ਇਰਾਨ ਮੁੱਦੇ ’ਤੇ ਰੂਸ ਅਤੇ ਅਮਰੀਕਾ ਆਹਮੋ-ਸਾਹਮਣੇ

ਇਰਾਨ ਵਿੱਚ ਹੋਏ ਪ੍ਰਦਰਸ਼ਨਾਂ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਐਮਰਜੈਂਸੀ ਬੈਠਕ ਸੱਦੇ ਜਾਣ 'ਤੇ ਰੂਸ ਨੇ ਅਮਰੀਕਾ ਦੀ ਕਰੜੀ ਆਲੋਚਨਾ ਕੀਤੀ ਹੈ।

ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਦੂਤ ਵਾਸਿਲੀ ਨੇਬੈਨਜ਼ਿਆ ਨੇ ਕਿਹਾ ਹੈ ਕਿ ਇਰਾਨ ਨੂੰ ਆਪਣੀਆਂ ਸਮੱਸਿਆਵਾਂ ਖੁਦ ਸੁਲਝਾਉਣ ਦਿੱਤੀਆਂ ਜਾਣ ਅਤੇ ਕਿਸੇ ਦੇਸ ਦੇ ਅੰਦੂਰਣੀ ਮਾਮਲੇ ਵਿੱਚ ਦਖਣ ਦੇਣਾ ਗਲਤ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਦਖਲ ਸੰਯੁਕਤ ਰਾਸ਼ਟਰ ਵਰਗੀ ਵੱਡੀ ਸੰਸਥਾ ਦੇ ਕਦ ਨੂੰ ਛੋਟਾ ਕਰਦਾ ਹੈ।

ਨੇਬੈਨਜ਼ਿਆ ਨੇ ਅੱਗੇ ਕਿਹਾ, ਜੇ ਅਮਰੀਕਾ ਦੇ ਤਰਕ ਨੂੰ ਮੰਨਿਆ ਜਾਏ ਤਾਂ ਸੁਰੱਖਿਆ ਕੌਂਸਲ ਦੀ ਮੀਟਿੰਗ ਅਗਸਤ 2014 ਵਿੱਚ ਅਮਰੀਕਾ ਦੇ ਫਰਗਸਨ ਮਿਜ਼ੂਰੀ ਵਿੱਚ ਹੋਏ ਪ੍ਰਦਰਸ਼ਨਾਂ ਲਈ ਵੀ ਹੋਣੀ ਚਾਹੀਦੀ ਸੀ।

ਫਰਗਸਨ ਮਿਜ਼ੂਰੀ ਵਿੱਚ ਇੱਕ ਗੋਰੇ ਪੁਲਿਸ ਅਫਸਰ ਵੱਲੋਂ ਨਾਬਾਲਿਗ ਦੇ ਕਤਲ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋਏ ਸੀ।

ਇਸ ਦੇ ਕੁਝ ਮਿੰਟ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਦੂਤ ਨਿਕੀ ਹੇਲੀ ਨੇ ਇਰਾਨ ਦੇ ਮੁਜ਼ਾਹਰਾਕਾਰੀਆਂ ਨੂੰ 'ਬਹਾਦੁਰ ਲੋਕ' ਦੱਸਦੇ ਹੋਏ ਉਨ੍ਹਾਂ ਦੀ ਤਾਰੀਫ਼ ਕੀਤੀ ਸੀ।

ਹੇਲੀ ਨੇ ਕਿਹਾ ਕਿ ਇਰਾਨ ਵਿੱਚ ਜੋ ਹੋ ਰਿਹਾ ਹੈ ਉਸ ਨੂੰ ਦੁਨੀਆਂ ਦੇਖ ਰਹੀ ਹੈ।

ਇਰਾਨ ਨੇ ਵੀ ਦਿੱਤੀ ਕਰੜੀ ਪ੍ਰਤੀਕਿਰਿਆ

ਇਰਾਨ ਦੇ ਦੂਤ ਘੋਲਾਮਲੀ ਖੁਸ਼ਰੂ ਨੇ ਪ੍ਰਤੀਕਿਰਿਆ ਦਿੰਦੇ ਹੋਇਆਂ ਕਿਹਾ ਕਿ ਅਮਰੀਕਾ ਸੁਰੱਖਿਆ ਪਰਿਸ਼ਦ ਦੇ ਪੱਕੇ ਮੈਂਬਰ ਦੇ ਰੂਪ ਵਿੱਚ ਮਿਲੀ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਦੁਨੀਆਂ ਦੀਆਂ ਨਜ਼ਰਾਂ ਵਿੱਚ ਆਪਣੀ ਨੈਤਿਕ, ਸਿਆਸੀ ਤੇ ਕਨੂੰਨੀ ਭਰੋਸੇਯੋਗਤਾ ਖੋਹ ਦਿੱਤੀ ਹੈ।

ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ਼ ਨੇ ਟਵਿਟ ਕੀਤਾ ਕਿ ਸੰਯੁਕਤ ਰਾਸ਼ਟਰ ਨੇ ਅਮਰੀਕਾ ਦੀ ਸੁਰੱਖਿਆ ਪਰਿਸ਼ਦ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਫਰਾਂਸ ਵੀ ਦਖਲ ਦੇ ਪੱਖ 'ਚ ਨਹੀਂ

ਸੁਰੱਖਿਆ ਪਰਿਸ਼ਦ ਦੀ ਮੀਟਿੰਗ ਵਿੱਚ ਫਰਾਂਸ ਨੇ ਕਿਹਾ ਕਿ ਇਰਾਨ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਦਖਲ ਦੇ ਨਤੀਜੇ ਨਕਾਰਾਤਮਕ ਹੋਣਗੇ।

ਫਰਾਂਸ ਨੇ ਇਹ ਵੀ ਕਿਹਾ ਕਿ ਇਰਾਨ ਵਿੱਚ ਹੋਏ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਤਾਂ ਹਨ ਪਰ ਉਨ੍ਹਾਂ ਨਾਲ ਕੌਮਾਂਤਰੀ ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ ਹੈ।

ਫਰਾਂਸ ਦੇ ਦੂਤ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਇਰਾਨ ਦੇ ਨਾਲ ਹੋਏ ਪਰਮਾਣੂ ਸਮਝੌਤੇ ਨੂੰ ਪੂਰੇ ਤਰੀਕੇ ਨਾਲ ਲਾਗੂ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ।

ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਨਾਲ ਹੋਏ ਪਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)