You’re viewing a text-only version of this website that uses less data. View the main version of the website including all images and videos.
ਪਰਮਾਣੂ ਹਮਲਾ ਹੋਇਆ ਤਾਂ ਤੁਸੀਂ ਕਿਵੇਂ ਬਚੋਗੇ?
- ਲੇਖਕ, ਕ੍ਰਿਸ ਬਾਰਨਿਕ
- ਰੋਲ, ਬੀਬੀਸੀ ਫ਼ਿਊਚਰ
ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ 3 ਸਤੰਬਰ ਨੂੰ ਦਾਅਵਾ ਕੀਤਾ ਕਿ ਉੱਤਰੀ ਕੋਰੀਆ ਨੇ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਹੈ।
ਇਹ ਬੰਬ ਧਮਾਕਾ ਇੰਨਾ ਤੇਜ਼ ਸੀ ਕਿ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਕਿਮ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਜਿੰਨੇ ਚਾਹੇ ਓਨੇ ਐਟਮੀ ਹਥਿਆਰ ਬਣਾ ਸਕਦਾ ਹੈ। ਪਾਕਿਸਤਾਨ ਨੇ ਵੀ ਐਟਮ ਬੰਬ ਬਣਾ ਲਏ ਹਨ।
ਉਂਝ ਤਾਂ ਅਜਿਹਾ ਹਮਲਾ ਮੁਸ਼ਕਿਲ ਹੈ, ਪਰ ਜੇ ਅਜਿਹਾ ਹੋ ਜਾਵੇ ਤਾਂ ਕੀ ਹੋਵੇਗਾ? ਕੀ ਅਸੀਂ ਐਟਮੀ ਹਮਲਾ ਝੱਲਣ ਲਈ ਤਿਆਰ ਹਾਂ?
ਦੁਨੀਆਂ ਨੇ ਐਟਮ ਬੰਬ ਨਾਲ ਹੋਣ ਵਾਲੀ ਤਬਾਹੀ ਹਿਰੋਸ਼ਿਮਾ ਅਤੇ ਨਾਗਾਸਾਕੀ `ਚ ਦੇਖੀ ਹੈ। ਨਾਲ ਹੀ ਇਨਸਾਨੀਅਤ ਚੇਰਨੋਬਿਲ ਵਰਗੇ ਹਾਦਸਿਆਂ ਦੀ ਗਵਾਹ ਵੀ ਬਣੀ ਹੈ। ਅੱਜ ਵੀ ਉੱਥੋਂ ਦੇ ਲੋਕ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹਨ।
ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦੁਨੀਆ ਐਟਮੀ ਹਮਲਾ ਝੱਲਣ ਲਈ ਕਿੰਨੀ ਤਿਆਰ ਹੈ।
ਬੰਕਰ
ਬ੍ਰਿਟੇਨ `ਚ ਪਿੰਡਾਰ ਦੇ ਨਾਂ ਨਾਲ ਇੱਕ ਸੁਰੱਖਿਅਤ ਬੰਕਰ ਬਣਿਆ ਹੋਇਆ ਹੈ, ਜਿੱਥੇ ਕੋਈ ਐਟਮੀ ਹਮਲਾ ਹੋਣ `ਤੇ ਫੌਜ ਅਤੇ ਸਰਕਾਰੀ ਅਧਿਕਾਰੀ ਆਪਣੀ ਜਾਨ ਬਚਾ ਸਕਣ। ਐਟਮੀ ਜੰਗ ਦੇ ਦੌਰਾਨ ਹੋਈ ਤਬਾਹੀ ਦੇ ਬਾਅਦ ਵੀ ਸਾਰੇ ਸਰਕਾਰੀ ਕੰਮ ਚੱਲਦੇ ਰਹਿਣਗੇ। ਇੱਥੇ ਸਰਕਾਰੀ ਅਮਲਾ ਅਤੇ ਫੌਜ ਮਹਿਫੂਜ਼ ਰਹੇਗੀ। ਆਮ ਜਨਤਾ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਦੀ ਕੀ ਤਿਆਰੀ ਹੈ?
ਅਮਰੀਕਾ ਦੇ ਸਟੀਵੰਸ ਇੰਸਟੀਚਿਊਟ ਆਫ਼ ਟੈਕਨਾਲੌਜੀ ਦੇ ਪ੍ਰੋਫੈਸਰ ਐਲੇਕਸ ਵਾਲੇਰਸਟਾਈਨ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਨਾਗਰਿਕ ਸੁਰੱਖਿਆ ਦੇ ਲਈ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਿਊਕਲੀਅਰ ਹਮਲਾ ਹੋਣ ਦੀ ਹਾਲਤ `ਚ ਉਹ ਖੁਦ ਨੂੰ ਕਿਵੇਂ ਸੁਰੱਖਿਅਤ ਰੱਖਣ।
ਇਸਦੀ ਲੋੜ ਇਸ ਲਈ ਹੈ ਕਿਉਂਕਿ ਅੱਜ ਵੀ ਦੁਨੀਆ `ਚ ਤਕਰੀਬਨ 15 ਹਜ਼ਾਰ ਐਟਮੀ ਹਥਿਆਰ ਹਨ। ਇਸਦਾ ਰੂਸ ਅਤੇ ਅਮਰੀਕਾ ਦੇ ਕੋਲ ਸਭ ਤੋਂ ਵੱਡਾ ਜ਼ਖੀਰਾ ਹੈ।
ਰੈਡੀਏਸ਼ਨ ਤੋਂ ਬਚਾਅ ਕਿਵੇਂ?
ਆਪਣੇ ਇੱਕ ਪ੍ਰੋਜੈਕਟ ਦੇ ਤਹਿਤ ਵਾਲੇਰਸਟਾਈਨ ਨੇ ਇੱਕ 'ਨਯੂਕ-ਮੈਪ' ਬਣਾਇਆ ਸੀ। ਇਸ `ਚ ਗੂਗਲ ਮੈਪ ਵਰਗਾ ਨਕਸ਼ਾ ਦੱਸਦਾ ਹੈ ਕਿ ਐਟਮੀ ਹਮਲਾ ਹੋਣ `ਤੇ ਕਿੱਥੇ-ਕਿੱਥੇ ਅਸਰ ਪਏਗਾ?
ਦੂਜੇ ਪ੍ਰੋਜੈਕਟ `ਚ ਪਰਮਾਣੂ ਹਮਲੇ ਦੇ ਅਸਰ ਤੋਂ ਖੁਦ ਨੂੰ ਬਚਾਉਣ ਦੇ ਤਰੀਕੇ ਦੱਸੇ ਹਨ। ਸਭ ਤੋਂ ਬੁਨਿਆਦੀ ਮਸ਼ਵਰਾ ਤਾਂ ਇਹੀ ਹੈ ਕਿ ਲੋਕ ਘਰਾਂ `ਚ ਹੀ ਰਹਿਣ। ਲੰਬੇ ਵਕਤ ਤੱਕ ਇਮਾਰਤ `ਚ ਕੈਦ ਰਹਿਣ ਨਾਲ ਰੇਡਿਏਸ਼ਨ ਦੇ ਮਾਰੂ ਅਸਰ ਤੋਂ ਖੁਦ ਨੂੰ ਬਚਾਇਆ ਜਾ ਸਕਦਾ ਹੈ।
ਉੱਤਰੀ ਕੋਰੀਆ ਖੁਦ ਨੂੰ ਐਟਮੀ ਹਥਿਆਰ ਨਾਲ ਲੈਸ ਕਰ ਰਿਹਾ ਹੈ। ਦਾਅਵਾ ਹੈ ਕਿ ਉਸਦੇ ਕੋਲ ਅਮਰੀਕਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਮੌਜੂਦ ਹਨ।
ਜਪਾਨ ਨੇ ਤਾਂ ਕਈ ਪਿੰਡਾਂ `ਚ ਮੌਕ ਡ੍ਰਿਲ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਲੋਕਾਂ ਨੂੰ ਸਿੱਖਿਅਤ ਕਰਨਾ
ਉੱਤਰ ਕੋਰੀਆ ਦੇ ਨਿਸ਼ਾਨੇ `ਤੇ ਅਮਰੀਕਾ ਦਾ ਗੁਆਮ ਦੀਪ ਹੈ। ਇਸ ਕਰਕੇ ਲੋਕਾਂ ਨੂੰ ਸਿੱਖਿਅਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਅਮਰੀਕੀ ਗ੍ਰਹਿ ਮੰਤਰਾਲੇ ਨੇ ਆਪਣੀ ਵੈੱਬਸਾਈਟ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕੀਤਾ ਹੈ। ਇਸ ਦੇ ਇੱਕ ਹਿੱਸੇ `ਚ ਨਿਊਕਲੀਅਰ ਬਲਾਸਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਸਾਰੇ ਦੇਸ਼ ਸਿਰਫ਼ ਵੱਡੇ ਆਗੂਆਂ ਅਤੇ ਫੌਜੀ ਅਫ਼ਸਰਾਂ ਨੂੰ ਜੰਗ ਦੇ ਦੌਰਾਨ ਬਚਾਉਣ ਦੀ ਤਿਆਰੀ ਕਰਦੇ ਹਨ। ਆਮ ਲੋਕਾਂ ਨੂੰ ਉਨ੍ਹਾਂ ਦੇ ਹਾਲ `ਤੇ ਛੱਡ ਦਿੱਤਾ ਜਾਂਦਾ ਹੈ।
ਬ੍ਰਿਟੇਨ 'ਚ 1980 ਦੇ ਦਹਾਕੇ ਤੱਕ ਵੀ ਸਿਵਲ ਡਿਫੈਂਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਪਰ ਸ਼ੀਤ ਯੁੱਧ ਦੇ ਖ਼ਤਮ ਹੋਣ ਤੇ ਇਸ ਵਿੱਚ ਢਿੱਲ ਵਰਤੀ ਗਈ। ਹੁਣ ਐਲਕਸ ਵਾਲੇਰਸਟਾਈਨ ਅਤੇ ਉਨ੍ਹਾਂ ਦੇ ਸਾਥੀ ਇਹੀ ਕੰਮ ਕਰ ਰਹੇ ਹਨ।
ਬ੍ਰਿਟੇਨ ਦੇ ਕੋਲ ਵੀ ਕਈ ਪਨਡੁੱਬੀਆਂ ਹਨ, ਜਿੰਨ੍ਹਾਂ ਨੂੰ ਹਮਲਾ ਕਰਨ ਦੇ ਲਈ ਸਿਰਫ਼ ਇੱਕ ਇਸ਼ਾਰੇ ਦੀ ਲੋੜ ਹੈ। ਪਰ ਇਸ ਦੀ ਸੰਭਾਵਨਾ ਘੱਟ ਹੈ।
ਬੁਨਿਆਦੀ ਤਿਆਰੀ
ਪੋਰਟਸਮਥ ਅਤੇ ਸਾਉਥੈਮਪਟਨ ਬ੍ਰਿਟੇਨ ਦੇ ਦੋ ਅਜਿਹੇ ਸ਼ਹਿਰ ਹਨ ਜਿੱਥੇ ਐਟਮੀ ਪਨਡੁੱਬੀਆਂ ਦੇ ਲਈ ਬੰਦਰਗਾਹ ਦੇ ਡੌਕ ਤਿਆਰ ਕੀਤੇ ਗਏ ਹਨ।
ਪੋਰਟਸਮਥ 'ਚ ਇੱਕ ਪੁਰਾਣਾ ਏਅਰ ਰੈੱਡ ਸਾਇਰਨ ਲੱਗਾ ਹੈ। ਸਮੇਂ-ਸਮੇਂ ਤੇ ਇਸ ਨੂੰ ਚੈੱਕ ਕਰਨ ਦਾ ਕੰਮ ਹੁੰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਫੈਕਟਰੀਆਂ 'ਚੋਂ ਨਿਕਲਣ ਵਾਲੇ ਖ਼ਤਰਨਾਕ ਧੂੰਏ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪੂਰੇ ਬ੍ਰਿਟੇਨ 'ਚ ਸਾਇਰਨ ਲੱਗੇ ਹੋਏ ਹਨ।
ਰੈੱਡਕ੍ਰਾਸ ਸੋਸਾਈਟੀ ਵਰਗੀਆਂ ਸੰਸਥਾਵਾਂ ਹਰ ਤਰ੍ਹਾਂ ਦੇ ਹਲਾਤ ਤੋਂ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਲਾਂਕਿ ਕੁੱਝ ਜਾਣਕਾਰਾਂ ਦਾ ਮੰਨਣਾ ਹੈ ਕਿ ਜੇ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ, ਕੋਈ ਵੀ ਸੰਸਥਾ ਵੱਡੇ ਪੱਧਰ ਤੇ ਫੌਰੀ ਮਦਦ ਨਹੀਂ ਕਰ ਸਕਦੀ।
ਦਿਮਾਗੀ ਤਿਆਰੀ
ਐਲੇਕਸ ਵਾਲੇਰਸਟਾਈਨ ਕਹਿੰਦੇ ਹਨ ਕਿ ਜੇ ਲੋਕਾਂ ਨੂੰ ਪਹਿਲਾਂ ਹੀ ਦਿਮਾਗੀ ਤੌਰ `ਤੇ ਹਲਾਤ ਦਾ ਸਾਹਮਣਾ ਕਰਨ ਲਈ ਤਿਆਰ ਕਰ ਲਿਆ ਜਾਵੇ ਤਾਂ ਬਹੁਤ ਹੱਦ ਤੱਕ ਭਾਰੀ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਉੱਤਰ ਕੋਰੀਆ ਤੋਂ ਮਿਲੀ ਧਮਕੀ ਦੇ ਬਾਅਦ ਅਮਰੀਕਾ ਦੇ ਗੁਆਮ `ਚ ਨਾਗਰਿਕਾਂ ਦੇ ਲਈ ਕੁੱਝ ਅਹਿਮ ਗਾਈਡਲਾਈਂਸ ਜਾਰੀ ਕੀਤੀਆਂ ਗਈਆਂ ਹਨ।
ਜੇ ਕੋਈ ਤੇਜ਼ ਅੱਗ ਦਾ ਗੋਲਾ ਜਾਂ ਰੌਸ਼ਨੀ ਨਜ਼ਰ ਆਵੇ ਤਾਂ ਉਸ ਵੱਲ ਨਾ ਦੇਖੋ। ਇਹ ਤੁਹਾਨੂੰ ਅੰਨ੍ਹਾ ਕਰ ਸਕਦੀ ਹੈ। ਜਿੰਨੀ ਜਲਦੀ ਹੋ ਸਕੇ ਕਿਸੇ ਬੰਦ ਥਾਂ ਤੇ ਖੁਦ ਨੂੰ ਕੈਦ ਕਰ ਲਓ। ਰੈਡੀਏਸ਼ਨ ਕਈ ਮੀਲ ਦੂਰ ਤੱਕ ਫੈਲਦਾ ਹੈ। ਇਸ ਕਰਕੇ ਉੱਥੇ ਹੀ ਸੁਰੱਖਿਅਤ ਥਾਂ ਲੱਭ ਲਓ।
ਰੈਡੀਏਸ਼ਨ ਤੁਹਾਡੇ ਕੱਪੜਿਆਂ 'ਤੇ ਬੈਠ ਜਾਏਗਾ। ਇਸ ਲਈ ਕਪੜੇ ਤੁਰੰਤ ਬਦਲ ਲਵੋ ਅਤੇ ਸਰੀਰ ਚੰਗੀ ਤਰ੍ਹਾਂ ਸਾਫ਼ ਕਰੋ ਜਾਂ ਸਾਬਣ ਨਾਲ ਨਹਾਓ। ਸ਼ਰੀਰ ਰਗੜਨਾ ਨਹੀਂ ਅਤੇ ਨਾ ਹੀ ਵਾਲਾਂ 'ਚ ਕੰਡੀਸ਼ਨਰ ਦਾ ਇਸਤੇਮਾਲ ਕਰੋ। ਰੈਡੀਏਸ਼ਨ ਕੰਡੀਸ਼ਨਰ ਨਾਲ ਚਿਪਕ ਕੇ ਤੁਹਾਡੇ ਵਾਲਾਂ 'ਚ ਜਮਾ ਹੋ ਸਕਦਾ ਹੈ।
ਜੋ ਕੱਪੜੇ ਉਤਾਰੇ ਹਨ ਉਨ੍ਹਾਂ ਨੂੰ ਕਿਸੇ ਪਲਾਸਟਿਕ ਬੈਗ `ਚ ਬੰਦ ਕਰਕੇ ਇਨਸਾਨਾਂ ਅਤੇ ਜਾਨਵਰਾਂ ਤੋਂ ਜਿੰਨਾ ਦੂਰ ਹੋ ਸਕੇ ਓਨਾਂ ਦੂਰ ਰੱਖੋ। ਆਪਣੀ ਨੱਕ, ਕੰਨ ਅਤੇ ਅੱਖਾਂ ਨੂੰ ਕਿਸੇ ਸਾਫ਼ ਕਪੜੇ ਜਾਂ ਟਿਸ਼ੂ ਪੇਪਰ ਨਾਲ ਸਾਫ ਕਰੋ।
ਭਾਰਤ ਨੇ ਐਟਮੀ ਹਮਲਾ ਬਰਦਾਸ਼ਤ ਕਰਨ ਲਈ ਕਿੰਨੀਆਂ ਤਿਆਰੀਆਂ ਕੀਤੀਆਂ ਹਨ? ਸਰਕਾਰ ਚਲਾਉਣ ਦੀ ਕੀ ਤਿਆਰੀ ਕੀਤੀ ਹੈ-ਇਹ ਤਾਂ ਪਤਾ ਨਹੀਂ ਪਰ ਅਮਰੀਕਾ ਦੀਆਂ ਇਹ ਗਾਈਡਲਾਈਂਸ ਤੁਹਾਡੇ ਵੀ ਕੰਮ ਆ ਸਕਦੀਆਂ ਹਨ।