ਇਮਰਾਨ ਖ਼ਾਨ ਨੇ ਹੁਣ ਕਿਸ ਨੂੰ ਵਿਆਹ ਲਈ ਕੀਤੀ ਪੇਸ਼ਕਸ਼?

ਪਾਕਿਸਤਾਨ ਵਿੱਚ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖ਼ਾਨ ਦੇ ਵਿਆਹ ਦੇ ਕਿਆਸ ਲਗਾਏ ਗਏ ਤਾਂ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਬੁਲਾਰੇ ਵੱਲੋਂ ਸਫ਼ਾਈ ਦਿੱਤੀ ਗਈ।

ਉਨ੍ਹਾਂ ਨੇ ਮੰਨਿਆ ਕਿ ਇਮਰਾਨ ਖ਼ਾਨ ਨੇ ਬੁਸ਼ਰਾ ਮਨੇਕਾ ਨਾਂ ਦੀ ਇੱਕ ਮਹਿਲਾ ਨੂੰ ਵਿਆਹ ਲਈ ਪ੍ਰਪੋਜ਼ਲ ਦਿੱਤਾ ਹੈ, ਜਿਸ 'ਤੇ ਉਨ੍ਹਾਂ ਦਾ ਜਵਾਬ ਨਹੀਂ ਆਇਆ ਹੈ।

ਐਤਵਾਰ ਸਵੇਰੇ ਪਾਰਟੀ ਨੇ ਇੱਕ ਲਿਖਤੀ ਬਿਆਨ ਜਾਰੀ ਕੀਤਾ।

ਪਾਰਟੀ ਨੇ ਕਿਹਾ, ''ਮਿਸਟਰ ਖ਼ਾਨ ਨੇ ਬੁਸ਼ਰਾ ਮਨੇਕਾ ਨੂੰ ਵਿਆਹ ਲਈ ਪ੍ਰਪੋਜ਼ਲ ਦਿੱਤਾ ਹੈ, ਪਰ ਇਸ 'ਤੇ ਜਵਾਬ ਦੇਣ ਲਈ ਉਨ੍ਹਾਂ ਸਮਾਂ ਮੰਗਿਆ ਹੈ। ਮਨੇਕਾ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਗੱਲਬਾਤ ਕਰਕੇ ਇਸ 'ਤੇ ਫ਼ੈਸਲਾ ਲੈਣਗੇ।''

ਇਸ ਬਿਆਨ ਵਿੱਚ ਬੁਸ਼ਰਾ ਮਨੇਕਾ ਦੇ ਬਾਰੇ ਸਿਰਫ਼ ਇੰਨਾ ਕਿਹਾ ਗਿਆ ਹੈ ਕਿ ਉਹ 'ਜਨਤਕ ਜ਼ਿੰਦਗੀ ਵਿੱਚ ਨਹੀਂ ਅਤੇ ਉਨ੍ਹਾਂ ਦਾ ਜੀਵਨ ਬਹੁਤ ਨਿੱਜੀ ਹੈ।'

ਮੀਡੀਆ ਤੋਂ ਅਪੀਲ

ਪਾਰਟੀ ਨੇ ਇਸ ਨੂੰ ਇਮਰਾਨ ਖ਼ਾਨ ਅਤੇ ਬੁਸ਼ਰਾ ਮਨੇਕਾ ਦਾ 'ਨਿੱਜੀ ਮਾਮਲਾ' ਦੱਸਦੇ ਹੋਏ ਜਨਤਕ ਤੌਰ 'ਤੇ ਇਸ 'ਤੇ ਜਾਰੀ ਚਰਚਾ ਨੂੰ ਲੈ ਕੇ ਦੁੱਖ ਜ਼ਾਹਿਰ ਕੀਤਾ ਹੈ।

ਬਿਆਨ ਦੇ ਮੁਤਾਬਕ, "ਬੇਹੱਦ ਨਿੱਜੀ ਅਤੇ ਸੰਵੇਦਨਸ਼ੀਲ ਮਸਲੇ ਨੂੰ ਭਰਮ ਪੈਦਾ ਕਰਨ ਵਾਲੀਆਂ ਅਟਕਲਾਂ ਵਿੱਚ ਤਬਦੀਲ ਕੀਤਾ ਜਾਣਾ ਬੇਹੱਦ ਦੁੱਖ ਦੀ ਗੱਲ ਹੈ। ਇਸਨੇ ਮਿਸ ਮਨੇਕਾ ਅਤੇ ਮਿਸਟਰ ਖ਼ਾਨ ਦੇ ਬੱਚਿਆਂ 'ਤੇ ਅਣਚਾਹਿਆ ਬੋਝ ਪਾ ਦਿੱਤਾ ਹੈ, ਜਿਨ੍ਹਾਂ ਨੂੰ ਇਸ ਬਾਰੇ ਮੀਡੀਆ ਤੋਂ ਹੀ ਪਤਾ ਲੱਗਾ ਹੈ।"

ਪਾਰਟੀ ਨੇ ਕਿਹਾ ਕਿ ਜੇਕਰ ਮਨੇਕਾ ਵਿਆਹ ਲਈ ਹਾਂ ਕਹਿੰਦੇ ਹਨ ਤਾਂ ਇਮਰਾਨ ਜਨਤਕ ਤੌਰ 'ਤੇ ਇਸ ਦੀ ਜਾਣਕਾਰੀ ਦੇਣਗੇ।

ਬਿਆਨ ਦੇ ਮੁਤਾਬਕ, "ਉਸ ਵੇਲੇ ਤੱਕ ਅਸੀਂ ਮੀਡੀਆ ਤੋਂ ਅਪੀਲ ਕਰਦੇ ਹਾਂ ਕਿ ਦੋਹਾਂ ਪਰਿਵਾਰਾਂ, ਖ਼ਾਸ ਤੌਰ 'ਤੇ ਬੱਚਿਆਂ ਦੀ ਨਿੱਜਤਾ ਦਾ ਸਨਮਾਨ ਕਰੋ।"

ਜੇਮਿਮਾ ਗੋਲਡਸਮਿੱਥ ਨਾਲ ਕੀਤਾ ਸੀ ਪਹਿਲਾ ਵਿਆਹ

ਪਿਛਲੇ ਹਫ਼ਤੇ ਇੱਕ ਅਖ਼ਬਾਰ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖ਼ਾਨ ਨੇ ਨਵੇਂ ਸਾਲ ਦੇ ਮੌਕੇ ਤੀਜਾ ਵਿਆਹ ਕਰ ਲਿਆ ਹੈ।

ਹਾਲਾਂਕਿ ਪੀਟੀਆਈ ਦੇ ਕੁਝ ਆਗੂਆਂ ਨੇ ਇਸਦਾ ਖੰਡਨ ਕਰਦੇ ਹੋਏ ਇਸ ਨੂੰ ਨਿੱਜੀ ਮਾਮਲਾ ਦੱਸਿਆ।

ਇਮਰਾਨ ਖ਼ਾਨ ਨੇ ਪਹਿਲਾ ਵਿਆਹ ਜੇਮਿਮਾ ਗੋਲਸਮਿੱਥ ਨਾਲ ਕਰਵਾਇਆ ਸੀ, ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੇਟੇ ਹਨ।

ਜੇਮਿਮਾ ਅਤੇ ਇਮਰਾਨ ਦਾ ਸਾਲ 2004 ਵਿੱਚ ਤਲਾਕ਼ ਹੋ ਗਿਆ।

ਜੇਮਿਮਾ ਬ੍ਰਿਟਿਸ਼ ਸਨਅਤਕਾਰ ਗੋਲਸਮਿੱਥ ਦੀ ਧੀ ਹਨ। ਤਲਾਕ਼ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਹੁਣ ਆਪਣਾ ਸਰਨੇਮ ਗੋਲਡਸਮਿੱਥ ਹੀ ਲਿਖਣਗੇ।

ਟੀਵੀ ਐਂਕਰ ਰੇਹਾਮ ਖ਼ਾਨ ਦੂਜੀ ਪਤਨੀ

ਇਸਤੋਂ ਬਾਅਦ 2014 ਵਿੱਚ ਇਮਰਾਨ ਖ਼ਾਨ ਨੇ ਟੀਵੀ ਐਂਕਰ ਰੇਹਾਮ ਖ਼ਾਨ ਨਾਲ ਦੂਜਾ ਵਿਆਹ ਕੀਤਾ।

ਰੇਹਾਮ ਖ਼ਾਨ ਦੇ ਮਾਪੇ ਪਾਕਿਸਤਾਨੀ ਹਨ ਅਤੇ ਉਨ੍ਹਾਂ ਦਾ ਜਨਮ ਲੀਬੀਆ ਵਿੱਚ ਹੋਇਆ ਸੀ।

ਉਨ੍ਹਾਂ ਦੀ ਜ਼ਿਆਦਾਤਰ ਪੜ੍ਹਾਈ ਬ੍ਰਿਟੇਨ ਵਿੱਚ ਹੋਈ। ਰੇਹਾਮ ਪੇਸ਼ੇ ਵੱਜੋਂ ਪੱਤਰਕਾਰ ਹਨ। ਉਨ੍ਹਾਂ ਦੀ ਵੈੱਬਸਾਈਟ ਮੁਤਾਬਕ ਉਨ੍ਹਾਂ ਦਾ ਕਰਿਅਰ ਸਾਲ 2006 ਵਿੱਚ ਸ਼ੁਰੂ ਹੋਇਆ।

ਸਾਲ 2008 ਵਿੱਚ ਉਹ ਬੀਬੀਸੀ ਨਾਲ ਜੁੜੀ। ਉਹ ਬੀਬੀਸੀ ਵਿੱਚ ਮੌਸਮ ਪ੍ਰੋਗਰਾਮ ਪੇਸ਼ ਕਰਦੇ ਸਨ। ਬਾਅਦ ਵਿੱਚ ਰੇਹਾਮ ਡੌਨ ਨਿਊਜ਼ ਨਾਲ ਜੁੜ ਗਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)