IAF ਕਾਰਵਾਈ : ਕਿੰਨਾ ਕੂ ਹੈ ਪਰਮਾਣੂ ਹਮਲੇ ਦਾ ਖ਼ਤਰਾ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਪੱਤਰਕਾਰ, ਬੀਬੀਸੀ

"ਅਸੀਂ ਅਣਪਛਾਤੇ ਹਾਲਾਤ ਵਿਚ ਹਾਂ" ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਦੀ ਗੱਲ ਕਰਦਿਆਂ ਹੁਸੈਨ ਹੱਕਾਨੀ ਨੇ ਕਿਹਾ।

ਹੁਸੈਨ ਹੱਕਾਨੀ ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹਨ ਅਤੇ ਤਿੰਨ ਪਾਕਿਸਤਾਨੀ ਪ੍ਰਧਾਨ ਮੰਤਰੀਆਂ ਦੇ ਸਲਾਹਕਾਰ ਰਹਿ ਚੁੱਕੇ ਹਨ। ਉਹ ਇੱਕ ਲੇਖਕ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ 'ਰੀਇਮੇਜਿੰਗ ਪਾਕਿਸਤਾਨ: ਟ੍ਰਾਂਸਫਾਰਮਿੰਗ ਅ ਡਿਸਫੰਕਸ਼ਨਲ ਨਿਊਕਲੀਅਰ ਸਟੇਟ' ਪੁਸਤਕ ਲਿਖੀ ਹੈ।

ਭਾਰਤ ਵੱਲੋਂ ਮੰਗਲਵਾਰ ਨੂੰ ਪਾਕਿਸਤਾਨੀ ਖੇਤਰ ਵਿੱਚ ਅੱਤਵਾਦੀਆਂ ਦੇ ਠਿਕਾਨਿਆਂ ਉੱਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਇਸ ਦਾ ਜਵਾਬ ਦੇਣਗੇ ਪਰ 'ਸਮੇਂ ਅਤੇ ਥਾਂ ਦੀ ਚੋਣ ਖੁਦ ਕਰਨਗੇ'।

24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਹਦੂਦ ਅੰਦਰ ਰਹਿ ਕੇ ਲਾਈਨ ਆਫ਼ ਕੰਟਰੋਲ (ਐੱਲਓਸੀ) ਤੋਂ ਪਾਰ ਹਮਲਾ ਕੀਤਾ ਹੈ। ਉਹ ਲਾਈਨ ਆਫ਼ ਕੰਟਰੋਲ ਜੋ ਕਿ ਪਾਕਿਸਤਾਨ ਅਤੇ ਭਾਰਤ ਸ਼ਾਸਿਤ ਕਸ਼ਮੀਰ ਨੂੰ ਵੰਡਦੀ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਦੇ ਦੋ ਲੜਾਕੂ ਜਹਾਜ਼ਾਂ' ਨੂੰ ਡੇਗ ਦਿੱਤਾ ਅਤੇ ਦੋ ਪਾਇਲਟਾਂ ਨੂੰ ਹਿਰਾਸਤ ਵਿੱਚ ਲਿਆ ਹੈ। ਭਾਰਤ ਨੇ ਉੱਤਰੀ ਇਲਾਕੇ ਵਿਚ ਆਪਣੇ ਹਵਾਈ ਖੇਤਰ ਦੇ ਕੁਝ ਹਿੱਸੇ ਬੰਦ ਕਰ ਦਿੱਤੇ ਹਨ।

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਪਾਕਿਸਤਾਨੀ ਸਟਰਾਈਕ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਦਾ ਜਵਾਬ ਹੈ ਤਾਂ ਕਿ ਭਾਰਤ ਵਾਂਗ ਹੀ ਉਹ ਆਪਣੇ ਦੇਸ ਦੇ ਲੋਕਾਂ ਨੂੰ ਸੰਤੁਸ਼ਟ ਕਰ ਸਕਣ। ਪਰ ਹੁਣ ਚੁਣੌਤੀ ਇਹ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ ਤਣਾਅ ਦੇ ਮਾਹੌਲ ਨੂੰ ਘੱਟ ਕਰਨਾ ਹੈ।

ਭਾਰਤ ਵੱਲੋਂ ਮੰਗਲਵਾਰ ਨੂੰ ਕੀਤੀ ਗਈ ਹਵਾਈ ਸਟਰਾਈਕ ਅਚਾਨਕ ਕੀਤੀ ਗਈ ਸੀ। ਦੋਵਾਂ ਮੁਲਕਾਂ ਵਿਚਾਲੇ 1971 ਦੀ ਜੰਗ ਤੋਂ ਬਾਅਦ ਐਲਓਸੀ ਦੇ ਪਾਰ ਕੀਤੀ ਗਈ ਇਹ ਪਹਿਲੀ ਕਾਰਵਾਈ ਹੈ।

ਪ੍ਰੋਫੈਸਰ ਹੱਕਾਨੀ ਨੇ ਗੱਲਬਾਤ ਦੌਰਾਨ ਦੱਸਿਆ, "ਪਾਕਿਸਤਾਨੀ ਫੌਜ ਭਾਰਤ ਵੱਲੋਂ ਪਰਮਾਣੂ ਹਥਿਆਰਾਂ ਹੇਠ ਅਸੰਵਿਧ ਯੁੱਧ (ਅੱਤਵਾਦ)-ਛੋਟੇ ਅਤੇ ਅਚਾਨਕ ਹਮਲੇ ਕਰਨ ਤੋਂ ਗੁਰੇਜ਼ ਕਰਨ ਉੱਤੇ ਨਿਰਭਰ ਰਿਹਾ ਹੈ।"

"ਭਾਰਤ ਨੂੰ ਲਗਦਾ ਹੈ ਕਿ ਉਸ ਨੂੰ ਸੌਖਾ ਨਿਸ਼ਾਨਾ ਮਿਲ ਗਿਆ ਹੈ ਜਿੱਥੇ ਉਹ ਹਮਲਾ ਕਰ ਸਕਦਾ ਹੈ - ਭਾਵੇਂ ਉਹ 2016 ਵਿੱਚ ਵਿਸ਼ੇਸ਼ ਫੌਜਾਂ ਦੀ ਵਰਤੋਂ ਕਰਕੇ ਜ਼ਮੀਨੀ ਹਮਲਾ ਹੋਵੇ ਜਾਂ ਫਿਰ ਹਵਾਈ ਸਟਰਾਈਕ ਰਾਹੀਂ ਜਿਵੇਂ ਹੁਣ ਕੀਤਾ ਗਿਆ ਹੈ - ਉਹ ਵੀ ਸਰਹੱਦ ਪਾਰ ਕਰੇ ਬਿਨਾਂ।"

ਅਮਰੀਕਾ ਵਿਚ ਜੌਨਸ ਹਾਪਕਿੰਸ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਡੇਨੀਅਲ ਮਾਰਕੀ ਦਾ ਕਹਿਣਾ ਹੈ ਕਿ, "ਸਮੱਸਿਆ ਇਹ ਹੈ ਕਿ ਭਾਰਤ ਲਈ ਪਾਕਿਸਤਾਨ ਖਿਲਾਫ਼ ਫੌਜੀ ਕਾਰਵਾਈ ਦੇ ਨਤੀਜੇ ਭਾਰਤ ਨੂੰ ਕਾਫ਼ੀ ਮਹਿੰਗੇ ਪੈ ਸਕਦੇ ਹਨ।"

"ਦਿੱਲੀ ਵਿੱਚ ਹਰ ਕੋਈ ਇਹ ਜਾਣਦਾ ਹੈ। ਹੁਣ ਮਕਸਦ ਹੈ ਪਾਕਿਸਤਾਨ ਦੀ ਹਰੇਕ ਕਾਰਵਾਈ ਲਈ ਉੱਚ ਪੱਧਰੀ ਸਜ਼ਾ ਦੇਣ ਦੀ। ਇਹ ਉਦੋਂ ਤੱਕ ਗਲਤ ਯੋਜਨਾ ਨਹੀਂ ਹੈ ਜਦੋਂ ਤੱਕ ਹਰੇਕ ਕਦਮ ਸੋਚ-ਸਮਝ ਕੇ ਚੁੱਕਿਆ ਗਿਆ ਹੋਵੇ ਅਤੇ ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ।

"ਉਦਾਹਰਨ ਵਜੋਂ ਇਸ ਮਾਮਲੇ ਵਿੱਚ ਕੁਝ ਰਿਪੋਰਟਾਂ ਮੁਤਾਬਕ ਭਾਰਤੀ ਲੜਾਕੂ ਜਹਾਜ ਨੇ ਭਾਰਤ ਵਾਲੇ ਪਾਸੇ ਐਲਓਸੀ ਤੋਂ ਹੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੇਜ਼ ਹਵਾਵਾਂ ਕਾਰਨ ਪਾਕਿਸਤਾਨੀ ਖੇਤਰ ਵਿੱਚ ਦਾਖਲ ਹੋਣਾ ਪਿਆ। ਜੇ ਇਹ ਸੱਚ ਹੈ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਹਰੇਕ ਕਦਮ ਉੱਤੇ ਨਵਾਂ ਖਤਰਾ ਖੜ੍ਹਾ ਹੋ ਸਕਦਾ ਹੈ।"

ਤਾਂ ਕੀ ਵਾਕਈ ਪਰਮਾਣੂ ਹਮਲੇ ਦਾ ਖਤਰਾ ਹੈ?

ਡੈਨੀਅਲ ਮਾਰਕੀ ਦਾ ਮੰਨਣਾ ਹੈ ਕਿ ਇਸ ਦੇ ਨਤੀਜੇ ਅਨੁਮਾਨ ਨਾਲੋਂ ਵਧੇਰੇ ਗੰਭੀਰ ਹੋ ਸਕਦੇ ਹਨ।

"'ਅਸਲ' ਪਾਕਿਸਤਾਨ ਵੱਲ ਵੱਧਣਾ ਇੱਕ ਮਜ਼ਬੂਤ ਅਤੇ ਵੱਖਰਾ ਕਦਮ ਸੀ, ਉਹ ਕਦਮ ਜੋ ਭਾਰਤ ਦੇ ਹਾਲ ਹੀ ਵਿੱਚ ਰਹੇ ਪ੍ਰਧਾਨ ਮੰਤਰੀ ਵੀ "ਲੈਣ" ਤੋਂ ਗੁਰੇਜ਼ ਕਰਨਗੇ।"

ਡੈਨੀਅਲ ਮਾਰਕੀ ਦਾ ਕਹਿਣਾ ਹੈ, "ਦੁੱਖ ਦੀ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਰਮਾਣੂ ਹਮਲੇ ਦਾ ਖ਼ਤਰਾ ਹਮੇਸ਼ਾ ਹੈ ਪਰ ਇਸ ਸਮੇਂ ਅਸੀਂ ਉਸ ਤੋਂ ਕਈ ਕਦਮ ਪਿੱਛੇ ਹਾਂ। ਕਿਸੇ ਦੁਰਘਟਨਾ ਜਾਂ ਅਣਅਧਿਕਾਰਤ ਵਰਤੋਂ ਤੋਂ ਇਲਾਵਾ (ਦੋਵੇਂ ਸੰਭਾਵਨਾ ਨਹੀਂ) ਪਰਮਾਣੂ ਹਮਲੇ ਦੀ ਸੰਭਾਵਨਾ ਤੋਂ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿ ਇਸ ਕਾਰਨ ਕਿੰਨਾ ਤਣਾਅ ਅਤੇ ਨੁਕਸਾਨ ਵੱਧ ਸਕਦਾ ਹੈ।"

ਇਹ ਵੀ ਪੜ੍ਹੋ:

"ਪਰ ਇਹ ਤਣਾਅ ਵੱਧ ਸਕਦਾ ਹੈ ਖਾਸ ਕਰਕੇ ਜੇ ਪਾਕਿਸਤਾਨ ਦਾ ਅਗਲਾ ਕਦਮ ਆਮ ਭਾਰਤੀ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ।"

ਇਸ ਦੀ ਸੰਭਾਵਨਾ ਬੇਹੱਦ ਘੱਟ ਹੈ ਪਰ ਦੋਹਾਂ ਦੇਸਾਂ ਦੇ ਲਈ ਸਵਾਲ ਇਹ ਹੈ ਕਿ ਕੀ ਉਹ ਦਹਾਕਿਆਂ ਦੇ ਸਭ ਤੋਂ ਖ਼ਤਰਨਾਕ ਕਦਮ ਤੋਂ ਪਿੱਛੇ ਹਟ ਸਕਦੇ ਹਨ?

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)