'ਵੱਡਾ ਹੋ ਕੇ ਮੋਸ਼ੇ ਮੁੰਬਈ ਚਬਾੜ ਹਾਊਸ ਵਿੱਚ ਕੰਮ ਕਰ ਸਕਦਾ ਹੈ'

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਮੋਸ਼ੇ ਹੋਲਟਜ਼ਬਰਗ 11 ਸਾਲਾ ਉਹੀ ਦਲੇਰ ਬੱਚਾ ਹੈ ਜਿਸ ਨੇ ਸਾਲ 2008 ਵਿੱਚ ਮੁੰਬਈ ਹਮਲੇ ਵਿੱਚ ਆਪਣੇ ਮਾਪਿਆਂ ਨੂੰ ਗਵਾਇਆ ਸੀ।

ਮੋਸ਼ੇ ਹੁਣ ਆਪਣੇ ਦਾਦਾ ਦਾਦੀ ਦੇ ਘਰ ਸੁਰੱਖਿਅਤ ਹੈ।

ਮੋਸ਼ੇ ਉਸ ਵੇਲੇ ਮਸਾਂ 2 ਸਾਲਾਂ ਦਾ ਸੀ, ਜਦੋਂ ਉਸ ਦੇ ਮਾਤਾ-ਪਿਤਾ ਰਬੀ ਅਤੇ ਰਿਕਵੀ ਹੋਲਟਜ਼ਬਰਗ ਇਸ ਦਹਿਸ਼ਤੀ ਹਮਲੇ ਦੌਰਾਨ ਚਬਾੜ ਹਾਊਸ ਦੇ ਯਹੂਦੀ ਕੇਂਦਰ ਵਿੱਚ ਫੌਤ ਹੋਏ ਸਨ।

ਮੋਸ਼ੇ ਦੇ ਬੈੱਡ ਉੱਤੇ ਉਸ ਦੇ ਮਾਤਾ ਪਿਤਾ ਦੀ ਇੱਕ ਤਸਵੀਰ ਲੱਗੀ ਹੋਈ ਹੈ। ਇਹ ਉਨ੍ਹਾਂ ਦੀ ਜਵਾਨੀ ਵੇਲੇ ਦੀ ਖੂਬਸੂਰਤ ਤਸਵੀਰ ਹੈ।

ਹਮਲੇ ਤੋਂ ਬਾਅਦ ਮੋਸ਼ੇ ਦਾ ਪਹਿਲਾ ਭਾਰਤ ਦੌਰਾ

ਮੋਸ਼ੇ ਦੇ ਦਾਦਾ ਰਬੀ ਰੋਜ਼ਨਬਰਗ ਦੱਸਦੇ ਹਨ, "ਉਹ ਰੋਜ਼ ਉਸ ਤਸਵੀਰ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਉਠ ਕੇ ਦੇਖਦਾ ਹੈ।"

ਮੋਸ਼ੇ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦਾ ਹੈ। ਹੁਣ ਉਸ ਨੂੰ ਪਤਾ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ।

ਉਸ ਕੋਲ ਆਪਣੇ ਦਾਦਾ-ਦਾਦੀ ਅਤੇ ਉਸ ਦੀ ਨੈਨੀ ਸੈਂਡਰਾ ਦਾ ਪਿਆਰ ਹੈ।

ਉਸ ਤੋਂ ਬਾਅਦ ਮੋਸ਼ੇ ਹੁਣ ਪਹਿਲੀ ਵਾਰ ਮੁੰਬਈ ਆਇਆ ਹੈ। ਉਸ ਦੇ ਦਾਦਾ ਰਬੀ ਮੁਤਾਬਕ, "ਇਹ ਉਸ ਦਾ ਭਾਵੁਕ ਦੌਰਾ ਹੈ।"

ਰਬੀ ਰੋਜ਼ਨਬਰਗ ਪਿਆਰ ਨਾਲ ਉਸ ਨੂੰ "ਮੋਸ਼ੇ ਬੋਏ" ਕਹਿੰਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਮੋਸ਼ੇ ਆਪਣੇ ਭਾਰਤ ਦੌਰੇ ਲਈ ਉਤਸ਼ਾਹਿਤ ਹੈ।

ਉਹ ਦੱਸਦੇ ਹਨ, "ਮੋਸ਼ੇ ਮੁਬੰਈ ਦੇ ਚਬਾੜ ਹਾਊਸ ਅਤੇ ਭਾਰਤ ਬਾਰੇ ਪੁੱਛਦੇ ਰਹਿੰਦੇ ਹਨ। ਉਹ ਬੇਹੱਦ ਉਤਸ਼ਾਹਿਤ ਹੈ।"

ਜਦੋਂ ਅਸੀਂ ਘਰ ਗਏ ਤਾਂ ਉਹ ਸਕੂਲ ਗਿਆ ਹੋਇਆ ਸੀ। ਰਬੀ ਨੇ ਮੈਨੂੰ ਦੱਸਿਆ ਕਿ ਉਹ ਮੋਸ਼ੇ ਨੂੰ ਪਰਿਵਾਰਕ ਮਨੋਚਕਿਤਸਕ ਦੀ ਸਲਾਹ ਨਾਲ ਮੀਡੀਆ ਤੋਂ ਬਚਾਉਂਦੇ ਹਨ।

'ਮੋਸ਼ੇ ਹੋਣਹਾਰ ਵਿਦਿਆਰਥੀ ਹੈ'

ਅਸੀਂ ਮੋਸ਼ੇ ਨੂੰ ਮਿਲ ਤਾਂ ਨਹੀਂ ਸਕੇ ਪਰ ਉਸ ਦੇ ਦਾਦਾ ਜੀ ਨੇ ਸਾਨੂੰ ਉਸ ਦਾ ਨਿੱਕਾ ਜਿਹਾ ਕਮਰਾ, ਕਿਤਾਬਾਂ ਅਤੇ ਤਸਵੀਰਾਂ ਦਿਖਾਈਆਂ।

ਉਸ ਦੇ ਮੇਜ਼ 'ਤੇ ਦੋ ਗਲੋਬ ਸਨ। ਉਸ ਦੇ ਦਾਦਾ ਜੀ ਨੇ ਮੈਨੂੰ ਮਾਣ ਨਾਲ ਦੱਸਿਆ ਕਿ ਮੋਸ਼ੇ "ਹੋਣਹਾਰ ਵਿਦਿਆਰਥੀ" ਹੈ।

ਉਨ੍ਹਾਂ ਨੇ ਕਿਹਾ ਕਿ, "ਮੋਸ਼ੇ ਭੂਗੋਲ ਅਤੇ ਹਿਸਾਬ ਦੀ ਪੜ੍ਹਾਈ ਵਿੱਚ ਹੁਸ਼ਿਆਰ ਹੈ।"

ਮੋਸ਼ੇ ਆਪਣੇ ਦਾਦਾ ਦਾਦੀ ਅਤੇ ਸੈਂਡਰਾ ਨਾਲ ਭਾਰਤ ਆਉਣਗੇ। ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਵਫ਼ਦ ਦਾ ਹੀ ਹਿੱਸਾ ਹੋਣਗੇ।

ਇਜ਼ਰਾਈਲੀ ਪ੍ਰਧਾਨ ਮੰਤਰੀ ਦਾ ਛੇ ਰੋਜ਼ਾ ਭਾਰਤ ਦੌਰਾ 14 ਜਨਵਰੀ ਤੋਂ ਸ਼ੁਰੂ ਹੋਇਆ।

ਉਹ ਕੁਝ ਸਮਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਯਹੂਦੀ ਕੇਂਦਰ ਵਿੱਚ ਬਿਤਾਉਣਗੇ। ਮੋਸ਼ੇ ਉਨ੍ਹਾਂ ਨੂੰ ਆਪਣਾ ਘਰ ਦਿਖਾਉਣਗੇ ਅਤੇ ਆਪਣੇ ਕਮਰੇ ਤੱਕ ਲੈ ਕੇ ਜਾਣਗੇ।"

ਮੋਸ਼ੇ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਸ਼ੇ ਨੂੰ ਪਿਛਲੇ ਸਾਲ ਆਪਣੀ ਇਜ਼ਰਾਈਲ ਫੇਰੀ ਦੌਰਾਨ ਮਿਲੇ ਸੀ।

ਮੋਸ਼ੇ ਦੇ ਦਾਦਾ ਦੱਸਦੇ ਹਨ, "ਜਦੋਂ ਉਹ ਉਸ ਨੂੰ ਇਜ਼ਰਾਈਲ ਲੈ ਕੇ ਆਏ ਤਾਂ ਉਹ ਦਿਨ-ਰਾਤ ਰੋਂਦਾ ਰਹਿੰਦਾ ਸੀ। ਉਹ ਪੁੱਛਦਾ ਸੀ ਕਿ ਉਸ ਦੇ ਮਾਤਾ-ਪਿਤਾ ਕਿੱਥੇ ਹਨ?"

"ਉਹ ਹਰ ਵੇਲੇ ਸੈਂਡਰਾ ਨੂੰ ਚਿਪਕਿਆ ਰਹਿੰਦਾ। ਸ਼ੁਰੂ 'ਚ ਮੇਰੇ ਕੋਲ ਵੀ ਨਹੀਂ ਆਉਂਦਾ ਸੀ।"

ਪਰ ਰੋਜ਼ਨਬਰਗ ਨੇ ਹਿੰਮਤ ਨਹੀਂ ਹਾਰੀ।

ਉਨ੍ਹਾਂ ਨੇ ਦੱਸਿਆ, "ਮੈਨੂੰ ਲੱਗਿਆ ਕਿ ਉਸ ਦਾ ਮੇਰੇ ਨਾਲ ਹੋਲੀ ਹੋਲੀ ਮੋਹ ਪੈ ਰਿਹਾ ਹੈ। ਮੈਂ ਉਸ ਲਈ ਅਤੇ ਆਪਣੇ ਲਈ ਸਾਈਕਲ ਵੀ ਖਰੀਦਿਆ। ਮੈਂ ਉਸ ਨੂੰ ਮਨਪਸੰਦ ਥਾਵਾਂ 'ਤੇ ਲੈ ਕੇ ਜਾਂਦਾ ਰਿਹਾ। ਮੈਨੂੰ ਲੱਗਿਆ ਮੈਂ ਮੁੜ ਜਵਾਨ ਹੋ ਗਿਆ।"

'ਮੋਸ਼ੇ ਦੀ ਨੈਨੀ ਨੂੰ ਇਜ਼ਰਾਈਲੀ ਨਾਗਰਿਕਤਾ ਦਿਵਾਈ'

ਰੋਜ਼ਨਬਰਗ ਨੇ ਝੱਟ ਹੀ ਸੈਂਡਰਾ ਦੇ ਯੋਗਦਾਨ ਨੂੰ ਸਵੀਕਾਰਿਆ। ਉਨ੍ਹਾਂ ਨੇ ਕਿਹਾ, "ਅਸੀਂ ਉਸ ਦੇ ਕਰਜ਼ਾਈ ਹਾਂ। ਅਸੀਂ ਉਸ ਨੂੰ ਇਜ਼ਰਾਈਲੀ ਨਾਗਰਿਕਤਾ ਦਿਵਾ ਦਿੱਤੀ ਹੈ।"

ਸੈਂਡਰਾ ਮੋਸ਼ੇ ਨਾਲ ਰਹਿਣ ਲਈ ਇਜ਼ਰਾਈਲ ਆ ਗਈ। ਉਹ ਹੁਣ ਯੇਰੋਸ਼ਲਮ ਵਿੱਚ ਰਹਿੰਦੀ ਹੈ ਅਤੇ ਉੱਥੇ ਹੀ ਕੰਮ ਕਰਦੀ ਹੈ। ਯੇਰੋਸ਼ਲਮ ਅਫੁਲਾ ਤੋਂ 2 ਘੰਟਿਆਂ ਦੀ ਦੂਰੀ 'ਤੇ ਹੈ।

ਉਸ ਦਾ ਮੋਸ਼ੇ ਨਾਲ ਬੇਹੱਦ ਲਗਾਅ ਹੈ ਅਤੇ ਉਹ ਹਫ਼ਤੇ ਆਖ਼ਰੀ ਦਿਨ ਪਰਿਵਾਰ ਨਾਲ ਬਿਤਾਉਂਦੀ ਹੈ। ਰਬੀ ਦਾ ਕਹਿਣਾ ਹੈ, "ਉਹ ਪਰਿਵਾਰ ਦਾ ਹਿੱਸਾ ਹੈ।"

"ਜੇਕਰ ਕਦੀ ਉਸ ਨੂੰ ਦੇਰ ਹੋ ਜਾਵੇ ਤਾਂ ਮੋਸ਼ੇ ਘਬਰਾ ਜਾਂਦਾ ਹੈ ਅਤੇ ਉਸ ਨੂੰ ਫੋਨ ਮਿਲਾ ਕੇ ਪੁੱਛਦਾ ਹੈ ਕਿ ਉਨ੍ਹਾਂ ਨੂੰ ਦੇਰੀ ਕਿਉਂ ਹੋ ਗਈ।"

ਮੋਸ਼ੇ ਦੇ ਪਿਤਾ ਯਹੂਦੀ ਅਚਾਰੀਆ ਸਨ। ਉਹ ਅਤੇ ਉਨ੍ਹਾਂ ਦੀ ਪਤਨੀ ਦਹਿਸ਼ਤੀ ਹਮਲੇ ਤੋਂ ਸੱਤ ਸਾਲ ਪਹਿਲਾਂ ਚਬਾੜ ਹਾਊਸ 'ਚ ਕੰਮ ਕਰਨ ਲਈ ਮੁੰਬਈ ਚਲੇ ਗਏ ਸਨ।

ਮੁੰਬਈ 'ਚ ਉਨ੍ਹਾਂ ਦੀ ਜ਼ਿੰਦਗੀ ਮੁੰਬਈ ਅਤੇ ਭਾਰਤ ਦੇ ਹੋਰ ਹਿੱਸਿਆ ਵਿੱਚ ਘੁੰਮਣ ਵਾਲੇ ਯਹੂਦੀਆਂ ਦੇ ਆਲੇ ਦੁਆਲੇ ਘੁੰਮਦੀ ਸੀ।

ਸੰਭਾਵਨਾ ਹੈ ਕਿ ਮੋਸ਼ੇ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚਲੇ।

"ਉਹ ਅਜੇ ਬਹੁਤ ਛੋਟਾ ਹੈ ਪਰ ਜਦੋਂ 20-22 ਸਾਲਾਂ ਦਾ ਹੋ ਜਾਵੇਗਾ ਤਾਂ ਉਹ ਵੀ ਮੁੰਬਈ ਜਾ ਕੇ ਚਬਾੜ ਹਾਊਸ ਵਿੱਚ ਕੰਮ ਕਰ ਸਕਦਾ ਹੈ।"

ਉਸ ਦੇ ਦਾਦਾ ਹੁਣੇ ਤੋਂ ਹੀ ਤਿਆਰ ਕਰ ਰਹੇ ਹਨ। ਉਹ ਇੱਕ ਯਹੂਦੀ ਅਚਾਰੀਆ ਬਣਨ ਲਈ ਤਿਆਰ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)