BBC SPECIAL: ਫਿੱਕਾ ਪੈ ਗਿਆ ਹੈ ਭਾਰਤ ਤੇ ਇਜ਼ਰਾਈਲ ਦਾ ਰੋਮਾਂਸ?

- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਇਜ਼ਰਾਈਲ ਐਰੋਸਪੇਸ ਇੰਡਸਟ੍ਰੀਜ਼ ਲਿਮਿਟਿਡ ਦੀ ਇੱਕ ਫੈਕਟਰੀ ਵਿੱਚ ਚਾਰਾਂ ਪਾਸੇ ਡ੍ਰੋਨਜ਼ ਦਿੱਸ ਰਹੇ ਹਨ। ਕੁਝ ਪੂਰੇ ਤਿਆਰ ਹਨ ਅਤੇ ਕੁਝ ਅੱਧੇ।
ਭਾਰਤ ਦੀ ਫੌਜ ਕਈ ਸਾਲਾਂ ਤੋਂ ਇਨ੍ਹਾਂ ਡ੍ਰੋਨਜ਼ ਦਾ ਇਸਤੇਮਾਲ ਕਰ ਰਹੀ ਹੈ।
ਯੇਰੋਸ਼ਲਮ ਤੋਂ ਡੇਢ ਘੰਟਾ ਦੂਰ ਸ਼ਹਿਰ ਤੇਲ ਅਵੀਵ ਦੇ ਕੋਲ ਰੱਖਿਆ ਸਾਮਾਨ ਬਣਾਉਣ ਵਾਲੀ ਇਹ ਦੇਸ਼ ਦੀ ਸਭ ਤੋਂ ਵੱਡੀ ਫੈਕਟਰੀ ਹੈ।
ਕੰਪਨੀ ਦੀ ਸੁਰੱਖਿਆ ਇੰਨੀ ਸਖਤ ਹੈ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਬੀਬੀਸੀ ਨੂੰ ਦਾਖਲ ਹੋਣ ਦੀ ਖਾਸ ਇਜਾਜ਼ਤ ਮਿਲੀ।
ਸਾਡੀ ਅਤੇ ਸਾਡੇ ਸਾਮਾਨ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਸਾਨੂੰ ਅੰਦਰ ਭੇਜਿਆ ਗਿਆ।
ਭਾਰਤੀ ਫੌਜ ਹੋਰੇਨ ਯੂਏਵੀ ਸਿਸਟਮ ਯਾਨੀ ਡ੍ਰੋਨ ਦਾ ਪੂਰਾ ਇਸਤੇਮਾਲ ਕਰਦੀ ਹੈ।
ਇਸ ਨਾਲ ਆਮ ਤੌਰ 'ਤੇ ਆਸਮਾਨ ਵਿੱਚ ਜਾਸੂਸੀ ਕੀਤੀ ਜਾਂਦੀ ਹੈ। ਮਿਜ਼ਾਇਲ ਦਾਗਣ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਫੈਕਟਰੀ ਦੇ ਅੰਦਰ ਹੋਰੇਨ ਡ੍ਰੋਨ ਵੀ ਪਿਆ ਹੈ। ਕੰਪਨੀ ਦੇ ਅਧਿਕਾਰੀ ਯੂਆਸ਼ ਰੁਬਿਨ ਨੇ ਦੱਸਿਆ ਕਿ ਭਾਰਤ ਉਨ੍ਹਾਂ ਦੀ ਕੰਪਨੀ ਦਾ ਸਭ ਤੋਂ ਵੱਡਾ ਗਾਹਕ ਹੈ।
ਉਨ੍ਹਾਂ ਕਿਹਾ, ''ਭਾਰਤ ਸਾਡਾ ਗਾਹਕ ਨਹੀਂ ਬਲਕਿ ਪਾਰਟਨਰ ਹੈ। ਸਾਡੇ ਸਬੰਧ 25 ਸਾਲ ਪੁਰਾਣੇ ਹਨ।''
ਭਾਰਤ ਵਿੱਚ ਇਜ਼ਾਰਾਈਲ ਦੇ ਪ੍ਰਧਾਨ ਮੰਤਰੀ
ਸੁਰੱਖਿਆ ਦੇ ਮਸਲਿਆਂ ਵਿੱਚ ਭਾਰਤ ਤੇ ਇਜ਼ਰਾਈਲ ਦੇ ਡੂੰਘੇ ਸਬੰਧ ਹਨ। ਪਿੱਛਲੇ 25 ਸਾਲਾਂ ਵਿੱਚ ਹਾਲੇ ਤਕ 10 ਅਰਬ ਡਾਲਰ ਦਾ ਸੌਦਾ ਹੋ ਚੁੱਕਿਆ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਐਤਵਾਰ ਤੋਂ ਭਾਰਤ ਦੇ ਚਾਰ ਦਿਨਾਂ ਦੇ ਦੌਰੇ 'ਤੇ ਹਨ।
ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਭਾਰਤ ਨਾਲ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਕਰਨਾ ਹੈ। ਇਹ ਰੱਖਿਆ ਦੇ ਖੇਤਰ ਵਿੱਚ ਹੀ ਹੋ ਸਕਦਾ ਹੈ।

ਰਿਸ਼ਤਿਆਂ ਵਿੱਚ ਉਤਾਰ-ਚੜਾਅ
ਹਾਲ ਹੀ ਵਿੱਚ ਇਜ਼ਰਾਇਲ ਨੂੰ ਭਾਰਤ ਤੋਂ ਝਟਕੇ ਮਿਲੇ ਹਨ ਜਿਸ ਨਾਲ ਰਿਸ਼ਤਿਆਂ ਵਿੱਚ ਜੋਸ਼ ਘਟਿਆ ਹੈ।
ਪਹਿਲਾ ਝਟਕਾ ਉਸ ਵੇਲੇ ਮਿਲਿਆ ਜਦ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਵਿੱਚ ਯੇਰੋਸ਼ਲਮ ਨੂੰ ਲੈਕੇ ਫਲਸਤੀਨੀਆਂ ਦੇ ਪੱਖ ਵਿੱਚ ਵੋਟ ਕੀਤਾ।
ਦੂਜਾ ਉਸ ਵੇਲੇ ਜਦ ਭਾਰਤ ਨੇ ਅਚਾਨਕ ਅੱਧੇ ਅਰਬ ਡਾਲਰ ਦਾ ਰੱਖਿਆ ਸਬੰਧੀ ਇਜ਼ਰਾਈਲੀ ਕਾਨਟ੍ਰੈਕਟ ਰੱਦ ਕਰ ਦਿੱਤਾ।
ਇਹਨਾਂ ਝਟਕਿਆਂ ਤੋਂ ਇਜ਼ਰਾਈਲ ਹਾਲੇ ਉਭਰਿਆ ਨਹੀਂ ਹੈ। ਇਸ ਲਈ ਸਥਾਨਕ ਮੀਡੀਆ ਵਿੱਚ ਕੁਝ ਲੋਕ ਇਹ ਸਵਾਲ ਚੁੱਕ ਰਹੇ ਹਨ ਕਿ ਨੇਤਨਯਾਹੂ ਭਾਰਤ ਜਾ ਹੀ ਕਿਉਂ ਰਹੇ ਹਨ।
ਕੁਝ ਲੋਕਾਂ ਨੇ ਕਿਹਾ ਕਿ ਦੋਹਾਂ ਦੇਸਾਂ ਵਿਚਕਾਰ ਰੋਮਾਂਸ ਹੈ ਪਰ ਡੂੰਘਾ ਰਿਸ਼ਤਾ ਨਹੀਂ।

'ਫਿੱਕਾ ਪਿਆ ਰੋਮਾਂਸ'
ਇਜ਼ਰਾਈਲ-ਭਾਰਤ ਦੇ ਸੱਭਿਆਚਾਰਕ ਸਬੰਧਾਂ 'ਤੇ ਨਜ਼ਰ ਰੱਖਣ ਵਾਲੀ ਸ਼ਲਮਾ ਵਾਈਲ ਮੁਤਾਬਕ ਰੋਮਾਂਸ ਫਿੱਕਾ ਪੈ ਗਿਆ ਹੈ।
ਉਨ੍ਹਾਂ ਕਿਹਾ, ''ਨੇਤਨਯਾਹੂ ਨੂੰ ਦੋਹਾਂ ਦੇਸਾਂ ਵਿਚਕਾਰ ਫਿੱਕੇ ਪੈਂਦੇ ਰੋਮਾਂਸ ਨੂੰ ਵਾਪਸ ਲਿਆਉਣਾ ਹੋਏਗਾ।''
ਦੋਹਾਂ ਦੇਸਾਂ ਵਿਚਕਾਰ ਵਪਾਰ 2010 ਤੋਂ ਵੀ ਘੱਟ ਗਿਆ ਹੈ। ਇਹ ਸਾਲਾਨਾ 5 ਅਰਬ ਡਾਲਰ ਦਾ ਹੈ ਜਦਕਿ ਸਮਰਥਾ ਇਸ ਤੋਂ ਕਈ ਵੱਧ ਹੈ।

ਕਾਰੋਬਾਰ ਵਿੱਚ ਪਰੇਸ਼ਾਨੀ
ਇਜ਼ਰਾਈਲ-ਇੰਡੀਆ ਚੇਂਬਰ ਆਫ ਕਮਰਸ ਦੀ ਚੇਅਰਪਰਸਨ ਅਨਤ ਬਰਨਸਟੀਨ ਕਹਿੰਦੀ ਹਨ ਕਿ ਦੋਹਾਂ ਦੇਸਾਂ ਦੇ ਵਪਾਰੀਆਂ ਵਿੱਚ ਬਹੁਤ ਫਾਸਲੇ ਹਨ।
ਉਨ੍ਹਾਂ ਕਿਹਾ, ''ਇਜ਼ਰਾਈਲ ਦੇ ਵਪਾਰੀ ਅਮਰੀਕੀਆਂ ਦੇ ਨਾਲ ਕੰਮ ਕਰਨ ਦੇ ਆਦਿ ਹਨ। ਉਨ੍ਹਾਂ ਨੂੰ ਕਾਹਲ ਰਹਿੰਦੀ ਹੈ। ਭਾਰਤ ਵਿੱਚ ਮਾਹੌਲ ਵੱਖ ਹੈ। ਇੱਥੇ ਦੇ ਕੰਮ ਦੇ ਮਾਹੌਲ ਨੂੰ ਉਨ੍ਹਾਂ ਨੂੰ ਸਮਝਣਾ ਹੋਏਗਾ।''
ਉਹ ਕਹਿੰਦੇ ਹਨ ਕਿ 2018 ਵਿੱਚ ਬਦਲਾਅ ਹੋਏਗਾ। ਉਨ੍ਹਾਂ ਮੁਤਾਬਕ ਦੋਹਾਂ ਦੇਸਾਂ ਵਿਚਕਾਰ ਵਪਾਰ ਤੇਜ਼ੀ ਨਾਲ ਵਧੇਗਾ।
ਇਜ਼ਰਾਇਲ ਭਾਰਤ ਨੂੰ ਨਵੀਂ ਤਕਨੀਕ ਵਿੱਚ ਮਦਦ ਕਰ ਸਕਦਾ ਹੈ। ਇੰਨਫੌਰਮੇਸ਼ਨ ਟੈਕਨੌਲਜੀ ਵਿੱਚ ਸਹਿਯੋਗ ਦੇ ਸਕਦਾ ਹੈ।
ਮਾਹਰਾਂ ਮੁਤਾਬਕ ਇਸ ਲਈ ਵਪਾਰੀਆਂ ਨੂੰ ਭਾਰਤ ਦੇ ਬਜ਼ਾਰ ਨੂੰ ਸਮਝਣਾ ਹੋਏਗਾ ਜੋ ਘੱਟ ਪੈਸਿਆਂ ਵਿੱਚ ਵਧੀਆ ਮਾਲ ਚਾਹੁੰਦੇ ਹਨ। ਇਜ਼ਰਾਈਲ ਦੇ ਵਪਾਰੀਆਂ ਨੂੰ ਹੁਣ ਇਹ ਸਮਝ ਆ ਰਿਹਾ ਹੈ।

80 ਲੱਖ ਦੀ ਅਬਾਦੀ
ਕੁਝ ਮਾਹਰਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਲੱਗਦਾ ਹੈ ਕਿ 80 ਲੱਖ ਦੀ ਅਬਾਦੀ ਵਾਲੇ ਇਜ਼ਰਾਈਲ ਲਈ ਇੱਕ ਅਰਬ ਤੋਂ ਵੱਧ ਅਬਾਦੀ ਵਾਲੇ ਭਾਰਤ ਨਾਲ ਸੌਦਾ ਕਰਨਾ ਆਪਣੇ ਸਮਰਥ ਤੋਂ ਵੱਧ ਕੋਸ਼ਿਸ਼ ਕਰਨ ਦੇ ਬਰਾਬਰ ਹੈ।
ਪ੍ਰਧਾਨ ਮੰਤਰੀ ਨੇਤਨਯਾਹੂ ਦੀ ਸਭ ਤੋਂ ਵੱਡੀ ਚੁਣੌਤੀ ਹੋਏਗੀ ਭਾਰਤ ਨਾਲ ਰਿਸ਼ਤਿਆਂ ਵਿੱਚ ਸਟ੍ਰਟੀਜਕ ਡੂੰਘਾਈ ਉਜਾਗਰ ਕਰਨਾ।
ਕਿਸੇ ਨੇ ਇੱਥੇ ਵਧੀਆ ਗੱਲ ਕਹੀ ਕਿ ਰੋਮਾਂਸ ਨਾਲ ਇਹਨਾਂ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਲੋੜ ਹੈ।












