ਇਸਰਾਈਲ: ਮੁਹੱਬਤ ਦੇ ਜਾਲ 'ਚ ਫਸਾਉਣ ਵਾਲੀ ਮੋਸਾਦ ਦੀ ਜਾਸੂਸ

ਸਾਲ 1986 'ਚ ਦੁਨੀਆਂ ਭਰ ਦੇ ਅਖ਼ਬਾਰਾਂ ਵਿੱਚ ਇਹ ਖ਼ਬਰ ਸੀ ਕਿ ਇਸਰਾਈਲ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾ ਰਿਹਾ ਹੈ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਉਸ ਦਾ ਪਰਮਾਣੂ ਜ਼ਖੀਰਾ ਕਾਫ਼ੀ ਵੱਡਾ ਹੈ।

ਦੁਨੀਆਂ ਅੱਗੇ ਇਸਰਾਈਲ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਆਉਣ ਵਾਲੇ ਸ਼ਖ਼ਸ ਦਾ ਨਾਂ ਮੌਰਡੇਖਾਈ ਵਨੁਨੁ ਸੀ। ਉਸ ਨੂੰ ਫੜਨ ਲਈ ਇਸਰਾਈਲ ਨੇ ਇੱਕ ਗੁਪਤ ਅਭਿਆਨ ਚਲਾਇਆ।

ਵਨੁਨੁ ਨੂੰ ਪਿਆਰ ਦੇ ਜਾਲ੍ਹ ਵਿੱਚ ਫਸਾਉਣ ਲਈ ਇੱਕ ਮਹਿਲਾ ਜਾਸੂਸ ਨੂੰ ਭੇਜਿਆ ਗਿਆ ਜੋ ਉਸ ਨੂੰ ਲੰਡਨ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਲੈ ਜਾਏਗੀ।

ਬਾਅਦ 'ਚ ਵਨੁਨੁ ਨੂੰ ਅਗਵਾ ਕਰ ਲਿਆ ਗਿਆ ਅਤੇ ਇਸਰਾਈਲ ਵਿੱਚ ਉਨ੍ਹਾਂ 'ਤੇ ਮੁਕੱਦਮਾ ਚੱਲਿਆ। ਅੱਜ ਵੀ ਵਨੁਨੁ ਨੂੰ ਆਪਣੀ ਆਜ਼ਾਦੀ ਦੀ ਉਡੀਕ ਹੈ।

ਤੁਹਾਨੂੰ ਦੱਸਦੇ ਹਾਂ ਮੌਰਡੇਖਾਈ ਵਨੁਨੁ ਦੀ ਕਹਾਣੀ ਅਤੇ ਕਿਵੇਂ 'ਸਿੰਡੀ' ਨਾਂ ਦੀ ਇੱਕ ਜਾਸੂਸ ਨੇ ਉਨ੍ਹਾਂ ਨੂੰ ਫੜਨ 'ਚ ਇਸਰਾਈਲ ਦੀ ਮਦਦ ਕੀਤੀ।

ਤਕਨੀਸ਼ੀਅਨ ਤੋਂ ਵਿਸਲਬਲੋਅਰ

ਵਨੁਨੁ 1976 ਤੋਂ ਲੈ ਕੇ 1985 ਤੱਕ ਇਸਰਾਈਲ ਦੇ ਬੀਰਸ਼ੇਬਾ ਕੋਲ ਨੇਗੇਵ ਰੇਗਿਸਤਾਨ 'ਚ ਸਥਿਤ ਡਿਮਾਨੋ ਪਰਮਾਣੂ ਪਲਾਂਟ ਵਿੱਚ ਤਕਨੀਸ਼ੀਅਨ ਦਾ ਕੰਮ ਕਰਦੇ ਸੀ। ਉੱਥੇ ਉਹ ਪਰਮਾਣੂ ਬੰਬ ਲਈ ਪਲੂਟੋਨਿਅਮ ਬਣਾਉਂਦੇ ਸੀ।

ਨਿਊਕਲਿਅਰ ਵੈਪੰਸ ਐਂਡ ਨੌਨਪ੍ਰੌਲੀਫਿਕੇਸ਼ਨ: ਅ ਰੈਫਰੰਸ ਹੈਂਡਬੁਕ ਮੁਤਾਬਕ ਉਨ੍ਹਾਂ ਨੇ ਬੇਨ ਗੁਰਿਓਨ ਯੂਨੀਵਰਸਿਟੀ ਤੋਂ ਦਰਸ਼ਨ ਸ਼ਾਸਤਰ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਅਜਿਹੇ ਸਮੂਹਾਂ ਨਾਲ ਜੁੜਣ ਲੱਗੇ ਜੋ ਫਲਸਤੀਨੀਆਂ ਪ੍ਰਤੀ ਸੰਵੇਦਨਾ ਰੱਖਦੇ ਸੀ।

30 ਸਾਲ ਦੇ ਵਨੁਨੁ ਛੇਤੀ ਹੀ ਸੁਰੱਖਿਆ ਅਧਿਕਾਰੀਆਂ ਦੀ ਨਜ਼ਰ ਵਿੱਚ ਆ ਗਏ ਅਤੇ 1985 ਵਿੱਚ ਉਨ੍ਹਾਂ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ।

ਪਰ ਨੌਕਰੀ ਛੱਡਣ ਤੋਂ ਪਹਿਲਾਂ ਉਨ੍ਹਾਂ ਡਿਮਾਨੋ ਪਰਮਾਣੂ ਪਲਾਂਟ, ਹਾਈਡਰੋਜਨ ਅਤੇ ਨਿਊਟਨ ਬੰਬਾਂ ਦੀਆਂ ਤਕਰੀਬਨ 60 ਗੁਪਤ ਤਸਵੀਰਾਂ ਲਈਆਂ ਅਤੇ ਦੇਸ਼ ਛੱਡ ਦਿੱਤਾ। ਉਹ ਆਸਟ੍ਰੇਲੀਆ ਜਾ ਕੇ ਇਸਾਈ ਬਣ ਗਏ।

ਇਸ ਤੋਂ ਬਾਅਦ ਉਨ੍ਹਾਂ ਨੇ ਲੰਡਨ ਵਿੱਚ ਸੰਡੇ ਟਾਈਮਸ ਦੇ ਪੱਤਰਕਾਰ ਪੀਟਰ ਹੂਨਮ ਨੂੰ ਇਹ ਤਸਵੀਰਾਂ ਦਿੱਤੀਆਂ।

ਉਹ ਲੇਖ, ਜਿਸ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ

ਵਨੁਨੁ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ 5 ਅਕਤੂਬਰ 1986 ਨੂੰ ਸੰਡੇ ਟਾਈਮਸ ਵਿੱਚ ਲੇਖ ਛਪਿਆ- 'ਰੀਵੀਲਡ: ਦ ਸੀਕਰੇਟਸ ਆਫ ਇਸਰਾਈਲਜ਼ ਨਿਊਕਲੀਅਰ ਆਰਸੇਨਲ'। ਇਸ ਲੇਖ ਤੋਂ ਬਾਅਦ ਜਿਵੇਂ ਦੁਨੀਆਂ ਵਿੱਚ ਭੁਚਾਲ ਹੀ ਆ ਗਿਆ।

'ਨਿਊਕਲੀਅਰ ਵੈਪੰਸ ਐਂਡ ਨੌਨਪ੍ਰੌਲੀਫਿਕੇਸ਼ਨ: ਅ ਰੈਫਰੰਸ ਹੈਂਡਬੁੱਕ' ਮੁਤਾਬਕ ਅਮਰੀਕਾ ਦੀ ਖੂਫੀਆ ਏਜੰਸੀ ਸੀਆਈਏ ਨੂੰ ਲੱਗਦਾ ਸੀ ਕਿ ਇਸਰਾਈਲ ਕੋਲ 10-15 ਪਰਮਾਣੂ ਹੱਥਿਆਰ ਹੀ ਹਨ।

ਪਰ ਵਨੁਨੁ ਨੇ ਦੱਸਿਆ ਇਸਰਾਈਲ ਕੋਲ ਅੰਡਰਗਰਾਉਂਡ ਪਲੂਟੋਨਿਅਮ ਸੈਪਰੇਸ਼ਨ ਸੁਵਿਧਾ ਸੀ ਅਤੇ ਉਸ ਕੋਲ ਲੱਗਭਗ 150 ਤੋਂ 200 ਪਰਮਾਣੂ ਹੱਥਿਆਰ ਸਨ।

20ਵੀਂ ਸਦੀ ਦੀਆਂ ਚਰਚਿਤ ਘਟਨਾਵਾਂ 'ਤੇ ਛਪੀ ਦਿ ਨਿਊ ਯੌਰਕ ਟਾਈਮਸ ਦੀ ਕਿਤਾਬ 'ਪਾਲਿਟਿਕਲ ਸੈਂਸਰਸ਼ਿਪ' ਨੇ ਲਿਖਿਆ ਕਿ ਬਾਅਦ 'ਚ ਵਨੁਨੁ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਖੁਲਾਸੇ ਕਰਕੇ ਇਸਰਾਈਲ ਦੇ ਤਤਕਾਲੀ ਪ੍ਰਧਾਨਮੰਤਰੀ ਸ਼ਿਮੋਨ ਪੇਰੇਸ ਅਮਰੀਕਾ ਦੇ ਰਾਸ਼ਟਰਪਤੀ ਰੋਨਲਡ ਰੀਗਨ ਨੂੰ ਝੂਠ ਨਹੀਂ ਬੋਲ ਸਕਦੇ ਸੀ ਕਿ ਉਨ੍ਹਾਂ ਕੋਲ੍ਹ ਪਰਮਾਣੂ ਹੱਥਿਆਰ ਨਹੀਂ ਸਨ।

ਸੰਡੇ ਟਾਈਮਸ ਨੂੰ ਪੂਰੀ ਜਾਣਕਾਰੀ ਦੇਣ ਲਈ ਵਨੁਨੁ ਲੰਡਨ ਗਏ ਸੀ। ਪਰ 1986 ਵਿੱਚ ਲੇਖ ਛਪਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਬ੍ਰਿਟੇਨ ਤੋਂ ਬਾਹਰ ਕੱਢ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਹੋਈ। ਇਹ ਸਾਜ਼ਿਸ਼ ਇਸਰਾਈਲ ਦੀ ਜਾਸੂਸੀ ਏਜੰਸੀ ਮੋਸਾਦ ਨੇ ਕੀਤੀ।

ਕਿਤਾਬ 'ਪੌਲਿਟਿਕਲ ਸੈਂਸਰਸ਼ਿਪ' ਮੁਤਾਬਕ ਮੋਸਾਦ ਨੇ ਉਨ੍ਹਾਂ ਨੂੰ ਲੰਡਨ ਤੋਂ ਇਟਲੀ ਲਿਆਉਣ ਲਈ ਇੱਕ ਮਹਿਲਾ ਜਾਸੂਸ ਨੂੰ ਭੇਜਿਆ ਸੀ।

ਉਹ ਚਾਹੁੰਦੇ ਸੀ ਕਿ ਬ੍ਰਿਟੇਨ ਵਿੱਚ ਵਨੁਨੁ ਦੇ ਨਾਲ ਜ਼ਬਰਦਸਤੀ ਨਾ ਕੀਤੀ ਜਾਏ ਅਤੇ ਉਹ ਆਪ ਹੀ ਉੱਥੋਂ ਨਿੱਕਲ ਜਾਣ ਤਾਂ ਜੋ ਕੋਈ ਵਿਵਾਦ ਨਾ ਹੋਵੇ।

ਮੋਸਾਦ ਦੀ 'ਸਿੰਡੀ' ਦੇ ਜਾਲ 'ਚ ਫਸੇ ਵਨੁਨੁ

ਪੀਟਰ ਹੂਨਮ ਨੇ ਆਪਣੀ ਕਿਤਾਬ 'ਦ ਵੂਮਨ ਫਰਾਮ ਮੋਸਾਦ' 'ਚ ਲਿਖਿਆ ਕਿ ਲੰਡਨ ਵਿੱਚ ਇੱਕ ਦਿਨ (24 ਸਤੰਬਰ 1986) ਵਨੁਨੁ ਨੇ ਇੱਕ ਸੋਹਣੀ ਕੁੜੀ ਨੂੰ ਵੇਖਿਆ ਜੋ ਖੋਈ ਖੋਈ ਲੱਗ ਰਹੀ ਸੀ।

ਵਨੁਨੁ ਨੇ ਉਸ ਨੂੰ ਕੌਫ਼ੀ ਲਈ ਪੁੱਛਿਆ ਤੇ ਉਹ ਰਾਜ਼ੀ ਹੋ ਗਈ। ਗੱਲਬਾਤ ਦੌਰਾਨ ਉਸ ਕੁੜੀ ਨੇ ਦੱਸਿਆ ਕਿ ਉਸ ਦਾ ਨਾਂ 'ਸਿੰਡੀ' ਹੈ ਅਤੇ ਉਹ ਇੱਕ ਅਮਰੀਕੀ ਬਿਊਟੀਸ਼ਿਅਨ ਹੈ।

ਪਹਿਲੀ ਹੀ ਮੁਲਾਕਾਤ ਤੋਂ ਬਾਅਦ ਉਹ ਇਕੱਠੇ ਘੁੰਮਣ ਫਿਰਨ ਲੱਗੇ। ਪੀਟਰ ਹੂਨਮ ਨੇ ਲਿਖਿਆ ਕਿ ਵਨੁਨੁ ਨੇ ਦੱਸਿਆ ਸੀ ਕਿ 'ਸਿੰਡੀ' ਆਪਣੇ ਘਰ ਦਾ ਪਤਾ ਨਹੀਂ ਦੱਸਣਾ ਚਾਹੁੰਦੀ ਸੀ।

ਪਰ ਵਨੁਨੁ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਉਹ ਦਿ ਮਾਉਂਟਬੇਟਨ ਹੋਟਲ ਦੇ ਕਮਰਾ ਨੰਬਰ 105 ਵਿੱਚ ਜੌਰਜ ਫਾਸਟ੍ਰੀ ਦੇ ਫਰਜ਼ੀ ਨਾਂ ਤੋਂ ਠਹਿਰੇ ਸਨ।

ਇੱਕ ਪਾਸੇ ਸੰਡੇ ਟਾਈਮਸ ਨਾਲ ਕਹਾਣੀ 'ਤੇ ਗੱਲਬਾਤ ਚੱਲ ਰਹੀ ਸੀ ਅਤੇ ਦੂਜੇ ਪਾਸੇ 'ਸਿੰਡੀ' ਦੇ ਨਾਲ ਵਨੁਨੁ ਦੀਆਂ ਮੁਲਾਕਾਤਾਂ ਵੱਧ ਰਹੀਆਂ ਸਨ।

ਵਨੁਨੁ ਕੁਝ ਸਮੇਂ ਲਈ ਬ੍ਰਿਟੇਨ ਤੋਂ ਬਾਹਰ ਜਾਣ ਦੀ ਯੋਜਨਾ ਵੀ ਬਣਾ ਰਹੇ ਸਨ ਤੇ ਆਖ਼ਰਕਾਰ 30 ਸਤੰਬਰ ਨੂੰ ਉਹ 'ਸਿੰਡੀ' ਦੇ ਨਾਲ ਰੋਮ ਪਹੁੰਚ ਗਏ।

ਬ੍ਰਿਟੇਨ ਤੋਂ ਗਾਇਬ ਹੋਏ ਵਨੁਨੁ ਇਸਰਾਈਲ ਪਹੁੰਚੇ

ਪੀਟਰ ਹੂਨਮ ਮੁਤਾਬਕ, ਵਨੁਨੁ ਦੇ ਬ੍ਰਿਟੇਨ ਤੋਂ ਗਾਇਬ ਹੋਣ ਦੀ ਖਬਰ ਦੇ ਤਿੰਨ ਹਫਤਿਆਂ ਬਾਅਦ ਨਿਊਜ਼ਵੀਕ ਨੇ ਖਬਰ ਪ੍ਰਕਾਸ਼ਿਤ ਕੀਤੀ ਕਿ ਵਨੁਨੁ ਇਸਰਾਈਲ ਵਿੱਚ ਹਨ ਅਤੇ ਉੱਥੇ ਉਨ੍ਹਾਂ ਨੂੰ 15 ਦਿਨਾਂ ਦੀ ਹਿਰਾਸਤ ਵਿੱਚ ਲਿਆ ਗਿਆ ਹੈ।

ਨਿਊਜ਼ਵੀਕ ਮੁਤਾਬਕ ਵਨੁਨੁ ਨੂੰ ਉਨ੍ਹਾਂ ਦੀ ਇੱਕ ਮਿੱਤਰ ਕੁੜੀ ਨੇ ਛੋਟੇ ਸਮੁੰਦਰੀ ਜਹਾਜ਼ ਵਿੱਚ ਸਮੁੰਦਰ ਰਾਹੀਂ ਇਟਲੀ ਜਾਣ ਲਈ ਮਨਾਇਆ ਸੀ।

ਇਟਲੀ ਅਤੇ ਕਿਸੇ ਹੋਰ ਦੇਸ਼ ਦੀ ਸਮੁੰਦਰੀ ਸੀਮਾ ਨੂੰ ਪਾਰ ਕਰਨ ਤੋਂ ਬਾਅਦ ਮੋਸਾਦ ਦੇ ਏਜੰਟਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਇਸਰਾਈਲ ਨੂੰ ਦੇ ਦਿੱਤਾ ਸੀ।

1986 ਦਸੰਬਰ ਵਿੱਚ ਲਾਸ ਏਂਜਲਸ ਟਾਈਮਸ ਨੇ ਪੂਰਵੀ ਜਰਮਨੀ ਦੀ ਖ਼ਬਰ ਏਜੰਸੀ ਦੇ ਹਵਾਲੇ ਨਾਲ ਖਬਰ ਦਿੱਤੀ ਕਿ 30 ਸਤੰਬਰ ਨੂੰ ਵਨੁਨੁ ਨੂੰ ਰੋਮ ਤੋਂ ਅਗਵਾ ਕੀਤਾ ਗਿਆ ਸੀ।

ਪੀਟਰ ਹੂਨਮ ਲਿੱਖਦੇ ਹਨ ਕਿ ਵਨੁਨੁ ਇਹ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਉਨ੍ਹਾਂ ਦੀ ਮਿੱਤਰ 'ਸਿੰਡੀ' ਮੋਸਾਦ ਦੀ ਏਜੰਟ ਸੀ।

ਦਿ ਸੰਡੇ ਟਾਈਮਸ ਨੇ ਇੱਕ ਸਾਲ ਬਾਅਦ 1987 ਵਿੱਚ 'ਸਿੰਡੀ' ਦੀ ਪਛਾਣ ਨਾਲ ਸਬੰਧਤ ਇੱਕ ਕਹਾਣੀ ਪ੍ਰਕਾਸ਼ਿਤ ਕੀਤੀ ਸੀ ਪਰ ਉਸ 'ਤੇ ਵੀ ਯਕੀਨ ਕਰਨ ਤੋਂ ਵਨੁਨੁ ਨੇ ਇਨਕਾਰ ਕਰ ਦਿੱਤਾ ਸੀ।

ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਮੰਨ ਲਿਆ ਸੀ ਕਿ 'ਸਿੰਡੀ' ਮੋਸਾਦ ਏਜੰਟ ਸੀ ਅਤੇ ਉਨ੍ਹਾਂ ਨੂੰ ਫਸਾਇਆ ਗਿਆ ਸੀ।

'ਸਿੰਡੀ' ਦੀ ਅਸਲ ਪਛਾਣ ਕੀ ਸੀ?

ਪੀਟਰ ਹੂਨਮ ਮੁਤਾਬਕ 'ਸਿੰਡੀ' ਦਾ ਅਸਲ ਨਾਂ ਸ਼ੇਰਿਲ ਹੈਨਿਨ ਬੇਨਟੋਵ ਹੈ।

2004 'ਚ ਸੇਂਟ ਪੀਟਰਸਬਰਗ ਟਾਈਮਸ ਨੇ ਲਿਖਿਆ ਸੀ ਕਿ ਸ਼ੇਰਿਲ ਹੈਨਨ ਬੇਨਟੋਵ 1978 ਵਿੱਚ ਇਸਰਾਈਲੀ ਫੌਜ ਵਿੱਚ ਸ਼ਾਮਲ ਹੋਈ ਸੀ।

ਬਾਅਦ 'ਚ ਉਹ ਮੋਸਾਦ ਵਿੱਚ ਸ਼ਾਮਲ ਹੋਈ ਤੇ ਇਸਰਾਈਲ ਦੇ ਸਿਫ਼ਾਰਤਖਾਨਿਆਂ ਨਾਲ ਜੁੜ ਕੇ ਕੰਮ ਕਰਨ ਲੱਗੀ।

ਦੱਸਿਆ ਜਾਂਦਾ ਹੈ ਕਿ ਪੀਟਰ ਹੂਨਮ ਨੇ ਇਸਰਾਈਲ ਦੇ ਸ਼ਹਿਰ ਨੇਤਨਯਾ ਵਿੱਚ ਸ਼ੇਰਿਲ ਨੂੰ ਲੱਭ ਲਿਆ, ਜਿੱਥੇ ਉਹ ਆਪਣੇ ਪਤੀ ਨਾਲ ਰਹਿੰਦੀ ਸੀ।

ਉਨ੍ਹਾਂ ਨੇ ਆਪਣੇ 'ਸਿੰਡੀ' ਹੋਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਅਤੇ ਉੱਥੋਂ ਚਲੀ ਗਈ। ਪਰ ਪੀਟਰ ਨੇ ਉਸ ਦੀਆਂ ਕੁਝ ਤਸਵੀਰਾਂ ਖਿੱਚ ਲਈਆਂ ਸਨ। ਇਸ ਘਟਨਾ ਤੋਂ ਬਾਅਦ ਸ਼ੇਰਿਲ ਕਈ ਸਾਲਾਂ ਤਕ ਨਹੀਂ ਵਿਖੀ।

ਗੋਰਡਨ ਥੌਮਸ ਨੇ ਆਪਣੀ ਕਿਤਾਬ 'ਗੀਡੋਂਸ ਸਪਾਈਸ: ਮੋਸਾਦਸ ਸੀਕਰੇਟ ਵਾਰਿਯਰਸ' ਵਿੱਚ ਲਿਖਿਆ ਹੈ ਕਿ 1997 ਵਿੱਚ ਸ਼ੇਰਿਲ ਨੂੰ ਔਰਲੈਂਡੋ ਵਿੱਚ ਵੇਖਿਆ ਗਿਆ ਸੀ।

ਇੱਥੇ ਸੰਡੇ ਟਾਈਮਸ ਦੇ ਇੱਕ ਪੱਤਰਕਾਰ ਦੇ ਸਵਾਲ ਕਰਨ 'ਤੇ ਉਨ੍ਹਾਂ ਵਨੁਨੁ ਨੂੰ ਅਗਵਾ ਕਰਨ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਸੀ।

ਵਨੁਨੂ ਨੂੰ ਸਜ਼ਾ ਤੇ ਆਜ਼ਾਦੀ ਦੀ ਮੁਹਿੰਮ

ਮੌਰਡੇਖਾਈ ਵਨੁਨੁ ਨੂੰ 1988 ਵਿੱਚ ਇਸਰਾਈਲ 'ਚ 18 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। 13 ਸਾਲ ਉਨ੍ਹਾਂ ਨੇ ਜੇਲ੍ਹ ਵਿੱਚ ਗੁਜ਼ਾਰੇ।

2004 ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਪਰ ਉਨ੍ਹਾਂ 'ਤੇ ਕਈ ਬੰਦਸ਼ਾਂ ਲਾ ਦਿੱਤੀਆਂ ਗਈਆਂ।

ਪਰ ਪਰਮਾਣੂ ਮੁਕਤ ਦੁਨੀਆਂ ਬਣਾਉਣ ਲਈ ਉਨ੍ਹਾਂ ਦੇ ਸਹਿਯੋਗ ਦੀ ਜੰਮ ਕੇ ਸਿਫ਼ਤ ਹੋਈ। ਉਨ੍ਹਾਂ ਨੂੰ ਬਚਾਉਣ ਲਈ ਕੌਮਾਂਤਰੀ ਪੱਧਰ 'ਤੇ ਮੁਹਿੰਮ ਚਲਾਈ ਗਈ।

ਵਨੁਨੁ ਦੀ ਆਜ਼ਾਦੀ ਲਈ ਚਲਾਏ ਗਏ ਇੱਕ ਅਭਿਆਨ ਮੁਤਾਬਕ 21 ਅਪ੍ਰੈਲ ਨੂੰ ਜੇਲ੍ਹ 'ਚੋਂ ਛੁੱਟਣ ਤੋਂ ਬਾਅਦ ਵਨੁਨੁ ਸੇਂਟ ਜਾਰਜ ਕੈਥੇਡਰਲ ਵਿੱਚ ਰਹਿ ਰਹੇ ਸੀ।

ਉੱਥੇ ਯੇਰੋਸ਼ਲਮ ਦੇ ਏਪਿਸਕੋਪਲ ਬਿਸ਼ਪ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਸੀ। 11 ਨਵੰਬਰ 2004 ਨੂੰ ਲੱਗਭਗ 30 ਇਸਰਾਈਲੀ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਬਾਅਦ 'ਚ ਉਸੇ ਰਾਤ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਪਰ ਇਸਰਾਈਲ ਨੇ ਉਨ੍ਹਾਂ 'ਤੇ ਪਬੰਦੀਆਂ ਲਾਈਆਂ ਜੋ 32 ਸਾਲ ਬਾਅਦ ਅੱਜ ਵੀ ਲਾਗੂ ਹਨ। ਪਿੱਛਲੇ ਸਾਲ ਨੌਰਵੇ ਨੇ ਵਨੁਨੁ ਨੂੰ ਔਸਲੋ ਵਿੱਚ ਰਹਿਣ ਦਾ ਪ੍ਰਸਤਾਵ ਦਿੱਤਾ ਸੀ। ਵਨੁਨੁ ਦੀ ਪਤਨੀ ਔਸਲੋ ਵਿੱਚ ਰਹਿੰਦੀ ਹੈ।

ਇਸਰਾਈਲ ਦਾ ਪਰਮਾਣੂ ਪ੍ਰੋਗਰਾਮ

ਇਸਰਾਈਲ ਨੇ 1950 ਵਿੱਚ ਫਰਾਂਸ ਦੀ ਮਦਦ ਨਾਲ ਨੇਗੇਵ 'ਚ ਪਰਮਾਣੂ ਰਿਐਕਟਰ ਬਣਾਇਆ ਸੀ।

ਪੂਰੀ ਦੁਨੀਆਂ ਨੇ ਇਹੀ ਮੰਨਿਆ ਕਿ ਇਹ ਕਪੜੇ ਦਾ ਕਾਰਖਾਨਾ ਹੈ, ਐਗ੍ਰੀਕਲਚਰ ਸਟੇਸ਼ਨ ਹੈ ਜਾਂ ਫਿਰ ਰਿਸਰਚ ਦਾ ਕੋਈ ਕੇਂਦਰ ਹੈ।

1958 ਵਿੱਚ ਯੂ-2 ਜਾਸੂਸੀ ਹਵਾਈ ਜਹਾਜ਼ਾਂ ਨੂੰ ਸ਼ੱਕ ਸੀ ਕਿ ਇਸਰਾਈਲ ਪਰਮਾਣੂ ਪ੍ਰੋਗਰਾਮ 'ਤੇ ਅੱਗੇ ਵਧ ਰਿਹਾ ਹੈ।

1960 ਵਿੱਚ ਆਖ਼ਰਕਾਰ ਤਤਕਾਲੀ ਪ੍ਰਧਾਨਮੰਤਰੀ ਡੇਵਿਡ ਬੇਨ ਗੁਰਿਯੋਨ ਨੇ ਡਿਮਾਨੋ ਬਾਰੇ ਕਿਹਾ ਕਿ ਇਹ ਪਰਮਾਣੂ ਰਿਸਰਚ ਕੇਂਦਰ ਹੈ ਜਿਸ ਨੂੰ ਸ਼ਾਂਤੀਪੂਰਣ ਮੰਤਵ ਲਈ ਬਣਾਇਆ ਗਿਆ ਹੈ।

ਇਸਰਾਈਲ ਪਰਮਾਣੂ ਪ੍ਰੋਗਰਾਮ ਵਿੱਚ ਕਿੰਨਾ ਅੱਗੇ ਵਧ ਰਿਹਾ ਹੈ, ਇਸ ਦਾ ਪਤਾ ਲਗਾਉਣ ਲਈ ਅਮਰੀਕਾ ਦੇ ਕਈ ਅਧਿਕਾਰੀਆਂ ਨੇ ਇਸਰਾਈਲ ਦਾ ਦੌਰਾ ਕੀਤਾ। ਪਰ ਉਹ ਸਾਫ ਸਾਫ ਅੰਦਾਜ਼ਾ ਨਹੀਂ ਲਗਾ ਸਕੇ।

1968 ਵਿੱਚ ਸੀਆਈਏ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਸਰਾਈਲ ਨੇ ਪਰਮਾਣੂ ਹੱਥਿਆਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਬਾਅਦ 'ਚ ਵਨੁਨੁ ਦੇ ਖੁਲਾਸੇ ਨੇ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਝੰਝੋੜ ਕੇ ਰੱਖ ਦਿੱਤਾ।

ਸ਼ਿਮੋਨ ਪੇਰੇਸ ਨੇ ਇਸਰਾਈਲ ਦੇ ਗੁਪਤ ਪਰਮਾਣੂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ।

2016 ਵਿੱਚ ਬੈਨਯਾਮਿਨ ਨੇਤਨਯਾਹੂ ਨੇ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਕੈਬਿਨੇਟ ਵਿੱਚ ਇੱਕ ਬੈਠਕ ਦੌਰਾਨ ਕਿਹਾ ਸੀ ਕਿ ਨੇਗੇਵ ਵਿੱਚ ਪਰਮਾਣੂ ਰਿਐਕਟਰ ਦਾ ਨਾਂ ਬਦਲ ਕੇ ਸ਼ਿਮੋਨ ਪੇਰੇਸ ਦੇ ਨਾਂ 'ਤੇ ਰੱਖਿਆ ਜਾਏਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)