You’re viewing a text-only version of this website that uses less data. View the main version of the website including all images and videos.
ਇਸ ਪਿੰਡ ਵਿੱਚ ਵਿਰੋਧ ਪ੍ਰਦਰਸ਼ਨ ਕਰਨਾ ਸਿਖਾਇਆ ਜਾਂਦਾ ਹੈ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ, ਯੇਰੁਸ਼ਲਮ
ਕੀ ਫਲਸਤੀਨੀ ਅਤੇ ਯਹੂਦੀ ਇਕੱਠੇ ਰਹਿ ਸਕਦੇ ਹਨ? ਕੀ ਦਹਾਕਿਆਂ ਤੋਂ ਖੜ੍ਹੀ ਨਫ਼ਰਤ ਦੀ ਕੰਧ ਤੋੜੀ ਜਾ ਸਕਦੀ ਹੈ?
ਹਮੇਸ਼ਾ ਤੋਂ ਯਹੂਦੀਆਂ ਵਿੱਚ ਰਹਿਣ ਵਾਲੀ ਅਰਬ ਦੀ ਕੁੜੀ ਰਾਨਾ ਅਬੂ ਫਰਹਾ ਕਹਿੰਦੀ ਹੈ-ਸ਼ਾਇਦ ਨਹੀਂ। ਰਾਨਾ ਨੂੰ ਆਪਣੇ ਅਰਬ ਹੋਣ ਦਾ ਅਹਿਸਾਸ ਮਾਂ ਦੇ ਦੇਹਾਂਤ ਤੋਂ ਬਾਅਦ ਹੋਇਆ।
ਉਹ ਕਹਿੰਦੀ ਹੈ, ''ਮੇਰੇ ਮਾਤਾ-ਪਿਤਾ ਓਮਰ ਨਾਮ ਦੇ ਇੱਕ ਪਿੰਡ ਵਿੱਚ ਅਮੀਰ ਅਤੇ ਉੱਚੇ ਵਿਚਾਰਾਂ ਵਾਲੇ ਯਹੂਦੀਆਂ ਦੇ ਗੁਆਂਢੀ ਸੀ। ਸਾਡਾ ਰਹਿਣ-ਸਹਿਣ ਉਨ੍ਹਾਂ ਦੀ ਤਰ੍ਹਾਂ ਹੀ ਸੀ। ਕੈਂਸਰ ਦੀ ਮਰੀਜ਼ ਮੇਰੀ ਮਾਂ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਮੈਨੂੰ ਯਹੂਦੀਆਂ ਦੇ ਕਬਰੀਸਤਾਨ ਵਿੱਚ ਦਫ਼ਨਾਉਣਾ।''
''ਯਹੂਦੀਆਂ ਨੇ ਇਸਦਾ ਵਿਰੋਧ ਕੀਤਾ ਅਤੇ ਸਾਨੂੰ ਆਪਣੀ ਮਾਂ ਨੂੰ ਪਿੰਡ ਵਿੱਚ ਹੀ ਦਫ਼ਨਾਉਣਾ ਪਿਆ।''
ਪਛਾਣ ਨੂੰ ਲੈ ਕੇ ਸਵਾਲ
ਇਸ ਪੂਰੀ ਘਟਨਾ ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਖ਼ਰ ਉਨ੍ਹਾਂ ਦੀ ਪਛਾਣ ਹੈ ਕੀ?
ਉਹ ਕਹਿੰਦੀ ਹੈ,''ਮੇਰੇ ਲਈ ਇਹ ਬਹੁਤ ਔਖਾ ਸੀ। ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਇਸ ਸਮਾਜ ਦਾ ਹਿੱਸਾ ਤਾਂ ਹਾਂ ਪਰ ਇੱਕ ਹੱਦ ਤੋਂ ਬਾਅਦ ਅਸਲ ਵਿੱਚ ਉਸ ਭਾਈਚਾਰੇ ਦੀ ਨਹੀਂ ਹੋ ਸਕਦੀ ਜਿਸਨੂੰ ਮੈਂ ਆਪਣਾ ਸਮਝਦੀ ਸੀ।''
ਰਾਨਾ ਨੇ ਆਪਣੇ ਇਸ ਤਜਰਬੇ 'ਤੇ ਇੱਕ ਫ਼ਿਲਮ ਬਣਾਈ ਹੈ ਜਿਸ ਵਿੱਚ ਯਹੂਦੀਆਂ ਅਤੇ ਅਰਬਾਂ ਦੀ ਪਛਾਣ ਦੇ ਸਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕਰਦੀ ਹੈ।
ਦਰਅਸਲ ਇਸ ਅਰਬ ਕੁੜੀ ਦੀ ਕਹਾਣੀ ਇਜ਼ਰਾਇਲ ਵਿੱਚ ਅਰਬ ਅਤੇ ਯਹੂਦੀ ਭਾਈਚਾਰੇ ਦੀ ਕਹਾਣੀ ਹੈ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਭਾਰਤ ਵਿੱਚ ਹਿੰਦੂ ਤੇ ਮੁਸਲਮਾਨ ਭਾਈਚਾਰੇ ਦੀ ਕਹਾਣੀ ਹੈ।
ਪਿੰਡ ਦਾ ਹੋਣਾ ਇੱਕ ਕਰਿਸ਼ਮਾ
ਇਜ਼ਰਾਇਲ ਦੀ ਅਬਾਦੀ 85 ਲੱਖ ਹੈ ਜਿਸ ਵਿੱਚ 80 ਫ਼ੀਸਦ ਯਹੂਦੀ ਹਨ ਅਤੇ 20 ਫ਼ੀਸਦ ਫਲਸਤੀਨੀ।
ਇਨ੍ਹਾਂ ਫਲਸਤੀਨੀਆਂ ਵਿੱਚ 18 ਫ਼ੀਸਦ ਫਲਸਤੀਨੀ ਮੁਸਲਮਾਨ ਹਨ ਅਤੇ 2 ਫ਼ੀਸਦ ਫਲਸਤੀਨੀ ਈਸਾਈ ਹਨ। ਇਹ ਸਾਰੇ ਇਜ਼ਰਾਇਲੀ ਨਾਗਰਿਕ ਹਨ।
ਗਾਜ਼ਾ ਪੱਟੀ ਅਤੇ ਵੈਸਟ ਬੈਂਕ ਵਿੱਚ ਰਹਿਣ ਵਾਲੇ ਫਲਸਤੀਨੀ 45 ਫ਼ੀਸਦ ਹਨ ਜੋ ਇਜ਼ਰਾਇਲੀ ਨਾਗਰਿਕ ਨਹੀਂ ਹਨ।
ਇਜ਼ਰਾਇਲ ਵਿੱਚ ਦੋਵਾਂ ਭਾਈਚਾਰੇ ਦੀਆਂ ਬਸਤੀਆਂ ਅਤੇ ਮੋਹੱਲੇ ਵੱਖਰੇ ਹਨ ਅਤੇ ਇੱਕ ਦੂਜੇ ਨੂੰ ਮਿਲਦੇ ਵੀ ਬਹੁਤ ਘੱਟ ਹਨ।
ਜੇਕਰ ਦੋਵਾਂ ਭਾਈਚਾਰਿਆਂ ਨੇ ਮਿਲ ਕੇ ਰਹਿਣ ਦੀ ਕੋਸ਼ਿਸ਼ ਵੀ ਕੀਤੀ ਤਾਂ ਆਪਸੀ ਮਤਭੇਦ ਐਨਾ ਜ਼ਿਆਦਾ ਹੁੰਦਾ ਹੈ ਕਿ ਇਹ ਕਾਮਯਾਬ ਨਹੀਂ ਹੁੰਦਾ।
ਇਜ਼ਰਾਇਲ ਦੇ 2 ਵੱਡੇ ਸ਼ਹਿਰ ਯੇਰੁਸ਼ਲਮ ਅਤੇ ਤੇਲ ਅਵੀਵ ਦੇ ਵਿਚਾਲੇ ਪਹਾੜੀ 'ਤੇ ਇੱਕ ਬਸਤੀ ਹੈ ਜਿੱਥੇ ਯਹੂਦੀ ਅਤੇ ਫਲਸਤੀਨੀ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ।
ਇਜ਼ਰਾਇਲ ਦੇ ਮਾਹੌਲ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਪਿੰਡ ਦਾ ਵਜੂਦ ਕਿਸੀ ਕਰਿਸ਼ਮੇ ਤੋਂ ਘੱਟ ਨਹੀਂ।
ਪਿੰਡ ਵਿੱਚ ਲੋਕਤੰਤਰ ਦੀ ਸਿੱਖਿਆ ਮਿਲਦੀ ਹੈ
ਹਿਬਰੂ ਭਾਸ਼ਾ ਦੇ ਨੇਵ ਸ਼ਲੌਮ ਅਤੇ ਅਰਬੀ ਵਿੱਚ ਵਾਹਤ ਅਲ ਸਲਾਮ ਕਹਾਉਣ ਵਾਲੀ ਇਸ ਬਸਤੀ ਵਿੱਚ 70 ਤੋਂ ਵੱਧ ਯਹੂਦੀ ਅਤੇ ਅਰਬ ਪਰਿਵਾਰ ਇਕੱਠੇ ਰਹਿੰਦੇ ਹਨ।
ਹੁਣ 30 ਤੋਂ ਵੱਧ ਹੋਰ ਪਰਿਵਾਰ ਸ਼ਾਮਲ ਹੋਣ ਵਾਲੇ ਹਨ ਯਾਨਿ ਇੱਥੇ ਆ ਕੇ ਰਹਿਣ ਵਾਲੇ ਹਨ।
ਸਾਨੂੰ ਦੱਸਿਆ ਗਿਆ ਕਿ ਇੱਥੇ ਰਹਿਣ ਦਾ ਫ਼ੈਸਲਾ ਉਹੀ ਕਰਦੇ ਹਨ ਜੋ ਦੋਵੇਂ ਭਾਈਚਾਰਿਆਂ ਵਿੱਚ ਸ਼ਾਂਤੀ 'ਤੇ ਭਰੋਸਾ ਕਰਦੇ ਹਨ।
ਬਸਤੀ ਦੀ ਇੱਕ ਫ਼ਲਸਤੀਨੀ ਮਹਿਲਾ ਸਮਹੇ ਸਲੈਮੀ ਕਹਿੰਦੀ ਹੈ, ''ਸਾਡਾ ਉਦੇਸ਼ ਅਰਬਾਂ ਅਤੇ ਯਹੂਦੀਆਂ ਤੱਕ ਸ਼ਾਂਤੀ ਦਾ ਸੰਦੇਸ਼ ਪਹੁੰਚਾਉਣਾ ਹੈ ਅਤੇ ਉਨ੍ਹਾਂ ਲਈ ਇੱਕ ਮਿਸਾਲ ਬਣਨਾ ਹੈ।''
ਇਹ ਬਸਤੀ ਭਾਰਤ ਦੇ ਪਿੰਡਾਂ ਤੋਂ ਵੱਖਰੀ ਹੈ। ਇੱਥੇ ਕੋਈ ਬਾਜ਼ਾਰ ਨਹੀਂ ਹੈ, ਦੁਕਾਨਾਂ ਵੀ ਬਹੁਤ ਘੱਟ ਹਨ।
ਇੱਥੇ ਬੱਚਿਆਂ ਦਾ ਇੱਕ ਵੱਡਾ ਸਕੂਲ ਹੈ ਜਿੱਥੇ ਦੋਵੇਂ ਭਾਈਚਾਰਿਆਂ ਦੇ ਬੱਚੇ ਪੜ੍ਹਦੇ ਹਨ ਅਤੇ ਜਿੱਥੇ ਇਨ੍ਹਾਂ ਬੱਚਿਆਂ ਨੂੰ ਹਿਬਰੂ ਅਤੇ ਅਰਬੀ ਭਾਸ਼ਾਵਾਂ ਲਾਜ਼ਮੀ ਤੌਰ 'ਤੇ ਪੜ੍ਹਾਈਆਂ ਜਾਂਦੀਆਂ ਹਨ। ਇੱਥੇ ਲੋਕਤੰਤਰ ਦੇ ਬਾਰੇ ਵੀ ਦੱਸਿਆ ਜਾਂਦਾ ਹੈ।
ਦੁਨੀਆਂ ਦੇ ਜਿਸ ਹਿੱਸੇ ਵਿੱਚ ਅਕਸਰ ਬੰਬ ਅਤੇ ਰਾਕੇਟ ਬਰਸਦੇ ਹਨ ਅਤੇ ਜਿੱਥੇ ਦੇ ਲੋਕਾਂ ਨੇ ਘੱਟ ਉਮਰ ਵਿੱਚ ਆਤਮਘਾਤੀ ਹਮਲਾਵਰਾਂ ਦੇ ਹਮਲੇ ਦੇਖੇ-ਸੁਣੇ ਹੋਣ ਉੱਥੇ ਇਸ ਸਮਾਜ ਦੇ ਅਰਬ-ਇਜ਼ਰਾਇਲੀ ਬੱਚਿਆਂ ਨੂੰ ਲੋਕਤੰਤਰ 'ਤੇ ਭਰੋਸਾ ਰੱਖਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਖੇਤਰ ਦੀ ਇਹ ਨਵੀਂ ਪੀੜ੍ਹੀ ਲੋਕਤੰਤਰ ਦੇ ਸਿਧਾਂਤਾਂ ਦੇ ਮੁਤਾਬਿਕ ਚੱਲ ਰਹੀ ਹੈ।
ਬੱਚਿਆਂ ਦੀ ਇੱਕ ਅਧਿਆਪਕਾ ਮੈਨੂੰ ਇੱਕ ਕਲਾਸ ਵਿੱਚ ਲੈ ਗਈ ਜਿੱਥੇ ਕੰਧਾਂ 'ਤੇ ਬਹੁਤ ਸਾਰੀਆਂ ਫੋਟੋਆਂ ਲੱਗੀਆਂ ਸੀ।
ਇਸ ਵਿੱਚ ਬੱਚਿਆਂ ਦੀਆਂ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਤਸਵੀਰਾਂ ਵੀ ਸ਼ਾਮਲ ਸੀ।
'ਬੱਚਿਆਂ ਨੂੰ ਦੱਸਦੇ ਹਨ ਦੁਨੀਆਂ ਦੀ ਹਕੀਕਤ'
ਕੀ ਇਸ ਛੋਟੀ ਉਮਰ ਵਿੱਚ ਬੱਚਿਆਂ ਨੂੰ ਵਿਰੋਧ ਪ੍ਰਦਰਸ਼ਨ ਬਾਰੇ ਦੱਸਣਾ ਸਹੀ ਹੈ?
ਇਸਦਾ ਜਵਾਬ ਸਮਹੇ ਸਲੈਮੀ ਨੇ ਇਸ ਤਰ੍ਹਾਂ ਦਿੱਤਾ, ''ਅਸੀਂ ਯਹੂਦੀ ਅਤੇ ਫਲਸਤੀਨੀ ਬੱਚਿਆਂ ਨੂੰ ਸਿਖਾਉਂਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਪ੍ਰਦਰਸ਼ਨ ਕਰਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਜੋ ਇਜ਼ਰਾਇਲੀ ਕਬਜ਼ੇ ਵਿੱਚ ਜੀਅ ਰਹੇ ਹਨ। ਇਹ ਇੱਕ ਕੌੜਾ ਸੱਚ ਹੈ ਪਰ ਇਹ ਸਾਨੂੰ ਦੱਸਣਾ ਪੈਂਦਾ ਹੈ ਕਿ ਕਿਸ ਤਰ੍ਹਾਂ ਕਬਜ਼ੇ ਦਾ ਵਿਰੋਧ ਕਰ ਸਕਦੇ ਹਾਂ।''
ਸਕੂਲੀ ਬੱਚਿਆਂ ਨੂੰ ਫਲਸਤੀਨੀ ਅਤੇ ਯਹੂਦੀ ਸੱਭਿਆਚਾਰ ਵੀ ਸਿਖਾਇਆ ਜਾਂਦਾ ਹੈ।
ਮੈਂ ਸਕੂਲ ਦੇ ਇੱਕ ਪਾਸੇ ਦੇਖਿਆ ਕਿ ਅਰਬ ਬੱਚੇ ਯਹੂਦੀ ਮੌਸਕੀ ਸਿੱਖ ਰਹੇ ਹਨ ਤਾਂ ਦੂਜੇ ਪਾਸੇ ਇੱਕ ਵੱਖਰੀ ਕਲਾਸ ਵਿੱਚ ਯਹੂਦੀ ਬੱਚੇ ਅਰਬੀ ਮੌਸਕੀ ਦੀ ਪ੍ਰੈਕਟਿਸ ਕਰ ਰਹੇ ਹਨ।
ਮੂਲਮੰਤਰ ਹੈ ਸ਼ਾਂਤੀ ਅਤੇ ਲੋਕਤੰਤਰ
ਮੈਂ ਇੱਕ ਅਜਿਹੀ ਕਲਾਸ ਵਿੱਚ ਗਿਆ ਜਿੱਥੇ ਦੋਵਾਂ ਭਾਈਚਾਰਿਆਂ ਦੇ ਬੱਚਿਆਂ ਨੂੰ ਅਰਬੀ ਭਾਸ਼ਾ ਸਿਖਾਈ ਜਾਂਦੀ ਹੈ।
ਮੈਂ ਸੋਚ ਵਿੱਚ ਪੈ ਗਿਆ ਕਿ ਇਨ੍ਹਾਂ ਬੱਚਿਆਂ ਨੂੰ ਸ਼ਾਹਰੁਖ ਖ਼ਾਨ ਅਤੇ ਬਲੀਵੁੱਡ ਦੇ ਬਾਰੇ ਕਿਸ ਨੇ ਦੱਸਿਆ।
ਇੱਕ ਕੁੜੀ ਕਹਿੰਦੀ ਹੈ, ''ਸ਼ਾਹਰੁਖ ਖ਼ਾਨ ਸਭ ਤੋਂ ਚੰਗਾ ਹੈ।'' ਦੂਜੀ ਸਿਰਫ਼ ਸ਼ਾਹਰੁਖ ਖ਼ਾਨ ਦਾ ਨਾਂ ਦੁਹਰਾਇਆ। ਸ਼ਾਇਦ ਉਨ੍ਹਾਂ ਨੂੰ ਸਮਝ ਆ ਗਿਆ ਸੀ ਕਿ ਅਸੀਂ ਲੋਕ ਭਾਰਤੀ ਹਾਂ।
ਇਸ ਬਸਤੀ ਵਿੱਚ ਤਿੰਨ ਸ਼ਬਦ ਲੋਕਾਂ ਦਾ ਮੂਲਮੰਤਰ ਹਨ-ਸ਼ਾਂਤੀ, ਸਮਾਨਤਾ ਅਤੇ ਲੋਕਤੰਤਰ।
ਬਸਤੀ ਵਿੱਚ ਰਹਿਣ ਵਾਲੇ ਯਹੂਦੀ ਨਾਗਰਿਕ ਨਵਾ ਸੋਨੇਨਸ਼ੇਚੇਨ ਸ਼ਾਂਤੀ ਨੂੰ ਵਧਾਵਾ ਦੇਣ ਲਈ ਇੱਕ ਸੰਸਥਾ ਚਲਾਉਂਦੀ ਹੈ ਜਿਸਨੂੰ 'ਸਕੂਲ ਆਫ਼ ਪੀਸ' ਕਹਿੰਦੇ ਹਨ।
ਉਸਦਾ ਕੰਮ ਇਸ ਪਿੰਡ ਦੀ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਹੈ।
ਉਹ ਕਹਿੰਦੀ ਹੈ, ''ਅਸੀਂ ਜਿਨ੍ਹਾਂ 70 ਹਜ਼ਾਰ ਲੋਕਾਂ ਤੱਕ ਪੁੱਜੇ, ਉਨ੍ਹਾਂ ਵਿੱਚ ਬਦਲਾਅ ਆਇਆ ਹੈ। ਇਜ਼ਰਾਇਲ ਅਤੇ ਫਲਸਤੀਨ ਵਿੱਚ ਸਾਡੇ ਕਈ ਲੀਡਰ ਹਨ ਜੋ ਮਨੁੱਖੀ ਹੱਕ ਸੰਗਠਨ ਚਲਾਉਂਦੇ ਹਨ।''
ਚਾਰ ਪਰਿਵਾਰਾਂ ਤੋਂ ਸ਼ੁਰੂ ਹੋਇਆ ਸਫ਼ਰ
ਇਹ ਬਸਤੀ ਸਿਰਫ਼ ਚਾਰ ਪਰਿਵਾਰਾਂ ਤੋਂ ਸ਼ੁਰੂ ਹੋਈ ਸੀ। ਅੱਜ ਇੱਥੇ 70 ਪਰਿਵਾਰ ਆਬਾਦ ਹਨ।
30 ਤੋਂ ਵੱਧ ਪਰਿਵਾਰ ਜਲਦੀ ਹੀ ਇੱਥੇ ਆ ਕੇ ਵਸਣ ਵਾਲੇ ਹਨ। ਮੈਂ ਬਸਤੀ ਵਾਲਿਆਂ ਨੂੰ ਪੁੱਛਿਆ ਕਿ ਇੱਥੇ ਆਬਾਦ ਯਹੂਦੀ ਅਤੇ ਫਲਸਤੀਨੀ ਆਪਸ ਵਿੱਚ ਕਿਉਂ ਕਦੀ ਲੜਦੇ ਨਹੀਂ? ਕੋਈ ਮਤਭੇਦ ਤਾਂ ਹੋਵੇਗਾ?
ਮੇਰੇ ਸਵਾਲ ਦੇ ਉੱਤਰ ਵਿੱਚ ਫਲਸਤੀਨੀ ਸਮਹੇ ਸਲੈਮੀ ਨੇ ਕਿਹਾ, ''ਲੜਾਈ ਤਾਂ ਰੋਜ਼ ਹੁੰਦੀ ਹੈ। ਅਸੀਂ ਬਹਿਸ ਕਰਦੇ ਹਾਂ ਪਰ ਬੈਠਕ ਛੱਡ ਕੇ ਕੋਈ ਨਹੀਂ ਜਾਂਦਾ। ਇੱਥੇ ਰਹਿਣ ਵਾਲੇ ਫਲਸਤੀਨੀ ਅਤੇ ਯਹੂਦੀ ਇਹ ਮੰਨਦੇ ਹਨ ਕਿ ਇਸ ਖੇਤਰ ਵਿੱਚ ਦੋਵਾਂ ਭਾਈਚਾਰਿਆਂ ਨੂੰ ਰਹਿਣ ਦਾ ਹੱਕ ਹੈ।''
ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨਫ਼ਰਤ ਦੀ ਇਸ ਕੰਧ ਨੂੰ ਜ਼ਰੂਰ ਡਿਗਾਉਣਗੀਆਂ।