ਅਮਰੀਕਾ: ਸ਼ੇਅਰ ਬਾਜ਼ਾਰ 'ਚ 2008 ਦੇ ਮਾਲੀ ਸੰਕਟ ਤੋਂ ਬਾਅਦ ਭਾਰੀ ਗਿਰਾਵਟ 'ਤੇ ਟਰੰਪ ਦੇ ਤਰਕ

    • ਲੇਖਕ, ਏਥੰਨੀ ਜਰਕਰ
    • ਰੋਲ, ਉੱਤਰੀ ਅਮਰੀਕਾ ਤੋਂ ਰਿਪੋਰਟਰ, ਬੀਬੀਸੀ

ਅਮਰੀਕੀ ਸ਼ੇਅਰ ਬਾਜ਼ਾਰ ਡਾਉ ਜੋਂਸ 1175 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ, ਜੋ ਸਾਲ 2008 ਦੇ ਮਾਲੀ ਸੰਕਟ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ।

ਗਿਰਾਵਟ ਦੇ ਮਾਅਨੇ

ਡਾਉ ਜੋਂਸ 4.6 ਫੀਸਦ ਦੀ ਗਿਰਾਵਟ ਨਾਲ ਸੋਮਵਾਰ ਨੂੰ 24,345.75 ਅੰਕਾਂ 'ਤੇ ਬੰਦ ਹੋਇਆ ਹੈ।

ਐੱਸ ਐਂਡ ਪੀ 500 ਸਟਾਕ ਇੰਡੈਕਸ 3.8 ਫੀਸਦ ਅਤੇ ਨੈਸਡੇਕ 3.7 ਫੀਸਦ ਦੀ ਗਿਰਾਵਟ ਨਾਲ ਬੰਦ ਹੋਇਆ ਹੈ।

ਇਹ ਗਿਰਾਵਟ ਪਿਛਲੇ ਹਫਤੇ ਦੇ ਅਖ਼ੀਰ 'ਚ ਹੋਏ ਨੁਕਸਾਨ ਤੋਂ ਬਾਅਦ ਆਈ ਹੈ। ਉਦੋਂ ਤਨਖਾਹ ਵਧਣ ਸਬੰਧੀ ਆਏ ਅੰਕੜਿਆਂ ਨਾਲ ਵਿਆਜ਼ ਦਰਾਂ ਨੂੰ ਵਧਾਉਣ ਦਾ ਖਦਸ਼ਾ ਹੋਇਆ ਸੀ।

ਅਮਰੀਕੀ ਸ਼ੇਅਰ ਬਾਜ਼ਾਰ ਦੀ ਇਸ ਗਿਰਾਵਟ ਦਾ ਅਸਰ ਏਸ਼ੀਆ ਦੇ ਬਾਜ਼ਾਰਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ।

ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਹੈ ਕਿ ਸਟਾਕ ਮਾਰਕੀਟ 'ਚ ਸਮੇਂ ਸਮੇਂ ਗਿਰਾਵਟ ਦਰਜ ਹੁੰਦੀ ਰਹਿੰਦੀ ਹੈ ਪਰ ਰਾਸ਼ਟਰਪਤੀ ਟਰੰਪ ਦਾ ਫੋਕਸ ਅਰਥਚਾਰੇ ਦੇ ਚਿਰਕਾਲੀਨ ਪਹਿਲੂਆਂ 'ਤੇ ਹੈ ਅਤੇ ਉਹ ਆਸਾਧਾਰਨ ਤੌਰ 'ਤੇ ਮਜ਼ਬੂਤ ਬਣਿਆ ਹੋਇਆ ਹੈ।

ਟਰੰਪ ਦਾ ਅਰਥ-ਸ਼ਾਸਤਰ

ਸਟਾਕ ਮਾਰਕੀਟ ਦੀਆਂ ਬੁਲੰਦੀਆਂ 'ਤੇ ਘੁਮੰਡ ਕਰਨਾ ਇੱਕ ਖ਼ਤਰਨਾਕ ਖੇਡ ਹੈ ਅਤੇ ਜ਼ਿਆਦਾਤਰ ਅਮਰੀਕਾ ਦੇ ਰਾਸ਼ਟਰਪਤੀ ਇਸ ਤੋਂ ਬਚਦੇ ਰਹੇ ਹਨ।

ਬਰਾਕ ਓਬਾਮਾ ਨੇ ਵੀ ਆਪਣੇ ਕਾਰਜਕਾਲ ਦੌਰਾਨ ਕਦੀ-ਕਦੀ ਹੀ ਅਜਿਹਾ ਕੀਤਾ ਸੀ ਅਤੇ ਉਹ ਵੀ ਉਦੋਂ ਜਦੋਂ ਅਮਰੀਕਾ ਦੀ ਅਰਥਵਿਵਸਥਾ ਸਾਲ 2008 ਦੀ ਬਰਬਾਦੀ ਤੋਂ ਬਾਅਦ ਠੀਕ-ਠਾਕ ਸੰਭਲ ਗਈ ਸੀ।

ਡੌਨਲਡ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਡਾਉ ਜੋਂਸ ਨੂੰ ਕੋਸਿਆ ਸੀ ਪਰ ਹੁਣ ਇਸੇ ਸ਼ੇਅਰ ਬਾਜ਼ਾਰ ਦੀਆਂ ਤਾਰੀਫਾਂ ਕਰਦੇ ਰਹੇ ਹਨ।

ਉਹ ਆਪਣੇ ਟਵੀਟ, ਰੈਲੀਆਂ ਅਤੇ ਪਿਛਲੇ ਹਫਤੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਮੌਕੇ ਦਿੱਤੇ 'ਸਟੇਟ ਆਫ ਯੂਨੀਅਨ' ਦੇ ਭਾਸ਼ਣ ਵਿੱਚ ਵੀ ਇਸ ਨੂੰ ਦੁਹਰਾਉਂਦੇ ਰਹੇ।

ਟਰੰਪ ਆਪਣੇ ਭਾਸ਼ਣਾਂ ਵਿੱਚ ਟੈਕਸ ਕਟੌਤੀ ਨਾਲ ਹੋਣ ਵਾਲੇ ਲਾਭ ਗਿਣਾਉਂਦੇ ਰਹੇ ਅਤੇ ਹੁਣ ਡਾਉ ਜੋਂਸ ਦੀ ਗਿਰਾਵਟ ਨੇ ਉਨ੍ਹਾਂ ਦੇ ਅਕਸ ਹੀ ਧੁੰਦਲਾ ਕਰ ਦਿੱਤਾ ਹੈ।

ਤਨਖਾਹ ਵਧੀ ਹੈ ਅਤੇ ਬੇਰੁਜ਼ਗਾਰੀ ਘਟੀ

ਟਰੰਪ ਬੇਸ਼ੱਕ ਹੁਣ ਇਹ ਕਹਿਣਗੇ ਕਿ ਦੇਸ ਦਾ ਅਰਥਚਾਰਾ ਬੁਨਿਆਦੀ ਤੌਰ 'ਤੇ ਹੁਣ ਵੀ ਮਜ਼ਬੂਤ ਹੈ। ਲੋਕਾਂ ਦੀ ਤਨਖਾਹ ਵਧੀ ਹੈ ਅਤੇ ਬੇਰੁਜ਼ਗਾਰੀ ਘਟੀ ਹੈ।

ਜੇਕਰ ਵਿਕਾਸ ਦੀ ਦੌੜ ਬਰਕਰਾਰ ਰਹਿੰਦੀ ਹੈ ਤਾਂ ਟਰੰਪ ਇੱਕ ਵਾਰ ਫੇਰ ਇਸ ਨੂੰ ਆਪਣੀ ਕਾਮਯਾਬੀ ਦੇ ਪੱਲੇ ਪਾ ਲੈਣਗੇ।

ਚੋਣਾਵੀਂ ਸਾਲ 'ਚ ਜੇਕਰ ਡਾਉ ਜੋਂਸ ਦੀ ਇਸ ਗਿਰਾਵਟ ਨੂੰ ਜੇਕਰ ਬਾਜ਼ਾਰ ਕੁਨੈਕਸ਼ਨ ਦੀ ਸ਼ੁਰੂਆਤ ਸਮਝਿਆ ਗਿਆ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਦੀਆਂ ਕਹੀਆਂ ਗੱਲਾਂ ਉਨ੍ਹਾਂ ਨੂੰ ਖੁਦ ਪਰੇਸ਼ਾਨ ਕਰਨ ਵਾਪਸ ਆ ਜਾਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)