ਤਸਵੀਰਾਂ: ਸਿੰਗਾਪੁਰ ਦੇ ਵਿਦਿਆਰਥੀਆਂ ਦੀ ਕਿਉਂ ਹੈ ਇਸ ਸਰਕਾਰੀ ਸਕੂਲ 'ਚ ਦਿਲਚਸਪੀ?

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੱਤੋਕੇ 'ਚ ਸਿੰਗਾਪੁਰ ਤੋਂ ਇੱਕ ਟੀਮ ਸਰਕਾਰੀ ਸਕੂਲ ਨੂੰ ਪੇਂਟ ਕਰਨ ਆਈ ਹੈ। 21 ਨੌਜਵਾਨਾਂ ਦੀ ਇਸ ਟੀਮ ਵਿੱਚ ਜ਼ਿਆਦਾਤਰ ਸਿੰਗਾਪੁਰ ਦੇ ਵੱਖ-2 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਹਨ।

ਇੱਕ ਸਮਾਜ ਸੇਵੀ ਸੰਸਥਾ ਹਰ ਸਾਲ ਦਸੰਬਰ 'ਚ ਕੁਝ ਨਵੇਂ ਵਿਦਿਆਰਥੀਆਂ ਨਾਲ ਪੰਜਾਬ ਦੇ ਸਰਕਾਰੀ ਸਕੂਲ ਦੀ ਚੋਣ ਕਰਕੇ, ਉੱਥੇ ਇੱਕ ਲਾਇਬਰੇਰੀ,ਅਧਿਆਪਕਾਂ ਲਈ ਕਮਰਾ ਅਤੇ ਬਾਥਰੂਮ ਬਣਾਉਂਦੀ ਹੈ। ਇਸ ਤੋਂ ਇਲਾਵਾ ਉਹ ਸਕੂਲ ਨੂੰ ਪੇਂਟ ਵੀ ਕਰਦੇ ਹਨ।

ਇਨ੍ਹਾਂ ਵਿੱਚ ਪੰਜਾਬੀ ਪਿਛੋਕੜ ਦੀ ਸਿੰਗਾਪੁਰ ਦੀ ਰਾਜਵੀਨ ਮਾਰਕੀਟਿੰਗ ਦੇ ਖੇਤਰ ਵਿੱਚ ਸਿੰਗਾਪੁਰ ਵਿੱਚ ਨੌਕਰੀ ਕਰ ਰਹੀ ਹੈ। ਉਹ ਦੱਸਦੀ ਹੈ ਕਿ ਉੱਥੇ ਗੁਰਦੁਆਰੇ 'ਚ ਉਸਨੂੰ ਇਸ ਪ੍ਰੋਜੈਕਟ ਬਾਰੇ ਪਤਾ ਲੱਗਿਆ ਸੀ।

ਸਿੰਗਾਪੁਰ ਤੋਂ ਆਏ ਬਾਇਓ-ਇੰਜਨੀਅਰਿੰਗ ਦੇ ਵਿਦਿਆਰਥੀ ਚਰਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਸਨੂੰ ਆਪਣੇ ਦੋਸਤ ਰਾਹੀਂ ਇਸ ਐਨਜੀਓ ਦੇ ਬਾਰੇ ਪਤਾ ਲੱਗਿਆ ਸੀ ਅਤੇ ਉਹ ਵੀ ਸਕੂਲ ਦੀ ਇਸ ਤਰਾਂ ਸੇਵਾ ਕਰਨਾ ਚਾਹੁੰਦੇ ਸਨ।

ਪਿੰਡ ਰੱਤੋਕੇ ਦਾ ਇਹ ਸਰਕਾਰੀ ਸਕੂਲ ਪੰਜਾਬ ਦਾ 17ਵਾਂ ਸਕੂਲ ਹੈ, ਜੋ ਇਸ ਵਾਰ ਚੁਣਿਆ ਗਿਆ ਅਤੇ ਇਸੇ ਸਕੂਲ ਕਾਰਨ ਪਿੰਡ ਦਾ ਅਕਸਰ ਚਰਚਾ ਵੀ ਰਹਿੰਦਾ ਹੈ।

ਇਸ ਟੀਮ ਨਾਲ ਆਏ ਸੰਥੀਰਨ ਦਾ ਪਿਛੋਕੜ ਤਾਮਿਲਨਾਡੂ ਨਾਲ ਸਬੰਧਤ ਹੈ। ਪਿੰਡ ਬਾਰੇ ਆਪਣੇ ਭਾਵ ਪ੍ਰਗਟ ਕਰਦਿਆਂ ਸੰਥੀਰਨ ਕਹਿੰਦੇ ਹਨ ਕਿ ਰੱਤੋਕੇ ਬਹੁਤ ਸੋਹਣਾ ਪਿੰਡ ਹੈ ਅਤੇ ਇੱਥੋਂ ਦੇ ਲੋਕ ਬਹੁਤ ਚੰਗੇ ਹਨ।

ਪੜ੍ਹਾਈ ਵਿੱਚ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਨ ਤੋਂ ਇਲਾਵਾ ਇਸ ਸਕੂਲ ਦੇ ਬੱਚੇ ਖੋ-ਖੋ, ਕਬੱਡੀ,ਅਥਲੈਟਿਕਸ,ਸੁੰਦਰ ਲਿਖਾਈ, ਭਾਸ਼ਨ ਮੁਕਾਬਲਿਆਂ ਅਤੇ ਕਲੇਅ ਮੌਡਲਿੰਗ ਵਿੱਚ ਹਰ ਸਾਲ ਸੂਬਾ ਪੱਧਰ 'ਤੇ ਇਨਾਮ ਹਾਸਲ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)