ਪੁਲਵਾਮਾ ਹਮਲਾ: ਭਾਰਤ ਦੇ ਮਿੱਤਰ ਦੇਸਾਂ ਨੇ ਹਮਦਰਦੀ ਦੇ ਕਿਹੜੇ ਬੋਲ ਬੋਲੇ

ਭਾਰਤ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ 'ਤੇ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਭਾਰਤ ਨਾਲ ਕਈ ਦੇਸਾਂ ਨੇ ਇੱਕਜੁਟਤਾ ਵੀ ਪ੍ਰਗਟਾਈ ਹੈ।

ਹਾਲੇ ਤੱਕ ਰਿਪੋਰਟਾਂ ਮੁਤਾਬਕ ਲਗਪਗ 40 ਤੋਂ ਵੱਧ ਦੇਸ ਭਾਰਤ ਨਾਲ ਆਪਣੀ ਇੱਕਜੁਟਤਾ ਪ੍ਰਗਟਾ ਚੁੱਕੇ ਹਨ। ਇਨ੍ਹਾਂ ਦੇਸਾਂ ਵਿੱਚ ਨੇਪਾਲ, ਸ੍ਰੀ ਲੰਕਾ, ਬੰਗਲਾਦੇਸ, ਅਫਗਾਨਿਸਤਾਨ ਤੋਂ ਇਲਾਵਾ ਅਮਰੀਕਾ, ਰੂਸ, ਸਾਊਦੀ ਅਰਬ, ਆਸਟਰੇਲੀਆ ਸ਼ਾਮਲ ਹਨ।

ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ 14 ਫਰਵਰੀ ਨੂੰ ਸੀਆਰਪੀਐੱਫ ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 40 ਫੌਜੀਆਂ ਦੀ ਮੌਤ ਹੋ ਗਈ ਸੀ।

ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ। ਭਾਰਤ ਇਸ ਬਾਰੇ ਪਾਕਿਸਤਾਨ ਖਿਲਾਫ਼ ਪੁਖ਼ਤਾ ਸਬੂਤ ਹੋਣ ਦਾ ਦਾਅਵਾ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਨੇ ਇਸ ਹਮਲੇ ਵਿੱਚ ਭਾਰਤ ਵੱਲੋਂ ਲਾਏ ਇਲਜ਼ਾਮਾਂ ਦਾ ਖੰਡਨ ਕੀਤਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਹ ਇਸ ਹਮਲੇ ਦੀ ਨਿੰਦਾ ਕਰਦੇ ਹਨ ਅਤੇ ਹਿੰਸਾ ਉਨ੍ਹਾਂ ਦੇ ਦੇਸ ਦਾ ਰਾਹ ਨਹੀਂ ਹੈ।

ਭਾਰਤ ਨੂੰ ਵੱਖ-ਵੱਖ ਦੇਸਾਂ ਵੱਲੋਂ ਭੇਜੇ ਗਏ ਇਨ੍ਹਾਂ ਸੰਦੇਸ਼ਾਂ ਵਿੱਚ ਜਿੱਥੇ ਹਮਲੇ ਵਿੱਚ ਮਾਰੇ ਗਏ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਗਈ ਹੈ ਉੱਥੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਵੀ ਕੀਤੀ ਗਈ ਹੈ।

ਈਰਾਨ

ਈਰਾਨ ਦੇ ਵਿਦੇਸ਼ ਰਾਜ ਮੰਤਰੀ ਸਈਅਦ ਅਬਾਸ ਆਰਾਘਚੀ ਨੇ ਲਿਖਿਆ, “ਭਾਰਤ ਅਤੇ ਈਰਾਨ ਨੇ ਪਿਛਲੇ ਕੁਝ ਦਿਨਾਂ ਵਿੱਚ ਦੋ ਸੰਗੀਨ ਅੱਤਵਾਦੀ ਹਮਲਿਆਂ ਨੂੰ ਝੱਲਿਆ ਹੈ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ ਹਨ।”

“ਜਦੋਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤਹਿਰਾਨ ਰੁਕੇ ਤਾਂ ਅਸੀਂ ਅੱਤਵਾਦ ਖਿਲਾਫ਼ ਲੜਾਈ ਵਿੱਚ ਨਜ਼ਦੀਕੀ ਸਹਿਯੋਗ ਲਈ ਸਹਿਮਤ ਹੋਏ। ਬਹੁਤ ਹੋ ਗਿਆ, ਬੱਸ !”

ਰੂਸ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਜੇ ਆਪਣੇ ਸੰਦੇਸ਼ ਵਿੱਚ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ ਹਮਦਰਦੀ ਪ੍ਰਗਟ ਕੀਤੀ ਹੈ।

ਉਨ੍ਹਾਂ ਨੇ ਲਿਖਿਆ, "ਅਸੀਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਇਸ ਹਮਲੇ ਦੀ ਇਜਾਜ਼ਤ ਦੇਣ ਵਾਲੇ ਤੇ ਇਸ ਨੂੰ ਅੰਜਾਮ ਦੇਣ ਵਾਲਿਆਂ ਨੂੰ ਬੇਸ਼ੱਕ ਸਜ਼ਾ ਮਿਲਣੀ ਚਾਹੀਦੀ ਹੈ।"

"ਮੈਂ ਆਪਣੇ ਭਾਰਤੀ ਭਾਈਵਾਲਾਂ ਨਾਲ ਅੱਤਵਾਦ ਵਿਰੋਧੀ ਸਹਿਯੋਗ ਨੂੰ ਇੱਕ ਵਾਰ ਫਿਰ ਪੱਕਾ ਕਰਨਾ ਚਾਹੁੰਦਾ ਹਾਂ।"

"ਰੂਸ ਦੇ ਲੋਕ ਭਾਰਤ ਦੇ ਦੋਸਤਾਨਾ ਲੋਕਾਂ ਦੇ ਨਾਲ ਅਫਸੋਸ ਮਨਾ ਰਹੇ ਹਨ ਅਤੇ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਉਮੀਦ ਕਰਦੇ ਹਨ।"

ਅਮਰੀਕਾ

ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਸਲਾਹਕਾਰ ਜੌਹਨ ਬੌਲਟਨ ਨੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੱਲਬਾਤ ਕੀਤੀ।

ਉਸ ਮਗਰੋਂ ਉਨ੍ਹਾਂ ਨੇ ਟਵੀਟ ਕੀਤਾ, “ਮੈਂ ਕੌਮੀ ਸੁਰੱਖਿਆ ਸਲਾਹਕਾਰ ਡੋਵਾਲ ਕੋਲ ਨਿੰਦਣਯੋਗ ਅੱਤਵਾਦੀ ਹਮਲੇ ਬਾਰੇ ਦੁੱਖ ਪ੍ਰਗਟ ਕੀਤਾ ਹੈ। ਪਾਕਿਸਤਾਨ ਨੂੰ ਆਪਣੀ ਜ਼ਮੀਨ ਤੋਂ ਕੰਮ ਕਰ ਰਹੇ ਜੈਸ਼-ਏ-ਮੁਹੰਮਦ ਅਤੇ ਹੋਰ ਸੰਗਠਨਾਂ ਖਿਲਾਫ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ।”

“ਦੇਸਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅੱਤਵਾਦੀਆਂ ਨੂੰ ਪਨਾਹ ਤੇ ਹਮਾਇਤ ਦੇਣੀ ਬੰਦ ਕਰਨੀ ਚਾਹੀਦੀ ਹੈ।”

ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਜੌਹਨ ਬੌਲਟਨ ਅਤੇ ਅਜੀਤ ਡੋਵਾਲ ਦੀ ਗੱਲਬਾਤ ਦੇ ਵੇਰਵੇ ਮੁਤਾਬਕ ਬੌਲਟਨ ਨੇ ਸਰਹੱਦ ਪਾਰੋਂ ਫੈਲਾਏ ਜਾਂਦੇ ਅੱਤਵਾਦ ਖਿਲਾਫ ਭਾਰਤ ਦੇ ਸਵੈ-ਰੱਖਿਆ ਦੇ ਹੱਕ ਦੀ ਵੀ ਪੁਸ਼ਟੀ ਕੀਤੀ।

ਅਮਰੀਕਾ ਦੇ ਸੈਕਰੇਟਰੀ ਆਫ ਸਟੇਟ ਪੌਂਪਿਓ ਨੇ ਲਿਖਿਆ, “ਅਮਰੀਕਾ ਭਾਰਤੀ ਫੌਜ ਤੇ ਹੋਏ ਡਰਾਉਣੇ ਅੱਤਵਾਦੀ ਹਮਲੇ ਦੀ ਨਿੰਦਾ ਕਰਦਾ ਹੈ। ਮੈਂ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰਦਾ ਹਾਂ। ਅਸੀਂ ਅੱਤਵਾਦ ਖਿਲਾਫ ਭਾਰਤ ਦੀ ਲੜਾਈ ਵਿੱਚ ਉਸਦੇ ਨਾਲ ਹਾਂ। ਪਾਕਿਸਤਾਨ ਨੂੰ ਕੌਮਾਂਤਰੀ ਅਮਨ ਲਈ ਖ਼ਤਰਾ ਸਾਬਿਤ ਹੋਣ ਵਾਲੇ ਅੱਤਵਾਦੀਆਂ ਨੂੰ ਬਿਲਕੁੱਲ ਪਨਾਹ ਨਹੀਂ ਦੇਣੀ ਚਾਹੀਦੀ।”

ਚੀਨ

ਚੀਨ ਨੇ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਭੇਜੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੇਸਾਂ ਨੂੰ ਮਿਲ ਕੇ ਅੱਤਵਾਦ ਦਾ ਸਾਹਮਣਾ ਕਰਨਾ ਚਾਹੀਦਾ ਹੈ।

ਚੀਨ ਵੱਲੋਂ ਕਿਹਾ ਗਿਆ ਕਿ ਖਿੱਤੇ ਵਿੱਚ ਅਮਨ ਅਤੇ ਸੁਰੱਖਿਆ ਕਾਇਮ ਰੱਖਣੀ ਚਾਹੀਦੀ ਹੈ। ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨੇ ਕਿਹਾ ਕਿ ਚੀਨ ਹਰ ਕਿਸਮ ਦੇ ਅੱਤਵਾਦ ਦੇ ਖਿਲਾਫ਼ ਹੈ।

ਹਾਲਾਂਕਿ ਇਸ ਸੰਦੇਸ਼ ਵਿੱਚ ਕਿਤੇ ਵੀ ਪਾਕਿਸਤਾਨ ਦਾ ਜ਼ਿਕਰ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਨੂੰ ਵਿਸ਼ਵੀ ਅੱਤਵਾਦੀ ਕਰਾਰ ਦੇਣ ਦੀ ਸੰਯੁਕਤ ਰਾਸ਼ਟਰ ਤੋਂ ਮੰਗ ਕਰਦਾ ਰਿਹਾ ਹੈ।

ਇਸ ਵਿੱਚ ਭਾਰਤ ਨੂੰ ਹਾਲਾਂਕਿ ਅਮਰੀਕਾ, ਬਰਤਾਨੀਆ, ਰੂਸ ਅਤੇ ਫਰਾਂਸ ਦੀ ਹਮਾਇਤ ਹਾਸਲ ਹੈ ਪਰ ਚੀਨ ਨੇ ਦੋ ਵਾਰ ਸੰਯੁਕਤ ਰਾਸ਼ਟਰ ਵਿੱਚ ਵੀਟੋ ਦੀ ਵਰਤੋਂ ਕੀਤੀ ਹੈ।

ਫਰਾਂਸ

ਫਰਾਂਸ ਦੇ ਯੂਰਪੀ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਯੌਂ ਈਵ ਲਿਡਰੀਆਂ ਨੇ ਆਪਣੇ ਸੰਦੇਸ਼ ਵਿੱਚ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ, "ਫਰਾਂਸ ਅੱਤਵਾਦ ਖਿਲਾਫ਼ ਲੜਾਈ ਵਿੱਚ ਹਮੇਸ਼ਾ ਭਾਰਤ ਦੇ ਨਾਲ ਖੜ੍ਹਿਆ ਹੈ ਤੇ ਖੜ੍ਹਾ ਰਹੇਗਾ।"

ਇਸ ਸੰਦੇਸ਼ ਨੂੰ ਭਾਰਤ ਵਿੱਚ ਫਰਾਂਸ ਦੇ ਸਫ਼ੀਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ।

"ਮੈਂ ਹਰੇਕ ਦੇਸ ਨੂੰ ਅੱਤਵਾਦੀ ਨੈੱਟਵਰਕਾਂ ਅਤੇ ਉਨ੍ਹਾਂ ਨੂੰ ਪੈਸੇ ਦੇਣ ਵਾਲਿਆਂ ਖਿਲਾਫ ਪ੍ਰਭਾਵੀ ਲੜਾਈ ਲੜਨ ਦਾ ਸੱਦਾ ਦਿੰਦਾ ਹਾਂ।”

“ਜੈਸ਼-ਏ ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ, ਜਿਸ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ, ਦੀ ਸਰਹੱਦੋਂ ਪਾਰ ਚਲਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਾਰੇ ਦੇਸਾਂ ਨੂੰ ਇੱਕਜੁਟ ਹੋਣ ਦੀ ਅਪੀਲ ਕਰਦੇ ਹਾਂ।”

ਸੰਯੁਕਤ ਰਾਸ਼ਟਰ

ਖ਼ਬਰ ਏਜੰਸੀ ਪੀਟੀਆ ਮੁਤਾਬਕ ਸੰਯੁਕਤ ਰਾਸ਼ਟਰ ਦੇ ਜਰਨਲ ਸਕੱਤਰ ਐਂਟੋਨੀਓ ਗੁਤਰਸ ਨੇ ਹਮਲੇ ਦੀ "ਸਖ਼ਤ" ਨਿੰਦਾ ਕੀਤੀ ਹੈ।

ਉਨ੍ਹਾਂ ਦੇ ਬੁਲਾਰੇ ਸਟੈਫਾਨ ਡੁਜਾਰਿਕ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ਅਸੀਂ ਜ਼ਖਮੀਆਂ ਦੀ ਜਲਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ।

ਇਸਰਾਈਲ

ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਿਮਨ ਨੇਤਨਯਾਹੂ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੇਰੇ ਪਿਆਰੇ ਦੋਸਤ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਸੀਂ ਇਸ ਸੰਗੀਨ ਅੱਤਵਾਦੀ ਹਮਲੇ ਤੋਂ ਬਾਅਦ ਤੁਹਾਡੇ, ਸੁਰੱਖਿਆ ਦਸਤਿਆਂ ਤੇ ਭਾਰਤ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਅਸੀਂ ਪੀੜਤਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰਦੇ ਹਾਂ।”

ਅਫ਼ਗਾਨਿਸਤਾਨ

ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ‘ਮਿੱਤਰ ਦੇਸ ਭਾਰਤ’ 'ਤੇ ਹੋਏ ਇਸ ਹਮਲੇ ਤੋਂ ਬਾਅਦ ਟਵੀਟ ਵਿੱਚ ਲਿਖਿਆ, “ਸਾਂਝੇ ਦੁਸ਼ਮਣ (ਅੱਤਵਾਦ ) ਖਿਲਾਫ ਦੋਹਾਂ ਦੇਸਾਂ ਨੇ ਨਜ਼ਦੀਕੀ ਸਹਿਯੋਗ 'ਤੇ ਜ਼ੋਰ ਦਿੱਤਾ ਹੈ।”

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)