ਉੱਤਰੀ ਕੋਰੀਆ ਦੇ ਨੇਤਾ ਕਿਮ ਟਰੰਪ ਨਾਲ ਬੈਠਕ ਲਈ ਸਹਿਮਤ ਕਿਉਂ ਹੋਏ, ਹੁਣ ਅੱਗੇ ਕੀ ਹੋਵੇਗਾ?

ਵੀਡੀਓ ਕੈਪਸ਼ਨ, ਟਰੰਪ ਤੇ ਕਿਮ ਇੱਕ ਦੂਸਰੇ ਲਈ ਕਾਫ਼ੀ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਅਤੇ ਉੱਤਰੀ-ਕੋਰੀਆ ਦੇ ਤਾਨਾਸ਼ਾਹ ਵਿਚਕਾਰ ਸੰਭਾਵੀ ਮੁਲਾਕਾਤ ਦੀਆਂ ਕਿਆਸਅਰਾਈਆਂ ਦਰਮਿਆਨ ਦੱਖਣੀ-ਕੋਰੀਆ ਨੇ ਕਿਹਾ ਹੈ ਕਿ ਉਸ ਨੂੰ ਇਸ ਬਾਰੇ ਪਿਓਂਗਯਾਂਗ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਹਾਸਲ ਹੋਈ ਹੈ।

ਪਿਛਲੇ ਦਿਨੀਂ ਕ੍ਰਿਸ਼ਮਈ ਢੰਗ ਨਾਲ ਡੌਨਲਡ ਟਰੰਪ ਨੇ ਉੱਤਰੀ-ਕੋਰੀਆ ਦਾ ਸਿੱਧੀ ਗੱਲਬਾਤ ਦਾ ਸੱਦਾ ਪ੍ਰਵਾਨ ਕਰ ਲਿਆ ਸੀ।

ਸੰਭਾਵੀ ਬੈਠਕ ਦੇ ਏਜੰਡੇ ਅਤੇ ਸਥਾਨ ਬਾਰੇ ਹਾਲੇ ਧੁੰਦ ਬਰਕਰਾਰ ਹੈ।

ਵਿਸ਼ਲੇਸ਼ਕ ਇਸ ਬੈਠਕ ਦੇ ਨਤੀਜਿਆਂ ਬਾਰੇ ਅਨੁਮਾਨ ਲਾਉਣ ਵਿੱਚ ਰੁਝੇ ਹੋਏ ਹਨ।

ਦੱਖਣੀ-ਕੋਰੀਆ ਦੇ ਏਕੀਕਰਨ ਮੰਤਰਾਲੇ ਦੇ ਬੁਲਾਰੇ ਨੇ ਕਿਹਾ, "ਸਾਨੂੰ ਉੱਤਰੀ-ਕੋਰੀਆ ਅਤੇ ਅਮਰੀਕਾ ਦੀ ਸਮਿਟ ਬਾਰੇ ਉੱਤਰੀ-ਕੋਰੀਆ ਦੀ ਸਰਕਾਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਜ਼ਰ ਨਹੀਂ ਆਈ ਹੈ ਤੇ ਨਾ ਹੀ ਕੋਈ ਅਧਿਕਾਰਕ ਪ੍ਰਤੀਕਿਰਿਆ ਮਿਲੀ ਹੈ।"

ਕਿਮ ਜੌਂਗ ਓਂਨ

ਤਸਵੀਰ ਸਰੋਤ, KOREAN CENTRAL NEWS AGENCY

"ਮੈਨੂੰ ਲਗਦਾ ਹੈ ਕਿ ਉਹ ਇਸ ਬਾਰੇ ਸਾਵਧਾਨੀ ਨਾਲ ਅੱਗੇ ਵਧ ਰਹੇ ਹਨ ਤੇ ਉਨ੍ਹਾਂ ਨੂੰ ਆਪਣਾ ਪੱਖ ਬਾਰੇ ਸੋਚਣ ਲਈ ਹੋਰ ਸਮਾਂ ਚਾਹੀਦਾ ਹੈ।"

ਕੋਰੀਆ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਇਤਿਹਾਸ ਵਿੱਚ ਸ਼ੁੱਕਰਵਾਰ ਦਾ ਦਿਨ ਕਾਫੀ ਅਹਿਮ ਸੀ। ਹੁਣ ਤੱਕ ਇਸ ਵਿਸ਼ੇ ਵਿੱਚ ਜੋ ਕੁਝ ਹੋਇਆ ਉਹ ਇਸ ਪ੍ਰਕਾਰ ਹੈ-

ਉੱਤਰੀ ਕੋਰੀਆ ਵੱਲੋਂ ਪੇਸ਼ਕਸ਼

ਦੱਖਣੀ ਕੋਰੀਆ ਦੇ ਦੋ ਅਧਿਕਾਰੀਆਂ ਨੇ ਕਿਮ ਜੌਂਗ ਉਨ ਨਾਲ ਬੀਤੇ ਹਫਤੇ ਰਾਤ ਦਾ ਖਾਣਾ ਖਾਧਾ। ਇਹ ਆਪਣੇ ਆਪ ਵਿੱਚ ਕਾਫੀ ਅਹਿਮ ਘਟਨਾ ਸੀ।

ਜਿਸ ਮਗਰੋਂ ਉਹ ਅਧਿਕਾਰੀ ਕਿਮ ਜੌਂਗ ਉਨ ਦਾ ਅਮਰੀਕੀ ਰਾਸ਼ਟਰਪਤੀ ਲਈ ਮੁਲਾਕਾਤ ਦਾ ਇੱਕ ਅਹਿਮ ਦਾ ਸੰਦੇਸ਼ ਲੈ ਕੇ ਅਮਰੀਕਾ ਵੱਲ ਰਵਾਨਾ ਹੋ ਗਏ।

ਸੰਦੇਸ ਇਹ ਸੀ ਕਿ ਕਿਮ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਿਲਣਾ ਚਾਹੁੰਦੇ ਹਨ ਅਤੇ ਉਹ ਪਰਮਾਣੂ ਬੰਬ ਛੱਡਣ ਨੂੰ ਤਿਆਰ ਹੈ।

ਟਰੰਪ ਨੇ ਇਹ ਪੇਸ਼ਕਸ਼ ਮੰਨ ਲਈ ਜਿਸ ਕਰਕੇ ਦੋਹਾਂ ਆਗੂਆਂ ਦੀ ਬੈਠਕ ਮਈ ਵਿੱਚ ਹੋਣ ਦੀ ਸੰਭਾਵਨਾ ਹੈ।

ਡੌਨਲਡ ਟਰੰਪ ਤੇ ਕਿੰਮ ਜੌਂਗ ਉਨ

ਤਸਵੀਰ ਸਰੋਤ, TOSHIFUMI KITAMURA/AFP/GETTY IMAGES

ਦੋਵਾਂ ਆਗੂਆਂ ਨੇ ਪਿਛਲੇ ਸਾਲ ਇੱਕ ਦੂਜੇ ਨੂੰ ਦਿੱਤੀਆਂ ਧਮਕੀਆਂ ਨੂੰ ਇੱਕ ਪਾਸੇ ਰੱਖ ਦਿੱਤਾ ਹੈ। ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਬੈਠਕ ਦੀ ਖ਼ਬਰ ਇੱਕ ਚਮਤਕਾਰ ਵਰਗੀ ਹੈ।

ਇਹ ਬੈਠਕ ਇੰਨੀ ਅਹਿਮ ਕਿਉਂ ਹੈ ?

ਉੱਤਰੀ-ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਨੇ ਸੰਸਾਰ ਨੂੰ ਦਹਾਕਿਆਂ ਤੋਂ ਸਹਿਮ ਵਿੱਚ ਪਾ ਕੇ ਰੱਖਿਆ ਹੋਇਆ ਹੈ।

ਦੇਸ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਹੁਣ ਤੱਕ ਛੇ ਪ੍ਰਮਾਣੂ ਪ੍ਰੀਖਣ ਕੀਤੇ ਹਨ ਤੇ ਦਰਜਨਾਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਪਰਖ ਕੀਤੀ ਹੈ।

ਡੋਨਲਡ ਟਰੰਪ

ਤਸਵੀਰ ਸਰੋਤ, AFP/GETTY IMAGES

ਉੱਤਰੀ-ਕੋਰੀਆ ਦਾ ਕਹਿਣਾ ਹੈ ਉਹ ਅਮਰੀਕਾ 'ਤੇ ਵੀ ਪ੍ਰਮਾਣੂ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਭਾਵੇਂ ਇਸ ਦਾਅਵੇ ਦੀ ਤਾਂ ਪੁਸ਼ਟੀ ਨਹੀਂ ਹੋ ਸਕੀ ਪਰ ਇਹ ਆਪਣੇ ਗੁਆਂਢੀਆਂ ਨੂੰ ਤਾਂ ਨਿਸ਼ਾਨਾ ਬਣਾ ਹੀ ਸਕਦਾ ਹੈ।

ਅਜਿਹੇ ਵਿੱਚ ਜੇ ਉੱਤਰੀ-ਕੋਰੀਆ ਆਪਣਾ ਰਾਹ ਛੱਡਣ ਲਈ ਤਿਆਰ ਹੁੰਦਾ ਹੈ ਤਾਂ ਇਹ ਇੱਕ ਤਰ੍ਹਾਂ ਨਾਲ ਇਹ ਕ੍ਰਿਸ਼ਮੇ ਤੋਂ ਘੱਟ ਨਹੀਂ ਹੋਵੇਗਾ।

ਉੱਤਰੀ-ਕੋਰੀਆ ਨੇ ਬੈਠਕ ਲਈ ਸਹਿਮਤੀ ਕਿਉਂ ਦਿੱਤੀ ਹੈ?

ਇਹ ਤਾਂ ਹਾਲੇ ਸਪਸ਼ਟ ਨਹੀਂ ਹੋ ਸਕਿਆ ਕਿ ਉੱਤਰੀ-ਕੋਰੀਆ ਨੇ ਗੱਲਬਾਤ ਲਈ ਹਾਮੀ ਕਿਹੜੇ ਹਾਲਾਤ ਵਿੱਚ ਭਰੀ ਹੈ। ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਬਾਰੇ ਸਾਲਾਂ ਤੋਂ ਜਾਰੀ ਪਾਬੰਦੀਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਹੋ ਸਕਦਾ ਹੈ ਕਿ ਉੱਤਰੀ ਕੋਰੀਆ ਡੌਨਲਡ ਟਰੰਪ ਨੂੰ ਆਪਣੇ ਨਾਲ ਮਿਲਾਉਣਾ ਚਾਹ ਰਿਹਾ ਹੋਵੇ।

ਜਾਂ ਆਪਣੇ-ਆਪ ਨੂੰ ਪ੍ਰਮਾਣੂ ਤਾਕਤ ਵਜੋਂ ਮਾਨਤਾ ਦਿਵਾਉਣ ਦੇ ਮੌਕੇ ਵਜੋਂ ਵੀ ਦੇਖ ਰਿਹਾ ਹੋ ਸਕਦਾ ਹੈ।

ਅੱਗੇ ਕੀ ਹੋਵੇਗਾ?

ਸਮਾਂ ਬੀਤ ਰਿਹਾ ਹੈ ਤੇ ਕੂਟਨੀਤਿਕ ਤਾਣਾਬਾਣਾ ਕਾਫੀ ਉਲਝਿਆ ਹੋਇਆ ਹੈ।

ਹਾਲੇ ਤੱਕ ਨਾ ਤਾਂ ਇਸ ਗੱਲਬਾਤ ਦੇ ਸਿੱਟਾ ਕੀ ਬਾਰੇ ਕੋਈ ਸਪਸ਼ਟਤਾ ਹੈ ਤੇ ਨਾ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ ਕਿ ਦੋਹਾਂ ਆਗੂਆਂ ਦੇ ਨਾਲ ਬੈਠਕ ਵਿੱਚ ਹੋਰ ਕੌਣ ਸ਼ਾਮਲ ਹੋਵੇਗਾ।

ਇਸ ਬੈਠਕ ਤੋਂ ਉੱਤਰੀ-ਕੋਰੀਆ ਦੀ ਮਨਸ਼ਾ ਬਾਰੇ ਵੀ ਹਾਲੇ ਕੋਈ ਪਤਾ ਨਹੀਂ ਚੱਲ ਸਕਿਆ ਹੈ।

ਉੱਤਰੀ-ਕੋਰੀਆ ਨੇ ਹਾਲੇ ਤੱਕ ਕੋਈ ਵਾਅਦਾ ਨਹੀਂ ਕੀਤਾ। ਉਸ ਨੇ ਹਾਲੇ ਤੱਕ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਤਿਆਗਣ ਦੀ ਸਹਿਮਤੀ ਵੀ ਨਹੀਂ ਦਿੱਤੀ ਹੈ।

ਵੀਡੀਓ ਕੈਪਸ਼ਨ, ਅਮਰੀਕਾ ਨਾਲ ਆਰ-ਪਾਰ ਦੀ ਲੜਾਈ ਲਈ ਉੱਤਰੀ ਕੋਰੀਆ ਤਿਆਰ ਕਿਉਂ?

ਇਹ ਆਪਣੇ ਪਹਿਲੇ ਵਚਨਾਂ ਤੋਂ ਫਿਰਦਾ ਰਿਹਾ ਹੈ। ਸਾਡੇ ਸਿਆਸੀ ਨਾਮਾਨਿਗਾਰ ਦਾ ਕਹਿਣਾ ਹੈ ਕਿ ਇਹ ਬੈਠਕ ਉੱਤਰੀ-ਕੋਰੀਆ ਲਈ ਇੱਕ ਸਿਆਸੀ ਜੂਆ ਹੈ।

ਹੋਰ ਕੌਣ ਸ਼ਾਮਲ ਹੋ ਸਕਦਾ ਹੈ?

ਇਸ ਵਿੱਚ ਵੱਡੇ ਦਾਅਵੇਦਾਰ ਹਨ꞉

ਕੋਰੀਆ ਦਾ ਗੁਆਂਢੀ ਜਪਾਨ - ਜਪਾਨ ਉਤਸ਼ਾਹਿਤ ਤਾਂ ਕਾਫ਼ੀ ਹੈ ਪਰ ਉਹ ਇਹ ਵੀ ਚਾਹੁੰਦਾ ਹੈ ਕਿ ਕਿਸੇ ਵੀ ਗੱਲਬਾਤ ਤੋਂ ਪਹਿਲਾਂ ਉੱਤਰੀ-ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਦਾ ਤਿਆਗ ਕਰੇ।

ਚੀਨ ਜੋ ਕਿ ਉੱਤਰੀ-ਕੋਰੀਆ ਦਾ ਮੁੱਖ ਵਿੱਤੀ ਸਹਿਯੋਗੀ ਹੈ। ਚੀਨ ਨੇ ਹਮੇਸ਼ਾ ਹੀ ਸਾਰਿਆਂ 'ਤੇ ਗੱਲਬਾਤ ਲਈ ਦਬਾਅ ਪਾਇਆ ਹੈ। ਉਸਦਾ ਕਹਿਣਾ ਹੈ ਕਿ ਚੀਜ਼ਾਂ "ਸਹੀ ਦਿਸ਼ਾ ਵਿੱਚ ਜਾ ਰਹੀਆਂ ਹਨ।"

ਰੂਸ ਦਾ ਥੋੜੀ ਜਿਹੀ ਸਰਹੱਦ ਉੱਤਰੀ-ਕੋਰੀਆ ਨਾਲ ਲਗਦੀ ਹੈ। ਉਸਨੇ ਇਸ ਨੂੰ ਸਹੀ ਦਿਸ਼ਾ ਵਿੱਚ ਇੱਕ ਕਦਮ ਕਿਹਾ ਹੈ।