You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਨੂੰ ਪਰਮਾਣੂ ਬੰਬ ਨਾਲ ਲੈਸ ਕਰਨ ਵਾਲੇ ਵਿਗਿਆਨੀ ਡਾ. ਅਬਦੁੱਲ ਕਦੀਰ ਖ਼ਾਨ ਦੀ ਕਹਾਣੀ
ਕਿਸੇ ਸਾਇੰਸਦਾਨ ਨੂੰ ਵਿਸ਼ੇਸ਼ ਸੁਰੱਖਿਆ ਦਸਤਿਆਂ ਦਰਮਿਆਨ ਖ਼ਾਸ ਗੱਡੀਆਂ ਦੇ ਕਾਫਲੇ ਵਿੱਚ ਦੇਖਿਆ ਜਾਣਾ ਆਮ ਗੱਲ ਨਹੀਂ ਹੈ। ਉਹ ਵੀ ਉਸ ਸਮੇਂ ਜਦੋਂ ਇਹ ਇੰਤਜ਼ਾਮ ਦੇਸ ਦੇ ਰਾਸ਼ਟਰਪਤੀ ਨਾਲੋਂ ਕਿਤੇ ਜ਼ਿਆਦਾ ਹੋਣ।
ਇੱਥੇ ਗੱਲ ਹੋ ਰਹੀ ਹੈ ਕਿ ਡਾ. ਅਬਦੁਲ ਕਦੀਰ ਖ਼ਾਨ ਦੀ ਜਿਨ੍ਹਾਂ ਨੂੰ ਏ.ਕੇ ਖ਼ਾਨ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਤੇ ਉਹ ਕੋਈ ਆਮ ਸਾਇੰਸਦਾਨ ਨਹੀਂ ਹਨ।
ਡਾ. ਅਬਦੁਲ ਕਦੀਰ ਖ਼ਾਨ ਨੂੰ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਸ ਸਾਲ 1 ਅਪਰੈਲ ਨੂੰ ਡਾ. ਖ਼ਾਨ 83 ਸਾਲ ਦੇ ਹੋ ਜਾਣਗੇ।
ਪੇਸ਼ੇ ਵਜੋਂ ਇੰਜੀਨੀਅਰ ਡਾ. ਖ਼ਾਨ ਇੱਕ ਦਹਾਕੇ ਤੋਂ ਵਧੇਰੇ ਸਮੇਂ ਤੱਕ ਪਰਮਾਣੂ ਬੰਬ ਬਣਾਉਣ ਦੀ ਤਕਨੀਕ, ਮਿਜ਼ਾਈਲ ਬਣਾਉਣ ਲਈ ਯੂਰੇਨੀਅਮ ਦੀ ਇਨਰਿਚਮੈਂਟ। ਮਿਜ਼ਾਈਲਾਂ ਦੇ ਪੁਰਜ਼ੇ ਅਤੇ ਉਪਕਰਣਾਂ ਦੇ ਕਾਰੋਬਾਰ ਵਿੱਚ ਲੱਗੇ ਰਹੇ ਹਨ।
ਇਹ ਵੀ ਪੜ੍ਹੋ:
ਯੂਰਪ ਵਿੱਚ ਸਾਲਾਂ ਤੱਕ ਪਰਮਾਣੂ ਊਰਜਾ ਦੇ ਖੇਤਰ ਵਿੱਚ ਪੜ੍ਹਾਈ ਅਤੇ ਕੰਮ ਕਰ ਚੁੱਕੇ ਡਾ. ਖ਼ਾਨ ਨੂੰ ਮਿਜ਼ਾਈਲ ਬਣਾਉਣ ਦੀ ਜਾਚ ਵੀ ਆਉਂਦੀ ਹੈ।
ਉਨ੍ਹਾਂ ਨੇ ਪਰਮਾਣੂ ਤਕਨੀਕ ਦੀ ਜਾਣਕਾਰੀ ਅਤੇ ਆਪਣੀਆਂ ਸੇਵਾਵਾਂ ਪਾਕਿਸਤਾਨ, ਲਿਬੀਆ, ਉੱਤਰੀ ਕੋਰੀਆ ਤੇ ਈਰਾਨ ਨੂੰ ਦਿੱਤੀਆਂ। ਇਨ੍ਹਾਂ ਦੇਸਾਂ ਦੇ ਪਰਮਾਣੂ ਪ੍ਰੋਗਰਾਮ ਵਿੱਚ ਉਹ ਇੱਕ ਅਹਿਮ ਨਾਮ ਬਣ ਕੇ ਉਭਰੇ ਹਨ।
ਇਹ ਪਾਕਿਸਤਾਨ ਹੀ ਸੀ ਜਿੱਥੇ ਉਨ੍ਹਾਂ ਨੇ ਕਾਫ਼ੀ ਨਾਮਣਾ ਖੱਟਿਆ। ਕਿਹਾ ਜਾਂਦਾ ਸੀ ਕਿ 1980 ਅਤੇ 1990 ਦੇ ਦਹਾਕੇ ਵਿੱਚ ਇਸਲਾਮਾਬਾਦ ਦੇ ਸਭ ਤੋਂ ਤਾਕਤਵਾਰ ਵਿਅਕਤੀ ਡਾ. ਖ਼ਾਨ ਹੀ ਹਨ।
ਸਕੂਲਾਂ ਦੀਆਂ ਦੀਵਾਰਾਂ 'ਤੇ ਉਨ੍ਹਾਂ ਦੀਆਂ ਤਸਵੀਰਾਂ ਦਿਸਦੀਆਂ ਸਨ, ਸੜਕਾਂ-ਗਲੀਆਂ ਵਿੱਚ ਉਨ੍ਹਾਂ ਦੇ ਪੋਸਟਰ ਲੱਗੇ ਹੁੰਦੇ ਸਨ।
ਉਨ੍ਹਾਂ ਨੂੰ 1996 ਅਤੇ 1999 ਵਿੱਚ ਪਾਕਿਸਤਾਨ ਦਾ ਸਰਬਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਨਾਲ ਵੀ ਸਨਮਾਨਿਤ ਕੀਤਾ ਗਿਆ।
ਵਿਸ਼ਵੀ ਸਿਆਸਤ 'ਤੇ ਉਨ੍ਹਾਂ ਦਾ ਪ੍ਰਭਾਵ ਕੁਝ ਅਜਿਹਾ ਹੈ ਕਿ ਇਸੇ ਫਰਵਰੀ ਵਿੱਚ ਦੋ ਵਾਰ ਉਨ੍ਹਾਂ ਦੀ ਵਿਰਾਸਤ ਬਾਰੇ ਇੱਕ ਵਾਰ ਫਿਰ ਚਰਚਾ ਛਿੜ ਪਈ।
ਪਹਿਲੀ ਵਾਰ ਉਦੋਂ ਜਦੋਂ ਕਸ਼ਮੀਰ ਮਸਲੇ ਬਾਰੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਵਧਿਆ। ਦੋਵਾਂ ਦੇਸਾਂ ਦੇ ਪਰਮਾਣੂ ਹਥਿਆਰ ਸੰਪੰਨ ਹੋਣ ਦੇ ਕਾਰਨ ਇਸ ਤਣਾਅ ਦਾ ਪਰਛਾਵਾਂ ਵਿਸ਼ਵ ਭਾਈਚਾਰੇ 'ਤੇ ਵੀ ਪਿਆ।
ਦੂਸਰਾ ਜਦੋਂ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਬਾਰੇ ਹਨੋਈ ਵਿੱਚ ਚੱਲ ਰਹੀ ਗੱਲਬਾਤ ਬੇਨਤੀਜਾ ਰਹੀ।
ਇਹ ਜਾਨਣ ਲਈ ਕਿਸ ਤਰ੍ਹਾਂ ਇੱਕ ਸਾਇੰਸਦਾਨ ਨੇ ਪਰਮਾਣੂ ਹਥਿਆਰਾਂ ਦੇ ਕਾਰੋਬਾਰ ਨਾਲ ਜੁੜੀ ਖ਼ੂਫੀਆ ਜਾਣਕਾਰੀ ਚੋਰੀ ਕੀਤੀ ਅਤੇ ਇਸ ਨੂੰ ਉਨ੍ਹਾਂ ਦੇਸਾਂ ਨੂੰ ਵੇਚਿਆ ਜੋ ਉਸ ਦੌਰ ਵਿੱਚ ਸਿਆਸੀ ਉਥਲਪੁਥਲ ਵਿੱਚੋਂ ਲੰਘ ਰਹੇ ਸਨ। ਉਸ ਸਾਇੰਸਦਾਨ ਨੇ ਇਤਿਹਾਸਾ ਵਿੱਚ ਝਾਕਣਾ ਪਵੇਗਾ।
ਭਾਰਤ ਤੋਂ ਲੈ ਕੇ ਯੂਰਪ ਤੱਕ ਦਾ ਸਫ਼ਰ
ਡਾ. ਅਬਦੁਲ ਕਾਦਿਰ ਦਾ ਜਨਮ ਅਣਵੰਡੇ ਹਿੰਦੋਸਤਾਨ ਦੇ ਭੋਪਾਲ ਵਿੱਚ 1935 ਵਿੱਚ ਇੱਕ ਸਧਾਰਣ ਪਰਿਵਾਰ ਵਿੱਚ ਹੋਇਆ ਸੀ।
ਅਜ਼ਾਦੀ ਜਾਂ ਕਹਿ ਲਓ ਵੰਡ ਤੋਂ ਬਾਅਦ ਇਨ੍ਹਾਂ ਦਾ ਪਰਿਵਾਰ ਪਾਕਿਸਤਾਨ ਵਿੱਚ ਜਾ ਕੇ ਵਸ ਗਿਆ।
ਸਾਲ 1960 ਵਿੱਚ ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਵਿੱਚ ਧਾਤ ਵਿਗਿਆਨ ਦੀ ਪੜ੍ਹਾਈ ਕਰਨ ਤੋਂ ਬਾਅਦ ਖ਼ਾਨ ਪਰਮਾਣੂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਪੱਛਮੀ ਜਰਮਨੀ, ਬੈਲਜੀਅਮ ਅਤੇ ਨੀਦਰਲੈਂਡਸ ਚਲੇ ਗਏ।
ਸਾਲ 1972 ਵਿੱਚ ਉਨ੍ਹਾਂ ਨੂੰ ਐਮਸਟਰਡਮ ਦੀ ਫਿਜ਼ੀਕਲ ਡਾਇਨੈਮਿਕਸ ਰਿਸਰਚ ਲੈਬੋਰਟਰੀ ਵਿੱਚ ਨੌਕਰੀ ਮਿਲੀ। ਕੰਪਨੀ ਛੋਟੀ ਸੀ ਪਰ ਇੱਕ ਬਹੁਕੌਮੀ ਕੰਪਨੀ ਯੂਆਰਈਐੱਨਸੀਓ ਯੂਰੈਨਕੋ) ਨਾਲ ਉਸਦਾ ਸਮਝੌਤਾ ਸੀ। ਬਾਅਦ ਵਿੱਚ ਪਰਮਾਣੂ ਉਪਕਰਣਾਂ ਅਤੇ ਖ਼ੂਫੀਆ ਜਾਣਕਾਰੀ ਦੇ ਬਾਜ਼ਾਰ ਵਿੱਚ ਉਨ੍ਹਾਂ ਦਾ ਇਹ ਕੰਮ ਅਹਿਮ ਰਿਹਾ।
ਬਰਤਾਨਵੀ, ਜਰਮਨ ਅਤੇ ਡੱਚ ਮੂਲ ਦੀਆਂ ਕੰਪਨੀਆਂ ਦਾ ਇਹ ਸੰਘ ਪਰਮਾਣੂ ਊਰਜਾ ਦੇ ਉਤਪਾਦਨ ਕਰਨ ਲਈ ਯੂਰੇਨੀਅਮ ਇਨਰਿੱਚਮੈਂਟ ਦੀ ਰਿਸਰਚ ਅਤੇ ਵਿਕਾਸ ਲਈ ਕੰਮ ਕਰਦਾ ਸੀ। ਇਸ ਲਈ ਉਹ ਸਸਤੀ ਤਕਨੀਕ ਦੀ ਵਰਤੋਂ ਕਰਦਾ ਸੀ ਜਿਸਦਾ ਨਾਮ ਸੀ ਜ਼ਿੱਪੀ ਸੈਂਟਰੀਫਿਊਜ਼।
ਹਾਲਾਂਕਿ ਇਹ ਤਕਨੀਕ ਸ਼ਹਿਰਾਂ ਨੂੰ ਸਾਫ਼ਸੁਥਰਾ ਰੱਖਣ ਅਤੇ ਸਸਤੀ ਦਰ ਤੇ ਬਿਜਲੀ ਮੁਹੱਈਆਂ ਕਰਾ ਸਕਦੀ ਸੀ ਪਰ ਥੋੜ੍ਹੇ ਜਿਹੇ ਬਦਲਾਅ ਦੇ ਨਾਲ ਐਟਮ ਬੰਬ ਬਣਾਉਣ ਲਈ ਵਧੀਆ ਕੱਚਾ ਮਾਲ ਵੀ ਬਣ ਸਕਦੀ ਸੀ।
ਬ੍ਰਿਟਾਨਿਕਾ ਇਨਸਕਲੋਪੀਡੀਆ ਮੁਤਾਬਕ, "ਖ਼ਾਨ ਨੇ ਇੱਕ ਲੋਅ ਲੈਵਲ ਸੁਰੱਖਿਆ ਮਨਜ਼ੂਰੀ ਹਾਸਲ ਕਰ ਲਈ ਸੀ ਪਰ ਦੇਖਰੇਖ ਦੀ ਪ੍ਰਕਿਰਿਆ ਸੁਸਤ ਹੋਣ ਕਾਰਨ ਉਹ ਪਰਮਾਣੂ ਤਕਨੀਕ, ਖ਼ਾਸ ਕਰ ਸੈਂਟਰੀਫਿਊਜ਼ ਦੇ ਕੰਮ ਕਰਨ ਦੇ ਤਰੀਕੇ ਦੇ ਬਾਰੇ ਕਾਫ਼ੀ ਜਾਣਕਾਰੀ ਇਕੱਠੀ ਕਰ ਸਕੇ। ਉਨ੍ਹਾਂ ਅਲਮੇਲੋ ਵਿੱਚ ਡੱਚ ਯੂਰੇਨੀਅਮ ਪਲਾਂਟ ਦਾ ਦੌਰਾ ਵੀ ਕੀਤਾ।"
ਇਸ ਇਨਸਾਕਲੋਪੀਡੀਆ ਅਨੁਸਾਰ, "ਸੈਂਟਰੀਫਿਊਜ਼ ਦੀ ਤਕਨੀਕ ਨਾਲ ਜੁੜੇ ਦਸਤਾਵੇਜ਼ ਜਰਮਨ ਤੋਂ ਡੱਚ ਭਾਸ਼ਾ ਵਿੱਚ ਤਰਜਮਾ ਕਰਵਾਉਣਾ ਵੀ ਡਾ. ਖ਼ਾਨ ਦਾ ਇੱਕ ਮਹੱਤਵਪੂਰ ਕੰਮ ਸੀ।"
ਇਹ ਵੀ ਪੜ੍ਹੋ:
ਬਾਅਦ ਵਿੱਚ ਉਨ੍ਹਾਂ ਨੇ ਨਾ ਸਿਰਫ਼ ਇਹ ਸਿੱਖਿਆ ਕਿ ਜ਼ਿੱਪੀ ਸੈਂਟਰੀਫਿਊਜ਼ ਕਿਵੇਂ ਬਣਾਇਆ ਜਾ ਸਕਦਾ ਹੈ ਸਗੋਂ ਉਨ੍ਹਾਂ ਨੇ ਯੂਰੈਨਕੋ ਦੀ ਸਪਲਾਈ ਚੇਨ ਦੀ ਵਰਤੋਂ ਕਰਕੇ ਇਸ ਲਈ ਜ਼ਰੂਰੀ ਪੁਰਜ਼ੇ ਇਕੱਠੇ ਕਰਨ ਦਾ ਤਰੀਕਾ ਵੀ ਖੋਜ ਲਿਆ ਸੀ।
ਸਾਲ 1974 ਵਿੱਚ ਜਦੋਂ ਭਾਰਤ ਨੇ ਆਪਣਾ ਪਹਿਲਾ ਪਰਮਾਣੂ ਪਰੀਖਣ ਕੀਤਾ, ਪਕਿਸਤਾਨ ਦੇ ਇਹ ਇੰਜੀਨੀਅਰ ਫਿਜ਼ੀਕਲ ਡਾਇਨਮਿਕਸ ਰਿਸਰਚ ਲੈਬੋਰੇਟਰੀ ਵਿੱਚ ਹੀ ਕੰਮ ਕਰ ਰਹੇ ਸਨ।
ਅਮਰੀਕੀ ਰਸਾਲੇ ਫੌਰਨ ਅਫੇਅਰਜ਼ ਵਿੱਚ ਸਾਲ 2018 ਵਿੱਚ ਛਪੇ ਇੱਕ ਲੇਖ ਵਿੱਚ ਕਿਹਾ ਗਿਆ ਸੀ, "ਇਸ ਘਟਨਾ ਨੇ ਡਾ. ਖ਼ਾਨ ਦੇ ਅੰਦਰ ਲੁਕੇ ਰਾਸ਼ਟਰਵਾਦ ਨੂੰ ਚੁਣੌਤੀ ਦਿੱਤੀ ਅਤੇ ਗੁਆਂਢੀ ਮੁਲਕ ਨਾਲ ਬਰਾਬਰੀ ਕਰਨ ਵਿੱਚ ਪਾਕਿਸਤਾਨ ਦੀ ਮਦਦ ਕਰਨ ਦੇ ਯਤਨ ਕਰਨ ਲੱਗੇ।"
ਇਸੇ ਸਾਲ ਉਨ੍ਹਾਂ ਨੇ ਪਾਕਿਸਤਾਨ ਦੇ ਖ਼ੂਫੀਆ ਵਿਭਾਗ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਰਸਾਲੇ ਮੁਤਾਬਕ ਸੀਆਈਏ ਅਤੇ ਡੱਚ ਖ਼ੂਫੀਆ ਏਜੰਸੀਆਂ ਨੇ ਉਨ੍ਹਾਂ ਦੀਆਂ ਹਰਕਤਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰੋਕਣ ਦੀ ਥਾਂ ਉਨ੍ਹਾਂ ਨੇ ਪਾਕਿਸਤਾਨ ਦੇ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਅਤੇ ਤਸਕਰੀ ਦੇ ਨੈਟਵਰਕ ਦੇ ਬਾਰੇ ਪਤਾ ਲਾਉਣ ਲਈ ਉਨ੍ਹਾਂ ਦੀ ਜਸੂਸੀ ਕਰਨ ਦਾ ਫੈਸਲਾ ਕੀਤਾ।
ਰਸਾਲੇ ਵਿੱਚ ਲਿਖਿਆ ਗਿਆ ਹੈ, "ਇਸ ਵਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਡਾ. ਖ਼ਾਨ ਨੂੰ ਉਨ੍ਹਾਂ ਦੀ ਜਸੂਸੀ ਬਾਰੇ ਪਤਾ ਸੀ ਜਾਂ ਨਹੀਂ ਪਰ ਦਸੰਬਰ 1975 ਵਿੱਚ ਇੱਕ ਦਿਨ ਅਚਾਨਕ ਡਾ. ਖ਼ਾਨ ਅਤੇ ਉਨ੍ਹਾਂ ਦਾ ਪਰਿਵਾਰ ਹੌਲੈਂਡ ਛੱਡ ਕੇ ਪਾਕਿਸਾਤਾਨ ਚਲਿਆ ਗਿਆ।"
ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਵਿੱਚ ਖ਼ਾਨ ਦੀ ਭੂਮਿਕਾ
ਪਾਕਿਸਤਾਨ ਜਾਣ ਤੋਂ ਬਾਅਦ ਸੈਂਟਰੀਫਿਜ਼ ਦੇ ਜਰਮਨ ਡਿਜ਼ਾਈਨ ਦੇ ਅਧਾਰ ਤੇ ਡਾ. ਖ਼ਾਨ ਨੇ ਇੱਕ ਪ੍ਰੋਟੋਟਾਈਪ ਬਣਾਇਆ। ਸੈਂਟਰੀਫਿਊਜ਼ ਦੇ ਪੁਰਜ਼ ਮੰਗਵਾਉਣ ਲਈ ਉਨ੍ਹਾਂ ਨੇ ਯੂਰਪੀ ਕੰਪਨੀਆਂ ਨਾਲ ਵੀ ਰਾਬਤਾ ਕੀਤਾ।
ਇਹ ਵੀ ਪੜ੍ਹੋ:
ਇਸੇ ਦੌਰਾਨ ਉਨ੍ਹਾਂ ਨੇ ਵਾਰ-ਵਾਰ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮ ਦੇ ਪਿੱਛੇ ਫੌਜ ਦਾ ਕੋਈ ਮਕਸਦ ਨਹੀਂ ਹੈ। ਹਾਲਾਂਕਿ 1998 ਵਿੱਚ ਹੋਏ ਪਰਮਾਣੂ ਪਰੀਖਣ ਤੋਂ ਬਾਅਦ ਉਨ੍ਹਾਂ ਨੇ ਮੰਨਿਆ, ਮੈਨੂੰ ਕਦੇ ਕੋਈ ਸ਼ੱਕ ਨਹੀਂ ਸੀ ਕਿ ਅਸੀਂ ਬੰਬ ਬਣਾ ਰਹੇ ਹਾਂ, ਅਸੀਂ ਇਹ ਕਰਨਾ ਹੀ ਸੀ।"
ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਉਨ੍ਹਾਂ ਦਾ ਮਿਸ਼ਨ ਖ਼ਤਮ ਹੋ ਚੁੱਕਿਆ ਸੀ।
ਬ੍ਰਿਟਾਨਿਕਾ ਇਨਸਾਈਕਲੋਪੀਡੀਆ ਵਿੱਚ ਲਿਖਿਆ ਹੈ, 1980 ਦੇ ਦਹਾਕੇ ਦੇ ਮੱਧ ਵਿੱਚ ਖ਼ਾਨ ਨੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਕੰਪਨੀਆਂ ਖੜ੍ਹੀਆਂ ਕੀਤੀਆਂ, ਜਿਨ੍ਹਾਂ ਨੇ ਬਾਅਦ ਵਿੱਚ ਇੱਕ ਵੱਡੇ ਵਪਾਰ ਦਾ ਰੂਪ ਲੈ ਲਿਆ। ਇਹ ਵਪਾਰ ਜ਼ਿੱਪੀ ਸੈਂਟਰੀਫਿਊਜ਼ ਦੇ ਡਿਜ਼ਾਈਨ ਅਤੇ ਪੁਰਜ਼ੇ ਵੇਚਣ ਦਾ ਸੀ।
ਉਨ੍ਹਾਂ ਦੇ ਗਾਹਕਾਂ ਵਿੱਚ ਈਰਾਨ ਸ਼ਾਮਲ ਸੀ ਜਿਸ ਨੇ ਪਾਕਿਸਤਾਨੀ ਮਾਡਲ ਤੋਂ ਪ੍ਰੇਰਿਤ ਹੋ ਕੇ ਯੂਰੇਨੀਅਮ ਇਨਰਿਚਮੈਂਟ ਲਈ ਇੱਕ ਪਰਮਾਣੂ ਕੇਂਦਰ ਬਣਾਇਆ।
ਇਨਸਾਈਕਲੋਪੀਡੀਆ ਮੁਤਾਬਕ, ਡਾ਼ ਖ਼ਾਨ ਨੇ ਲਗਪਗ 13 ਵਾਰ ਉੱਤਰੀ ਕੋਰੀਆ ਦਾ ਦੌਰਾ ਕੀਤਾ ਤੇ ਸ਼ੱਕ ਹੈ ਕਿ ਉਨ੍ਹਾਂ ਨੇ ਹੀ ਉੱਤਰੀ ਕੋਰੀਆ ਨੂੰ ਯੂਰੇਨੀਅਮ ਇਨਰਿਚਮੈਂਟ ਦੀ ਤਕਨੀਕ ਦਿੱਤੀ ਹੈ।
ਇਹ ਵੀ ਪੜ੍ਹੋ:
ਡਾ. ਖ਼ਾਨ ਨੇ ਲਿਬੀਆ ਨੂੰ ਵੀ ਪਰਮਾਣੂ ਤਕਨੀਕ ਵੇਚੀ ਪਰ ਸਾਲ 2003 ਵਿੱਚ ਅਮਰੀਕਾ ਨੇ ਉਸਦੇ ਪਰਮਾਣੂ ਪ੍ਰੋਗਰਾਮ 'ਤੇ ਇੱਕ ਤਰ੍ਹਾਂ ਦੀ ਰੋਕ ਲਾ ਦਿੱਤੀ।
ਇਸ ਮਗਰੋਂ ਅਮਰੀਕਾ ਨੇ ਡਾ. ਖ਼ਾਨ ਤੇ ਉਨ੍ਹਾਂ ਦੀਆਂ ਕੰਪਨੀਆਂ 'ਤੇ ਪਾਬੰਦੀਆਂ ਲਾ ਦਿੱਤੀਆਂ। ਅਮਰੀਕੀ ਦਬਾਅ ਕਾਰਨ ਪਾਕਿਸਤਾਨ ਨੇ ਇਸ ਸਾਇੰਸਦਾਨ ਨੂੰ ਉਨ੍ਹਾਂ ਦੇ ਹੀ ਦੇਸ ਵਿੱਚ ਗ੍ਰਿਫ਼ਤਾਰ ਕਰ ਲਿਆ।
4 ਫਰਵਰੀ 2004 ਦੇ ਇੱਕ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਪਰਮਾਣੂ ਤਕਨੀਕ ਦੀ ਕੌਮਾਂਤਰੀ ਤਸਕਰੀ ਦੀ "ਪੂਰੀ ਜਿੰਮੇਵਾਰੀ" ਕਬੂਲ ਕੀਤੀ।
ਉਸ ਸਮੇਂ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਡਾ. ਖ਼ਾਨ ਨੇ ਕਿਹਾ ਸੀ, "ਮੈਨੂੰ ਬੇਹੱਦ ਅਫ਼ਸੋਸ ਹੈ ਅਤੇ ਮੈਂ ਬਿਨਾਂ ਸ਼ਰਤ ਮਾਫ਼ੀ ਮੰਗਦਾ ਹਾਂ।"
ਉਨ੍ਹਾਂ ਨੇ ਇਹ ਵੀ ਮੰਨਿਆ ਸੀ ਕਿ ਉਨ੍ਹਾਂ ਨੇ ਉੱਤਰੀ-ਕੋਰੀਆ, ਈਰਾਨ ਅਤੇ ਇਰਾਕ ਨੂੰ ਪਰਮਾਣੂ ਤਕਨੀਕ ਦਿੱਤੀ। ਬਿਆਨ ਵਿੱਚ ਉਨ੍ਹਾਂ ਨੇ ਆਪਣੇ ਵਪਾਰ ਵਿੱਚ ਸਰਕਾਰ ਜਾਂ ਫੌਜ ਦੇ ਸ਼ਾਮਲ ਹੋਣ ਦੀ ਗੱਲ ਨੂੰ ਰੱਦ ਕੀਤਾ। ਹਾਲਾਂਕਿ ਇਨਸਾਈਕਲੋਪੀਡੀਆ ਅਨੁਸਾਰ "ਕਈ ਪਰਮਾਣੂ ਮਾਹਰਾਂ ਨੂੰ ਇਸ ਗੱਲ ਤੇ ਭਰੋਸਾ ਨਹੀਂ ਹੋਇਆ।"
ਜਦੋਂ ਤੱਕ ਅਮਰੀਕੀ ਸਰਕਾਰ ਨੇ ਡਾ. ਖ਼ਾਨ ਦੇ ਵਪਾਰ ਬਾਰੇ ਪਤਾ ਕੀਤਾ ਅਤੇ ਠੋਸ ਕਦਮ ਚੁੱਕੇ ਉਦੋਂ ਤੱਕ ਤਿੰਨ ਦਹਾਕੇ ਲੰਘ ਚੁੱਕੇ ਸਨ। ਇਸ ਦਾ ਕਾਰਨ ਕਿਤੇ ਨਾ ਕਿਤੇ ਠੰਢੀ ਜੰਗ ਵਿੱਚ ਉਸਦਾ ਰੁੱਝਿਆ ਹੋਣਾ ਸੀ।
ਦਸੰਬਰ 1979 ਵਿੱਚ ਸੋਵੀਅਤ ਸੰਘ ਨੇ ਅਫ਼ਗਾਨਿਸਤਾਨ ’ਤੇ ਹਮਲਾ ਕੀਤਾ। ਇਸ ਦੇ ਜਵਾਬ ਵਿੱਚ ਅਮਰੀਕਾ ਹਰਕਤ ਵਿੱਚ ਆਇਆ ਤੇ ਉਸਨੂੰ ਏਸ਼ੀਆ ਵਿੱਚ ਆਪਣੇ ਲਈ ਇੱਕ ਫੌਜੀ ਅੱਡੇ ਦੀ ਜ਼ਰੂਰਤ ਮਹਿਸੂਸ ਹੋਈ। ਉਸ ਸਮੇਂ ਪਾਕਿਸਤਾਨ ਉਸ ਦੀ ਮਦਦ ਲਈ ਸਾਹਮਣੇ ਆਇਆ।
ਫੌਰਨ ਪਾਲਿਸੀ ਰਸਾਲੇ ਦੇ ਅਨੁਸਾਰ ਸਾਲ 2009 ਵਿੱਚ ਡਾ. ਖ਼ਾਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਅਫ਼ਗਾਨਿਸਤਾਨ ਵਿੱਚ ਜੰਗ ਨੇ ਸਾਨੂੰ ਆਪਣੀ ਪਰਮਾਣੂ ਸਮਰੱਥਾ ਵਧਾਉਣ ਦਾ ਮੌਕਾ ਦੇ ਦਿੱਤਾ। ਇਹ ਹਾਲਾਤ ਨਾ ਹੁੰਦੇ ਤਾਂ ਅਸੀਂ ਐਨੀ ਛੇਤੀ ਬੰਬ ਨਹੀਂ ਬਣਾ ਸਕਦੇ ਸੀ, ਜਿਵੇਂ ਅਸੀਂ ਕੀਤਾ।"
ਸਮੇਂ ਦੇ ਨਾਲ ਡਾ. ਖ਼ਾਨ ਲਈ ਹਾਲਾਤ ਬਿਗੜਦੇ ਚਲੇ ਗਏ ਅਤੇ ਪਾਕਿਸਤਾਨ ਨੂੰ ਅਮਰੀਕੀ ਦਬਾਅ ਅੱਗੇ ਝੁਕਣਾ ਪਿਆ। ਸਾਲ 2009 ਵਿੱਚ ਉਨ੍ਹਾਂ ਦੀ ਨਜ਼ਰਬੰਦੀ ਹਟਾਈ ਗਈ।
ਅੱਜ ਪੱਛਮੀਂ ਮੁਲਕ ਡਾ. ਖ਼ਾਨ ਨੂੰ ਇੱਕ ਬਦਨਾਮ ਪਰਮਾਣੂ ਸਾਇੰਸਦਾਨ ਮੰਨਦੇ ਹਨ ਪਰ ਪਾਕਿਸਤਾਨ ਉਨ੍ਹਾਂ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ ਅਤੇ ਹੀਰੋ ਮੰਨਦਾ ਹੈ।
ਇਸ ਮਹੀਨੇ ਉਨ੍ਹਾਂ ਨੇ ਇੱਕ ਸਥਾਨਕ ਮੀਡੀਆ ਨੂੰ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਤਣਾਅ ਵਿੱਚ ਪਾਕਿਸਤਾਨ ਦੀ ਜਿੱਤ ਹੋਵੇਗੀ ਕਿਉਂਕਿ ਉਸ ਕੋਲ ਪਰਮਾਣੂ ਸ਼ਕਤੀ ਹੈ।
ਉਨ੍ਹਾਂ ਦੇ ਇਸ ਬਿਆਨ ਨੂੰ ਕੁਝ ਸਾਲ ਪਹਿਲਾਂ ਦਿੱਤੇ ਉਨ੍ਹਾਂ ਦੇ ਉਸ ਬਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, "ਮੈਨੂੰ ਆਪਣੇ ਦੇਸ ਲਈ ਕੀਤੇ ਕੰਮ ਦਾ ਫਖ਼ਰ ਹੈ, ਇਸਨੇ ਪਾਕਿਸਤਾਨੀਆਂ ਨੂੰ ਮਾਣ, ਸੁਰੱਖਿਆ ਦੀ ਭਾਵਨਾ ਦਿੱਤੀ ਹੈ ਤੇ ਇੱਕ ਬਿਹਤਰੀਨ ਸਫ਼ਲਤਾ ਹੈ।"
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: