ਪਾਣੀਪਤ ਦੀ ਲੜਾਈ ਵਿੱਚ ਹਾਰ ਦਾ ਜਸ਼ਨ ਕਿਉਂ ਮਨਾਉਂਦੇ ਹਨ ਹਰਿਆਣਵੀ ਮਰਾਠੇ?

ਯੁੱਧ ਭੂਮੀ ਵਿੱਚ ਕਾਲਾ ਅੰਬ ਨਾਂ ਦੀ ਯਾਦਗਾਰ

ਤਸਵੀਰ ਸਰੋਤ, RAVINDRA MANJAREKAR/BBC

    • ਲੇਖਕ, ਨਿਰੰਜਨ ਛਾਨਵਾਲ
    • ਰੋਲ, ਬੀਬੀਸੀ ਪੱਤਰਕਾਰ

ਕੀ ਤੁਸੀਂ ਕਦੇ ਭੁਪਿੰਦਰ ਭੋਂਸਲੇ ਤੇ ਸਤਿੰਦਰ ਪਟੇਲ ਵਰਗੇ ਨਾਮ ਸੁਣੇ ਹਨ? ਸ਼ਾਇਦ ਨਹੀਂ ਕਿਉਂਕਿ ਬਹੁਤੇ ਲੋਕਾਂ ਨੇ ਕਦੇ ਹਰਿਆਣੇ ਦੇ ਰੋਡ ਮਰਾਠਾ ਭਾਈਚਾਰੇ ਬਾਰੇ ਨਹੀਂ ਸੁਣਿਆ। ਇਨ੍ਹਾਂ ਦੀ ਪਛਾਣ ਤੇ ਇਹ ਕਿੱਥੋਂ ਆ ਕੇ ਵਸੇ ਇਸ ਦੀ ਦੋਵੇਂ ਕਹਾਣੀਆਂ ਇੱਕੋ-ਜਿਹੀਆਂ ਰੋਚਕ ਹਨ।

ਇਹ ਸਾਰੀ ਕਹਾਣੀ 257 ਸਾਲ ਪਹਿਲਾਂ ਸ਼ੁਰੂ ਹੋਈ, ਜਦੋਂ ਸਦਾਸ਼ਿਵਰਾਓ ਬਾਹੂ ਦੀ ਅਗਵਾਈ ਵਿੱਚ ਮਰਾਠਾ ਫ਼ੌਜ ਪਾਣੀਪਤ ਪਹੁੰਚੀ।

ਮਰਾਠਾ ਫ਼ੌਜ ਇੱਥੇ ਅਫ਼ਗਾਨਿਸਤਾਨ ਦੇ ਸ਼ਾਹ ਅਬਦਾਲੀ ਨਾਲ ਟੱਕਰ ਲੈਣ ਆਈ ਸੀ।

ਮਰਾਠਾ ਫ਼ੌਜ ਦੀ 14 ਜਨਵਰੀ 1761 ਨੂੰ ਨਮੋਸ਼ੀ ਭਰੀ ਹਾਰ ਹੋਈ। ਕਿਆਸ ਲਾਏ ਜਾਂਦੇ ਹਨ ਕਿ ਉਸ ਮੰਦਭਾਗੇ ਦਿਨ ਇਸਦੇ ਚਾਲੀ ਤੋਂ ਪੰਜਾਹ ਹਜ਼ਾਰ ਜਵਾਨ ਕਤਲ ਕਰ ਦਿੱਤੇ ਗਏ ਸਨ।

ਇਸ ਭਾਈਚਾਰੇ ਬਾਰੇ ਦਹਾਕੇ ਤੱਕ ਖੋਜਸ਼ੀਲ ਰਹੇ ਇਤਿਹਾਸਕਾਰ ਵਸੰਤਰਾਓ ਮੋਰੇ ਦਾ ਕਹਿਣਾ ਹੈ, "ਕੁੱਝ ਸਿਪਾਹੀ ਬਚ ਗਏ ਤੇ ਨਜ਼ਦੀਕੀ ਇਲਾਕਿਆਂ ਵਿੱਚ ਲੁਕ ਗਏ। ਬਾਹਰ ਨਿਕਲ ਕੇ ਉਹ ਮਰਾਠਿਆਂ ਵਜੋਂ ਪਛਾਣੇ ਜਾਣ ਤੋਂ ਡਰੇ ਹੋਏ ਸਨ। ਇਸ ਲਈ ਉਨ੍ਹਾਂ ਗੁਆਂਢੀ ਰਾਜੇ ਰੋਡ ਦੇ ਸਿਪਾਹੀਆਂ ਵਜੋਂ ਆਪਣੀ ਪਛਾਣ ਦੱਸਣ ਦਾ ਫ਼ੈਸਲਾ ਲਿਆ।"

ਪਾਣੀਪਤ ਯੁੱਧ ਭੂਮੀ ਦੀ ਗੂਗਲ ਮੈਪ ਤਸਵੀਰ

ਤਸਵੀਰ ਸਰੋਤ, GOOGLE MAPS

ਡਾ. ਮੋਰੇ ਨੇ ਦੱਸਿਆ, "ਰੋਡ ਲੋਕਾਂ ਨੂੰ ਆਪਣੀਆਂ ਅਸਲ ਜੜ੍ਹਾਂ ਦਾ ਪਤਾ ਨਹੀਂ ਸੀ। ਫੇਰ ਵੀ ਜੋ ਕੁੱਝ ਵੀ ਉਹ ਬਚਾ ਸਕਦੇ ਸਨ, ਬਚਾਇਆ। ਉਨ੍ਹਾਂ ਦੇ ਕਈ ਰਿਵਾਜ ਮਹਾਰਾਸ਼ਟਰ ਦੇ ਰਿਵਾਜਾਂ ਨਾਲ ਮਿਲਦੇ ਹਨ। ਉਨ੍ਹਾਂ ਦਾ ਹਿੰਦੀ ਵਿੱਚ ਕਈ ਮਰਾਠੀ ਸ਼ਬਦ ਹਨ। ਆਇਨੇ ਅਕਬਰੀ ਵਿੱਚ ਰੋਡ ਲੋਕਾਂ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਦੇ ਹਵਾਲੇ ਪਾਣੀਪਤ ਦੀ ਲੜਾਈ ਤੋਂ ਬਾਅਦ ਹੀ ਮਿਲਦੇ ਹਨ।"

ਨਵੀਂ ਪਛਾਣ

72 ਸਾਲਾ, ਨਫੇ ਸਿੰਘ ਪਾਣੀਪਤ ਦੇ ਇੱਕ ਹੈਂਡਲੂਮ ਕਾਰੋਬਾਰੀ ਹਨ। ਉਨ੍ਹਾਂ ਨੂੰ ਨਾ ਤਾਂ ਮਰਾਠੀ ਆਉਂਦੀ ਹੈ ਤੇ ਨਾ ਹੀ ਕਦੇ ਮਹਾਰਾਸ਼ਟਰ ਗਏ ਹਨ। ਹਾਂ, ਜਦੋਂ ਵੀ ਕੋਈ ਉਨ੍ਹਾਂ ਕੋਲ ਉਥੋਂ ਆਉਂਦਾ ਹੈ ਤਾਂ ਉਹ ਖਿੜ ਜਾਂਦੇ ਹਨ।

ਨਫੇ ਸਿੰਘ ਨੇ ਦੱਸਿਆ, "1761 ਤੋਂ ਬਾਅਦ ਸਾਰੇ ਮਰਾਠੇ ਮਹਾਰਾਸ਼ਟਰ ਵਾਪਸ ਪਰਤ ਗਏ। ਉਨ੍ਹਾਂ ਵਿੱਚੋਂ ਕੁੱਝ ਆਪਣੇ ਭਵਿੱਖ ਤੋਂ ਬੇਖ਼ਬਰ, ਕੁਰਕਸ਼ੇਤਰ ਤੇ ਕਰਨਾਲ ਦੇ ਜੰਗਲਾਂ ਵਿੱਚ ਰਹਿ ਗਏ। ਸਿਰਫ਼ 250 ਹੀ ਬਚੇ ਸਨ ਤੇ ਜੇ ਕੋਈ ਪੁਛਦਾ, ਉਹ ਰਾਜਾ ਰੋਡ ਬਾਰੇ ਦੱਸ ਦਿੰਦੇ। ਇਹੀ ਪਛਾਣ ਪੀੜ੍ਹੀਆਂ ਤੱਕ ਚਲਦੀ ਰਹੀ। ਇੱਥੋਂ ਤੱਕ ਕਿ ਅਗਲੀ ਪੀੜ੍ਹੀ ਨੂੰ ਆਪਣੀ ਅਸਲ ਪਛਾਣ ਹੀ ਭੁੱਲ ਗਈ।"

ਮਰਾਠਾ ਜਾਗ੍ਰਿਤੀ ਮੰਚ

ਤਸਵੀਰ ਸਰੋਤ, NIRANJAN CHHANWAL/BBC

ਉਨ੍ਹਾਂ ਅੱਗੇ ਕਿਹਾ, "ਸਾਡੀਆਂ ਜੜਾਂ ਮਹਾਰਾਸ਼ਟਰ 'ਚ ਹਨ ਤੇ ਸਾਡੇ ਪੁਰਖੇ ਮਹਾਰਾਸ਼ਟਰ ਦੇ ਸਨ। ਅਸੀਂ ਗੁੱਜਰ, ਜੱਟ ਜਾਂ ਰਾਜਪੂਤ ਬਿਰਾਦਰੀਆਂ ਵਿੱਚ ਆਪਣਾ ਪਿਛੋਕੜ ਨਹੀਂ ਲੱਭ ਸਕੇ।"

ਆਪਣੇ ਪੰਜਾਹਵਿਆਂ ਵਿੱਚ ਨਫੇ ਸਿੰਘ ਨੂੰ ਆਪਣੀ ਨਵੀਂ ਪਛਾਣ ਡਾ. ਮੋਰੇ ਦੀ ਲਿਖੀ ਕਿਤਾਬ 'ਰੋਡ ਮਰਾਠੋਂ ਕਾ ਇਤਿਹਾਸ' ਪੜ੍ਹ ਕੇ ਮਿਲੀ।

ਉਨ੍ਹਾਂ ਕਿਹਾ, "ਸੰਨ 2000 ਵਿੱਚ ਹੀ ਸਾਨੂੰ ਸਾਡੀ ਅਸਲ ਪਛਾਣ ਦਾ ਪਤਾ ਲੱਗਿਆ। ਸਾਬਕਾ ਅਧਿਕਾਰੀ ਵਿਰੇਂਦਰ ਸਿੰਘ ਨੇ ਰੋਡ ਲੋਕਾਂ ਦੀਆਂ ਜੜ੍ਹਾਂ ਦੀ ਭਾਲ ਸ਼ੁਰੂ ਕੀਤੀ। ਕੋਹਲਾਪੁਰ ਦੇ ਇਤਿਹਾਸਕਾਰ ਡਾ. ਵਸੰਤਰਾਓ ਨੇ ਉਨ੍ਹਾਂ ਦੀ ਮਦਦ ਕੀਤੀ।"

ਕਿੰਨੀ ਜਨ ਸੰਖਿਆ ਹੈ ਰੋਡ ਮਰਾਠਿਆਂ ਦੀ?

ਰੋਡ ਲੋਕ ਖ਼ੁਦ ਨੂੰ ਮਾਣ ਨਾਲ ਰੋਡ ਮਰਾਠੇ ਕਹਾਉਂਦੇ ਹਨ। ਉਹ ਜ਼ਿਆਦਾਤਰ ਪਾਣੀਪਤ, ਕਰਨਾਲ, ਸੋਨੀਪਤ, ਕੈਥਲ ਤੇ ਰੋਤਕ ਵਿੱਚ ਰਹਿੰਦੇ ਹਨ।

ਇਨ੍ਹਾਂ ਦੀ ਅਸਲ ਜਨ ਸੰਖਿਆ ਬਾਰੇ ਕੁੱਝ ਨਹੀਂ ਪਤਾ। ਡਾ. ਮੋਰੇ ਦਾ ਕਿਆਸ ਹੈ ਕਿ ਹਰਿਆਣੇ ਵਿੱਚ ਇਹ ਗਿਣਤੀ ਛੇ ਤੋਂ ਅੱਠ ਲੱਖ ਦਰਮਿਆਨ ਹੋਵੇਗੀ।

ਨਵੀਂ ਪਛਾਣ ਮਿਲਣ ਮਗਰੋਂ ਰੋਡ ਲੋਕ ਭਾਈਚਾਰੇ ਦੇ ਝੰਡੇ ਹੇਠਾਂ ਇੱਕਠੇ ਹੋ ਰਹੇ ਹਨ।

ਪਾਣੀਪਤ ਦੀ ਲੜਾਈ

ਤਸਵੀਰ ਸਰੋਤ, BRITISH LIBRARY

ਰੋਡ ਮਰਾਠਾ ਜਾਗ੍ਰਿਤੀ ਮੰਚ ਨੇ ਕਰਨਾਲ ਤੇ ਪਾਣੀਪਤ ਵਿੱਚ ਭਾਈਚਾਰੇ ਦੇ ਮੁੰਡਿਆਂ ਲਈ ਹੋਸਟਲ ਸ਼ੁਰੂ ਕੀਤੇ ਹਨ।

ਸੁਲਤਾਨ ਸਿੰਘ ਨੇ ਦੱਸਿਆ, "ਇਹ ਮੰਚ ਰੋਡ ਮਰਾਠਿਆਂ ਦੇ ਇਤਿਹਾਸ ਬਾਰੇ ਚੇਤਨਾ ਫੈਲਾਉਂਦਾ ਹੈ।"

ਕਿਉਂਕਿ ਰੋਡ ਮਰਾਠਿਆਂ ਦੀ ਗਿਣਤੀ ਵਧੀਆ ਹੈ ਤੇ ਇੱਕ ਥਾਂਵੇਂ ਇੱਕਠੀ ਹੈ, ਇਸ ਲਈ ਸਿਆਸਤਦਾਨਾਂ ਵਿੱਚ ਇਨ੍ਹਾਂ ਦੀ ਖਿੱਚ ਪੈਦਾ ਹੋ ਗਈ ਹੈ।

ਮਹਾਰਾਸ਼ਟਰ ਦੇ ਆਗੂ ਇਥੇ ਉਤਰਨ ਲੱਗੇ ਹਨ। ਭਾਜਪਾ ਦੇ ਗੋਪੀਨਾਥ ਮੁੰਡੇ ਤੇ ਐਨਸੀਪੀ ਦੇ ਉਦੇ ਨਾਰਾਇਣ ਭੋਂਸਲੇ ਇੱਥੇ ਫੇਰੀ ਪਾ ਕੇ ਗਏ ਹਨ।

ਸ਼ਿਵਾਜੀ ਲਈ ਤਾਜ਼ਾ-ਤਾਜ਼ਾ ਪਿਆਰ

ਰੋਡ ਮਰਾਠੇ ਹਿੰਦੀ ਬੋਲਦੇ, ਸਥਾਨਕ ਹਰਿਆਣਵੀ ਖਾਣਾ ਖਾਂਦੇ ਤੇ ਹਰਿਆਣਵੀ ਤਿਉਹਾਰ ਮਨਾਉਂਦੇ ਹਨ। ਉਹ ਸਥਾਨਕ ਕੱਪੜੇ ਪਾਉਂਦੇ ਤੇ ਪੱਗ ਬੰਨ੍ਹਦੇ ਹਨ।

ਸ਼ਿਵਾਜੀ

ਤਸਵੀਰ ਸਰੋਤ, Getty Images

ਇਨ੍ਹਾਂ ਦੇ ਗੋਤ ਮਰਾਠੀ ਹਨ ਜਿਵੇਂ- ਪਵਾਰ, ਭੋਂਸਲੇ, ਸਾਵੰਤ, ਗੋਲੇ ਦਾਬੜੇ, ਬੋਦਲੇ, ਜੋਂਡਲੇ ਤੇ ਸ਼ੈਲਰ। ਹੁਣ ਉਹ ਇਸ ਮਗਰੋਂ ਮਰਾਠਾ ਵੀ ਲਾਉਣ ਲੱਗ ਪਏ ਹਨ।

ਪਛਾਣ ਨਾਲ ਜੁੜੀ ਸਿਆਸਤ ਦੇ ਦਿਨਾਂ ਵਿੱਚ ਰੋਡ ਲੋਕ ਆਪਣੀ ਪਛਾਣ ਬਾਰੇ ਐਨੇ ਕੁ ਜਾਗਰੂਕ ਹਨ ਕਿ ਹੁਣ ਉਨ੍ਹਾਂ ਦਾ ਹਰ ਸਮਾਗਮ ਸ਼ਿਵਾਜੀ ਨੂੰ ਯਾਦ ਕਰਕੇ ਸ਼ੁਰੂ ਹੁੰਦਾ ਹੈ।

ਨੋਜਵਾਨਾਂ ਨੇ ਛਤਰਪਤੀ ਸ਼ਿਵਾਜੀ ਵਿਦਿਆਰਥੀ ਪ੍ਰੀਸ਼ਦ ਕਾਇਮ ਕੀਤੀ ਹੈ। ਉਹ ਸ਼ਿਵਾਜੀ ਦੀ ਰਾਜਧਾਨੀ ਰਾਇਗੜ੍ਹ ਤੇ ਉਨ੍ਹਾਂ ਦੇ ਜਨਮ ਸਥਾਨ ਸਿੰਧਖੇਦ ਰਾਜਾ ਦੇ ਟੂਰ ਲੈਂਦੇ ਹਨ।

ਛਤਰਪਤੀ ਸ਼ਿਵਾਜੀ ਵਿਦਿਆਰਥੀ ਪ੍ਰੀਸ਼ਦ ਦੇ ਗੋਰਵ ਮਰਾਠਾ ਨੇ ਦੱਸਿਆ, "ਅਸੀਂ ਸ਼ਿਵਾਜੀ ਦੇ ਆਦਰਸ਼ਾਂ 'ਤੇ ਚੱਲ ਰਹੇ ਹਾਂ। ਅਸੀਂ ਆਪਣੇ ਲੋਕਾਂ ਨੂੰ ਇੱਕ ਕਰਕੇ ਸਮਾਜ ਲਈ ਕੰਮ ਕਰ ਰਹੇ ਹਾਂ।"

ਹਾਰ ਦਾ ਦਿਨ ਕਿਉਂ ਮਨਾਉਂਦੇ ਹਨ?

ਰੋਡ ਮਾਰਾਠੇ 14 ਜਨਵਰੀ ਨੂੰ ਸ਼ੌਰਿਆ ਦਿਨ ਵਜੋਂ ਮਨਾਉਂਦੇ ਹਨ।

ਗੋਰਨ ਨੇ ਕਿਹਾ, "ਨਾ ਸਿਰਫ਼ ਮਰਾਠੇ ਪਰ ਜਾਟ, ਪਟੇਲ ਤੇ ਕੁਰਮੀ ਵੀ ਯਾਦਗਾਰ 'ਤੇ ਆਉਂਦੇ ਹਨ। ਬੇਸ਼ੱਕ ਮਰਾਠੇ ਹਾਰ ਗਏ ਪਰ ਮਰਾਠਾ ਫ਼ੌਜ ਬਹਾਦਰੀ ਨਾਲ ਲੜੀ।"

ਪਾਣੀਪਤ ਦੇ ਯੁੱਧ ਦੀ ਯਾਦਗਾਰ

ਤਸਵੀਰ ਸਰੋਤ, RAVINDRA MANJAREKAR/BBC

ਤਸਵੀਰ ਕੈਪਸ਼ਨ, ਯੁੱਧ ਭੂਮੀ ਵਿੱਚ ਕਾਲਾ ਅੰਬ ਨਾਂ ਦੀ ਯਾਦਗਾਰ ਕੰਪਲੈਕਸ

ਉਥੇ ਯੁੱਧ ਭੂਮੀ ਵਿੱਚ ਕਾਲਾ ਅੰਬ ਨਾਂ ਦੀ ਯਾਦਗਾਰ ਹੈ। ਕਿਹਾ ਜਾਂਦਾ ਹੈ ਕਿ ਅੰਬ ਦੇ ਰੁੱਖ ਦਾ ਤਣਾ ਖੂਨ ਕਰਕੇ ਸਿਆਹ ਹੋ ਗਿਆ ਸੀ।

ਅੱਜ ਹਜ਼ਾਰਾਂ ਰੋਡ ਮਰਾਠੇ ਕਰਨਾਲ ਤੋਂ ਪਾਣੀਪਤ ਮੋਟਰਸਾਈਕਲ ਰੈਲੀ ਕੱਢਣਗੇ।

ਧਾਰਮ ਗੁਰੂ ਭਇਊਜੀ ਮਾਹਾਰਾਜ ਤੇ ਨਾਗਪੁਰ ਦੇ ਰਾਜ ਪਰਿਵਾਰ ਤੋਂ ਮੁਧੋਜੀਰਾਜੇ ਭੋਂਸਲੇ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਸਿਧਾਂਤ ਦਾ ਪ੍ਰਤੀ ਸਿਧਾਂਤ

ਪ੍ਰਸਿੱਧ ਇਤਿਹਾਸਕਾਰ ਪਾਂਡੂਰੰਗ ਬਾਲਕਵਡੇ ਡਾ. ਮੋਰੇ ਦੇ ਪ੍ਰਚਲਿਤ ਸਿਧਾਂਤ ਨੂੰ ਚੁਣੌਤੀ ਦਿੰਦੇ ਹਨ।

ਉਨ੍ਹਾਂ ਕਿਹਾ, "ਪਾਣੀਪਤ ਦੀ ਤੀਜੀ ਲੜਾਈ ਦੇ ਇੱਕ ਦਹਾਕੇ ਮਗਰੋਂ ਮਰਾਠਿਆਂ ਨੇ ਮਹਾਦਿੱਜ ਸ਼ਿੰਦੇ ਅਤੇ ਤੁਕੋਜੀ ਹੋਲਕਰ ਦੀ ਅਗਵਾਈ ਵਿੱਚ ਦਿੱਲੀ 'ਤੇ ਕਬਜ਼ਾ ਕਰ ਲਿਆ ਸੀ। ਉਸ ਸਮੇਂ ਉਨ੍ਹਾਂ ਨੇ ਪਾਣੀਪਤ, ਸੋਨੀਪਤ, ਭਾਗਪਤ ਆਦਿ ਤੇ ਵੀ ਜਿੱਤ ਹਾਸਲ ਕੀਤੀ ਸੀ। ਇਸ ਲਈ ਕੁੱਝ ਮਰਾਠਾ ਫ਼ੌਜੀ ਉੱਥੇ ਰਹਿ ਗਏ। ਭਲੇ ਹੀ 1800 ਦੇ ਨੇੜੇ ਮਰਾਠਾ ਰਾਜ ਕਮਜ਼ੋਰ ਹੋ ਗਿਆ ਤੇ ਉੱਤਰੀ ਖੇਤਰ ਵਿੱਚ ਇਸ ਨੇ ਆਪਣਾ ਦਬਦਬਾ ਗੁਆ ਲਿਆ। ਇਸ ਦੇ ਬਾਵਜੂਦ ਕੁੱਝ ਸੈਨਿਕ ਪਿੱਛੇ ਹੀ ਰਹਿ ਗਏ। ਇਨ੍ਹਾਂ ਸੈਨਿਕਾਂ ਦੀਆਂ ਸੰਤਾਨਾਂ ਨੂੰ ਹੀ ਰੋਡ ਮਾਰੇਠੇ ਕਿਹਾ ਜਾਂਦਾ ਹੈ।"

ਡਾ. ਮੋਰੇ ਨੇ ਆਪਣੇ ਇਸ ਸਿਧਾਂਤ ਦੀ ਪੁਸ਼ਟੀ ਲਈ ਡੀਐਨਏ ਪ੍ਰੀਖਣਾਂ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਇਸ ਦੀ ਕੋਈ ਲੋੜ ਨਹੀਂ ਸੀ ਤੇ ਜੇ ਕੀਤੇ ਵੀ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦਾ ਸਿਧਾਂਤ ਸਹੀ ਹੀ ਸਾਬਤ ਹੋਵੇਗਾ।

ਇਨ੍ਹਾਂ ਸਾਰੇ ਸਵਾਲਾਂ ਨਾਲ ਨੌਜਵਾਨ ਰੋਡ ਮਰਾਠਿਆਂ ਨੂੰ ਕੋਈ ਮਤਲਬ ਨਹੀਂ, ਉਹ ਤਾਂ ਇਸ ਨਵੀਂ ਮਿਲੀ ਪਛਾਣ ਨਾਲ ਚੜ੍ਹਦੀਕਲਾ 'ਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)