ਸਾਉਦੀ ਅਰਬ ਨੇ ਪਹਿਲੀ ਵਾਰ ਔਰਤਾਂ ਨੂੰ ਸਟੇਡੀਅਮ 'ਚ ਬੈਠ ਕੇ ਫੁੱਟਬਾਲ ਮੈਚ ਦੇਖਣ ਦੀ ਆਗਿਆ ਦਿੱਤੀ

ਸਾਉਦੀ ਅਰਬ ਨੇ ਇਤਿਹਾਸ ਵਿੱਚ ਪਹਿਲੀ ਵਾਰ ਔਰਤਾਂ ਨੂੰ ਫੁੱਟਬਾਲ ਮੈਚ ਦੇਖਣ ਦੀ ਇਜਾਜ਼ਤ ਦਿੱਤੀ।

ਇਹ ਕਦਮ ਕੱਟੜ ਮੁਸਲਿਮ ਦੇਸ ਵਿੱਚ ਲਿੰਗ ਭੇਦ ਮੇਟਣ ਦੇ ਇਰਾਦੇ ਨਾਲ ਚੁੱਕਿਆ ਗਿਆ ਹੈ।

ਸ਼ੁੱਕਰਵਾਰ ਨੂੰ ਔਰਤਾਂ ਦਾ ਇੱਕ ਗਰੁੱਪ ਬੇਫ਼ਿਕਰ ਹੋ ਕੇ ਜਾਰਡਨ ਦੇ ਖੇਡ ਸਟੇਡੀਅਮ ਵਿੱਚ ਆਰਾਮ ਨਾਲ ਸੀਟਾਂ 'ਤੇ ਬੈਠ ਕੇ ਮੈਚ ਦੇਖਦਿਆਂ ਦੇਖਿਆ ਗਿਆ ।

ਇਸ ਫੈਸਲੇ ਨੂੰ ਯੁਵਰਾਜ ਮੋਹੰਮਦ ਬਿਨ ਸਾਲਮਨ ਦੇ ਦੇਸ ਨੂੰ ਆਧੁਨਿਕਤਾ ਵੱਲ ਲਿਜਾਉਣ ਲਈ ਚੁੱਕੇ ਜਾ ਰਹੇ ਕਦਮਾਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਔਰਤਾਂ ਲਈ ਖ਼ਾਸ ਕਾਰ ਸ਼ੋਅਰੂਮ ਦਾ ਵੀ ਉਦਘਾਟਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਸਤੰਬਰ ਵਿੱਚ ਔਰਤਾਂ ਨੂੰ ਡ੍ਰਾਈਵਿੰਗ ਦੀ ਆਗਿਆ ਮਿਲੀ ਸੀ। ਉੱਥੇ ਔਰਤਾਂ ਇਸ ਸਾਲ ਜੂਨ ਤੋਂ ਡ੍ਰਾਈਵਿੰਗ ਕਰ ਸਕਣਗੀਆਂ।

ਔਰਤਾਂ ਨੇ ਸ਼ੋਅਰੂਮ ਵਿੱਚ ਵਾਹਨਾਂ ਦਾ ਬਾਖੂਬੀ ਜਾਇਜ਼ਾ ਲਿਆ ਸੀ।

ਸਟੇਡੀਅਮ ਵਿੱਚ ਪਰਿਵਾਰਾਂ ਦੇ ਸਵਾਗਤ ਲਈ ਮਹਿਲਾ ਮੁਲਾਜ਼ਮ ਲਾਈਆਂ ਗਈਆਂ ਸਨ। ਬੀਬੀਆਂ ਤੇ ਮਹਿਲਾ ਮੁਲਾਜ਼ਮਾਂ ਨੇ ਰਵਾਇਤੀ ਕਾਲੇ ਲਿਬਾਸ ਪਾਏ ਹੋਏ ਸਨ। ਨਵੇਂ ਦਰਸ਼ਕਾਂ ਨੇ ਇਸ ਮੌਕੇ ਦਾ ਭਰਪੂਰ ਆਨੰਦ ਮਾਣਿਆ ਅਤੇ ਸਥਾਨਕ ਟੀਮ ਨੂੰ ਹੱਲਾਸ਼ੇਰੀ ਦਿੱਤੀ।

ਮੈਚ ਦੇ ਦੋ ਘੰਟਿਆਂ ਦੌਰਾਨ ਨਵੇਂ ਦਰਸ਼ਕਾਂ ਦਾ ਸਵਾਗਤ ਕਰਦਾ ਹੈਸ਼ਟੈਗ ਵੀ ਹਜ਼ਾਰਾਂ ਵਾਰ ਸਾਂਝਾ ਕੀਤਾ ਗਿਆ।

32 ਸਾਲਾ ਫੁਟਬਾਲ ਖਿਡਾਰਨ ਲਾਮਿਆ ਖਾਲਿਦ ਨਸਰ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਉਹ ਇਸ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ।

" ਇਹ ਮੌਕਾ ਸਾਬਤ ਕਰਦਾ ਹੈ ਕਿ ਅਸੀਂ ਇੱਕ ਖੁਸ਼ਹਾਲ ਭਵਿੱਖ ਵੱਲ ਵਧ ਰਹੇ ਹਾਂ। ਮੈਨੂੰ ਇਸ ਤਬਦੀਲੀ ਦੀ ਗਵਾਹ ਬਣਨ ਦਾ ਮਾਣ ਹੈ।"

ਜੇਦ ਦੀ ਇੱਕ ਹੋਰ ਨਾਗਰਿਕ ਰੁਵਾਦੀਆ ਅਲੀ ਕਾਸਿਮ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ," ਇਹ ਸਲਤਨਤ ਲਈ ਇੱਕ ਇਤਿਹਾਸਕ ਦਿਨ ਹੈ, ਜਦੋਂ ਬੁਨਿਆਦੀ ਤਬਦੀਲੀਆਂ ਹੋ ਰਹੀਆਂ ਹਨ।"

ਉਨ੍ਹਾਂ ਅੱਗੇ ਕਿਹਾ," ਮੈਂ ਇਸ ਮੌਕੇ ਅਤੇ ਸਲਤਨਤ ਦੁਆਰਾ ਹੋਰ ਸੱਭਿਅਕ ਮੁਲਕਾਂ ਵੱਲੋਂ ਅਪਣਾਏ ਤਰੀਕਿਆਂ ਨਾਲ ਕਦਮ ਮੇਚਣ ਦੀ ਕੋਸ਼ਿਸ਼ ਲਈ ਬਹੁਤ ਖੁਸ਼ ਹਾਂ"

ਸਾਉਦੀ ਸਰਕਾਰ ਨੇ ਇਹ ਇਜਾਜ਼ਤ ਪਿਛਲੇ ਹਫ਼ਤੇ ਦਿੱਤੀ ਸੀ ਕਿ ਔਰਤਾਂ ਸ਼ਨੀਵਾਰ ਨੂੰ ਹੋਣ ਵਾਲਾ ਦੂਜਾ ਮੈਚ ਅਤੇ ਵੀਰਵਾਰ ਨੂੰ ਹੋਣ ਵਾਲਾ ਤੀਜਾ ਮੈਚ ਵੇਖ ਸਕਣਗੀਆਂ।

ਕਈ ਫੁੱਟਬਾਲ ਕਲੱਬਾਂ ਨੇ ਟਵਿਟਰ ਰਾਹੀਂ ਬੀਬੀਆਂ ਨੂੰ ਇਸ ਮੌਕੇ ਲਈ ਉਸਸ਼ਾਹਿਤ ਕਰਨ ਖਾਤਰ ਰਵਾਇਤੀ ਪੌਸ਼ਾਕਾਂ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ।

ਸਾਉਦੀ ਅਰਬ ਦਾ ਰਾਜ ਪਰਿਵਾਰ ਤੇ ਸਰਕਾਰ ਵਹਾਬੀ ਇਸਲਾਮਿਕ ਕਾਨੂੰਨ ਦੀ ਪਾਲਣਾ ਕਰਦੀ ਹੈ। ਜਿਸ ਕਰਕੇ ਵਿਵਹਾਰ ਤੇ ਪਹਿਰਾਵੇ ਸੰਬੰਧੀ ਰਵਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ।

ਸਾਉਦੀ ਕਾਨੂੰਨਾਂ ਮੁਤਾਬਕ ਔਰਤਾਂ ਦੇ ਬਾਹਰ ਨਿਕਲਣ ਸਮੇਂ ਉਨ੍ਹਾਂ ਨਾਲ ਕਿਸੇ ਪਰਿਵਾਰਕ ਪੁਰਸ਼ ਦਾ ਹੋਣਾ ਜਰੂਰੀ ਹੈ। ਬਹੁਤੇ ਰੈਸਟੋਰੈਂਟਾਂ ਵਿੱਚ ਵੀ ਦੋ ਹਿੱਸੇ ਹੁੰਦੇ ਹਨ, ਇੱਕ ਸਿਰਫ ਮਰਦਾਂ ਲਈ ਤੇ ਦੂਸਰਾ ਔਰਤਾਂ ਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਲਈ।

ਹਾਲਾਂ ਕਿ ਦੇਸ ਵਿੱਚ ਔਰਤਾਂ ਦੀ ਆਜ਼ਾਦੀ ਦਿਨੋਂ-ਦਿਨ ਵਧ ਰਹੀ ਹੈ ਪਰ ਹਾਲੇ ਵੀ ਉਹ ਬਹੁਤ ਕੁੱਝ ਨਹੀਂ ਕਰ ਸਕਦੀਆਂ। ਜਿਵੇਂ-

  • ਉਹ ਪਾਸਪੋਰਟ ਲਈ ਅਪਲਾਈ ਨਹੀਂ ਕਰ ਸਕਦੀਆਂ।
  • ਵਿਦੇਸ਼ ਯਾਤਰਾ ਨਹੀਂ ਕਰ ਸਕਦੀਆਂ।
  • ਆਪਣੀ ਮਰਜੀ ਨਾਲ ਵਿਆਹ ਨਹੀਂ ਕਰਾ ਸਕਦੀਆਂ।
  • ਬੈਂਕ ਵਿੱਚ ਖਾਤਾ ਨਹੀਂ ਖੁੱਲ੍ਹਵਾ ਸਕਦੀਆਂ।
  • ਵਾਪਾਰ ਨਹੀਂ ਕਰ ਸਕਦੀਆਂ।
  • ਇੱਛਾ ਮੁਤਾਬਕ ਅਪ੍ਰੇਸ਼ਨ ਨਹੀਂ ਕਰਾ ਸਕਦੀਆਂ।
  • ਉਹ ਪਰਿਵਾਰ ਦੇ ਪੁਰਸ਼ ਮੈਂਬਰ ਦੀ ਇਜਾਜ਼ਤ ਤੋਂ ਬਿਨਾਂ ਕਈ ਮਾਮਲਿਆਂ ਵਿੱਚ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਦੀਆਂ।

ਦਸੰਬਰ ਵਿੱਚ ਮੋਹੰਮਦ ਬਿਨ ਸਾਲਮਨ ਨੇ ਸਿਨਮਾ ਘਰਾਂ 'ਤੇ ਦਹਾਕਿਆਂ ਤੋਂ ਚੱਲੇ ਆ ਰਹੀ ਪਾਬੰਦੀ ਨੂੰ ਹਟਾਇਆ ਸੀ ਤਾਂ ਕਿ ਦੇਸ ਦੀ ਮਨੋਰੰਜਨ ਸਨਅਤ ਵਿਕਾਸ ਕਰ ਸਕੇ। ਇਹ ਸੁਧਾਰ 32 ਸਾਲਾ ਪ੍ਰਿੰਸ ਮੁਹੰਮਦ ਵੱਲੋਂ ਐਲਾਨੀ ਇੱਕ ਮੁਹਿੰਮ ਮੁਤਾਬਕ ਹਨ ਜੋ "ਵਿਜ਼ਨ 2023" ਵਜੋਂ ਜਾਣੇ ਜਾਂਦੇ ਹਨ।

ਕੱਟੜਪੰਥੀਆਂ ਵੱਲੋਂ ਯੁਵਰਾਜ ਦੇ ਇਨ੍ਹਾਂ ਕਦਮਾਂ ਦੀ ਆਲੋਚਨਾ ਵੀ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕਾਰਜਾਂ ਨਾਲ ਸਾਉਦੀ ਸਮਾਜ ਦੇ ਉੱਚੇ ਨੈਤਿਕ ਮੁੱਲਾਂ ਵਿੱਚ ਨਿਘਾਰ ਆਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)