ਅਰਸ਼ਦੀਪ ਤੇ ਕੋਹਲੀ ਦੀ ਪਰਫੌਰਮੈਂਸ ਨੇ ਜਿੱਤਿਆ ਸਭ ਦਾ ਦਿਲ, ਟੀਮ ’ਚ ਅਰਸ਼ਦੀਪ ਦੀ ਭੁਮਿਕਾ ਕਿਵੇਂ ਅਹਿਮ

ਜਸਪ੍ਰੀਤ ਬੁਮਰਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਪ੍ਰੀਤ ਬੁਮਰਾਹ ਜ਼ਖ਼ਮੀ ਹੋ ਗਏ ਹਨ ਤੇ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ
    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਨੇ ਪਾਕਿਸਤਾਨ ਨੂੰ ਇੱਕ ਟੀ20 ਵਿਸ਼ਵ ਕੱਪ ਦੇ ਰੋਮਾਂਚਕ ਮੈਚ ਵਿੱਚ ਹਰਾ ਦਿੱਤਾ ਹੈ। ਭਾਰਤ ਵੱਲੋਂ ਵਿਰਾਟ ਕੋਹਲੀ ਨੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ।

ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਨੇ ਵੀ ਤਿੰਨ ਵਿਕਟਾਂ ਲਈਆਂ ਹਨ। ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਦੀ ਪਹਿਲੀ ਗੇਂਦ ਉੱਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਵਿਕਟ ਲਈ ਸੀ।

ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 159 ਦੌੜਾਂ ਬਣਾਈਆਂ ਸਨ। ਭਾਰਤ ਨੇ 6 ਵਿਕਟਾਂ ਖੋਹ ਕੇ ਆਖਰੀ ਗੇਂਦ ਉੱਤੇ ਮੈਚ ਜਿੱਤ ਲਿਆ।

ਆਸਟਰੇਲੀਆ ਦੇ ਸਫ਼ਲ ਕਪਤਾਨਾਂ ਵਿੱਚੋਂ ਇੱਕ ਰਿਕੀ ਪੌਂਟਿੰਗ ਨੂੰ ਸਿਤੰਬਰ ਮਹੀਨੇ ਵਿੱਚ ਆਈਸੀਸੀ ਰਿਵਿਊ ਦੌਰਾਨ ਪੁੱਛਿਆ ਗਿਆ ਕਿ ਆਸਟਰੇਲੀਆ ਵਿੱਚ ਹੋ ਰਹੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਡਾਰੀ ਸ਼ਾਹੀਨ ਅਫਰੀਦੀ ਬਿਹਤਰ ਹੋਣਗੇ ਜਾਂ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ।

ਰਿਕੀ ਪੌਂਟਿੰਗ ਦਾ ਇਸ ਸਵਾਲ ਉੱਤੇ ਜਵਾਬ ਸੀ, "ਮੈਂ ਜਸਪ੍ਰੀਤ ਬੁਮਰਾਹ ਨੂੰ ਰੇਸ ਵਿੱਚ ਅੱਗੇ ਮੰਨਦਾ ਹਾਂ। ਉਨ੍ਹਾਂ ਨੇ ਆਸਟਰੇਲੀਆ ਵਿੱਚ ਚੰਗੀ ਕ੍ਰਿਕਟ ਖੇਡੀ ਹੈ ਤੇ ਬੁਮਰਾਹ ਨੇ ਅਫਰੀਦੀ ਦੇ ਮੁਕਾਬਲੇ ਵੱਧ ਵੱਡੇ ਟੂਰਨਾਮੈਂਟ ਖੇਡੇ ਹਨ।"

ਜਸਪ੍ਰੀਤ ਬੁਮਰਾਹ ਬਾਰੇ ਕਈ ਦਿੱਗਜ ਖਿਡਾਰੀ ਇਹੀ ਰਾਇ ਰੱਖਦੇ ਸਨ ਪਰ ਵਿਸ਼ਵ ਕੱਪ ਤੋਂ ਕੁਝ ਦਿਨ ਪਹਿਲਾਂ ਖ਼ਬਰ ਆਈ ਕਿ ਜਸਪ੍ਰੀਤ ਬੁਮਰਾਹ ਜ਼ਖ਼ਮੀ ਹੋ ਗਏ ਹਨ ਤੇ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ।

ਇਹ ਭਾਰਤੀ ਟੀਮ ਲਈ ਸਭ ਤੋਂ ਵੱਡਾ ਝਟਕਾ ਸੀ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਜੋ ਚੋਣ ਹੋਈ ਸੀ, ਉਸ ਉੱਤੇ ਵੀ ਸਵਾਲ ਖੜ੍ਹੇ ਹੋਏ ਸੀ, ਕਿਉਂਕਿ ਉਨ੍ਹਾਂ ਗੇਂਦਬਾਜ਼ਾਂ ਵਿੱਚ ਮੁਹੰਮਦ ਸ਼ਮੀ ਦਾ ਨਾਂ ਨਹੀਂ ਸੀ।

ਮੁਹੰਮਦ ਸ਼ਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੇਲੀਆ ਖਿਲਾਫ਼ ਪ੍ਰੈਕਟਿਸ ਮੈਚ ਮੁਹੰਮਦ ਸ਼ਮੀ ਨੇ ਉਸ ਮੈਚ ਵਿੱਚ ਸ਼ਾਨਦਾਰ ਗੇਂਦਬਾਜੀ ਕੀਤੀ ਹੈ

'ਬੁਮਰਾਹ ਦੀ ਸੱਟ ਨੇ ਗੇਮ ਪਲਾਨ 'ਤੇ ਅਸਰ ਪਾਇਆ'

ਇਸ ਮਗਰੋਂ ਬੁਮਰਾਹ ਦੀ ਸੱਟ ਨੇ ਭਾਰਤ ਦੀ ਵੱਡੀ ਤਾਕਤ ਨੂੰ ਵਿਸ਼ਵ ਕੱਪ ਤੋ ਬਾਹਰ ਕਰ ਦਿੱਤਾ। ਬੀਤੇ ਕੁਝ ਵਕਤ ਵਿੱਚ ਜਸਪ੍ਰੀਤ ਬੁਮਰਾਹ ਨੂੰ ਕਈ ਵਾਰ ਸੱਟ ਲੱਗੀ ਹੈ।

ਹਾਲ ਹੀ ਵਿੱਚ ਬੀਸੀਸੀਆਈ ਦੀ ਪ੍ਰਧਾਨਗੀ ਦਾ ਅਹੁਦਾ ਸਾਂਭਣ ਵਾਲੇ ਰੋਜਰ ਬਿਨੀ ਨੂੰ ਜਦੋਂ ਉਨ੍ਹਾਂ ਦੀ ਮੁੱਖ ਤਰਜੀਹਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ, "ਮੇਰੀ ਪਹਿਲੀ ਤਰਜੀਹ ਸੱਟਾਂ ਨੂੰ ਘਟਾਉਣਾ ਤੇ ਪਿੱਚਾਂ ਦੀ ਹਾਲਤ ਸੁਧਾਰਨਾ ਹੈ।"

ਉਨ੍ਹਾਂ ਕਿਹਾ ਸੀ ਕਿ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਜਸਪ੍ਰੀਤ ਬੁਮਰਾਹ ਦੀ ਸੱਟ ਨੇ ਟੀਮ ਦੇ ਪਲਾਨ ਉੱਤੇ ਕਾਫੀ ਮਾੜਾ ਅਸਰ ਪਾਇਆ ਹੈ।

ਟੀਮ ਮੈਨੇਜਮੈਂਟ ਨੇ ਵੀ ਕਾਫੀ ਕੋਸ਼ਿਸ਼ਾਂ ਕੀਤੀਆਂ ਸਨ ਕਿ ਜਸਪ੍ਰੀਤ ਬੁਮਰਾਹ ਨੂੰ ਵਿਸ਼ਵ ਕੱਪ ਲਈ ਤਿਆਰ ਕੀਤਾ ਜਾ ਸਕੇ ਪਰ ਉਹ ਸਫਲ ਨਹੀਂ ਹੋ ਸਕੇ।

ਜਸਪ੍ਰੀਤ ਬੁਮਰਾਹ ਦੀ ਸੱਟ ਬਾਰੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਵਿਸ਼ਵ ਕੱਪ ਲਈ ਜਸਪ੍ਰੀਤ ਬੁਮਰਾਹ ਦਾ ਕਰੀਅਰ ਖਤਰੇ ਵਿੱਚ ਨਹੀਂ ਪਾ ਸਕਦੇ ਸੀ।

ਬੀਬੀਸੀ
  • ਭਾਰਤੀ ਟੀਮ ਆਪਣੇ ਸਭ ਤੋਂ ਬਿਹਤਰੀਨ ਗੇਂਦਬਾਜ਼ ਬੁਮਰਾਹ ਤੋਂ ਬਿਨਾਂ ਵਿਸ਼ਵ ਕੱਪ ਮੁਕਾਬਲੇ ਲਈ ਆਸਟਰੇਲੀਆ ਪਹੁੰਚ ਚੁੱਕੀ ਹੈ।
  • ਜਸਪ੍ਰੀਤ ਬੁਮਰਾਹ ਜ਼ਖ਼ਮੀ ਹੋ ਗਏ ਹਨ ਤੇ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ।
  • ਭਾਰਤੀ ਟੀਮ ਵਿੱਚ ਤਜਰਬੇਗਾਰ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਪੇਸ ਅਟੈਕ ਨੂੰ ਲੀਡ ਕਰ ਰਹੇ ਹਨ।
  • ਇਸ ਤੋਂ ਇਲਾਵਾ ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਨੂੰ ਤੇਜ਼ ਗੇਂਦਬਾਜ਼ ਵਜੋਂ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
  • ਬੀਤੇ ਕੁਝ ਸਮੇਂ ਵਿੱਚ ਟੀ-20 ਕ੍ਰਿਕਟ ਮੈਚਾਂ ਵਿੱਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਖੇਡ ਦਿਖਾਈ ਹੈ।
  • ਸੀਨੀਅਰ ਖੇਡ ਪੱਤਰਕਾਰ ਚੰਦਰਸ਼ੇਖਰ ਲੂਥਰਾ ਅਰਸ਼ਦੀਪ ਸਿੰਘ ਨੂੰ ਟੀਮ ਵਿੱਚ 'ਨਵੀਂ ਖੁਸ਼ਬੂ' ਮੰਨਦੇ ਹਨ।
ਬੀਬੀਸੀ

ਭਾਰਤ ਲਈ ਵਿਸ਼ਵ ਕੱਪ ਦੀ ਰਾਹ ਸੌਖੀ ਨਹੀਂ

ਫਿਲਹਾਲ ਹੁਣ ਜਸਪ੍ਰੀਤ ਬੁਮਰਾਹ ਦੀ ਸੱਟ ਦਾ ਮੁੱਦਾ ਪਿੱਛੇ ਰਹਿ ਚੁੱਕਿਆ ਹੈ। ਭਾਰਤੀ ਟੀਮ ਆਪਣੇ ਸਭ ਤੋਂ ਬਿਹਤਰੀਨ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਬਿਨਾਂ ਆਸਟਰੇਲੀਆ ਵਿੱਚ ਵਿਸ਼ਵ ਕੱਪ ਖੇਡ ਰਹੀ ਹੈ।

ਭਾਰਤੀ ਟੀਮ ਵਿੱਚ ਤਜਰਬੇਗਾਰ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਪੇਸ ਅਟੈਕ ਨੂੰ ਲੀਡ ਕਰ ਰਹੇ ਹਨ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਨੂੰ ਭਾਰਤ ਤੇਜ਼ ਗੇਂਦਬਾਜ਼ ਵਜੋਂ ਵਿਸ਼ਵ ਕੱਪ ਲਈ ਲੈ ਕੇ ਆਇਆ ਹੈ।

ਹਰਫਨਮੌਲਾ ਖਿਡਾਰੀ ਹਾਰਦਿਕ ਪਾਂਡਿਆ ਵੀ ਆਪਣੀ ਤੇਜ਼ ਗੇਂਦਬਾਜ਼ੀ ਨਾਲ ਯੋਗਦਾਨ ਪਾਉਣਗੇ, ਇਸੇ ਦੀ ਉਮੀਦ ਕੀਤੀ ਜਾ ਰਹੀ ਹੈ।

ਭਾਰਤ ਦੇ ਤੇਜ਼ ਗੇਂਦਬਾਜ਼ਾਂ ਬਾਰੇ ਸੀਨੀਅਰ ਪੱਤਰਕਾਰ ਚੰਦਰਸ਼ੇਖਰ ਮੰਨਦੇ ਹਨ, "ਆਸਟਰੇਲੀਆ ਵਿੱਚ ਬਾਊਂਸੀ ਵਿਕਟਾਂ ਹਨ ਜੋ ਤੇਜ਼ ਗੇਂਦਬਾਜ਼ਾਂ ਲਈ ਕਾਫੀ ਚੰਗੀਆਂ ਹਨ। ਭਾਰਤ ਦਾ ਪੇਸ ਅਟੈਕ ਕਾਫੀ ਵਕਤ ਤੋਂ ਸੰਘਰਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ।"

"ਕਾਫੀ ਉਥਲ-ਪੁਥਲ ਹੋ ਰਹੀ ਸੀ ਤੇ ਕਾਫੀ ਤਜਰਬੇ ਕੀਤੇ ਜਾ ਰਹੇ ਸਨ। ਇਸ ਗੱਲ ਦਾ ਅਫਸੋਸ ਹੈ ਕਿ ਇਨ੍ਹਾਂ ਸਾਰਿਆਂ ਤਜਰਬਿਆਂ ਦਾ ਮੁਹੰਮਦ ਸ਼ਮੀ ਹਿੱਸਾ ਹੀ ਨਹੀਂ ਸਨ, ਉਨ੍ਹਾਂ ਨੂੰ ਤਾਂ ਖਿਡਾਇਆ ਹੀ ਨਹੀਂ ਜਾ ਰਿਹਾ ਸੀ।"

"ਹੁਣ ਬੁਮਰਾਹ ਤੋਂ ਬਾਅਦ ਸ਼ਮੀ ਤੁਹਾਡੇ ਨੰਬਰ ਵਨ ਬਾਲਰ ਹੋ ਗਏ ਹਨ। ਵਿਸ਼ਵ ਕੱਪ ਦਾ ਜੋ ਫਾਰਮੈਟ ਹੈ ਉਸ ਵਿੱਚ ਤੁਹਾਨੂੰ ਲੀਗ ਮੈਚਾਂ ਵਿੱਚ ਚੰਗਾ ਖੇਡ ਕੇ ਆਖਰੀ ਚਾਰ ਵੀ ਜਾਣਾ ਪਵੇਗਾ। ਆਸਟਰੇਲੀਆ ਵਿੱਚ ਤੁਹਾਡੇ ਪੇਸ ਬਾਲਰਾਂ ਦੀ ਫਾਰਮ ਕਾਫੀ ਚੰਗੀ ਹੋਣੀ ਚਾਹੀਦੀ ਹੈ। ਭਾਰਤ ਲਈ ਰਾਹ ਸੌਖੀ ਨਹੀਂ ਹੋਵੇਗੀ।"

ਮੁਹੰਮਦ ਸ਼ਮੀ ਤੋਂ ਉਮੀਦਾਂ

ਭਾਰਤ ਨੇ ਆਸਟਰੇਲੀਆ ਖਿਲਾਫ਼ ਪ੍ਰੈਕਟਿਸ ਮੈਚ ਨੂੰ ਜਿੱਤ ਲਿਆ ਪਰ ਸਾਰੀਆਂ ਨਜ਼ਰਾਂ ਮੁਹੰਮਦ ਸ਼ਮੀ ਉੱਤੇ ਸਨ। ਮੁਹੰਮਦ ਸ਼ਮੀ ਨੇ ਉਸ ਮੈਚ ਵਿੱਚ ਸ਼ਾਨਦਾਰ ਗੇਂਦਬਾਜੀ ਕੀਤੀ ਖਾਸਕਰ ਆਖਰੀ ਓਵਰਾਂ ਵਿੱਚ।

ਉਨ੍ਹਾਂ ਨੇ ਇੱਕ ਓਵਰ ਵਿੱਚ ਤਿੰਨ ਵਿਕਟਾਂ ਲਈਆਂ ਜਿਸ ਨਾਲ ਭਾਰਤ ਦੀਆਂ ਉਮੀਦਾਂ ਨੂੰ ਹੋਰ ਤਾਕਤ ਮਿਲੀ ਹੈ।

ਭੁਵਨੇਸ਼ਵਰ ਕੁਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਕੱਪ ਟੀਮ ਦਾ ਹਿੱਸਾ ਬਣੇ ਭੁਵਨੇਸ਼ਵਰ ਬੀਤੇ ਕੁਝ ਵਕਤ ਤੋਂ ਫਾਰਮ ਵਿੱਚ ਨਹੀਂ ਹਨ

ਭੁਵਨੇਸ਼ਵਰ ਤੇ ਹਰਸ਼ਲ ਦੀ ਚੋਣ ਕਿੰਨੀ ਜਾਇਜ਼

ਭੁਵਨੇਸ਼ਵਰ ਭਾਰਤ ਦੇ ਇੱਕ ਤਜਰਬੇਗਾਰ ਖਿਡਾਰੀ ਹਨ ਪਰ ਬੀਤੇ ਕੁਝ ਵਕਤ ਤੋਂ ਉਨ੍ਹਾਂ ਦੀ ਉਹ ਫਾਰਮ ਨਹੀਂ ਚੱਲ ਰਹੀ ਹੈ ਜਿਸ ਦੇ ਲਈ ਉਹ ਜਾਣੇ ਜਾਂਦੇ ਹਨ।

ਭੁਵਨੇਸ਼ਵਰ ਕੁਮਾਰ ਬਾਰੇ ਚੰਦਰਸ਼ੇਖਰ ਕਹਿੰਦੇ ਹਨ, "ਭੂਵੀ ਦੀ ਚੋਣ ਆਪਣੇ ਪੁਰਾਣੇ ਪਰਫੌਰਮੈਂਸ ਦੇ ਬਲਬੂਤੇ ਉੱਤੇ ਹੋਈ ਹੈ। ਉਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਨਵੀਂ ਗੇਂਦ ਨੂੰ ਸਵਿੰਗ ਕਰਦੇ ਹਨ, ਆਖਰੀ ਓਵਰਾਂ ਵਿੱਚ ਚੰਗਾ ਕਰਦੇ ਹਨ, ਜੋ ਹੁਣ ਖ਼ਤਮ ਹੋ ਗਿਆ ਹੈ।"

"ਜੇ ਤੁਸੀਂ ਪਿਛਲੇ 10-15 ਮੈਚ ਵੇਖੋ ਤਾਂ ਉਨ੍ਹਾਂ ਨੂੰ 11 ਰਨ ਪ੍ਰਤੀ ਓਵਰ ਪੈ ਰਹੇ ਹਨ। ਇਸ ਲਈ ਪੁਰਾਣੀ ਗੇਂਦ ਨਾਲ ਉਨ੍ਹਾਂ ਨੂੰ ਓਵਰ ਕਰਵਾਉਣਾ ਕਾਫੀ ਮੁਸ਼ਕਿਲ ਕੰਮ ਹੋਵੇਗਾ।"

"ਭਾਰਤ ਨੂੰ ਤਿੰਨ ਤੇਜ਼ ਗੇਂਦਬਾਜ਼ ਤੇ ਇੱਕ ਫਿਰਕੀ ਗੇਂਦਬਾਜ਼ ਨੂੰ ਖਿਡਾਉਣਾ ਹੋਵੇਗਾ। ਅਜਿਹੇ ਵਿੱਚ ਹਰਸ਼ਲ ਤੋਂ ਪਹਿਲਾਂ ਟੀਮ ਵਿੱਚ ਭੁਵਨੇਵਸ਼ਰ ਦੀ ਥਾਂ ਬਣਦੀ ਹੈ ਪਰ ਤੁਹਾਨੂੰ ਉਨ੍ਹਾਂ ਦੇ ਚਾਰ ਓਵਰ ਪਹਿਲੇ 10 ਓਵਰਾਂ ਵਿੱਚ ਹੀ ਪੂਰੇ ਕਰਨੇ ਪੈਣਗੇ।ֲ"

ਹਰਸ਼ਲ ਪਟੇਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਸ਼ਲ ਨੇ ਇਸ ਵੇਲੇ ਸੱਟ ਤੋਂ ਬਾਅਦ ਵਾਪਸੀ ਕੀਤੀ ਹੈ ਅਤੇ ਹਾਲ ਹੀ ਦੇ ਮੈਚਾਂ ਵਿੱਚ ਉਨ੍ਹਾਂ ਨੇ ਕਾਫ਼ੀ ਰਨ ਦਿੱਤੇ ਹਨ

'ਹਰਸ਼ਲ ਨੂੰ ਉਡੀਕ ਕਰਨ ਦੀ ਲੋੜ ਸੀ'

ਟੀਮ ਵਿੱਚ ਜਦੋਂ ਮੁਹੰਮਦ ਸ਼ਮੀ ਦੀ ਥਾਂ ਹਰਸ਼ਲ ਪਟੇਲ ਨੂੰ ਸ਼ਾਮਿਲ ਕੀਤਾ ਗਿਆ ਤਾਂ ਵੀ ਹੈਰਾਨੀ ਪ੍ਰਗਟ ਕੀਤੀ ਗਈ ਸੀ। ਟੀਮ ਦੀ ਚੋਣ ਤੋਂ ਬਾਅਦ ਜਿਨ੍ਹਾਂ ਮੈਚਾਂ ਵਿੱਚ ਹਰਸ਼ਲ ਪਟੇਲ ਨੂੰ ਖਿਡਾਇਆ ਗਿਆ ਉਨ੍ਹਾਂ ਵਿੱਚ ਉਨ੍ਹਾਂ ਨੇ ਕਾਫੀ ਰਨ ਦਿੱਤੇ।

ਹਰਸ਼ਲ ਨੇ ਇਸ ਵੇਲੇ ਸੱਟ ਤੋਂ ਬਾਅਦ ਵਾਪਸੀ ਕੀਤੀ ਹੈ। ਚੰਦਰਸ਼ੇਖਰ ਲੂਥਰਾ ਵੀ ਉਨ੍ਹਾਂ ਦੀ ਚੋਣ ਤੋਂ ਖੁਸ਼ ਨਹੀਂ ਹਨ।

ਉਹ ਕਹਿੰਦੇ ਹਨ, "ਹਰਸ਼ਲ ਪਟੇਲ ਜਿਸ ਤਰੀਕੇ ਦੀ ਫਾਰਮ ਤੋਂ ਗੁਜ਼ਰ ਰਹੇ ਹਨ ਉਨ੍ਹਾਂ ਦੀ ਟੀ-20 ਟੀਮ ਵਿੱਚ ਥਾਂ ਨਹੀਂ ਬਣਦੀ ਸੀ। ਹਰਸ਼ਲ ਪਟੇਲ ਖਰਾਬ ਗੇਂਦਬਾਜ਼ ਨਹੀਂ ਹਨ ਪਰ ਇਸ ਲੈਵਲ ਉੱਤੇ ਖੇਡਣ ਲਈ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ।"

"ਮੇਰੇ ਲਈ ਮੁਹੰਮਦ ਸਿਰਾਜ ਕਿਸੇ ਵੀ ਦਿਨ ਹਰਸ਼ਲ ਪਟੇਲ ਤੋਂ ਚੰਗੇ ਗੇਂਦਬਾਜ਼ ਹਨ ਇਸ ਲਈ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ।"

ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਤੇ ਕੁਝ ਸਮੇਂ ਵਿੱਚ ਟੀ-20 ਕ੍ਰਿਕਟ ਮੈਚਾਂ ਵਿੱਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਖੇਡ ਦਿਖਾਈ ਹੈ

'ਅਰਸ਼ਦੀਪ ਟੀਮ ਵਿੱਚ ਨਵੀਂ ਖੁਸ਼ਬੂ ਵਾਂਗ ਹਨ'

ਹੁਣ ਗੱਲ ਕਰਦੇ ਹਾਂ ਭਾਰਤ ਦੇ ਪੰਜਾਬੀ ਸਟਾਰ ਤੇ ਖੱਬੇ ਹੱਥ ਦੇ ਗੇਂਦਬਾਜ਼ ਅਰਸ਼ਦੀਪ ਬਾਰੇ। ਅਰਸ਼ਦੀਪ ਨੇ ਗੇਮ ਦੇ ਮਾਹਿਰਾਂ ਤੋਂ ਹੁਣ ਤੱਕ ਖੂਬ ਤਰੀਫਾਂ ਬਟੋਰੀਆਂ ਹਨ।

ਬੀਤੇ ਕੁਝ ਸਮੇਂ ਵਿੱਚ ਟੀ-20 ਕ੍ਰਿਕਟ ਮੈਚਾਂ ਵਿੱਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਖੇਡ ਦਿਖਾਈ ਹੈ। ਭਾਵੇਂ ਏਸ਼ੀਆ ਕੱਪ ਵਿੱਚ ਪਾਕਿਸਤਾਨ ਟੀਮ ਖਿਲਾਫ ਇੱਕ ਕੈਚ ਛੱਡਣ ਉੱਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ ਪਰ ਅਰਸ਼ਦੀਪ ਘਬਰਾਏ ਨਹੀਂ।

ਅਰਸ਼ਦੀਪ ਨੇ ਆਪਣੇ ਪਰਫੌਰਮੈਂਸ ਤੋਂ ਇਹ ਸਾਬਿਤ ਕਰ ਦਿੱਤਾ ਕਿ ਕਿਸੇ ਵੀ ਆਲੋਚਨਾ ਦਾ ਜਵਾਬ ਚੰਗੀ ਪਰਫੌਰਮੈਂਸ ਹੀ ਹੁੰਦਾ ਹੈ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਅਰਸ਼ਦੀਪ ਨੂੰ ਸਾਂਭਣ ਦੀ ਲੋੜ ਹੈ

ਉਸ ਮੈਚ ਮਗਰੋਂ ਅਰਸ਼ਦੀਪ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ। ਵਿਸ਼ਵ ਕੱਪ ਲਈ ਚੁਣੇ ਗਏ ਭਾਰਤੀ ਗੇਂਦਬਾਜ਼ਾਂ ਵਿੱਚੋਂ ਅਰਸ਼ਦੀਪ ਸਿੰਘ ਨੂੰ ਸੀਨੀਅਰ ਖੇਡ ਪੱਤਰਕਾਰ ਚੰਦਰਸ਼ੇਖਰ ਲੂਥਰਾ 'ਨਵੀਂ ਖੁਸ਼ਬੂ' ਮੰਨਦੇ ਹਨ।

ਉਹ ਕਹਿੰਦੇ ਹਨ, "ਮੈਂ ਤਾਂ ਇਹ ਕਹਾਂਗਾ ਕਿ ਅਰਸ਼ਦੀਪ ਸਿੰਘ ਭਾਰਤ ਲਈ ਨਵੀਂ ਖੁਸ਼ਬੂ ਵਾਂਗ ਹਨ। ਭਾਰਤ ਕੋਲ ਲੰਬੇ ਵਕਤ ਤੋਂ ਕੋਈ ਚੰਗਾ ਖੱਬੇ ਹੱਥ ਦਾ ਗੇਂਦਬਾਜ਼ ਨਹੀਂ ਸੀ। ਜ਼ਹੀਰ ਖ਼ਾਨ ਤੋਂ ਬਾਅਦ ਅਜਿਹਾ ਕੋਈ ਗੇਂਦਬਾਜ਼ ਨਜ਼ਰ ਨਹੀਂ ਆ ਰਿਹਾ ਸੀ ਜੋ ਭਾਰਤ ਨੂੰ ਆਪਣੀਆਂ ਸੇਵਾਵਾਂ ਦੇ ਸਕੇ।"

"ਅਰਸ਼ਦੀਪ ਵਿੱਚ ਸਾਰੀਆਂ ਖੂਬੀਆਂ ਹਨ। ਉਹ ਨਵੇਂ ਹਨ। ਜਦੋਂ ਤੁਹਾਡਾ ਹੁਨਰ ਸ਼ੁਰੂਆਤੀ ਦੌਰ ਵਿੱਚ ਹੁੰਦਾ ਹੈ ਤਾਂ ਉਸ ਨੂੰ ਤਰਾਸ਼ਿਆ ਵੀ ਜਾ ਸਕਦਾ ਹੈ।"

"ਜਦੋਂ ਤੁਸੀਂ ਭਾਰਤੀ ਟੀਮ ਵਿੱਚ ਪਹੁੰਚਦੇ ਹੋ ਤਾਂ ਤੁਹਾਡੀ ਫਿਟਨੈੱਸ ਉੱਤੇ ਕਾਫੀ ਕੰਮ ਕੀਤਾ ਜਾਂਦਾ ਹੈ ਤੇ ਹਰ ਤਰੀਕੇ ਨਾਲ ਤੁਹਾਡੇ ਹੁਨਰ ਨੂੰ ਨਿਖਾਰਿਆ ਜਾਂਦਾ ਹੈ। ਇਸ ਲਈ ਅਰਸ਼ਦੀਪ ਬਿਲਕੁਲ ਸਹੀ ਵਕਤ ਉੱਤੇ ਆਏ ਹਨ।"

"ਜੋ ਇੱਕ ਖੱਬੇ ਹੱਥ ਦੇ ਗੇਂਦਬਾਜ਼ ਕੋਲ ਨੈਚੁਰਲ ਸਵਿੰਗ ਹੁੰਦੀ ਹੈ ਉਹ ਅਰਸ਼ਦੀਪ ਕੋਲ ਹੈ ਜੋ ਤੁਸੀਂ ਵਸੀਮ ਅਕਰਮ ਤੇ ਜ਼ਹੀਰ ਖ਼ਾਨ ਵਿੱਚ ਵੀ ਵੇਖੀ ਹੈ।"

ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਸ਼ਦੀਪ ਨੇ ਆਪਣੇ ਪਰਫੌਰਮੈਂਸ ਤੋਂ ਇਹ ਸਾਬਿਤ ਕਰ ਦਿੱਤਾ ਕਿ ਕਿਸੇ ਵੀ ਆਲੋਚਨਾ ਦਾ ਜਵਾਬ ਚੰਗੀ ਪਰਫੌਰਮੈਂਸ ਹੀ ਹੁੰਦਾ ਹੈ

ਚੰਦਰਸ਼ੇਖਰ ਮੰਨਦੇ ਹਨ ਕਿ ਭਾਰਤੀ ਟੀਮ ਨੂੰ ਅਰਸ਼ਦੀਪ ਵਰਗੇ ਗੇਂਦਬਾਜ਼ ਨੂੰ ਸਾਂਭਣ ਦੀ ਵੀ ਲੋੜ ਹੈ।

ਉਨ੍ਹਾਂ ਕਿਹਾ, "ਕੁਝ ਦਿਨ ਪਹਿਲਾਂ ਇੱਕ ਮੈਚ ਵਿੱਚ ਅਰਸ਼ਦੀਪ ਨੂੰ ਛੱਕਾ ਪਿਆ ਤਾਂ ਕਈ ਲੋਕਾਂ ਨੇ ਸਵਾਲ ਵੀ ਕੀਤੇ ਕਿ ਉਸ ਨੂੰ ਓਵਰ ਕਿਉਂ ਦਿੱਤਾ ਪਰ ਮੈਂ ਕਹਾਂਗਾ ਕਿ ਇਹੀ ਤਾਂ ਟਰੇਨਿੰਗ ਲੈਸਨ ਹੈ।"

"ਜਦੋਂ ਤੁਹਾਨੂੰ ਹੁਣ ਛੱਕੇ ਨਹੀਂ ਪੈਣਗੇ ਤਾਂ ਤੁਸੀਂ ਅੱਗੇ ਵਾਸਤੇ ਕਿਵੇਂ ਤਿਆਰ ਹੋਵੋਗੇ। ਮੈਨੂੰ ਲਗਦਾ ਹੈ ਲਰਨਿੰਗ ਸਟੇਜ ਮੰਨਣਾ ਚਾਹੀਦਾ ਹੈ। ਉਨ੍ਹਾਂ ਉੱਤੇ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਹੈ।"

ਚੰਦਰਸ਼ੇਖਰ ਲੂਥਰਾ ਦਾ ਕਹਿਣਾ ਹੈ ਭਾਰਤੀ ਟੀਮ ਮੈਨੇਜਮੈਂਟ ਨੂੰ ਵੀ ਅਰਸ਼ਦੀਪ ਦੇ ਵਰਕਲੋਡ ਨੂੰ ਘੱਟ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਅਰਸ਼ਦੀਪ ਟੈਸਟ ਮੈਚ ਵਿੱਚ ਟੀਮ ਨੂੰ ਚੰਗੀਆਂ ਵਿਕਟਾਂ ਦੇ ਸਕਦੇ ਹਨ ਤੇ ਵਨਡੇਅ ਵਿੱਚ ਵੀ ਅਰਸ਼ਦੀਪ ਵਿਕਟਾਂ ਦੇ ਸਕਦੇ ਹਨ। ਇਸ ਵੇਲੇ ਅਰਸ਼ਦੀਪ ਨੂੰ ਸਾਂਭਣ ਦੀ ਲੋੜ ਹੈ। ਉਹ ਇੱਕ ਲੰਬੀ ਰੇਸ ਦੇ ਘੋੜੇ ਹਨ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)