You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਤੋਂ ਬਲਾਗ: ਇਮਰਾਨ ਖਾਨ, ਨਵਾਜ਼ ਸ਼ਰੀਫ਼ ਤੇ ਜ਼ਰਦਾਰੀ ਦੀ ‘ਗਰੀਬੀ’ ਦੀ ਕਹਾਣੀ
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਦੇ ਲਈ
ਪਾਕਿਸਤਾਨ ਵਿੱਚ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ, ਜਿੰਨੇ ਵੀ ਉਮੀਦਵਾਰ ਹਨ ਉਨ੍ਹਾਂ ਨੇ ਆਪਣਾ ਪੈਸਾ, ਕਾਰੋਬਾਰ ਅਤੇ ਜ਼ਮੀਨ ਦੀ ਕੀਮਤ ਚੋਣ ਕਮਿਸ਼ਨ ਨੂੰ ਕਸਮਾਂ ਖਾ ਕੇ ਸੱਚ-ਸੱਚ ਦੱਸ ਦਿੱਤੀ ਹੈ।
ਇਸ ਨਾਲ ਪਤਾ ਲਗਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਅਮੀਰ ਸਮਝਦੇ ਸੀ ਉਹ ਵਿਚਾਰੇ ਵੀ ਸਾਡੇ ਵਾਂਗ ਮਿਡਲ ਜਾਂ ਅਪਰ- ਮਿਡਲ ਕਲਾਸ ਵਾਲੇ ਨਿਕਲੇ ਅਤੇ ਜਿਨ੍ਹਾਂ ਨੂੰ ਅਸੀਂ ਗ਼ਰੀਬ ਸਮਝਦੇ ਸੀ ਉਨ੍ਹਾਂ ਕੋਲ ਐਨਾ ਪੈਸਾ ਹੈ ਕਿ ਪਾਕਿਸਤਾਨ ਚਾਹੇ ਤਾਂ ਆਈਐਮਐਫ਼ ਨੂੰ ਕਰਜ਼ਾ ਦੇਣਾ ਸ਼ੁਰੂ ਕਰ ਦੇਵੇ।
ਜਿਵੇਂ ਪੰਜਾਬ ਦੇ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਇੱਕ ਆਜ਼ਾਦ ਉਮੀਦਵਾਰ ਮੁਹੰਮਦ ਹੁਸੈਨ ਸ਼ੇਖ਼ ਨੇ ਨਾਮਜ਼ਦਗੀ ਪੱਤਰ ਵਿੱਚ ਲਿਖਿਆ ਹੈ ਕਿ ਉਹ 4 ਹਜ਼ਾਰ ਕਰੋੜ ਤੋਂ ਵੱਧ ਦੀ ਜ਼ਮੀਨ ਦੇ ਮਾਲਕ ਹਨ। ਇਸ ਹਿਸਾਬ ਨਾਲ ਉਹ ਚੋਣ ਲੜਨ ਵਾਲੇ ਸਭ ਤੋਂ ਅਮੀਰ ਉਮੀਦਵਾਰ ਹਨ।
ਜਦਕਿ ਮੰਨੇ-ਪ੍ਰਮੰਨੇ ਇਮਰਾਨ ਖ਼ਾਨ ਨੇ ਦੱਸਿਆ ਕਿ ਇਸਲਾਮਾਬਾਦ ਦੀ ਬਨੀ ਗਾਲਾ ਪਹਾੜੀ 'ਤੇ ਬਣਿਆ ਉਨ੍ਹਾਂ ਦਾ 300 ਕਨਾਲ ਦਾ ਘਰ 30 ਲੱਖ ਰੁਪਏ ਦਾ ਹੈ, ਕੋਈ ਨਿੱਜੀ ਗੱਡੀ ਨਹੀਂ ਹੈ, 14 ਘਰ ਪਿਓ-ਦਾਦੇ ਤੋਂ ਮਿਲੇ ਹਨ, ਹਵਾਈ ਜਹਾਜ਼ ਦੀ ਟਿਕਟ ਯਾਰ-ਦੋਸਤ ਖ਼ਰੀਦ ਦਿੰਦੇ ਹਨ। ਉਹ ਐਨੇ ਗ਼ਰੀਬ ਹਨ ਕਿ ਪਿਛਲੀ ਵਾਰ ਬੜੀ ਮੁਸ਼ਕਿਲ ਨਾਲ 1 ਲੱਖ 4 ਹਜ਼ਾਰ ਰੁਪਏ ਇਨਕਮ ਟੈਕਸ ਭਰ ਸਕੇ ਹਨ।
ਆਸਿਫ਼ ਜ਼ਰਦਾਰੀ ਬਾਰੇ ਪਤਾ ਨਹੀਂ ਕੀ-ਕੀ ਉਲਟੀਆਂ-ਸਿੱਧੀਆਂ ਗੱਲਾਂ ਫੈਲਾਈਆਂ ਜਾਂਦੀਆਂ ਰਹੀਆਂ ਕਿ ਉਹ ਸਿੰਧ ਦੀਆਂ ਅੱਧੀਆਂ ਸ਼ੂਗਰ ਮਿੱਲਾਂ ਦੇ ਮਾਲਕ ਹਨ, ਦੁਬਈ ਅਤੇ ਬ੍ਰਿਟੇਨ ਵਿੱਚ ਹਵੇਲੀਆਂ ਹਨ, ਹਜ਼ਾਰਾਂ ਏਕੜ ਜ਼ਮੀਨ ਹੈ, ਅਰਬਾਂ ਰੁਪਏ ਦੀ ਬੇਨਾਮ ਇਨਵੈਸਟਮੈਂਟ ਹੈ, ਪਰ ਅਜਿਹਾ ਕੁਝ ਨਹੀਂ ਹੈ।
ਕੁੱਲ ਮਿਲਾ ਕੇ ਉਨ੍ਹਾਂ ਵੱਲੋਂ ਐਲਾਨੀ ਗਈ ਜਾਇਦਾਦ ਦੀ ਕੀਮਤ ਬਣਦੀ ਹੈ ਸਿਰਫ਼ 75 ਕਰੋੜ ਰੁਪਏ ਯਾਨਿ ਭਾਰਤ ਦੇ ਹਿਸਾਬ ਨਾਲ 38 ਕਰੋੜ ਰੁਪਏ।
ਜ਼ਰਦਾਰੀ ਦੇ ਪੁੱਤਰ ਬਿਲਾਵਲ ਭੁੱਟੋ ਕਰਾਚੀ ਦੇ ਇਲਾਕੇ ਕਲਿਫੱਟਨ ਵਿੱਚ 4 ਹਜ਼ਾਰ ਗਜ਼ ਦੇ ਘਰ ਵਿੱਚ ਰਹਿੰਦੇ ਹਨ ਇਸ ਘਰ ਦੇ ਸਾਹਮਣੇ ਵਾਲੀ ਸੜਕ 'ਤੇ ਸਿਰਫ਼ ਉਨ੍ਹਾਂ ਦੀ ਹੀ ਗੱਡੀ ਚਲਦੀ ਹੈ ਪਰ ਇਸ ਘਰ ਦੀ ਕੀਮਤ 30 ਲੱਖ ਰੁਪਏ ਐਲਾਨੀ ਗਈ ਹੈ। ਜਦਕਿ ਅੱਗੇ-ਪਿੱਛੇ ਦੀਆਂ ਗਲੀਆਂ ਵਿੱਚ ਜਿੰਨੇ ਹੋਰ ਲੋਕਾਂ ਦੇ ਘਰ ਹਨ ਉਨ੍ਹਾਂ ਵਿੱਚੋਂ ਕੋਈ ਵੀ 30-40 ਕਰੋੜ ਤੋਂ ਘੱਟ ਨਹੀਂ ਹੈ।
ਮੇਰੇ ਸਮੇਤ ਹਜ਼ਾਰਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਬਿਲਾਵਲ ਦਾ 30 ਲੱਖ ਵਾਲਾ ਘਰ 60 ਲੱਖ ਤੋਂ 1 ਕਰੋੜ ਰੁਪਏ ਤੱਕ ਖਰੀਦਣ ਲਈ ਤਿਆਰ ਹਨ ਪਰ ਬਿਲਾਵਲ ਕਹਿੰਦੇ ਹਨ ਨਹੀਂ ਵੇਚਾਂਗਾ।
ਨਵਾਜ਼ ਸ਼ਰੀਫ਼ ਦੀ ਹਾਲਤ ਸਭ ਤੋਂ ਪਤਲੀ ਹੈ। ਲਾਹੌਰ ਜਾਂਦੇ ਹਨ ਤਾਂ ਬੇਚਾਰੇ ਅੰਮਾ ਦੇ ਮਕਾਨ ਵਿੱਚ ਮਰੀ ਜਾਂਦੇ ਹਨ ਤਾਂ ਘਰ ਪਤਨੀ ਦੇ ਮਕਾਨ ਵਿੱਚ, ਲੰਡਨ ਜਾਂਦੇ ਹਨ ਤਾਂ ਮੁੰਡੇ ਦੇ ਫਲੈਟ ਵਿੱਚ ਬਿਸਤਰਾ ਲਗਾ ਲੈਂਦੇ ਹਨ।
ਕਾਰੋਬਾਰ ਕੋਈ ਹੈ ਨਹੀਂ ਬੱਚੇ ਜੇਬ ਖਰਚਾ ਦਿੰਦੇ ਹਨ। ਜਦਕਿ ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ਼ ਅਤੇ ਮੁੰਡੇ ਹਮਜਾ ਦੀ ਕੁੱਲ ਮਿਲਾ ਕੇ ਡੇਢ ਤੋਂ ਦੋ ਅਰਬ ਰੁਪਏ ਦੀ ਜਾਇਦਾਦ ਹੈ।
ਇਹ ਸਾਰੇ ਲੀਡਰ ਜਿਹੜੇ ਦੇਸ ਦੀਆਂ ਸਭ ਤੋਂ ਵੱਡੀਆਂ ਤਿੰਨ ਸਿਆਸੀ ਪਾਰਟੀਆਂ ਦੇ ਦੇਵਤਾ ਹਨ। ਹਰ ਪੰਜ ਸਾਲ ਬਾਅਦ ਇੱਕ ਨਵਾਂ ਪਾਕਿਸਤਾਨ ਬਣਾਉਣਾ ਚਾਹੁੰਦੇ ਹਨ ਜਿਸ ਵਿੱਚ ਹਰ ਸ਼ਖ਼ਸ ਟੈਕਸ ਦੇਵੇ ਅਤੇ ਸੱਚ ਬੋਲੇ। ਤੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆ ਕੇ ਅਜਿਹੇ ਕਾਨੂੰਨ ਬਣਾਵੇ ਜਿਨ੍ਹਾਂ ਜ਼ਰੀਏ ਅਮੀਰ ਬੇਤਹਾਸ਼ਾ ਅਮੀਰ ਅਤੇ ਗ਼ਰੀਬ ਬੇਤਹਾਸ਼ਾ ਨਾ ਹੁੰਦਾ ਜਾਵੇ।
ਅਰਥਵਿਵਸਥਾ ਕੁਝ ਅਜਿਹੀ ਹੋ ਜਾਵੇ ਕਿ ਪਾਕਿਸਤਾਨ ਏਸ਼ੀਅਨ ਸ਼ੇਰ ਵਾਂਗ ਗਰਜੇ। ਰਹੀ ਜਨਤਾ ਤਾਂ ਉਹ ਹਰ ਚੋਣ ਮੁਹਿੰਮ ਵਿੱਚ ਪੁਰਾਣੇ ਸੁਪਨੇ ਨਵੀਂ ਪੈਕਿੰਗ ਵਿੱਚ ਖਰੀਦਣ ਲਈ ਵਾਰ-ਵਾਰ ਰੌਲਾ ਪਾਉਂਦੀ ਹੈ।ਹੁਣ ਜੇਕਰ ਜਨਤਾ ਇਹ ਵੀ ਨਾ ਕਰੇ ਤਾਂ ਫਿਰ ਇਨ੍ਹਾਂ ਮੂਰਖਾਂ ਨੂੰ ਜਨਤਾ ਕੌਣ ਕਹੇ!