ਸੰਗਰੂਰ: ਸਿੰਗਾਪੁਰ ਦੀ ਟੀਮ ਨੇ ਕਿਵੇਂ ਬਦਲੀ ਸਰਕਾਰੀ ਸਕੂਲ ਦੀ ਨੁਹਾਰ?

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੱਤੋਕੇ 'ਚ ਸਮਾਜ ਸੇਵੀ ਸੰਸਥਾ ਦੀ ਸਿੰਗਾਪੁਰ ਤੋਂ ਆਈ 21 ਮੈਂਬਰੀ ਟੀਮ ਨੇ ਇੱਥੋਂ ਦੇ ਸਰਕਾਰੀ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ।

ਇਸ ਸਮਾਜ ਸੇਵੀ ਸੰਸਥਾ ਨੇ 15 ਲੱਖ ਰੁਪਏ ਖ਼ਰਚ ਕਰਕੇ ਦਫਤਰ,ਲਾਇਬਰੇਰੀ,ਸਟਾਫ ਅਤੇ ਬੱਚਿਆਂ ਲਈ ਵੱਖਰੇ ਪਖਾਨੇ ਬਣਵਾਏ ਅਤੇ ਇੰਟਰਲੌਕ ਟਾਇਲਾਂ ਵੀ ਲਗਵਾਈਆਂ ਹਨ।

ਟੀਮ ਨੇ ਇਸ ਸਕੂਲ ਨੂੰ ਆਪਣੇ ਹੱਥੀਂ ਪੇਂਟ ਕੀਤਾ ਹੈ ਅਤੇ ਸਕੂਲ ਦੀਆਂ ਕੰਧਾਂ 'ਤੇ ਖੁਬਸੂਰਤ ਚਿੱਤਰ ਵੀ ਬਣਾਏ ਹਨ।

21 ਨੌਜਵਾਨਾਂ ਦੀ ਇਸ ਟੀਮ ਵਿੱਚ ਸਿੰਗਾਪੁਰ ਦੇ ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਹਨ।

ਜਿੰਨ੍ਹਾਂ ਨੇ ਲਗਾਤਾਰ ਤਿੰਨ ਹਫ਼ਤੇ ਸਖ਼ਤ ਮਿਹਨਤ ਕਰਕੇ ਇਸ ਸਕੂਲ ਨੂੰ ਨਵੀਂ ਦਿੱਖ ਦਿੱਤੀ ਹੈ।

ਸੰਸਥਾ ਦੇ ਸੰਸਥਾਪਕ ਸਤਵੰਤ ਸਿੰਘ ਮੁਤਾਬਕ ਉਹ ਹਰ ਸਾਲ ਦਸੰਬਰ ਵਿੱਚ ਨਵੇਂ ਸਵੈ-ਸੇਵਕਾਂ ਨਾਲ ਪੰਜਾਬ ਆਉਂਦੇ ਹਨ ਅਤੇ 'ਖਵਾਹਿਸ਼ ਪ੍ਰੋਜੈਕਟ' ਦੇ ਤਹਿਤ ਇੱਕ ਸਰਕਾਰੀ ਸਕੂਲ ਦੀ ਚੋਣ ਕਰਦੇ ਹਨ।

ਜਿੱਥੇ ਉਹ ਲਾਇਬਰੇਰੀ,ਅਧਿਆਪਕਾਂ ਲਈ ਕਮਰੇ ਅਤੇ ਬਾਥਰੂਮਾਂ ਬਣਾਉਂਦੇ ਹਨ।

ਇਸ ਕੰਮ ਲਈ ਉਨ੍ਹਾਂ ਦਾ ਬਜਟ 10 ਤੋਂ 15 ਲੱਖ ਦਾ ਹੁੰਦਾ ਹੈ। ਇਸ ਤੋਂ ਇਲਾਵਾ ਉਹ ਸਕੂਲ ਨੂੰ ਪੇਂਟ ਵੀ ਕਰਦੇ ਹਨ।

ਸਰਕਾਰੀ ਪ੍ਰਾਈਮਰੀ ਸਕੂਲ, ਰੱਤੋਕੇ ਇਸ ਸੰਸਥਾ ਵੱਲੋਂ ਅਪਣਾਇਆ ਗਿਆ ਪੰਜਾਬ ਦਾ 17ਵਾਂ ਸਕੂਲ ਹੈ।

ਸਕੂਲ ਇੰਚਾਰਜ ਸੁਰਿੰਦਰ ਸਿੰਘ ਅਤੇ ਉਨ੍ਹਾਂ ਦੀ ਅਧਿਆਪਕ ਪਤਨੀ ਰੇਨੂੰ ਸਿੰਗਲਾ ਨੂੰ ਇਸ ਸਕੂਲ ਦੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਵੀ ਮਿਲ ਚੁੱਕਾ ਹੈ।

ਪੜ੍ਹਾਈ ਵਿੱਚ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਨ ਤੋਂ ਇਲਾਵਾ ਇਸ ਸਕੂਲ ਦੇ ਬੱਚੇ ਖੋ-ਖੋ, ਕਬੱਡੀ, ਅਥਲੈਟਿਕਸ, ਸੁੰਦਰ ਲਿਖਾਈ, ਭਾਸ਼ਨ ਮੁਕਾਬਲਾ ਅਤੇ ਕਲੇਅ ਮੌਡਲਿੰਗ ਵਿੱਚ ਹਰ ਸਾਲ ਸੂਬਾ ਪੱਧਰ 'ਤੇ ਇਨਾਮ ਹਾਸਲ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)