ਭਾਰਤ-ਪਾਕਿਸਤਾਨ ਇੱਦਾਂ ਹੀ ਲੱਗੇ ਰਹੋ ਤਾਂ ਜੋ ਮਨ ਪਰਚਾਵਾ ਚਲਦਾ ਰਹੇ - ਬਲਾਗ਼

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ

ਅਜਿਹਾ ਲਗਦਾ ਹੈ ਦੋਵਾਂ ਪਾਸਿਆਂ ਦੀ ਲੀਡਰਸ਼ਿਪ 'ਚ ਇਹ ਦਿਖਾਉਣ ਦੀ ਜੱਦੋ-ਜਹਿਦ ਚੱਲ ਰਹੀ ਹੈ ਕਿ ਕਿਹੜਾ ਵੱਡਾ ਡਰਾਮੇਬਾਜ਼ ਹੈ।

ਪਰ ਹੁਣ ਇਹ ਸਕ੍ਰਿਪਟ ਵੀ ਰੱਦੀ ਹੁੰਦੀ ਜਾ ਰਹੀ ਹੈ ਕਿ ਪਹਿਲਾਂ ਚੰਗੀਆਂ-ਚੰਗੀਆਂ ਗੱਲਾਂ ਕਰੋ ਤੇ ਫੇਰ ਅਚਾਨਕ ਗਾਲੀ-ਗਲੋਚ 'ਤੇ ਆ ਜਾਓ।

ਉਸ ਤੋਂ ਬਾਅਦ ਕੁਝ ਦਿਨਾਂ ਲਈ ਖ਼ਾਮੋਸ਼ ਹੋ ਜਾਓ ਅਤੇ ਫੇਰ ਚੰਗੀਆਂ-ਚੰਗੀਆਂ ਗੱਲਾਂ ਸ਼ੁਰੂ ਕਰ ਦਿਓ। ਉਹ ਫਾਰਮੂਲਾ ਇੰਨਾ ਫਿਲਮੀ ਹੋ ਗਿਆ ਹੈ ਕਿ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵੱਲੋਂ ਕੋਈ ਇੱਕ-ਦੂਜੇ ਲਈ ਚੰਗੀਆਂ ਗੱਲਾਂ ਕਰਦਾ ਹੈ ਤਾਂ ਦਿਲ ਡੁੱਬਣ ਲਗਦਾ ਹੈ ਕਿ ਖ਼ੁਦਾ ਨਾ ਕਰੇ ਅੱਗੇ ਕੁਝ ਬੁਰਾ ਹੋਣ ਵਾਲਾ ਹੈ।

ਹਰ ਐਪੀਸੋਡ 'ਚ ਭਰੇ ਬਾਜ਼ਾਰ 'ਚ ਇੱਕ-ਦੂਜੇ ਨੂੰ ਜੁੱਤੀ ਦਿਖਾਉਣ ਦਾ ਹਰ ਵਾਰ ਦਾ ਉਹੀ ਪੁਰਾਣਾ ਅੰਦਾਜ਼ ਗੋਪਾਲ ਰੇਹੜੀਵਾਲੇ ਤੋਂ ਲੈ ਕੇ ਅਸਲਮ ਨਾਈ ਤੱਕ ਸਾਰਿਆਂ ਨੂੰ ਯਾਦ ਹੋ ਗਿਆ ਹੈ।

ਇਹ ਵੀ ਪੜ੍ਹੋ:

ਰੱਬ ਦਾ ਵਾਸਤਾ ਕੁਝ ਹੋਰ ਨਹੀਂ ਤਾਂ ਸਕ੍ਰਿਪਟ ਹੀ ਬਦਲ ਲਓ, ਕੋਈ ਸੀਨ ਹੀ ਉੱਤੇ-ਥੱਲੇ ਕਰ ਲਓ।

ਮਸਲਨ ਇਹੀ ਕਰ ਲਓ ਕਿ ਜੇਕਰ ਦਿੱਲੀ ਜਾਂ ਇਸਲਾਮਾਬਾਦ ਵਿਚੋਂ ਕੋਈ ਇੱਕ ਕਹੇ ਕਿ ਆ ਸਹੇਲੀ ਆਪਾਂ ਗੱਲਬਾਤ-ਗੱਲਬਾਤ ਖੇਡੀਏ ਤਾਂ ਸਾਹਮਣੇ ਵਾਲਾ ਮਨ੍ਹਾਂ ਨਾ ਕਰੇ ਬਲਕਿ ਆਹਮੋ-ਸਾਹਮਣੇ ਬੈਠ ਕੇ ਹੌਲੀ ਜਿਹੀ ਮੁਸਕਰਾਉਂਦਿਆਂ ਹੋਇਆ ਦੂਜੇ ਅਜਿਹੇ ਮੰਦੇ ਬੋਲ ਬੋਲੇ ਕਿ ਉਹ ਗੁੱਸੇ 'ਚ ਉਠ ਕੇ ਚਲਾ ਜਾਏ ਤਾਂ ਦੂਜਾ ਦੇਸ ਹੈਰਾਨੀ ਨਾਲ ਪੁੱਛੇ ਕਿ ਕੀ ਹੋਇਆ?

ਕਿੱਥੇ ਜਾ ਰਹੇ ਹੋ ਜਨਾਬ? ਗੱਲਬਾਤ ਦਾ ਸ਼ੌਕ ਪੂਰਾ ਹੋ ਗਿਆ ਕੀ?

ਇਸ ਨਾਲ ਦੋ ਲਾਭ ਹੋਣਗੇ, ਗੱਲਬਾਤ ਅੱਗੇ ਨਹੀਂ ਵਧੇਗੀ ਅਤੇ ਦੁਨੀਆਂ ਦੇ ਸਾਹਮਣੇ ਇਹ ਵੀ ਕਿਹਾ ਜਾ ਸਕੇਗਾ ਕਿ ਮੈਂ ਤਾਂ ਗੱਲਬਤ ਕਰਨਾ ਚਾਹੁੰਦਾ ਸੀ ਪਰ ਇਹ ਨਹੀਂ ਕਰਨਾ ਚਾਹੁੰਦਾ।

ਇੱਕ-ਦੂਜੇ ਨੂੰ ਕੋਸਣਾ

ਪਹਿਲਾਂ ਮਿਲਣ 'ਤੇ ਰਾਜ਼ੀ ਹੋ ਜਾਣਾ ਅਤੇ ਫੇਰ ਕੋਈ ਪੁਰਾਣੀ ਗੱਲ ਅਚਾਨਕ ਯਾਦ ਆ ਜਾਣ 'ਤੇ ਮਿਲਣ ਤੋਂ ਇਨਕਾਰ ਕਰ ਦੇਣਾ ਅਤੇ ਫੇਰ ਹੱਥ ਮਾਰ-ਮਾਰ ਕੇ ਇੱਕ ਦੂਜੇ ਨੂੰ ਕੋਸਣਾ।

ਇਹ ਬੱਚੇ ਅਤੇ ਪਤੀਆਂ ਨੂੰ ਸਕੂਲ ਅਤੇ ਕੰਮ 'ਤੇ ਭੇਜ ਕੇ ਪਿਛਲੀ ਗਲੀ 'ਚ ਖੁੱਲ੍ਹਣ ਵਾਲੇ ਦਰਵਾਜ਼ੇ 'ਤੇ ਖੜੀਆਂ ਗੁਆਂਢਣਾਂ ਨੂੰ ਫੱਬਦਾ ਹੈ ਪਰ ਗੁਆਂਢੀ ਦੇਸਾਂ ਨੂੰ ਬਿਲਕੁਲ ਨਹੀਂ।

ਇਹ ਵੀ ਪੜ੍ਹੋ:

ਬੇਸ਼ੱਕ ਅੰਦਰੋਂ ਕੋਈ ਦੇਸ ਦੂਜੇ ਬਾਰੇ ਕਿੰਨਾ ਹੀ ਕਮੀਨਾ ਕਿਉਂ ਨਾ ਹੋਵੇ। ਅੱਜ ਦੇ ਜ਼ਮਾਨੇ 'ਚ ਵੈਸੇ ਵੀ ਮਾਰਕੀਟਿੰਗ ਹੀ ਸਭ ਕੁਝ ਹੈ।

ਚਾਕੂ ਵੀ ਚਲਾਉਣਾ ਹੈ ਤਾਂ ਇਦਾਂ ਮੁਸਕਰਾ ਕੇ ਸਫਾਈ ਨਾਲ ਮਾਰੋ ਕਿ ਦੇਖਣ ਵਾਲੇ ਨੂੰ ਪਤਾ ਹੀ ਨਾ ਲੱਗੇ ਕਿ ਕਦੋਂ ਮਾਰ ਦਿੱਤਾ।

ਕੁਝ ਸਮੇਂ ਤੱਕ ਜਦੋਂ ਭਾਰਤ ਅਤੇ ਪਾਕਿਸਤਾਨ ਇੱਕ-ਦੂਜੇ ਨੂੰ ਘੂਰਦੇ ਸਨ ਤਾਂ ਰੂਸੀ ਅਤੇ ਅਮਰੀਕੀ ਉਨ੍ਹਾਂ ਨੂੰ ਠੰਢਾ ਕਰਨ ਲਈ ਦਿੱਲੀ ਅਤੇ ਇਸਲਾਮਾਬਾਦ ਵੱਲ ਭੱਜਣ ਲਗਦੇ ਸਨ।

ਸ਼ਾਬਾਸ਼! ਇਦਾਂ ਹੀ ਲੱਗੇ ਰਹੋ

ਪਰ ਹੁਣ ਦੁਨੀਆਂ ਆਦੀ ਹੋ ਗਈ ਹੈ ਕਿ ਰੂਸ ਅਤੇ ਅਮਰੀਕਾ ਛੱਡੋ ਮੌਜ਼ੰਬੀਕ ਅਤੇ ਪਪੂਆ ਨਿਊ ਗਿਨੀ ਨੂੰ ਵੀ ਪਤਾ ਹੈ ਕਿ ਵੱਧ ਤੋਂ ਵੱਧ ਕੁਝ ਨਹੀਂ ਹੋਵੇਗਾ, ਇਹ ਇੱਦਾਂ ਹੀ ਇੱਕ-ਦੂਜੇ 'ਤੇ ਚੀਕਦੇ ਰਹਿਣਗੇ।

ਹੁਣ ਤੱਕ ਮੇਰੇ ਵਰਗਿਆਂ ਨੂੰ ਇਹ ਪਤਾ ਸੀ ਕਿ ਭਾਰਤ ਬਾਰੇ 'ਚ ਪਾਕਿਸਤਾਨ ਦੀ ਪਾਲਿਸੀ ਫੌਜ ਤੈਅ ਕਰਦੀ ਹੈ।

ਇਹ ਵੀ ਪੜ੍ਹੋ:

ਪਰ ਭਾਰਤ ਵੱਲੋਂ ਇਸ ਵਾਰ ਜਿਸ ਲਹਿਜ਼ੇ 'ਚ ਪਾਕਿਸਤਾਨ ਨੂੰ ਝਾੜਿਆ ਜਾ ਰਿਹਾ ਹੈ ਉਸ ਨਾਲ ਪਤਾ ਨਹੀਂ ਇੰਝ ਕਿਉਂ ਲਗਦਾ ਹੈ ਕਿ ਜਿਵੇਂ ਦਿੱਲੀ ਦੀ ਨਵੀਂ ਪਾਕਿਸਤਾਨ ਪਾਲਿਸੀ ਸੁਸ਼ਮਾ ਸਵਰਾਜ ਜਾਂ ਅਜੀਤ ਡੋਵਾਲ ਨੇ ਨਹੀਂ ਬਲਕਿ ਭਾਰਤ ਦੇ ਇੱਕ ਟੀਵੀ ਚੈਨਲ ਦੇ ਚਰਚਿਤ ਪੱਤਰਕਾਰ ਨੇ ਬਣਾਈ ਹੈ।

ਸ਼ਾਬਾਸ਼! ਇਦਾਂ ਹੀ ਲੱਗੇ ਰਹੋ ਤਾਂ ਜੋ ਦੁਨੀਆਂ ਦਾ ਮਨ ਲੱਗਿਆ ਰਹੇ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)