ਹਮਲੇ ਕੀਤੇ ਗਏ ਉੱਥੇ ਅਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ ਸਨ।

ਭਾਰਤੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨੀ ਲੜਾਕੂ ਜਹਾਜ਼ 27 ਫਰਵਰੀ ਨੂੰ ਭਾਰਤੀ ਹਵਾਈ ਸੀਮਾ ਵਿੱਚ ਦਾਖਲ ਹੋਏ। ਵਿੰਗ ਕਮਾਂਡਰ ਦਾ ਜਹਾਜ਼ ਇੱਕ ਪਾਕਿਸਤਾਨੀ ਲੜਾਕੂ ਜਹਾਜ਼ ਨਾਲ ਲੜਾਈ ਵਿੱਚ ਉਲਝਣ ਮਗਰੋਂ ਪਾਕਿਸਤਾਨੀ ਜ਼ਮੀਨ 'ਤੇ ਕਰੈਸ਼ ਹੋਣ ਮਗਰੋਂ ਉਨ੍ਹਾਂ ਨੂੰ ਪਾਕਿਸਾਤਾਨੀ ਫੌਜ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਵਾਇਰਲ ਤਸਵੀਰ ਉਨ੍ਹਾਂ ਦੀ ਪ੍ਰਸਿੱਧੀ ਤੋਂ ਸਿਆਸੀ ਲਾਹਾ ਲੈਣ ਦੀ ਇੱਕ ਕੋਸ਼ਿਸ਼ ਪ੍ਰਤੀਤ ਹੁੰਦੀ ਹੈ। "NAMO Bhakt" ਅਤੇ "Modi Sena" ਵਰਗੇ ਹਿੰਦੂਤਵੀ ਫੇਸਬੁੱਕ ਸਫਿਆਂ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ।

ਫੇਸਬੁੱਕ ਅਤੇ ਟਵਿੱਟਰ ਉੱਤੇ ਇਹ ਤਸਵੀਰ ਹਜ਼ਾਰਾਂ ਵਾਰ ਦੇਖੀ ਜਾ ਚੁੱਕੀ ਹੈ।

ਸਾਡੇ ਵਟਸਐਪ ਗਰੁੱਪ 'ਤੇ ਲੋਕਾਂ ਨੇ ਸੱਚਾਈ ਜਾਣਨ ਲਈ ਇਸ ਦੀ ਇੱਕ ਫੋਟੋ ਭੇਜੀ। ਅਸੀਂ ਦੇਖਿਆ ਕਿ ਵਾਇਰਲ ਪੋਸਟ ਦੇ ਦਾਅਵੇ ਝੂਠੇ ਹਨ ਅਤੇ ਤਸਵੀਰ ਵਿੱਚ ਦਿਖਾਈ ਦੇ ਰਿਹਾ ਵਅਕਤੀ ਅਭਿਨੰਦਨ ਨਹੀਂ ਹੈ।

ਸਚਾਈ ਕੀ ਹੈ

ਵਿੰਗ ਕਮਾਂਡਰ ਨੂੰ ਭਾਰਤ ਵਿੱਚ ਹੀਰੋ ਵਰਗਾ ਸਨਮਾਨ ਦਿੱਤਾ ਗਿਆ। ਉਨ੍ਹਾਂ ਦੀਆਂ ਮੁੱਛਾਂ ਦਾ ਖ਼ਾਸ ਸਟਾਈਲ ਭਾਰਤੀ ਮਰਦਾਂ ਇੰਨਾ ਪ੍ਰਚਲਿਤ ਹੋ ਗਿਆ ਕਿ ਕਈ ਲੋਕਾਂ ਨੇ ਆਪਣੀਆਂ ਮੁੱਛਾਂ ਕਮਾਂਡਰ ਵਾਂਗ ਕਰਵਾ ਲਈਆਂ।

ਤਸਵੀਰ ਵਿੱਚ ਇੱਕ ਵਿਅਕਤੀ ਦੇ ਅਭਿਨੰਦਨ ਵਰਗੀਆਂ ਮੁੱਛਾਂ ਹਨ ਅਤੇ ਭਾਜਪਾ ਦਾ ਸਕਾਰਫ ਗਲ ਵਿੱਚ ਪਾਇਆ ਹੋਇਆ ਹੈ।

ਵਾਇਰਲ ਤਸਵੀਰ ਨੂੰ ਧਿਆਨ ਨਾਲ ਦੇਖਣ ਤੇ ਪਤਾ ਚਲਦਾ ਹੈ ਕਿ ਇਸ ਵਿਅਕਤੀ ਅਤੇ ਅਭਿਨੰਦਨ ਦੇ ਚਿਹਰੇ ਵਿੱਚ ਕਈ ਅੰਤਰ ਹਨ।

ਅਭਿਨੰਦਨ ਦੇ ਬੁੱਲ੍ਹ ਦੇ ਹੇਠਾਂ ਖੱਬੇ ਪਾਸੇ ਇੱਕ ਮੱਸਾ ਹੈ ਜਦ ਕਿ ਫੋਟੋ ਵਾਲੇ ਬੰਦ ਦੇ ਇਹ ਨਹੀਂ ਹੈ। ਫੋਟੋ ਵਾਲੇ ਦੀ ਸੱਜੀ ਅੱਖ ਦੇ ਕੋਲ ਇੱਕ ਮੱਸਾ ਹੈ ਜੋ ਅਭਿਨੰਦਨ ਦੇ ਨਹੀਂ ਹੈ।

ਫੋਟੋ ਦੇ ਪਿੱਛੇ ਇੱਕ ਦੁਕਾਨ ਹੈ, ਜਿਸ ਦਾ ਨਾਮ ਗੁਜਰਾਤੀ ਵਿੱਚ ਸਮੋਸਾ ਸੈਂਟਰ ਲਿਖਿਆ ਹੋਇਆ ਹੈ। ਜਿੱਥੋਂ ਸਾਫ਼ ਹੁੰਦਾ ਹੈ ਕਿ ਫੋਟੋ ਗੁਜਰਾਤ ਦੀ ਹੈ।

ਗੁਜਰਾਤ ਵਿੱਚ ਹਾਲੇ ਵੋਟਾਂ ਪੈਣੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰਾਂ ਨੇ ਉਨ੍ਹਾਂ ਨੂੰ ਡਿਊਟੀ 'ਤੇ ਪਰਤਣ ਤੋਂ ਪਹਿਲਾਂ ਚਾਰ ਹਫ਼ਤੇ ਦੀ ਛੁੱਟੀ ਦੀ ਸਿਫ਼ਾਰਿਸ਼ ਕੀਤੀ ਸੀ। ਜਦ ਕਿ ਅਭਿਨੰਦਨ ਨੇ ਸ੍ਰੀਨਗਰ ਵਿੱਚ ਆਪਣੇ ਸਕੁਐਡਰਨ ਵਿੱਚ ਪਰਤਣ ਦਾ ਫੈਸਲਾ ਲਿਆ ਅਤੇ 27 ਮਾਰਚ ਨੂੰ ਮੁੜ ਜੁਆਇਨ ਕਰ ਲਿਆ ਹੈ। ।

ਉਹ "The Air Force Rules 1969" ਅਨੁਸਾਰ ਹਾਲੇ ਵੀ ਭਾਰਤੀ ਹਵਾਈ ਫੌਜ ਦੀ ਨੌਕਰੀ ਵਿੱਚ ਹਨ। ਜਿਨ੍ਹਾਂ ਮੁਤਾਬਕ ਕੋਈ ਵੀ ਅਫ਼ਸਰ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਬਣ ਸਕਦਾ ਹੈ ਅਤੇ ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰ ਸਕਦਾ ਹੈ।

ਭਾਰਤੀ ਹਵਾਈ ਫੌਜ ਦੇ ਸੂਤਰਾਂ ਨੇ ਵੀ ਬੀਬੀਸੀ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਪਸ਼ਟ ਤੌਰ 'ਤੇ ਤਸਵੀਰ ਵਿੰਗ ਕਮਾਂਡਰ ਅਭਿਨੰਦਨ ਦੀ ਨਹੀਂ।

ਇਹ ਪਹਿਲੀ ਵਾਰ ਨਹੀਂ ਹੈ ਕਿ ਅਭਿਨੰਦਨ ਅਫਵਾਹ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਦੀ ਪਾਕਿਸਤਾਨ ਤੋਂ ਰਿਹਾਈ ਮਗਰੋਂ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੇ ਨਾਂ 'ਤੇ ਬਣਾਏ ਗਏ ਜਾਅਲੀ ਖਾਤਿਆਂ ਦਾ ਹੜ੍ਹ ਆ ਗਿਆ ਸੀ

ਏਅਰ ਫੋਰਸ ਨੇ ਇੱਕ ਟਵੀਟ ਰਾਹੀਂ ਇਨ੍ਹਾਂ ਜਾਅਲੀ ਖਾਤਿਆਂ ਨੂੰ ਫਾਲੋ ਕਰਨ ਤੋਂ ਲੋਕਾਂ ਨੂੰ ਸੁਚੇਤ ਕੀਤਾ ਸੀ।

ਇਸ ਤੋਂ ਬਾਅਦ ਪਾਕਿਸਤਾਨੀ ਹਵਾਈ ਫੌਜ ਦੇ ਇੱਕ ਪਾਇਲਟ ਦੀ ਵਰਦੀ ਵਿੱਚ ਡਾਂਸ ਕਰਦੇ ਦੀ ਵੀਡੀਓ ਵਾਇਅਰਲ ਕਰ ਦਿੱਤੀ ਗਈ ਸੀ। ਦਾਅਵਾ ਕੀਤਾ ਗਿਆ ਸੀ ਕਿ ਅਭਿਨੰਦਨ ਰਿਹਾਈ ਤੋਂ ਪਹਿਲਾਂ ਪਾਕਿਸਤਾਨੀ ਹਵਾਈ ਫੌਜ ਦੇ ਅਫ਼ਸਰਾਂ ਨਾਲ ਡਾਂਸ ਕਰ ਰਹੇ ਹਨ

ਹੋਰ ਫੈਕਟ ਚੈੱਕ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)