ਕੀ ਰੂਸ ਅਮਰੀਕਾ ਦੇ ਇਸ ਸੂਬੇ 'ਤੇ ਪਰਮਾਣੂ ਬੰਬ ਸੁਟਣਾ ਚਾਹੁੰਦਾ ਹੈ?

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਰੂਸ ਨੇ ਇੱਕ ਅਜਿਹੀ ਪਰਮਾਣੂ ਮਿਜ਼ਾਈਲ ਤਿਆਰ ਕੀਤੀ ਹੈ ਜੋ ਪੂਰੀ ਦੁਨੀਆਂ ਵਿੱਚ ਕਿਤੇ ਵੀ ਮਾਰ ਕਰ ਸਕਦੀ ਹੈ ਅਤੇ ਹਰ ਟੀਚੇ ਨੂੰ ਨਿਸ਼ਾਨਾ ਬਣਾ ਸਕਦੀ ਹੈ।

ਪੂਤਿਨ ਦਾ ਦਾਅਵਾ ਹੈ ਕਿ ਇਸ ਮਿਜ਼ਾਈਲ ਨੂੰ ਰੋਕਣਾ ਨਾਮੁਮਕਿਨ ਹੈ।

ਰੂਸ ਦੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਆਖਰੀ ਭਾਸ਼ਣ ਵਿੱਚ ਬੋਲ ਰਹੇ ਸਨ।

ਰੂਸ ਦੇ ਸਰਕਾਰੀ ਟੀਵੀ 'ਤੇ ਪੂਤਿਨ ਨੇ ਲੋਕਾਂ ਨੂੰ ਇੱਕ ਪ੍ਰੇਜੇਂਟੇਸ਼ਨ ਵੀ ਦਿਖਾਇਆ।

ਇਸ ਦੌਰਾਨ ਇੱਕ ਵੀਡੀਓ ਗ੍ਰਾਫ਼ਿਕਸ ਵਿੱਚ ਅਮਰੀਕਾ ਦੇ ਫਲੋਰੀਡਾ 'ਤੇ ਮਿਜ਼ਾਈਲਾਂ ਦੀ ਝੜੀ ਲਗਦੀ ਦਿਖਾਈ ਗਈ।

ਇਸ ਦੌਰਾਨ ਪੂਤਿਨ ਨੇ ਕਿਹਾ ਕਿ ਰੂਸ ਅਜਿਹੇ ਡਰੋਨ ਵੀ ਤਿਆਰ ਕਰ ਰਿਹਾ ਹੈ ਜਿਨ੍ਹਾਂ ਨੂੰ ਪਣਡੁੱਬੀਆਂ ਰਾਹੀਂ ਵੀ ਛੱਡਿਆ ਜਾ ਸਕਦਾ ਹੈ ਅਤੇ ਉਹ ਪਰਮਾਣੂ ਹਮਲਾ ਕਰਨ ਵਿੱਚ ਵੀ ਕਾਰਗਰ ਹੋਣਗੇ।

ਪੂਤਿਨ ਨੇ ਅੱਗੇ ਕਿਹਾ ਕਿ ਰੂਸ ਦੀ ਇਸ ਨਵੀਂ ਮਿਜ਼ਾਈਲ ਨੂੰ ਯੂਰਪ ਅਤੇ ਏਸ਼ੀਆ ਵਿੱਚ ਵਿਛੇ ਹੋਏ ਅਮਰੀਕੀ ਡਿਫੈਂਸ ਸਿਸਟਮ ਵੀ ਨਹੀਂ ਰੋਕ ਸਕਦੇ।

ਪੂਤਿਨ ਨੇ ਰੂਸੀ ਸੰਸਦ ਦੇ ਦੋਹਾਂ ਸਦਨਾਂ ਨੂੰ ਤਕਰੀਬਨ ਦੋ ਘੰਟੇ ਤੱਕ ਸੰਬੋਧਿਤ ਕੀਤਾ।

ਫਲੋਰਿਡਾ ਨੂੰ ਨਿਸ਼ਾਨਾ ਕਿਉਂ ਬਣਾਉਣਾ ਚਾਹੇਗਾ ਰੂਸ?

  • ਫਲੋਰਿਡਾ ਵਿੱਚ ਵਾਲਟ ਡਿਜ਼ਨੀ ਵਰਡਲ ਅਤੇ ਐਵਰਗਲੇਡਜ਼ ਨੈਸ਼ਨਲ ਪਾਰਕ ਵਰਗੇ ਸੈਰ-ਸਪਾਟਾ ਸਥਾਨ ਹਨ। ਇਸ ਤੋਂ ਅਲਾਵਾ ਇੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਰਿਜ਼ਾਰਟ ਵਰਗੇ ਹਾਈ-ਪ੍ਰੋਫਾਈਲ ਟਾਰਗੈਟ ਵੀ ਹਨ।
  • ਮਾਰ-ਏ-ਲਾਗੋ ਰਿਜ਼ਾਰਟ ਵਿੱਚ ਕਈ ਪਰਮਾਣੂ ਬੰਕਰ ਹਨ ਜਿੱਥੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਕਈ ਦਿਨ ਛੁੱਟੀਆਂ ਮਨਾ ਚੁੱਕੇ ਹਨ।
  • 1927 ਵਿੱਚ ਬਣਾਏ ਗਏ ਮਾਰ-ਏ-ਲਾਗੋ ਵਿੱਚ ਇਨ੍ਹਾਂ ਬੰਕਰਾਂ ਵਿੱਚੋਂ ਤਿੰਨ ਕੋਰੀਆਈ ਜੰਗ ਦੌਰਾਨ ਬਣਾਏ ਗਏ ਸਨ।
  • ਦੂਜਾ ਬੰਕਰ ਰਾਸ਼ਟਰਪਤੀ ਜਾਨ ਐੱਫ਼ ਕੈਨੇਡੀ ਲਈ ਬਣਾਇਆ ਗਿਆ ਸੀ।

ਅਮਰੀਕਾ ਦਾ ਜਵਾਬ

ਅਮਰੀਕੀ ਰੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਪੈਂਟਾਗਨ ਨੂੰ ਪੁਤਿਨ ਦੀਆਂ ਇਨ੍ਹਾਂ ਗੱਲਾਂ ਤੋਂ ਹੈਰਾਨੀ ਨਹੀਂ ਹੋਈ।

ਪੈਂਟਾਗਨ ਦੇ ਬੁਲਾਰੇ ਡੈਨਾ ਵਾਈਟ ਨੇ ਕਿਹਾ, "ਅਮਰੀਕੀ ਲੋਕ ਭਰੋਸਾ ਰੱਖਣ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।"

ਮਾਹਿਰ ਕੀ ਮੰਨਦੇ ਹਨ?

ਮਾਹਿਰ ਮੰਨਦੇ ਹਨ ਕਿ ਇਹ ਬੰਕਰ ਚਾਹੇ ਜਿੰਨੇ ਵੀ ਸ਼ਾਨਦਾਰ ਤਰੀਕੇ ਨਾਲ ਬਣਾਏ ਗਏ ਹੋਣ ਸਿੱਧੇ ਹਮਲੇ ਦੀ ਹਾਲਤ ਵਿੱਚ ਕੋਈ ਵੀ ਬੰਕਰ ਸੁਰੱਖਿਅਤ ਨਹੀਂ ਬਚ ਸਕੇਗਾ।

ਸਮੀਖਿੱਅਕਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਫ਼ੌਜੀ ਤਾਕਤ ਵਧਾਉਣ ਵਾਲੇ ਬਿਆਨ ਦਾ ਜਵਾਬ ਮੰਨਿਆ ਜਾ ਰਿਹਾ ਹੈ।

ਅਮਰੀਕਾ ਨੇ ਪਿਛਲੇ ਮਹੀਨੇ ਹੀ ਆਪਣੇ ਪਰਮਾਣੂ ਅਸਲੇ ਨੂੰ ਵਧਾਉਣ ਅਤੇ ਛੋਟੇ ਐਟਮ ਬੰਬ ਤਿਆਰ ਕਰਨ ਦੀ ਗੱਲ ਕਹੀ ਸੀ।

ਅਮਰੀਕਾ ਦੇ ਇਸ ਬਿਆਨ ਬਾਰੇ ਕਿਹਾ ਗਿਆ ਸੀ ਕਿ ਇਹ ਕਿਤੇ ਨਾ ਕਿਤੇ ਰੂਸ ਨੂੰ ਚੁਣੌਤੀ ਦੇਣ ਲਈ ਜਾਰੀ ਕੀਤਾ ਗਿਆ ਸੀ।

ਚੀਨ ਅਤੇ ਅਮਰੀਕਾ ਵੀ ਅਜਿਹੀਆਂ ਮਿਜ਼ਾਈਲਾਂ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜੋ ਦੁਨੀਆਂ ਵਿੱਚ ਕਿਤੇ ਵੀ ਮਾਰ ਕਰ ਸਕਦੀਆਂ ਹਨ।

ਪੂਤਿਨ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਰੂਸ ਨੇ ਆਪਣੀ ਫ਼ੌਜੀ ਤਾਕਤ ਦਾ ਵਿਸਤਾਰ ਦੁਨੀਆਂ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਕੀਤਾ ਸੀ।

ਹਾਲਾਂਕਿ ਪੂਤਿਨ ਨੇ ਬੇਬਾਕੀ ਨਾਲ ਕਿਹਾ ਕਿ ਰੂਸ ਦੇ ਖ਼ਿਲਾਫ਼ ਜੇਕਰ ਕੋਈ ਪਰਮਾਣੂ ਹਥਿਆਰ ਵਰਤੇਗਾ ਤਾਂ ਰੂਸ ਉਸਦਾ ਦੁਗਣੀ ਤਾਕਤ ਨਾਲ ਜਵਾਬ ਦੇਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ