ਧੂਰੀ ਰੇਪ ਕੇਸ : 4 ਸਾਲ ਦੀ ਬੱਚੀ ਦੇ ਲਹੂ ਵਗਿਆ, ਹਸਪਤਾਲ ਗਏ ਤਾਂ ਰੇਪ ਹੋਣ ਦਾ ਪਤਾ ਲੱਗਿਆ -ਗਰਾਊਂਡ ਰਿਪੋਰਟ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਐਤਵਾਰ ਨੂੰ ਸੰਗਰੂਰ ਦਾ ਧੂਰੀ ਕਸਬਾ ਲੋਕਾਂ ਦੇ ਗੁੱਸੇ ਅਤੇ ਰੋਹ ਨਾਲ ਤਣਾਅਪੂਰਨ ਹੋ ਗਿਆ।

ਸੈਂਕੜੇ ਲੋਕ ਧੂਰੀ ਥਾਣੇ ਅੱਗੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

ਸ਼ਹਿਰ ਵਾਸੀ ਇੰਨੇ ਗੁੱਸੇ ਵਿੱਚ ਸਨ ਕਿ ਉਨ੍ਹਾਂ ਇੱਕ ਨਿੱਜੀ ਸਕੂਲ ਦੀ ਇਮਾਰਤ ਵੱਲ ਵਧਣਾ ਸ਼ੁਰੂ ਕਰ ਦਿੱਤਾ।

ਪੁਲਿਸ ਚੌਕਸ ਸੀ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਵੱਲੋਂ ਸਕੂਲ ਦੇ ਨਜ਼ਦੀਕ ਹੀ ਲੋਕਾਂ ਨੂੰ ਰੋਕ ਲਿਆ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨਾਲ ਲੋਕਾਂ ਦੀ ਤਿੱਖੀ ਬਹਿਸ ਵੀ ਹੋਈ।

ਇਸਤੋਂ ਬਾਅਦ ਸ਼ਹਿਰ ਵਾਸੀਆਂ ਵੱਲੋਂ ਇਸ ਨਿੱਜੀ ਸਕੂਲ ਨੂੰ ਖ਼ੁਦ ਜਿੰਦਾ ਲਗਾਉਣ ਤੋਂ ਬਾਅਦ ਹੀ ਲੋਕ ਸ਼ਾਂਤ ਹੋਏ ਪਰ ਇਸ ਤੋਂ ਬਾਅਦ ਵੀ ਥਾਣਾ ਸ਼ਹਿਰੀ ਅੱਗੇ ਲੋਕਾਂ ਦਾ ਧਰਨਾ ਜਾਰੀ ਰਿਹਾ।

ਇਹ ਵੀ ਪੜ੍ਹੋ:

ਕੀ ਸੀ ਮਾਮਲਾ

ਪੰਜਾਬ ਪੁਲਿਸ ਮੁਤਾਬਕ ਸੰਗਰੂਰ ਦੇ ਧੂਰੀ ਕਸਬੇ ਵਿਚ ਇੱਕ ਨਿੱਜੀ ਸਕੂਲ ਦੀ 4 ਸਾਲਾ ਬੱਚੀ ਨਾਲ ਬਲਾਤਕਾਰ ਹੋਣ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ ਸੀ।

ਮਾਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਮੁਜ਼ਾਹਰੇ ਵਿਚ ਸ਼ਾਮਲ ਸਥਾਨਕ ਵਾਸੀ ਸੁਖਦੇਵ ਸ਼ਰਮਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਬੱਚੀ ਨਾਲ ਬਲਾਤਕਾਰ ਹੋਣ ਦੀ ਘਟਨਾ ਦਾ ਪਤਾ ਲੱਗਣ ਉੱਤੇ ਸਥਾਨਕ ਲੋਕ ਥਾਣੇ ਅੱਗੇ ਪਹੁੰਚ ਗਏ ਤੇ ਸਖ਼ਤ ਕਾਰਵਾਈ ਦੀ ਮੰਗ ਕਰਨ ਲੱਗੇ।

ਸ਼ਹਿਰ ਵਿਚ ਤਣਾਅ ਵਧਣ ਕਾਰਨ ਸੀਨੀਅਰ ਪੁਲਿਸ ਅਫ਼ਸਰ ਘਟਨਾ ਸਥਾਨ ਉੱਤੇ ਪਹੁੰਚੇ ਅਤੇ ਉਨ੍ਹਾਂ ਲੋਕਾਂ ਦੀ ਮੰਗ ਮੁਤਾਬਕ ਮੁਲਜ਼ਮ ਦੇ ਨਾਲ-ਨਾਲ ਸਕੂਲ ਪ੍ਰਬੰਧਕਾਂ ਉੱਤੇ ਵੀ ਮਾਮਲਾ ਦਰਜ ਕੀਤਾ।

ਕਿਉਂ ਫੁੱਟਿਆ ਲੋਕਾਂ ਦਾ ਗੁੱਸਾ

ਧੂਰੀ ਵਾਸੀ ਰਜਿੰਦਰ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਸ਼ਨੀਵਾਰ ਬੱਚੀ ਆਮ ਵਾਂਗ ਸਕੂਲ ਗਈ ਸੀ, ਜਿੱਥੇ ਸਕੂਲ ਦੀ ਬੱਸ ਦੇ ਇੱਕ ਕੰਡਕਟਰ ਵੱਲੋਂ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ।"

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਚੀ ਜਦੋਂ ਘਰ ਪਹੁੰਚੀ ਤਾਂ ਉਸਨੇ ਦਰਦ ਹੋਣ ਦੀ ਸ਼ਿਕਾਇਤ ਆਪਣੇ ਮਾਪਿਆ ਕੋਲ ਕੀਤੀ।ਬੱਚੀ ਦੇ ਲਹੂ ਵਗ ਰਿਹਾ ਸੀ ਤਾਂ ਬੱਚੀ ਨਾਲ ਵਾਪਰੀ ਘਟਨਾ ਦਾ ਪਤਾ ਲੱਗਿਆ।

ਪਹਿਲਾਂ ਤਾਂ ਡਾਕਟਰਾਂ ਨੇ ਉਸ ਨੂੰ ਦਵਾਈ ਦੇ ਕੇ ਘਰੇ ਤੋਰ ਦਿੱਤਾ ਪਰ ਜਦੋਂ ਮਾਪੇ ਬੱਚੀ ਨੂੰ ਸਿਵਲ ਹਸਪਤਾਲ ਲੈ ਗਏ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ, ਪਤਾ ਲੱਗਦੇ ਹੀ ਲੋਕ ਭੜਕ ਉੱਠੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਧੂਰੀ ਦੇ ਐਸ ਐਮ ਓ ਗੁਰਸ਼ਰਨ ਸਿੰਘ ਨੇ ਕਿਹਾ," ਬੱਚੀ ਨੂੰ ਅੱਜ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ ਗਿਆ ਸੀ।ਬੱਚੀ ਦੀ ਮੈਡੀਕਲ ਜਾਂਚ ਕਰ ਕੇ ਰਿਪੋਰਟ ਪੁਲਿਸ ਨੂੰ ਭੇਜ ਦਿੱਤੀ ਗਈ ਹੈ।"

ਸਕੂਲ ਪ੍ਰਬੰਧਕਾਂ ਖ਼ਿਲਾਫ਼ ਲੋਕਾਂ 'ਚ ਰੋਹ ਕਿਉਂ

ਇੱਕ ਹੋਰ ਸ਼ਹਿਰ ਵਾਸੀ ਹਰਪ੍ਰੀਤ ਸਿੰਘ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਸਦਾ ਕਹਿਣਾ ਸੀ, "ਅੱਜ ਤੋਂ ਪੰਦਰਾ ਕੁ ਦਿਨ ਪਹਿਲਾਂ ਮੇਰੇ ਭਤੀਜੇ ਨਾਲ ਵੀ ਇਸ ਸਕੂਲ ਵਿੱਚ ਇੱਕ ਘਟਨਾ ਵਾਪਰੀ ਸੀ।

ਉਸਦੇ ਸਰੀਰ ਉੱਤੇ ਜ਼ਖ਼ਮਾਂ ਦੇ ਨਿਸ਼ਾਨ ਸਨ।ਸਕੂਲ ਮੈਨੇਜਮੈਂਟ ਨੇ ਸਾਡੇ ਤੇ ਦਬਾਅ ਪਾ ਕੇ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬਾਅਦ ਵਿੱਚ ਲਿਖਤੀ ਮੁਆਫ਼ੀ ਮੰਗ ਲਈ ਗਈ।

ਹੁਣ ਵਾਲੀ ਘਟਨਾ ਇਸਤੋਂ ਵੀ ਮਾੜੀ ਹੈ।ਅੱਜ ਦਾ ਦਿਨ ਸਾਡੇ ਲਈ ਮੰਦਭਾਗਾ ਦਿਨ ਹੈ।ਸਕੂਲ ਮੈਨੇਜਮੈਂਟ ਇਸ ਘਟਨਾ ਲਈ ਜ਼ਿੰਮੇਵਾਰ ਹੈ।ਮੈਨੇਜਮੈਂਟ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।"

ਧੂਰੀ ਪੁਲਿਸ ਵੱਲੋਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਪਰ ਲੋਕ ਸਕੂਲ ਮੈਨੇਜਮੈਂਟ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਗੱਲ ਨੂੰ ਲੈ ਕੇ ਅੜੇ ਹੋਏ ਸਨ।

ਬਲਾਤਕਾਰ ਦਾ ਮਾਮਲਾ ਦਰਜ

ਮੌਕੇ ਉੱਤੇ ਪਹੁੰਚੇ ਐਸ ਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ ਵੱਲੋਂ ਲੋਕਾਂ ਨੂੰ ਸਕੂਲ ਮੈਨੇਜਮੈਂਟ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤਾਂ ਜਾ ਕੇ ਲੋਕ ਸ਼ਾਂਤ ਹੋਏ।

ਮੀਡੀਆ ਨਾਲ ਗੱਲ ਕਰਦਿਆਂ ਐਸ ਪੀ ਮਨਜੀਤ ਸਿੰਘ ਬਰਾੜ ਨੇ ਕਿਹਾ, "ਦੋਸ਼ੀ ਖ਼ਿਲਾਫ਼ ਧਾਰਾ 363 (ਅਗਵਾ),376(ਬਲਾਤਕਾਰ) ਆਈ ਪੀ ਸੀ ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰੌਮ ਸੈਕਸ਼ੂਅਲ ਓਫੈਂਸਜ਼(ਪੋਸਕੋ ਐਕਟ) ਤਹਿਤ ਪਰਚਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਸ਼ਹਿਰ ਵਾਸੀਆਂ ਦੀ ਮੰਗ ਉੱਤੇ ਮੈਨੇਜਮੈਂਟ ਖ਼ਿਲਾਫ਼ ਵੀ ਪਰਚਾ ਦਰਜ ਕਰ ਲਿਆ ਗਿਆ ਹੈ।"

ਸੰਘਰਸ਼ ਦੀ ਚੇਤਾਵਨੀ

ਸ਼ਹਿਰ ਵਾਸੀ ਸੁਖਦੇਵ ਸ਼ਰਮਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਇਹ ਘਟਨਾ ਸਾਡੇ ਸ਼ਹਿਰ ਉੱਤੇ ਕਲੰਕ ਹੈ।ਘਟਨਾ ਦਾ ਪਤਾ ਲੱਗਦੇ ਹੀ ਸਮੁੱਚਾ ਸ਼ਹਿਰ ਇੱਥੇ ਇਕੱਠਾ ਹੋ ਗਿਆ ਸੀ ਜਿਸ ਕਰਕੇ ਪੁਲਿਸ ਉੱਤੇ ਦਬਾਅ ਬਣਿਆ ਹੈ।

ਹੁਣ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਮੈਨੇਜਮੈਂਟ ਖ਼ਿਲਾਫ਼ ਵੀ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਸਕੂਲ ਵੀ ਬੰਦ ਹੋਵੇਗਾ।

ਜੇਕਰ ਪੁਲਿਸ ਵੱਲੋਂ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਮੁੱਚਾ ਸ਼ਹਿਰ ਫਿਰ ਇਸੇ ਤਰਾਂ ਇਕੱਠਾ ਹੋਵੇਗਾ।"ਐਤਾਵਰ ਨੂੰ ਸੰਗਰੂਰ ਦਾ ਧੂਰੀ ਕਸਬਾ ਲੋਕਾਂ ਦੇ ਗੁੱਸੇ ਅਤੇ ਰੋਹ ਨਾਲ ਤਣਾਅਪੂਰਨ ਹੋ ਗਿਆ ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।