You’re viewing a text-only version of this website that uses less data. View the main version of the website including all images and videos.
ਬੀਬੀਸੀ ਵਿਸ਼ੇਸ਼ : ਕੀ ਖ਼ੁਦ ਨੂੰ ਪਾਕਿਸਤਾਨ ਲਈ ਬੋਝ ਮੰਨਦੇ ਹਨ ਹਾਫ਼ਿਜ਼ ਸਈਦ
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਨੇ ਸਿਆਸਤ ਵਿੱਚ ਸ਼ਾਮਲ ਹੋਣ ਦੀ ਆਪਣੀ ਯੋਜਨਾ ਬਾਰੇ ਗੱਲਬਾਤ ਕੀਤੀ ਹੈ।
ਕੱਟੜਪੰਥੀ ਜਥੇਬੰਦੀ ਲਸ਼ਕਰ-ਏ-ਤਾਇਬਾ ਦੇ ਸੰਸਥਾਪਕ ਹਾਫ਼ਿਜ਼ ਸਈਦ ਨੂੰ ਭਾਰਤ ਦੇ ਮੁੰਬਈ ਹਮਲਿਆਂ ਦਾ ਮਾਸਟਮਾਈਂਡ ਮੰਨਿਆ ਜਾਂਦਾ ਹੈ।
ਬੀਬਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਪਾਕਿਸਤਾਨ ਵਿੱਚ ਆਪਣੇ ਅਕਸ, ਇਲਜ਼ਾਮਾਂ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਆਪਣੀ ਰਾਏ ਜ਼ਾਹਿਰ ਕੀਤੀ।
ਹਾਫ਼ਿਜ਼ ਸਈਦ ਨੇ ਹਾਲ ਵਿੱਚ ਹੀ ਸਿਆਸਤ ਵਿੱਚ ਆਉਣ ਦਾ ਵੀ ਐਲਾਨ ਕੀਤਾ ਸੀ। ਉਨ੍ਹਾਂ ਨੇ 'ਮਿਲੀ ਮੁਸਲਿਮ ਲੀਗ' ਨਾਮ ਨਾਲ ਪਾਰਟੀ ਬਣਾਈ।
ਹਾਲਾਂਕਿ ਪਾਕਿਸਤਾਨੀ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਲੜਨ 'ਤੇ ਰੋਕ ਲਾ ਦਿੱਤੀ ਸੀ।
ਸਿਆਸਤ ਵਿੱਚ ਆਉਣ ਦੀ ਵਜ੍ਹਾ ਪੁੱਛਣ 'ਤੇ ਉਹ ਕਹਿੰਦੇ ਹਨ, "ਮੈਂ ਸਮਝਦਾ ਹੈ ਕਿ ਇਸ ਵਕਤ ਪਾਕਿਸਤਾਨ ਨੂੰ ਇੱਕਜੁਟ ਕਰਨ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਇਸੇ ਆਧਾਰ 'ਤੇ ਅਸੀਂ ਸਿਆਸਤ ਵਿੱਚ ਆ ਰਹੇ ਹਾਂ।''
ਕੀ ਉਨ੍ਹਾਂ ਵਰਗਾ ਵਿਵਾਦਤ ਵਿਅਕਤੀ ਪਾਕਿਸਤਾਨ ਨੂੰ ਇੱਕਜੁਟ ਕਰ ਸਕਦਾ ਹੈ?
ਇਸ ਸਵਾਲ 'ਤੇ ਉਨ੍ਹਾਂ ਕਿਹਾ, "ਲੋਕ ਮੈਨੂੰ ਸਮਝਦੇ ਹਨ ਅਤੇ ਪਛਾਣਦੇ ਹਨ ਕਿ ਮੈਂ ਕੌਣ ਹਾਂ।''
ਕੀ ਉਹ ਮਿਲੀ ਮੁਸਲਿਮ ਲੀਗ ਦੇ ਪਲੈਟਫਾਰਮ ਤੋਂ ਹੀ ਸਿਆਸਤ ਵਿੱਚ ਆਉਣਗੇ, ਇਸ ਬਾਰੇ ਉਨ੍ਹਾਂ ਕਿਹਾ "ਇੰਸ਼ਾਅੱਲਾਹ ਜ਼ਰੂਰ ਆਉਣਗੇ ਜੀ''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ
ਭਾਰਤ ਲੰਬੇ ਵਕਤ ਤੋਂ ਪਾਕਿਸਤਾਨ 'ਤੇ ਦਬਾਅ ਬਣਾ ਹੈ ਕਿ ਉਹ ਹਾਫ਼ਿਜ਼ ਸਈਦ 'ਤੇ ਕਾਰਵਾਈ ਕਰੇ।
ਉੱਥੇ ਹੀ ਹਾਫ਼ਿਜ਼ ਸਈਦ 'ਤੇ ਵੀ ਪਾਕਿਸਤਾਨ ਵਿੱਚ ਭਾਰਤ ਵਿਰੋਧੀ ਭਾਸ਼ਣਾਂ ਦੇ ਇਲਜ਼ਾਮ ਲੱਗਦੇ ਰਹੇ ਹਨ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਵਿੱਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਖ਼ਾਸੀ ਤਲਖ ਭਾਸ਼ਾ ਵਿੱਚ ਇਲਜ਼ਾਮ ਲਾਏ।
ਉਨ੍ਹਾਂ ਕਿਹਾ, "ਮੈਂ ਸਿਰਫ਼ ਤੱਥਾਂ 'ਤੇ ਆਧਾਰਿਤ ਗੱਲ ਕਰਦਾ ਹਾਂ। ਖਿਆਲੀ ਗੱਲਾਂ ਨਹੀਂ ਕਰਦਾ ਹਾਂ। ਨਰਿੰਦਰ ਮੋਦੀ ਢਾਕਾ ਗਏ ਅਤੇ ਉੱਥੇ ਖੜ੍ਹੇ ਹੋ ਕੇ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਦੋ ਟੁਕੜੇ ਕਰਨ ਵਿੱਚ ਮੇਰਾ ਕਿਰਦਾਰ ਹੈ, ਮੈਂ ਖੂਨ ਵਹਾਇਆ ਸੀ।''
ਉਨ੍ਹਾਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਦੁਨੀਆਂ ਮੈਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰੇ ਤੇ ਮੋਦੀ ਨੂੰ ਵੀ ਖੜ੍ਹਾ ਕਰੇ ਅਤੇ ਫੈਸਲਾ ਕਰੇ ਕਿ ਦਹਿਸ਼ਤਗਰਦ ਕੌਣ ਹੈ।
ਹਾਫ਼ਿਜ਼ ਸਈਦ ਦੇ ਇਲਜ਼ਾਮਾਂ 'ਤੇ ਪ੍ਰਤੀਕਿਰਿਆ ਲੈਣ ਦੇ ਲਈ ਅਸੀਂ ਭਾਰਤੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ ਪਰ ਫਿਲਹਾਲ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ ਹੈ।
ਜਥੇਬੰਦੀ 'ਤੇ ਪਾਬੰਦੀ
ਲਸ਼ਕਰ-ਏ-ਤਾਇਬਾ ਤੋਂ ਬਾਅਦ ਹਾਲ ਵਿੱਚ ਹੀ ਪਾਕਿਸਤਾਨ ਨੇ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਅਵਾ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਤਾਂ ਕੀ ਪਾਕਿਸਤਾਨ ਨੇ ਉਨ੍ਹਾਂ ਦੇ ਇੱਕ ਕਰੋੜ ਦਾ ਇਨਾਮੀ ਅਤਿਵਾਦੀ ਹੋਣ ਦੀ ਕੌਮਾਂਤਰੀ ਮਾਨਤਾ ਨੂੰ ਸਵੀਕਾਰ ਕਰ ਲਿਆ ਹੈ?
ਇਸ ਸਵਾਲ 'ਤੇ ਹਾਫਿਜ਼ ਸਈਦ ਨੇ ਕਿਹਾ, "ਅਮਰੀਕਾ ਭਾਰਤ ਦਾ ਹਮਾਇਤੀ ਹੋ ਗਿਆ ਹੈ । ਉਨ੍ਹਾਂ ਨੇ ਸਾਡੇ 'ਤੇ (ਜਮਾਤ-ਉਦ-ਦਾਅਵਾ) ਵੀ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪਾਕਿਸਤਾਨੀ ਸਰਕਾਰ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ।''
"ਇਹ ਇੱਕ ਤੱਥ ਹੈ ਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਪਾਕਿਸਤਾਨ ਇੱਕ ਕਮਜ਼ੋਰ ਦੇਸ ਹੈ।''
ਉਨ੍ਹਾਂ ਅੱਗੇ ਕਿਹਾ, "ਸਾਡੇ ਦੇਸ ਵਿੱਚ ਆਰਥਿਕ ਪਰੇਸ਼ਾਨੀਆਂ ਹਨ ਅਤੇ ਇਸੇ ਵਜ੍ਹਾ ਕਰਕੇ ਹੋਣ ਵਾਲੀਆਂ ਪਰੇਸ਼ਾਨੀਆਂ ਕਾਰਨ ਪਾਕਿਸਤਾਨ ਇਸ ਵਕਤ ਸਾਡੇ 'ਤੇ ਪਾਬੰਦੀਆਂ ਲਾ ਰਿਹਾ ਹੈ।
ਇਲਜ਼ਾਮ ਅਤੇ ਅਦਾਲਤ
ਹਾਫ਼ਿਜ਼ ਸਈਦ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਅਦਾਲਤ ਵਿੱਚ ਗਏ ਹਨ, ਅਦਾਲਤ ਨੇ ਉਨ੍ਹਾਂ ਦੇ ਤਰਕ ਸਵੀਕਾਰ ਕੀਤੇ ਹਨ ਅਤੇ ਕਿਹਾ ਹੈ ਕਿ ਉਨ੍ਹਾਂ 'ਤੇ ਕੋਈ ਵੀ ਇਲਜ਼ਾਮ ਸਾਬਿਤ ਨਹੀਂ ਹੋ ਰਿਹਾ ਹੈ।
ਬੀਬੀਸੀ ਪੱਤਰਕਾਰ ਨੇ ਉਨ੍ਹਾਂ ਨੂੰ ਪੰਜਾਬ (ਪਾਕਿਸਤਾਨ) ਦੇ ਕਾਨੂੰਨ ਮੰਤਰੀ ਦਾ ਇੱਕ ਬਿਆਨ ਚੇਤੇ ਕਰਵਾਇਆ।
ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਦਾ ਇਸਤੇਮਾਲ ਦੇਸ ਐਸੇਟ 'ਤੇ ਤੌਰ ਤੇ ਕਰਦਾ ਹੈ ਉਨ੍ਹਾਂ 'ਤੇ ਅਦਾਲਤਾਂ ਵਿੱਚ ਇਲਜ਼ਾਮ ਸਾਬਿਤ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਇਸ 'ਤੇ ਹਾਫ਼ਿਜ਼ ਸਈਦ ਨੇ ਕਿਹਾ ਕਿ ਅਜਿਹੇ ਫੈਸਲੇ ਲੈਣ ਦਾ ਹੱਕ ਸਿਰਫ਼ ਅਦਾਲਤ ਦੇ ਕੋਲ ਹੈ ਅਤੇ ਸਿਆਸੀ ਨੇਤਾ ਇਹ ਫੈਸਲਾ ਨਹੀਂ ਲੈ ਸਕਦੇ ਹਨ।
ਉਨ੍ਹਾਂ ਨੇ ਕਿਹਾ, "ਸਾਡੇ ਹੱਕ ਵਿੱਚ ਲਗਾਤਾਰ ਫੈਸਲੇ ਆ ਰਹੇ ਹਨ। ਜੇ ਦੇਸ ਦੇ ਕਨੂੰਨ ਮੰਤਰੀ ਜਾਂ ਰੱਖਿਆ ਮੰਤਰੀ ਕੋਈ ਗੱਲ ਕਹਿੰਦੇ ਹਨ ਤਾਂ ਇਨ੍ਹਾਂ ਦੀ ਗੱਲਾਂ ਵਿੱਚ ਕਿੰਨੀ ਸੱਚਾਈ ਹੈ? ਇਹ ਲੋਕ(ਨੇਤਾ) ਸਿਆਸਤ ਵਿੱਚ ਵੀ ਇੱਕ ਦੂਜੇ ਨਾਲ ਲੜਨ ਦੇ ਆਦੀ ਹਨ।''
ਹਾਫ਼ਿਜ਼ ਤੋਂ ਪੁੱਛਿਆ ਗਿਆ ਕਿ ਪਾਕਿਸਤਾਨ ਦੇ ਜ਼ਿੰਮੇਵਾਰ ਲੋਕ ਵੀ ਉਨ੍ਹਾਂ ਦੇ ਹੱਕ ਵਿੱਚ ਆਏ ਅਦਾਲਤੀ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ ਤਾਂ ਤੁਹਾਡੇ ਤਰਕਾਂ ਤੋਂ ਦੁਨੀਆਂ ਕਿਵੇਂ ਸੰਤੁਸ਼ਟ ਹੋ ਸਕੇਗੀ।
ਇਸ 'ਤੇ ਹਾਫ਼ਿਜ਼ ਸਈਦ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਰੱਖਿਆ ਮੰਤਰੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਖਿਲਾਫ਼ ਸਖ਼ਤ ਬਿਆਨ ਦਿੱਤਾ ਅਤੇ ਉਹੀ ਹੁਣ ਉਨ੍ਹਾਂ ਨੂੰ ਸਫ਼ਾਈ ਵੀ ਪੇਸ਼ ਕਰ ਰਹੇ ਹਨ।
'ਪਾਕਿਸਤਾਨ ਦਬਾਅ 'ਚ ਹੈ'
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ, "ਕੀ ਰੱਖਿਆ ਮੰਤਰੀ ਤੁਹਾਡੇ ਤੋਂ ਡਰਦੇ ਹਨ? ਤਾਂ ਉਨ੍ਹਾਂ ਨੇ ਕਿਹਾ, "ਅਦਹਮਦੁਲਿਲਾਹ, ਮੈਂ ਜਾਂ ਮੇਰੀ ਪਾਰਟੀ ਨੇ ਕਦੇ ਵੀ ਕੋਈ ਅਜਿਹੀ ਚੀਜ਼ ਪੇਸ਼ ਨਹੀਂ ਕੀਤੀ ਹੈ ਕਿ ਜਿਸ ਕਰਕੇ ਕੋਈ ਸਾਡੇ ਤੋਂ ਡਰੇ।''
"ਸਮੱਸਿਆ ਇਹ ਹੈ ਕਿ ਪਾਕਿਸਤਾਨ ਇੱਕ ਕਮਜ਼ੋਰ ਦੇਸ ਹੈ। ਪਾਕਿਸਤਾਨ ਦੇ ਸਾਹਮਣੇ ਆਰਥਿਕ ਪਰੇਸ਼ਾਨੀਆਂ ਹਨ ਅਤੇ ਸਰਕਾਰ ਨੂੰ ਹਮੇਸ਼ਾ (ਦੂਜੇ ਦੇਸਾਂ ਤੋਂ) ਆਰਥਿਕ ਮਦਦ ਦੀ ਲੋੜ ਪੈਂਦੀ ਹੈ।''
ਬੀਤੇ ਕੁਝ ਸਾਲਾਂ ਵਿੱਚ ਹਾਫ਼ਿਜ਼ ਸਈਦ ਦੀ ਵਜ੍ਹਾ ਕਰਕੇ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ 'ਤੇ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ।
ਕੀ ਪਾਕਿਸਤਾਨੀ ਪ੍ਰਸ਼ਾਸਨ ਆਖਰਕਾਰ ਉਨ੍ਹਾਂ ਨੂੰ ਬੋਝ ਮੰਨਣ ਲੱਗਾ ਹੈ, ਇਸ 'ਤੇ ਉਨ੍ਹਾਂ ਨੇ ਕਿਹਾ, "ਖ਼ਵਾਜਾ ਆਸਿਫ਼ ਨੇ ਅਮਰੀਕਾ ਵਿੱਚ ਦਿੱਤੇ ਇੱਕ ਬਿਆਨ ਵਿੱਚ ਮੈਨੂੰ ਬੋਝ ਕਿਹਾ ਸੀ।''
"ਮੈਂ ਇਸ 'ਤੇ ਉਨ੍ਹਾਂ ਨੂੰ ਕਨੂੰਨੀ ਨੋਟਿਸ ਭੇਜ ਦਿੱਤਾ ਸੀ। ਉਸ ਨੋਟਿਸ 'ਤੇ ਉਨ੍ਹਾਂ ਨੇ ਮੈਨੂੰ ਜਵਾਬ ਦਿੱਤਾ ਅਤੇ ਮੁਆਫ਼ੀ ਮੰਗੀ, ਕਿ ਉਨ੍ਹਾਂ ਦਾ ਬਿਆਨ ਸਹੀ ਨਹੀਂ ਸੀ।''
ਹਾਲਾਂਕਿ ਸਈਦ ਇਸ ਨੂੰ ਪਾਕਿਸਤਾਨੀ ਪ੍ਰਸ਼ਾਸਨ ਦਾ ਦੋਗਲਾ ਰਵੱਈਆ ਮੰਨਣ ਤੋਂ ਇਨਕਾਰ ਕਰਦੇ ਹਨ।
ਉਹ ਕਹਿੰਦੇ ਹਨ, "ਅਸਲ ਵਿੱਚ ਪਾਕਿਸਤਾਨ ਦਬਾਅ ਦਾ ਸ਼ਿਕਾਰ ਹੈ, ਉਨ੍ਹਾਂ ਦੇ ਕੋਲ ਕੋਈ ਨੀਤੀ ਨਹੀਂ ਹੈ। ਇਸ ਗੱਲ ਦੀ ਕੀ ਦਲੀਲ ਹੈ ਕਿ ਮੈਂ 'ਫੌਜੀ ਇਸਟੈਬਲਿਸ਼ਮੈਂਟ' ਦੀ ਪੈਦਾਇਸ਼ ਹਾਂ?''
ਉਨ੍ਹਾਂ ਦੀ ਵਜ੍ਹਾ ਕਰਕੇ ਪਾਕਿਸਤਾਨ ਨੂੰ ਹੋਣ ਵਾਲੀਆਂ ਮੁਸ਼ਕਿਲਾਂ ਦੇ ਸਵਾਲ 'ਤੇ ਹਾਫ਼ਿਜ਼ ਕਹਿੰਦੇ ਹਨ, "ਮੇਰੀ ਰਾਏ ਵਿੱਚ ਹੁਣ ਹਾਲਾਤ ਬਦਲ ਰਹੇ ਹਨ। ਪਾਕਿਸਤਾਨ ਹੁਣ ਆਪਣੇ ਪੈਰਾਂ ਤੇ ਖੜ੍ਹਾ ਹੋ ਰਿਹਾ ਹੈ।''
ਹਾਫਿਜ਼ ਸਈਦ ਨੇ ਕਿਹਾ, "ਸਾਡੇ ਖਿਲਾਫ਼ ਜੋ ਵੀ ਕਾਰਵਾਈ ਕੀਤੀ ਜਾਂਦੀ ਹੈ, ਭਾਵੇਂ ਉਹ ਇਹ ਕਰੈਕਡਾਊਨ ਹੋਏ ਜਾਂ ਕੁਝ ਹੋਰ ਅਸੀਂ ਉਸਦੇ ਖਿਲਾਫ਼ ਅਦਾਲਤ ਵਿੱਚ ਜਾਵਾਂਗੇ।''