You’re viewing a text-only version of this website that uses less data. View the main version of the website including all images and videos.
ਸਾਊਦੀ ਅਰਬ 'ਚ 11 ਰਾਜਕੁਮਾਰ ਅਤੇ ਮੰਤਰੀ ਹਿਰਾਸਤ ਵਿੱਚ
ਸਾਊਦੀ ਅਰਬ ਦੀ ਭਰਿਸ਼ਟਾਚਾਰ ਵਿਰੋਧੀ ਕਮੇਟੀ ਨੇ 11 ਰਾਜਕੁਮਾਰਾਂ, 4 ਮੌਜੂਦਾ ਮੰਤਰੀਆਂ ਅਤੇ ਦਰਜਨਾਂ ਸਾਬਕਾ ਮੰਤਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਯੁਵਰਾਜ ਮੋਹੰਮਦ ਬਿਨ ਸਾਲਮਨ ਦੀ ਅਗਵਾਈ ਵਿੱਚ ਭਰਿਸ਼ਟਾਚਾਰ ਵਿਰੋਧੀ ਕਮੇਟੀ ਬਣਨ ਦੇ ਕੁਝ ਘੰਟਿਆਂ ਦੌਰਾਨ ਹੀ ਇਹ ਕਾਰਵਾਈ ਹੋਈ।
ਹਿਰਾਸਤ ਵਿੱਚ ਲਏ ਲੋਕਾਂ ਦੇ ਨਾਮ ਹਾਲੇ ਜਨਤਕ ਨਹੀਂ ਕੀਤੇ ਗਏ ਹਨ।
ਭਰਿਸ਼ਟਾਚਾਰ ਵਿਰੋਧੀ ਮੁਹਿੰਮ
ਬੀਬੀਸੀ ਦੇ ਸੁਰਖਿਆ ਪੱਤਰਕਾਰ ਫਰੈਂਕ ਗਾਰਡਨਰ ਦਾ ਕਹਿਣਾ ਹੈ ਕਿ ਯੁਵਰਾਜ ਆਪਣੀ ਤਾਕਤ ਇੱਕਠੀ ਕਰਨ ਦੇ ਨਾਲੋ-ਨਾਲ ਸੁਧਾਰ ਵੀ ਸ਼ੁਰੂ ਕਰ ਰਹੇ ਹਨ।
ਇਹ ਸਾਫ਼ ਨਹੀਂ ਹੈ ਕਿ ਹਿਰਾਸਤੀਆਂ ਉੱਪਰ ਕਿਸ ਗੱਲ ਦਾ ਸ਼ੱਕ ਹੈ।
ਸਾਊਦੀ ਪ੍ਰਸਾਰਣਕਾਰ ਅਲ-ਅਰੇਬੀਆ ਮੁਤਾਬਕ 2009 ਦੇ ਜਿੱਦਾਹ 'ਚ ਆਏ ਹੜ੍ਹ ਅਤੇ 2012 ਵਿੱਚ ਫ਼ੈਲੇ ਮੇਰਸ ਵਾਇਰਸ ਮਾਮਲਿਆਂ ਵਿੱਚ ਨਵੀਂ ਜਾਂਚ ਕੀਤੀ ਗਈ ਸੀ।
ਸਾਊਦੀ ਪ੍ਰੈਸ ਏਜੰਸੀ ਦੇਸ ਦੀ ਸਰਕਾਰੀ ਖ਼ਬਰ ਏਜੰਸੀ ਹੈ। ਇਸ ਮੁਤਾਬਕ, ਨਵੀਂ ਭਰਿਸ਼ਟਾਚਾਰ ਵਿਰੋਧੀ ਕਮੇਟੀ ਕੋਲ ਗ੍ਰਿਫ਼ਤਾਰੀ ਸੰਮਨ ਜਾਰੀ ਕਰਨ ਅਤੇ ਸਫ਼ਰੀ ਪਾਬੰਦੀਆਂ ਲਾਉਣ ਦੇ ਹੱਕ ਹਨ।
ਇਸਦੇ ਇਲਾਵਾ, ਸਾਉਦੀ ਨੈਸ਼ਨਲ ਗਾਰਡ ਅਤੇ ਨੇਵੀ ਮੁਖੀਆਂ ਨੂੰ ਵੀ ਬਦਲ ਦਿੱਤਾ ਗਿਆ ਹੈ।
ਸਾਊਦੀ ਪ੍ਰੈਸ ਏਜੰਸੀ ਦਾ ਕਹਿਣਾ ਹੈ ਕਿ ਬਾਦਸ਼ਾਹ ਸਲਮਾਨ ਨੇ ਨੈਸ਼ਨਲ ਗਾਰਡ ਮੰਤਰੀ ਰਾਜਕੁਮਾਰ ਮੀਤੇਬ ਬਿਨ ਅਬਦੁਲਾਹ ਅਤੇ ਨੇਵੀ ਕਮਾਂਡਰ ਐਡਮਿਰਲ ਅਬਦੁਲਾਹ ਬਿਨ ਸੁਲਤਾਨ ਨੂੰ ਬਰਖ਼ਾਸਤ ਕੀਤਾ।
ਹਾਲਾਂਕਿ ਬਰਖ਼ਾਸਤਗੀ ਦੀ ਵਜਾਹ ਨਹੀਂ ਦੱਸੀ ਗਈ।
ਰਾਜਕੁਮਾਰ ਮੀਤੇਬ ਬਿਨ ਅਬਦੁਲਾਹ ਮਰਹੂਮ ਬਾਦਸ਼ਾਹ ਅਬਦੁਲਾਹ ਦੀ ਔਲਾਦ ਹਨ।
ਉਨ੍ਹਾਂ ਨੂੰ ਕਿਸੇ ਸਮੇਂ ਤਖ਼ਤ ਦਾ ਦਾਅਵੇਦਾਰ ਸਮਝਿਆ ਜਾਂਦਾ ਸੀ। ਉਹ ਸਾਊਦੀ ਸਰਕਾਰ ਵਿੱਚ ਆਪਣੇ ਪਿਤਾ ਦੀ ਪੀੜ੍ਹੀ ਵਿੱਚੋਂ ਆਖ਼ਰੀ ਮੈਂਬਰ ਹਨ।
ਯੁਵਰਾਜ ਦਾ ਦੇਸ ਦਾ ਸੁਪਨਾ
ਸਾਡੇ ਪੱਤਰਕਾਰ ਦਾ ਕਹਿਣਾ ਹੈ ਕਿ ਯੁਵਰਾਜ ਮੋਹੰਮਦ, ਜੋ ਕਿ ਰੱਖਿਆ ਮੰਤਰੀ ਵੀ ਹਨ, ਦਾ ਦੇਸ ਦੀਆਂ ਫੌਜਾਂ ਉੱਪਰ ਨਾਂਮਤਰ ਹੀ ਕਾਬੂ ਹੈ।
ਰਿਆਧ ਵਿੱਚ ਇੱਕ ਆਰਥਿਕ ਕਾਨਫ਼ਰੰਸ ਨੂੰ ਸਬੋਧਨ ਕਰਦਿਆਂ ਉਨ੍ਹਾਂ ਨੇ "ਬਹੁਤ ਜਲਦ ਕੱਟੜਵਾਦ ਦੀਆਂ ਨਿਸ਼ਾਨੀਆਂ ਖ਼ਤਮ ਕਰਨ" ਦੀ ਸੋਂਹ ਚੁੱਕੀ ਸੀ।
ਪਿਛਲੇ ਸਾਲ ਯੁਵਰਾਜ ਮੋਹੰਮਦ ਨੇ ਤੇਲ ਨਿਰਭਰ ਦੇਸ ਵਿੱਚ ਸਮਾਜਿਕ ਅਤੇ ਆਰਥਿਕ ਤਬਦੀਲੀ ਲਿਆਉਣ ਲਈ ਵਿਸਤਰਤ ਯੋਜਨਾ ਦਾ ਖ਼ੁਲਾਸਾ ਕੀਤਾ ਸੀ।