ਪਾਕਿਸਤਾਨ - ਭਾਰਤ ਤਣਾਅ: ਜੇ ਗੱਲ ਹੋਰ ਵਧੀ ਤਾਂ ਨਾ ਮੇਰੇ ਹੱਥ ਵਿੱਚ ਰਹੇਗੀ ਤੇ ਨਾ ਮੋਦੀ ਦੇ-ਇਮਰਾਨ

ਪਾਕਿਸਤਾਨ ਅਤੇ ਭਾਰਤ ਦਰਮਿਆਨ ਵਧਦੇ ਤਣਾਅ ਦੌਰਾਨ ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤ ਦੇ ਦੋ ਲੜਾਕੂ ਜਹਾਜ਼ਾਂ ਨੂੰ ਮਾਰਨ ਅਤੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।

ਇਨ੍ਹਾਂ ਦਾਅਵਿਆਂ ਵਿੱਚੋਂ ਭਾਰਤ ਨੇ ਆਪਣਾ ਇੱਕ ਮਿੱਗ-21 ਜਹਾਜ਼ ਡਿੱਗਣ ਅਤੇ ਇੱਕ ਪਾਇਲਟ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ।

ਇਸ ਸਾਰੇ ਘਟਨਾਕ੍ਰਮ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੁੱਧਵਾਰ ਨੂੰ ਆਪਣੇ ਦੇਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਜੇ ਇਸ ਤੋਂ ਵੱਧ ਵਿਗੜੇ ਤਾਂ ਹਾਲਾਤ ਉਨ੍ਹਾਂ ਦੇ ਅਤੇ ਨਰਿੰਦਰ ਮੋਦੀ ਦੇ ਹੱਥੋਂ ਬਾਹਰ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਜੇ ਦੋਵੇਂ ਦੇਸ ਆਪਣੇ ਵਰਤਮਾਨ ਹਥਿਆਰਾਂ ਦੇ ਜ਼ਖੀਰੇ ਨਾਲ ਜੰਗ ਵਿੱਚ ਸ਼ਾਮਲ ਹੋਣਗੇ ਤਾਂ ਨਤੀਜਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਪੁਲਵਾਮਾ ਤੋਂ ਬਾਅਦ ਭਾਰਤ ਨੂੰ ਜਾਂਚ ਦੀ ਪੇਸ਼ਕਸ਼

“ਮੇਰੇ ਪਾਕਿਸਤਾਨੀਓਂ, ਕੱਲ੍ਹ ਤੋਂ ਜੋ ਹਾਲਾਤ ਬਣ ਰਹੇ ਹਨ ਉਨ੍ਹਾਂ ਬਾਰੇ ਮੈਂ ਤੁਹਾਨੂੰ ਭਰੋਸੇ ਵਿੱਚ ਲੈਣਾ ਚਾਹੁੰਦਾ ਸੀ। ਪੁਲਵਾਮਾ ਤੋਂ ਬਾਅਦ ਅਸੀਂ ਭਾਰਤ ਨੂੰ ਹਰ ਕਿਸਮ ਦੀ ਜਾਂਚ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ। "

"ਮੈਨੂੰ ਪਤਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਲੋਕਾਂ ਨੂੰ ਕਿਸ ਤਰੀਕੇ ਦੀ ਤਕਲੀਫ ਪਹੁੰਚੀ ਹੋਵੇਗੀ। ਅਸੀਂ ਵੀ ਦਸ ਸਾਲਾਂ ਤੋਂ ਕੋਈ ਸੱਤਰ ਹਜ਼ਾਰ ਮੌਤਾਂ ਹੋਈਆਂ ਹਨ।"

ਇਮਰਾਨ ਖ਼ਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਪੁਲਵਾਮਾ ਹਮਲੇ ਤੋਂ ਬਾਅਦ ਮੈਂ ਭਾਰਤ ਨੂੰ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਕਿਸੇ ਵੀ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ। ਮੈਨੂੰ ਪਤਾ ਹੈ ਕਿ ਅਜਿਹੇ ਹਮਲਿਆਂ ਵਿੱਚ ਪਰਿਵਾਰ ਵਾਲਿਆਂ ਤੇ ਕੀ ਬੀਤਦੀ ਹੈ। ਇਸ ਲਈ ਅਸੀਂ ਸਿੱਧੀ ਆਫਰ ਕੀਤੀ ਸੀ। ਅਸੀਂ ਇਹ ਇਸ ਲਈ ਕਿਹਾ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਜ਼ਮੀਨ ਦੀ ਵਰਤੋਂ ਅਜਿਹੇ ਕੰਮਾਂ ਲਈ ਹੋਵੇ।"

ਉਨ੍ਹਾਂ ਕਿਹਾ ਕਿ ਪ੍ਰਤੀਕਿਰਿਆ ਦੇਣਾ ਸਾਡੇ ਲਈ ਜਰੂਰੀ ਸੀ। ਕੋਈ ਵੀ ਪ੍ਰਭੂਸੱਤਾ ਸੰਪਨ ਦੇਸ ਇਸ ਤਰ੍ਹਾਂ ਚੁੱਪ ਨਹੀਂ ਰਹਿ ਸਕਦਾ। ਅਸੀਂ ਚੁੱਪ ਰਹਿ ਕੇ ਆਪਣੇ-ਆਪ ਨੂੰ ਮੁਜਰਮ ਨਹੀਂ ਬਣਾ ਸਕਦੇ ਸੀ। ਅਸੀਂ ਬੁੱਧਵਾਰ ਨੂੰ ਜਵਾਬ ਦਿੱਤਾ ਅਤੇ ਦੱਸਿਆ ਸੀ ਕਿ ਜੇ ਤੁਸੀਂ ਸਾਡੇ ਮੁਲਕ ਵਿੱਚ ਆ ਸਕਦੇ ਹੋ ਤਾਂ ਅਸੀਂ ਵੀ ਆ ਸਕਦੇ ਹਾਂ”

ਇਮਰਾਨ ਖ਼ਾਨ ਨੇ ਅੱਗੇ ਕਿਹਾ, "ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਇਸ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ। ਸਾਨੂੰ ਸਮਝਦਾਰੀ ਨਾਲ ਅੱਗੇ ਕਦਮ ਵਧਾਉਣਾ ਚਾਹੀਦਾ ਹੈ।"

"ਇਤਿਹਾਸ ਗਵਾਹ ਹੈ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਅਸੀਂ ਫਿਰ ਤੋਂ ਕਹਿੰਦੇ ਹਾਂ ਕਿ ਅਸੀਂ ਅੱਤਵਾਦ ਸਣੇ ਕਿਸੇ ਵੀ ਮਸਲੇ ਬਾਰੇ ਗੱਲਬਾਤ ਕਰਨ ਲਈ ਤਿਆਰ ਹਾਂ।"

ਉਨ੍ਹਾਂ ਕਿਹਾ ਕਿ ਕਿ ਮੈਨੂੰ ਲੱਗ ਰਿਹਾ ਸੀ ਕਿ ਭਾਰਤ ਵਿੱਚ ਚੋਣਾਂ ਹੋਣੀਆਂ ਹਨ ਅਤੇ ਉਨ੍ਹਾਂ ਵੱਲੋ ਕੋਈ ਕਾਰਵਾਈ ਹੋਵੇਗੀ। ਅਸੀਂ ਬੁੱਧਵਾਰ ਨੂੰ ਕਾਰਵਾਈ ਇਸ ਲਈ ਨਹੀਂ ਸੀ ਕੀਤੀ ਕਿ ਨੁਕਸਾਨ ਬਾਰੇ ਨਹੀਂ ਸੀ ਪਤਾ। ਇਸ ਕਾਰਨ ਅਸੀਂ ਇੰਤਜ਼ਾਰ ਕੀਤਾ ਅਤੇ ਅੱਜ ਅਸੀਂ ਜਵਾਬ ਦਿੱਤਾ।

“ਪਾਕਿਸਤਾਨੀ ਕਰਵਾਈ ਦਾ ਜਵਾਬ ਦੇਣ ਲਈ ਭਾਰਤ ਦੇ ਦੋ ਮਿੱਗ ਪਾਕਿਸਤਾਨੀ ਸਰਹੱਦ ਵਿੱਚ ਆਏ। ਉਨ੍ਹਾਂ ਨੂੰ ਮਾਰ ਸੁੱਟਿਆ। ਪਾਇਲਟ ਸਾਡੇ ਕੋਲ ਹਨ। ਮੈਂ ਭਾਰਤ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅਕਲ ਦੀ ਵਰਤੋਂ ਕਰੀਏ।”

“ਪਹਿਲੀ ਵਿਸ਼ਵ ਜੰਗ ਛੇ ਮਹੀਨਿਆਂ ਵਿੱਚ ਖ਼ਤਮ ਹੋਣੀ ਸੀ ਪਰ ਛੇ ਸਾਲਾਂ ਵਿੱਚ ਮੁੱਕੀ।”

“ਦੂਸਰੇ ਵਿਸ਼ਵ ਯੁੱਧ ਵਿੱਚ ਹਿਟਲਰ ਨੇ ਸੋਚਿਆ ਕਿ ਮੈਂ ਰੂਸ ਨੂੰ ਜਿੱਤ ਲਵਾਂ, ਉਸਨੇ ਇਹ ਨਹੀਂ ਸੋਚਿਆ ਕਿ ਸਰਦੀ ਉਸਦੀ ਤਬਾਹੀ ਦਾ ਕਾਰਨ ਬਣੇਗੀ। ਵਾਰ ਆਨ ਟੈਰਰ ਵਿੱਚ 17 ਸਾਲ ਲੱਗੇ। ਕੀ ਅਮਰੀਕਾ ਨੇ ਸੋਚਿਆ ਸੀ ਕਿ ਉਨ੍ਹਾਂ ਨੂੰ ਇੰਨਾ ਸਮਾਂ ਲੱਗੇਗਾ। ਵੀਅਤਨਾਮ ਵਾਰ ਵਿੱਤ ਇੰਨਾ ਸਮਾਂ ਲੱਗੇਗਾ ਕਿਸ ਨੂੰ ਪਤਾ ਸੀ। ਜੰਗਾਂ ਬਾਰੇ ਅੰਦਾਜ਼ੇ ਗਲਤ ਹੁੰਦੇ ਹਨ।”

“ਕੀ ਸਾਨੂੰ ਇਸ ਸਮੇਂ ਸੋਚਣਾ ਨਹੀਂ ਚਾਹੀਦਾ ਕਿ ਜੇ ਇੱਥੋਂ ਲੜਾਈ ਵਧਦੀ ਹੈ ਤਾਂ ਇਹ ਕਿੱਧਰ ਲੈ ਜਾਵੇਗੀ ਨਾ ਮੇਰੇ ਅਤੇ ਨਾ ਹੀ ਨਰਿੰਦਰ ਮੋਦੀ ਦੇ ਕਾਬੂ ਵਿੱਚ ਰਹੇਗੀ। ਇਸ ਲਈ ਜਦੋਂ ਅਸੀਂ ਤਿਆਰ ਬੈਠੇ ਹਾਂ, ਅਸੀਂ ਤੁਹਾਨੂੰ ਕਿਹਾ ਕਿ ਜੋ ਪੁਲਵਾਮਾ ਦੀ ਘਟਨਾ ਹੋਈ ਹੈ, ਉਸ ਦਾ ਜੋ ਤੁਹਾਨੂੰ ਦੁੱਖ ਪਹੁੰਚਿਆ ਹੈ, ਦਹਿਸ਼ਤਗਰਦੀ ਦੇ ਉੱਪਰ ਕਿਸੇ ਤਰ੍ਹਾਂ ਦੀ ਗੱਲਬਾਤ ਕਰਨਾ ਚਾਹੁੰਦੇ ਹੋਂ।”

ਪਾਕਿਸਤਾਨ-ਭਾਰਤ ਤਣਾਅ ਬਾਰੇ ਹੋਰ ਖ਼ਬਰਾਂ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)