ਫੀਫਾ ਵਿਸ਼ਵ ਕੱਪ: ਜਰਮਨੀ ਵੀ ਮੌਜੂਦਾ ਚੈਂਪੀਅਨ ਦੇ ਹਾਰਨ ਦੀ ਰਵਾਇਤ ਨਹੀਂ ਤੋੜ ਸਕਿਆ

ਤਸਵੀਰ ਸਰੋਤ, Getty Images
ਪਿਛਲੀ ਵਾਰ ਦੀ ਚੈਂਪੀਅਨ ਜਰਮਨ ਟੀਮ ਵਿਸ਼ਵ ਕੱਪ 2018 ਤੋਂ ਬਾਹਰ ਹੋ ਗਈ ਹੈ।
ਬੁੱਧਵਾਰ ਨੂੰ ਖੇਡੇ ਗਏ ਗਰੁੱਪ ਸਟੇਜ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੇ ਜਰਮਨੀ ਨੂੰ 2-0 ਨਾਲ ਹਰਾ ਦਿੱਤਾ।
ਇਸ ਟੂਰਨਾਮੈਂਟ ਵਿੱਚ ਜਰਮਨੀ ਨੂੰ ਤਿੰਨ ਮੈਚਾਂ ਵਿਚੋਂ ਸਿਰਫ਼ ਇੱਕ 'ਚ ਹੀ ਜਿੱਤ ਹਾਸਿਲ ਹੋਈ। ਇਹ ਮੈਚ ਸਵੀਡਨ ਦੇ ਖ਼ਿਲਾਫ਼ ਖੇਡਿਆ ਗਿਆ ਸੀ ਅਤੇ ਉਸ ਵਿੱਚ ਵੀ ਜਰਮਨੀ 95ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਹੀ ਜਿੱਤਿਆ ਸੀ।
ਦੱਖਣੀ ਕੋਰੀਆ ਤੋਂ ਮਿਲੀ ਹਾਰ ਦੇ ਨਾਲ ਹੀ ਜਰਮਨੀ ਆਪਣੇ ਗਰੁੱਪ ਵਿੱਚ ਸਭ ਹੇਠਲੇ ਨੰਬਰ ਆ ਡਿੱਗੀ ਅਤੇ ਵਿਸ਼ਵ ਕੱਪ ਵਿੱਚ ਆਪਣੇ ਸਫ਼ਰ ਨੂੰ ਖ਼ਤਮ ਕਰ ਲਿਆ।

ਤਸਵੀਰ ਸਰੋਤ, Getty Images
ਇਸ ਦਾ ਮਤਲਬ ਹੈ ਕਿ ਵਿਸ਼ਵ ਕੱਪ ਦੇ 'ਸਰਾਪ' ਨੇ ਇੱਕ ਵਾਰ ਫੇਰ ਆਪਣਾ ਅਸਰ ਦਿਖਾ ਦਿੱਤਾ ਹੈ। ਅਜਿਹਾ ਸਿਲਸਿਲਾ ਜੋ ਡਿਫੈਂਡਿੰਗ ਚੈਂਪੀਅਨ ਨੂੰ ਦੁਬਾਰਾ ਵਿਸ਼ਵ ਕੱਪ ਨਹੀਂ ਜਿੱਤਣ ਦਿੰਦਾ।
ਖ਼ਾਸਕਰ ਇਹ 21ਵੀਂ ਸਦੀ ਵਿੱਚ ਹਮੇਸ਼ਾ ਹੋਇਆ ਹੈ ਕਿ ਪਿਛਲੀ ਜੇਤੂ ਟੀਮ ਸ਼ੁਰੂਆਤੀ ਦੌਰ 'ਚ ਹੀ ਵਿਸ਼ਵ ਕੱਪ ਤੋਂ ਬਾਹਰ ਹੋ ਜਾਂਦੀ ਹੈ।
ਕੀ ਹੈ ਇਤਿਹਾਸ?
2002 ਤੋਂ ਪਹਿਲਾਂ ਤਾਂ ਅਜਿਹਾ ਸਿਰਫ਼ ਦੋ ਵਾਰ ਹੋਇਆ ਸੀ ਕਿ ਪਿਛਲੀ ਵਾਰ ਦੀ ਜੇਤੂ ਰਹੀ ਟੀਮ ਨੂੰ ਅਗਲੇ ਵਿਸ਼ਵ ਕੱਪ ਦੇ ਸ਼ੁਰੂਆਤੀ ਦੌਰ 'ਚ ਹੀ ਬਾਹਰ ਹੋਣਾ ਪਿਆ ਹੋਵੇ।
1950 ਵਿੱਚ ਇਟਲੀ ਨੂੰ ਉਸ ਵੇਲੇ ਬਾਹਰ ਹੋਣਾ ਪਿਆ ਸੀ, ਜਦੋਂ ਭਾਰਤ ਨੇ ਅਚਾਨਕ ਟੂਰਨਾਮੈਂਟ ਛੱਡ ਦਿੱਤਾ ਸੀ।

ਤਸਵੀਰ ਸਰੋਤ, Reuters
ਇਸ ਤੋਂ ਬਾਅਦ 1966 ਵਿੱਚ ਬ੍ਰਾਜ਼ੀਲ ਨੂੰ ਬਾਹਰ ਹੋਣਾ ਪਿਆ ਸੀ, ਜਦਕਿ ਉਹ ਦੋ ਵਾਰ ਲਗਾਤਾਰ ਚੈਂਪੀਅਨ ਰਿਹਾ ਸੀ। ਆਪਣੇ ਗਰੁੱਪ ਵਿੱਚ ਉਹ ਪੁਰਤਗਾਲ ਅਤੇ ਹੰਗਰੀ ਤੋਂ ਪਿੱਛੇ ਰਹਿ ਗਿਆ ਸੀ।
ਇਸ ਤੋਂ ਬਾਅਦ 21ਵੀਂ ਸਦੀ ਦੀ ਗੱਲ ਕਰੀਏ ਤਾਂ 2002 ਵਿੱਚ ਦੱਖਣੀ ਕੋਰੀਆ ਅਤੇ ਜਪਾਨ ਵਿੱਚ ਹੋਏ ਵਿਸ਼ਵ ਕੱਪ ਦੇ ਓਪਨਿੰਗ ਮੈਚ ਵਿੱਚ ਸੈਨੇਗਲ ਨੇ ਪਿਛਲੀ ਵਾਰ ਦੀ ਜੇਤੂ ਟੀਮ ਫਰਾਂਸ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਚਾਰ ਸਾਲ ਪਹਿਲਾਂ ਫਾਈਨਲ 'ਚ ਬ੍ਰਾਜ਼ੀਲ ਨੂੰ 3-0 ਨਾਲ ਹਰਾਉਣ ਵਾਲਾ ਫਰਾਂਸ ਸੈਨੇਗਲ ਤੋਂ ਮਿਲੀ ਇਸ ਹਾਰ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਉਸ ਦੇ ਗਰੁੱਪ ਵਿੱਚ ਉਰੂਗਵੇ ਅਤੇ ਡੈਨਮਾਰਕ ਵੀ ਸਨ।
2010 ਵਿੱਚ ਇਤਿਹਾਸ ਨੇ ਖ਼ੁਦ ਨੂੰ ਦੁਹਰਾਇਆ ਅਤੇ ਉਸ ਦੀ ਮਾਰ ਇਟਲੀ ਨੂੰ ਸਹਿਣੀ ਪਈ।
2006 ਦੇ ਫਾਈਨਲ ਵਿੱਚ ਉਸ ਨੇ ਫਰਾਂਸ ਨੂੰ ਹਰਾ ਕੇ ਵਿਸ਼ਵ ਕੱਪ ਚੁੱਕਿਆ ਸੀ ਪਰ 2010 ਵਿੱਸ਼ਵ ਕੱਪ ਵਿੱਚ ਆਪਣੇ ਗਰੁੱਪ ਵਿੱਚ ਪਹਿਲਾਂ ਉਸ ਨੂੰ ਪਰਾਗਵੇ ਤੋਂ ਹਾਰ ਮਿਲੀ, ਫੇਰ ਨਿਊਜ਼ੀਲੈਂਡ ਅਤੇ ਆਖ਼ੀਰ ਵਿੱਚ ਸਲੋਵਾਕਿਆ ਕੋਲੋਂ।
ਇਸ ਤੋਂ ਚਾਰ ਸਾਲ ਬਾਅਦ ਸਪੇਨ ਦੀ ਵਾਰ ਆਈ। ਪਿਛਲੇ ਅੱਠ ਸਾਲਾਂ ਵਿੱਚ ਉਸ ਦਾ ਦਬਦਬਾ ਬਣਿਆ ਹੋਇਆ ਸੀ ਅਤੇ ਇਸ ਦੌਰਾਨ ਉਸ ਨੇ ਦੋ ਵਾਰ ਯੂਰੋ ਟਰਾਫੀ ਵੀ ਜਿੱਤੀ ਸੀ।
ਪਰ 2014 ਵਿੱਚ ਵਿਸ਼ਵ ਕੱਪ ਵਿੱਚ ਦੀ ਸ਼ੁਰੂਆਤ ਵਿੱਚ ਹੀ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਹਿਲਾਂ ਨੀਦਰਲੈਂਡ ਨੇ ਉਸ ਨੂੰ 5-1 ਤੋਂ ਹਰਾਇਆ ਅਤੇ ਫੇਰ ਚਿਲੀ ਨੇ 2-0 ਨਾਲ ਹਰਾ ਕੇ ਉਸ ਨੂੰ ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ।

ਤਸਵੀਰ ਸਰੋਤ, Getty Images
ਅਤੇ ਹੁਣ, ਇੱਕ ਵਾਰ ਫੇਰ ਅਜਿਹਾ ਹੋਇਆ ਹੈ, ਸਵੀਡਨ, ਮੈਕਸੀਕੋ ਅਤੇ ਦੱਖਣੀ ਕੋਰੀਆ ਵਾਲੇ ਗਰੁੱਪ ਵਿੱਚ ਸ਼ਾਮਿਲ ਪਿਛਲੀ ਵਾਰ ਦੇ ਚੈਂਪੀਅਨ ਜਰਮਨੀ ਨੂੰ ਪਹਿਲੇ ਹੀ ਮੈਚ ਵਿੱਚ ਮੈਕਸੀਕੋ ਨੇ 1-0 ਨਾਲ ਹਰਾ ਦਿੱਤਾ ਹੈ।
ਅਗਲੇ ਮੈਚ ਵਿੱਚ ਸਵੀਡਨ ਦੇ ਖ਼ਿਲਾਫ਼ ਉਸ ਨੇ ਆਖ਼ਰੀ ਪਲਾਂ ਵਿੱਚ ਜਦੋਂ ਜਿੱਤ ਹਾਸਿਲ ਕੀਤੀ ਤਾਂ ਲੱਗਾ ਕਿ ਸ਼ਾਇਦ ਇਹ ਟੀਮ ਲੈਅ ਵਿੱਚ ਵਾਪਸੀ ਕਰ ਰਹੀ ਹੈ ਪਰ ਦੱਖਣੀ ਕੋਰੀਆ ਦੇ ਨਾਲ ਮੈਚ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਅਜਿਹਾ ਉਦੋਂ ਹੋਇਆ, ਜਦੋਂ ਦੱਖਣੀ ਕੋਰੀਆ ਪਿਛਲੇ 8 ਵਿਸ਼ਵ ਕੱਪ ਮੈਚਾਂ ਵਿੱਚ ਜਿੱਤ ਦਾ ਮੂੰਹ ਨਹੀਂ ਦੇਖ ਸਕਿਆ ਸੀ ਅਤੇ ਇਸ ਵਾਰ ਉਨ੍ਹਾਂ ਦੇ ਕੋਚ ਨੇ ਹੀ ਆਪਣੀ ਟੀਮ ਦੇ ਜਿੱਤਣ ਦੀ ਸਿਰਫ਼ ਇੱਕ ਫੀਸਦ ਸੰਭਾਵਨਾ ਦੱਸੀ ਸੀ।
ਯਾਨਿ ਕਿ ਚੈਂਪੀਅਨ ਦਾ ਸਰਾਪ ਦੱਸਦਾ ਹੈ ਕਿ ਵਿਸ਼ਵ ਕੱਪ ਨੂੰ ਬਚਾਈ ਰੱਖਣਾ ਕਿੰਨਾ ਮੁਸ਼ਕਲ ਹੈ, ਹੁਣ ਤੱਕ ਸਿਰਫ਼ ਇਟਲੀ (1934-1938) ਅਤੇ ਬ੍ਰਾਜ਼ੀਲ (1958-1962) ਅਜਿਹਾ ਕਰ ਸਕੇ ਹਨ।












