ਜਦੋਂ ਉ. ਕੋਰੀਆ ਨੇ ਆਪਣੇ ਹੀ ਸ਼ਹਿਰ 'ਤੇ ਮਿਜ਼ਾਈਲ ਡੇਗ ਲਈ

ਆਪਣੇ ਬੇਕਾਬੂ ਪ੍ਰਮਾਣੂ ਪ੍ਰੋਗਰਾਮ ਕਰਕੇ ਦੁਨੀਆਂ ਲਈ ਫ਼ਿਕਰ ਦਾ ਸਬੱਬ ਬਣਿਆ ਉੱਤਰੀ ਕੋਰੀਆ ਇਸੇ ਪ੍ਰੋਗਰਾਮ ਦਾ ਸ਼ਿਕਾਰ ਹੋਣ ਲੱਗਾ ਹੈ।

ਉਸ ਦਾ ਮਿਜ਼ਾਈਲ ਪ੍ਰੀਖਣ ਗਲਤ ਹੋ ਗਿਆ ਤੇ ਮਿਜ਼ਾਈਲ ਇਸੇ ਦੇ ਸ਼ਹਿਰ 'ਤੇ ਜਾ ਡਿੱਗੀ।

ਇਹ ਜਾਣਕਾਰੀ 'ਦ ਡਿਪਲੋਮੈਟ' ਵਿੱਚ ਛਪੇ ਇੱਕ ਵਿਸ਼ਲੇਸ਼ਣ ਵਿੱਚ ਉਜਾਗਰ ਹੋਈ ਹੈ। ਇਸ ਵਿਸ਼ਲੇਸ਼ਣ ਨੂੰ ਸੰਪਾਦਕ ਅੰਕਿਤ ਪਾਂਡਾ ਅਤੇ ਅਮਰੀਕਾ ਦੇ ਜੇਮਜ਼ ਮਾਰਟਿਨ ਸੈਂਟਰ ਫ਼ਾਰ ਨਾਨ ਪ੍ਰੋਲਿਫ਼ਰੇਸ਼ਨ ਸਟੱਡੀਜ਼ ਦੇ ਰਿਸਰਚਰ ਡੇਵ ਸਿਜ਼ਮਰਲ ਨੇ ਤਿਆਰ ਕੀਤਾ ਹੈ।

ਕਿਉਂ ਡਿੱਗੀ ਮਿਜ਼ਾਈਲ?

ਵਿਸ਼ਲੇਸ਼ਣ ਦੇ ਮੁਤਾਬਕ ਇਹ ਘਟਨਾ 28 ਅਪ੍ਰੈਲ 2017 ਦੀ ਹੈ।

ਅਮਰੀਕੀ ਸਰਕਾਰ ਦੇ ਸੂਤਰਾਂ ਮੁਤਾਬਕ ਇਸ ਮਿਜ਼ਾਈਲ ਦੀ ਪਰਖ ਸਹੀ ਤਰਕੀ ਨਾਲ ਨਹੀਂ ਸੀ ਹੋ ਸਕੀ, ਜਿਸ ਕਰਕੇ ਉਹ ਆਪਣੇ ਖੇਤਰ ਤੋਂ ਬਾਹਰ ਨਹੀਂ ਜਾ ਸਕੀ।

ਬੀਬੀਸੀ ਨਾਲ ਗੱਲ ਕਰਦਿਆਂ ਅੰਕਿਤ ਪਾਂਡਾ ਨੇ ਕਿਹਾ, "ਉਸ ਮਿਜ਼ਾਈਲ ਵਿੱਚ ਕੀ ਗੜਬੜੀ ਹੋਈ ਸੀ ਇਹ ਕੋਈ ਨਹੀਂ ਜਾਣਦਾ।"

ਉਨ੍ਹਾਂ ਦੱਸਿਆ, "ਜਿਸ ਸਮੇਂ ਮਿਜ਼ਾਈਲ ਛੱਡੇ ਜਾਣ ਲਈ ਤਿਆਰ ਸੀ ਉਸੇ ਸਮੇਂ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇਸੇ ਕਾਰਨ ਇਹ ਮਿਜ਼ਾਈਲ ਸਫ਼ਲਤਾਪੂਰਬਕ ਆਪਣੇ ਖੇਤਰ ਤੋਂ ਬਾਹਰ ਨਹੀਂ ਜਾ ਸਕੀ।"

ਕਿੰਨਾ ਨੁਕਸਾਨ ਹੋਇਆ?

ਸੈਟਲਾਈਟ ਤਸਵੀਰਾਂ ਦੇ ਅਧਾਰ ਤੇ ਇਹ ਦੱਸਣਾ ਮੁਸ਼ਕਿਲ ਹੈ ਕਿ ਇਸ ਮਿਜ਼ਾਈਲ ਦੇ ਅਸਫ਼ਲ ਪ੍ਰੀਖਣ ਕਾਰਨ ਕਿੰਨਾ ਨੁਕਸਾਨ ਹੋਇਆ। ਇਹ ਮਿਜ਼ਾਈਲ ਟੋਕਚੋਨ ਸ਼ਹਿਰ ਵਿੱਚ ਡਿੱਗੀ ਸੀ।

ਡੇਵ ਸਿਜ਼ਮਲਰ ਨੇ ਦੱਸਿਆ ਕਿ ਉਸ ਅਸਫ਼ਲ ਪਰਖ ਕਾਰਨ ਜਿੱਥੇ ਮਿਜ਼ਾਈਲ ਡਿੱਗੀ ਉੱਥੇ ਵੱਡਾ ਸਾਰਾ ਕਾਲਾ ਧੱਬਾ ਬਣ ਗਿਆ ਸੀ।

ਹਮੇਸ਼ਾ ਵਾਂਗ ਹੀ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵੱਲੋਂ ਇਸ ਬਾਰੇ ਕੋਈ ਦਾਅਵਾ ਨਹੀਂ ਕੀਤਾ ਗਿਆ ਜਦਕਿ ਕੋਮਾਂਤਰੀ ਭਾਈਚਾਰੇ ਨੇ ਹਮੇਸ਼ਾ ਵਾਂਗ ਹੀ ਇਸ ਦੀ ਭੰਡੀ ਕੀਤੀ।

ਹਵਾਸੌਂਗ-12 ਨਾਮਕ ਇਹ ਮਿਜ਼ਾਈਲ ਦਰਮਿਆਨੀ ਦੂਰੀ ਤੱਕ ਮਾਰ ਕਰ ਸਕਦੀ ਸੀ। ਅਪ੍ਰੈਲ ਵਿੱਚ ਨਾਕਾਮ ਰਹਿਣ ਮਗਰੋਂ ਇਸ ਨੂੰ ਮਈ ਵਿੱਚ ਮੁੜ ਪਰਖਿਆ ਗਿਆ ਅਤੇ ਇਸ ਵਾਰ ਇਹ ਸਫ਼ਲ ਰਿਹਾ।

ਅਮਰੀਕੀ ਧਮਕੀਆਂ ਦੇ ਬਾਵਜ਼ੂਦ ਕੀਤੇ ਪ੍ਰੀਖਣ

ਨਿਰੰਤਰ ਪ੍ਰਮਾਣੂ ਪ੍ਰੀਖਣਾਂ ਕਰਕੇ ਉੱਤਰੀ ਕੋਰੀਆ ਨੂੰ ਕੋਮਾਂਤਰੀ ਭਾਈਚਾਰੇ ਵੱਲੋਂ ਝਾੜਾਂ ਪਈਆਂ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰ ਕੋਰੀਆ ਨੂੰ ਤਬਾਹ ਕਰਨ ਦੀਆਂ ਧਮਕੀਆਂ ਦਿੱਤੀਆਂ ਅਤ ਸੰਯੁਕਤ ਰਾਸ਼ਟਰ ਨੇ ਵਿੱਤੀ ਪਾਬੰਦੀਆਂ ਲਾ ਦਿੱਤੀਆਂ।

ਇਸ ਸਭ ਦੇ ਬਾਵਜੂਜਦ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣਾਂ ਵਿੱਚ ਕਮੀ ਨਹੀਂ ਆਈ। ਨਵੰਬਰ ਵਿੱਚ ਅੰਤਰ ਮਹਾਂਦੀਪੀ ਮਿਜ਼ਾਈਲ ਦੀ ਪਰਖ ਕਰਨ ਮਗਰੋਂ ਉਸ ਨੇ ਦਾਵਾ ਕੀਤਾ ਕਿ ਉਸਦੀ ਮਾਰ ਵਿੱਚ ਪੂਰਾ ਅਮਰੀਕਾ ਸੀ।

ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਉੱਤਰੀ ਕੋਰੀਆ ਦੇ ਤਾਨਾਸ਼ਾਹ ਹੁਕਮਰਾਨ ਕਿਮ ਯੋਂਗ ਉਨ ਨੇ ਕਿਹਾ ਸੀ ਕਿ ਪ੍ਰਮਾਣੂ ਬੰਬ ਦਾ ਬਟਨ ਉਨ੍ਹਾਂ ਦੇ ਡੈਸਕ ਦੇ ਕੋਲ ਹੀ ਪਿਆ ਰਹਿੰਦਾ ਹੈ।

ਇਸ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਹੋਰ ਵੀ ਵੱਡਾ 'ਤੇ ਤਾਕਤਵਰ ਬਟਨ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)