ਅਰਸ਼ਦੀਪ ਸਿੰਘ: ਘੱਟ ਗਿਣਤੀ ਭਾਈਚਾਰੇ ਦੇ ਖਿਡਾਰੀਆਂ ਨੂੰ ਪ੍ਰਦਰਸ਼ਨ ’ਤੇ ਨਿਸ਼ਾਨਾ ਬਣਾਏ ਜਾਣ ਦੇ ਕੀ ਮਾਅਨੇ ਹਨ

ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਨੌਜਵਾਨ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਤੋਂ ਇੱਕ ਕੈਚ ਛੁੱਟ ਜਾਣ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਪਰ 'ਖ਼ਾਲਿਸਤਾਨੀ' ਕਹਿ ਕੇ ਤੇ ਕਈ ਹੋਰ ਤਰੀਕੇ ਨਾਲ ਟਰੋਲ ਕੀਤਾ ਜਾਣ ਲਗਿਆ।

ਐਤਵਾਰ ਨੂੰ ਏਸ਼ੀਆ ਕੱਪ ਦੇ ਸੁਪਰ - 4 ਦੇ ਭਾਰਤ - ਪਾਕਿਸਤਾਨ ਦੇ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ ਅਰਸ਼ਦੀਪ ਨੇ ਇੱਕ ਕੈਚ ਛੱਡ ਦਿੱਤਾ। ਉਹ ਮੈਚ ਭਾਰਤ ਹਾਰ ਵੀ ਗਿਆ ਤੇ ਇਸ ਮਗਰੋਂ ਸੋਸ਼ਲ ਮੀਡੀਆ ਉੱਤੇ ਅਰਸ਼ਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਜਾਣ ਲਗਿਆ।

ਉਨ੍ਹਾਂ ਨੂੰ ਹਾਰ ਦਾ ਜ਼ਿੰਮੇਵਾਰ ਮੰਨਿਆ ਜਾਣ ਲਗਿਆ। ਭਾਵੇਂ ਕਈ ਖਿਡਾਰੀ, ਨੇਤਾ ਤੇ ਹੋਰ ਹਸਤੀਆਂ ਅਰਸ਼ਦੀਪ ਦੀ ਹਮਾਇਤ ਵਿੱਚ ਵੀ ਆਈਆਂ ਤੇ ਉਨ੍ਹਾਂ ਨੇ ਇਸ ਟਰੋਲਿੰਗ ਦੀ ਨਿਖੇਧੀ ਵੀ ਕੀਤੀ।

ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਕਿ ਕਿਸੇ ਖਿਡਾਰੀ ਨੂੰ ਇਸ ਤਰ੍ਹਾਂ ਟ੍ਰੋਲ ਕੀਤਾ ਗਿਆ ਹੋਵੇ।

ਦਹਾਕਿਆਂ ਤੱਕ ਖੇਡਾਂ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਅਤੇ ਸਾਬਕਾ ਖਿਡਾਰੀਆਂ ਦਾ ਕਹਿਣਾ ਹੈ ਕਿ ਅਕਸਰ ਵੱਡੇ-ਵੱਡੇ ਖਿਡਾਰੀਆਂ ਨੇ ਵੀ ਅਜਿਹੇ ਕੈਚ ਛੱਡੇ ਹਨ।

ਹਾਕੀ ਅਤੇ ਫੁੱਟਬਾਲ ਵਿੱਚ ਵੀ ਗੋਲਕੀਪਰਾਂ ਨੇ ਗੋਲ ਕਰਵਾਏ ਹਨ।

ਜਾਣਕਾਰਾਂ ਮੁਤਾਬਕ ਕੋਈ ਵੀ ਖਿਡਾਰੀ ਜਾਣ-ਬੁੱਝ ਕੇ ਅਜਿਹਾ ਨਹੀਂ ਕਰਦਾ, ਖ਼ਾਸ ਤੌਰ 'ਤੇ ਜਦੋਂ ਲੱਖਾਂ ਲੋਕਾਂ ਦੀਆਂ ਉਮੀਦਾਂ ਅਤੇ ਨਜ਼ਰਾਂ ਉਨ੍ਹਾਂ ਉੱਪਰ ਟਿਕੀਆਂ ਹੋਣ।

ਅਰਸ਼ਦੀਪ ਅਤੇ ਘੱਟ ਗਿਣਤੀਆਂ ਦੀ ਟ੍ਰੋਲਿੰਗ

ਸੀਨੀਅਰ ਖੇਡ ਪੱਤਰਕਾਰ ਪ੍ਰਦੀਪ ਮੈਗਜ਼ੀਨ ਕਹਿੰਦੇ ਹਨ ਕਿ ਭਾਰਤ ਪਾਕਿਸਤਾਨ ਦੇ ਮੈਚ ਨੂੰ ਜੰਗ ਦੀ ਤਰ੍ਹਾਂ ਦੇਖਿਆ ਜਾਂਦਾ ਹੈ ਅਤੇ ਭਾਰਤ ਵਿੱਚ ਫਿਰਕੂ ਸੋਚ ਦੇ ਵਧਣ ਨਾਲ ਕੁਝ ਲੋਕ ਘੱਟ ਗਿਣਤੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹਨ।

ਪ੍ਰਦੀਪ ਮੈਗਜ਼ੀਨ ਨੇ ਇੱਕ ਕਿਤਾਬ ਵੀ ਲਿਖੀ ਹੈ, ਜਿਸ ਦਾ ਸਿਰਲੇਖ ਹੈ, 'ਨਾਟ ਜਸਟ ਕ੍ਰਿਕਟ, ਏ ਰਿਪੋਰਟਸ ਜਰਨੀ ਥ੍ਰੋਅ ਮਾਡਰਨ ਇੰਡੀਆ।'

ਮੈਗਜ਼ੀਨ ਕਹਿੰਦੇ ਹਨ ਕਿ ਉਹ ਇਹ ਭੁੱਲ ਜਾਂਦੇ ਹਨ ਕਿ ਖੇਡਾਂ ਵਿੱਚ ਅਕਸਰ ਹਾਰ ਜਿੱਤ ਹੁੰਦੀ ਰਹਿੰਦੀ ਹੈ ਪਰ ਉਨ੍ਹਾਂ ਨੂੰ ਤਾਂ ਸਿਰਫ਼ ਜਿੱਤ ਚਾਹੀਦੀ ਹੈ।

ਪਰਦੀਪ ਮੈਗਜ਼ੀਨ ਦਾ ਕੋਟ

ਪ੍ਰਦੀਪ ਮੈਗਜ਼ੀਨ ਕਹਿੰਦੇ ਹਨ, "ਜਦੋਂ ਤੁਸੀਂ ਖੇਡ ਨੂੰ ਲੜਾਈ ਵਾਂਗ ਦੇਖਦੇ ਹੋ ਤਾਂ ਇੱਕ ਧਰਮ-ਨਿਰਪੱਖ ਦੇਸ਼ ਨੂੰ ਵੰਡ ਰਹੇ ਹੁੰਦੇ ਹੋ। ਮੁਸਲਮਾਨ ਖਿਡਾਰੀਆਂ ਨੂੰ ਟਰੋਲ ਕੀਤਾ ਜਾਂਦਾ ਹੈ।''

''ਮੁਹੰਮਦ ਸ਼ਾਮੀ ਨੂੰ ਜਦੋਂ ਇੱਕ ਮੈਚ ਵਿੱਚ ਜ਼ਿਆਦਾ ਦੌੜਾਂ ਪੈ ਗਈਆਂ ਸਨ ਤਾਂ ਉਨ੍ਹਾਂ ਨੂੰ ਟਰੋਲ ਕੀਤਾ ਜਾਣ ਲੱਗਾ ਪਰ ਉਸ ਸਮੇਂ ਕਪਤਾਨ ਵਿਰਾਟ ਕੋਹਲੀ ਆਪਣੇ ਖਿਡਾਰੀ ਦੇ ਨਾਲ ਖੜ੍ਹੇ ਸਨ।"

"ਮੇਰੇ ਖਿਆਲ ਵਿੱਚ ਕਿਸੇ ਸਿੱਖ ਕ੍ਰਿਕਟਰ ਖਿਡਾਰੀ ਨਾਲ ਇਹ ਪਹਿਲੀ ਹਰਕਤ ਹੋਈ ਹੈ। ਇਹ ਦਿਖਾਉਂਦਾ ਹੈ ਕਿ ਜ਼ਹਿਰ ਕਿੰਨਾਂ ਡੂੰਘਾ ਚਲਾ ਗਿਆ ਹੈ।"

"ਸਾਲ 1984 ਦੇ ਦੰਗੇ ਖੇਡਾਂ ਨਾਲ ਨਹੀਂ ਜੁੜੇ ਸਨ। ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਖ਼ਾਲਿਸਤਾਨੀ ਕਰਾਰ ਦਿੱਤਾ ਜਾ ਰਿਹਾ ਸੀ।"

ਲਗਭਗ 18 ਸਾਲਾਂ ਤੋਂ ਖੇਡਾਂ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰ ਸੌਰਭ ਦੁੱਗਲ ਦਾ ਕਹਿਣਾ ਹੈ, "ਖਿਡਾਰੀਆਂ ਦੀ ਟ੍ਰੋਲਿੰਗ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜ ਵਿੱਚ ਅਸਹਿਣਸ਼ੀਲਤਾ ਕਾਫ਼ੀ ਜ਼ਿਆਦਾ ਹੈ। ਪਹਿਲਾਂ ਖਿਡਾਰੀ ਟ੍ਰੋਲ ਹੁੰਦਾ ਸੀ ਪਰ ਲੋਕ ਉਸ ਦੇ ਧਰਮ ਜਾਂ ਖੇਤਰ ਨਾਲ ਖੁੰਦਕ ਨਹੀਂ ਕੱਢਦੇ ਸੀ।"

"ਪਹਿਲਾਂ ਵੀ ਲੋਕ ਖਿਡਾਰੀਆਂ ਦੇ ਘਰ ਉਪਰ ਹਮਲਾ ਕਰ ਦਿੰਦੇ ਸੀ ਪਰ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੋਈ ਵੀ ਖਿਡਾਰੀ ਧਰਮ ਜਾਂ ਖੇਤਰ ਦੇ ਅਧਾਰ ਉਪਰ ਨਹੀਂ ਚੁਣਿਆ ਜਾਂਦਾ।"

"ਭਾਰਤ-ਪਾਕਿਸਤਾਨ ਦਾ ਮੈਚ ਅਕਸਰ ਜੰਗ ਵਾਂਗ ਲਿਆ ਜਾਂਦਾ ਹੈ। ਇਸੇ ਤਰ੍ਹਾਂ ਅਰਸ਼ਦੀਪ ਸਿੰਘ ਨੂੰ ਨਿਸ਼ਾਨੇ 'ਤੇ ਲਿਆ ਗਿਆ।"

ਬੀਬੀਸੀ

ਮਾਮਲੇ ਬਾਰੇ ਮੁੱਖ ਗੱਲਾਂ

  • ਐਤਵਾਰ ਨੂੰ ਭਾਰਤ -ਪਾਕਿਸਤਾਨ ਵਿਚਾਲੇ ਹੋਣ ਮੈਚ ਵਿੱਚ ਅਰਸ਼ਦੀਪ ਤੋਂ ਇੱਕ ਅਹਿਮ ਅਤੇ ਸੌਖਾ ਕੈਚ ਛੁੱਟ ਜਾਣ ਕਾਰਨ ਲੋਕ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ
  • ਕੈਚ ਮਿਸ ਹੋਣ 'ਤੇ ਰੋਹਿਤ ਸ਼ਰਮਾ ਦੀ ਪ੍ਰਤੀਕਿਰਿਆ ਵਿੱਚ ਨਾਰਾਜ਼ਗੀ ਸਾਫ਼ ਦਿਖਾਈ ਦਿੱਤੀ
  • ਆਸਿਫ਼ ਅਲੀ ਦਾ ਕੈਚ ਛੱਡਣਾ ਮਹਿੰਗਾ ਸਾਬਤ ਹੋਇਆ। ਇਸ ਓਵਰ 'ਚ ਉਨ੍ਹਾਂ ਨੇ ਇੱਕ ਛੱਕਾ ਅਤੇ ਇੱਕ ਚੌਕਾ ਜੜਿਆ।
  • ਕੁਝ ਲੋਕ ਅਰਸ਼ਦੀਪ ਨੂੰ ਇਸ ਲਈ ਜ਼ਿੰਮੇਦਾਰ ਠਹਿਰਾ ਰਹੇ ਹਨ ਅਤੇ ਕੁਝ ਉਨ੍ਹਾਂ ਨੂੰ 'ਖ਼ਾਲਿਸਤਾਨੀ' ਕਹਿ ਰਹੇ ਹਨ
  • ਵਿਰਾਟ ਕੋਹਲੀ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫ਼ੀਜ਼ ਸਣੇ ਕਈ ਹੋਰ ਹਸਤੀਆਂ ਅਰਸ਼ ਦੇ ਸਰਮਥਨ 'ਚ ਅੱਗੇ ਆਈਆਂ ਹਨ
ਬੀਬੀਸੀ

ਟ੍ਰੋਲਿੰਗ ਤੇ ਅਲੋਚਨਾ ਦਾ ਸ਼ਿਕਾਰ ਹੋਣ ਵਾਲੇ ਖਿਡਾਰੀ

ਅਰਸ਼ਦੀਪ ਸਿੰਘ ਅਤੇ ਕ੍ਰਿਕਟਰ ਮੁਹੰਮਦ ਸ਼ਾਮੀ ਤੋਂ ਇਲਾਵਾ ਭਾਰਤੀ ਹਾਕੀ ਦੇ 1982 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਕੀਪਰ ਮੀਰ ਰੰਜਨ ਨੇਗੀ ਨੂੰ ਕਰੜੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਮੁਹੰਮਦ ਸ਼ਾਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹੰਮਦ ਸ਼ਾਮੀ ਨੂੰ ਝੱਲਣੀ ਪਈ ਸੀ ਆਲੋਚਨਾ

'ਚੱਕ ਦੇ ਇੰਡੀਆ' ਫ਼ਿਲਮ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਪ੍ਰਭਾਵਿਤ ਸੀ।

ਜਦੋਂ ਹਾਸ਼ਿਮ ਅਮਲਾ ਨੂੰ ਡੀਨ ਜੌਨਸ ਨੇ 'ਅੱਤਵਾਦੀ' ਆਖਿਆ

ਸਾਲ 2006 ਵਿੱਚ ਸ਼੍ਰੀਲੰਕਾ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਇੱਕ ਟੈਸਟ ਮੈਚ ਦੌਰਾਨ, ਕਮੈਂਟੇਟਰ ਡੀਨ ਜੋਨਸ ਨੇ ਦੱਖਣੀ ਅਫ਼ਰੀਕੀ ਖਿਡਾਰੀ ਹਾਸ਼ਿਮ ਅਮਲਾ ਨੂੰ "ਅੱਤਵਾਦੀ" ਕਿਹਾ ਸੀ ਜਦੋਂ ਉਨ੍ਹਾਂ ਨੇ ਕੁਮਾਰ ਸੰਗਾਕਾਰਾ ਨੂੰ ਆਊਟ ਕਰਨ ਲਈ ਇੱਕ ਕੈਚ ਲਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਕਮੈਂਟਰੀ ਪੈਨਲ ਤੋਂ ਵੀ ਕੱਢ ਦਿੱਤਾ ਗਿਆ ਸੀ।

ਹਾਸ਼ਿਮ ਅਮਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮੈਂਟੇਟਰ ਡੀਨ ਜੋਨਸ ਨੇ ਦੱਖਣੀ ਅਫ਼ਰੀਕੀ ਖਿਡਾਰੀ ਹਾਸ਼ਿਮ ਅਮਲਾ ਨੂੰ "ਅੱਤਵਾਦੀ" ਕਿਹਾ ਸੀ

ਕੀ ਬਹੁ-ਗਿਣਤੀ ਨਾਲ ਸਬੰਧਤ ਖਿਡਾਰੀ ਵੀ ਟ੍ਰੋਲ ਹੋ ਸਕਦਾ?

ਪੱਤਰਕਾਰ ਪ੍ਰਦੀਪ ਮੈਗਜ਼ੀਨ ਕਹਿੰਦੇ ਹਨ, "ਅਜਿਹਾ ਬਹੁ-ਗਿਣਤੀ ਦੇ ਖਿਡਾਰੀ ਨਾਲ ਵੀ ਹੋ ਸਕਦਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਅਟੈਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਘੱਟ ਗਿਣਤੀ ਨਾਲ ਜ਼ਿਆਦਾ ਹੁੰਦਾ ਹੈ।''

''ਹਾਲਾਂਕਿ ਅਜਿਹਾ ਸਮਾਂ ਆ ਗਿਆ ਹੈ ਕਿ ਖਿਡਾਰੀ ਖੁਦ ਹੀ ਕਹਿਣ ਕਿ ਉਨ੍ਹਾਂ ਨੂੰ ਪਾਕਿਸਤਾਨ ਖਿਲਾਫ਼ ਨਾ ਖਿਡਾਓ। ਬਹੁ-ਗਿਣਤੀ ਦੇ ਖਿਡਾਰੀ ਵੀ ਅਲੋਚਨਾ ਦੇ ਡਰ ਨਾਲ ਖੇਡਦੇ ਹਨ।"

ਸੌਰਭ ਦੁੱਗਲ ਕਹਿੰਦੇ ਹਨ, "ਟ੍ਰੋਲਿੰਗ ਕਿਸੇ ਦੀ ਵੀ ਹੋ ਸਕਦੀ ਹੈ। ਜੇਕਰ ਪਾਕਿਸਤਾਨ ਵਿੱਚ ਕੋਈ ਹਿੰਦੂ ਕ੍ਰਿਕਟਰ ਅਜਿਹੀ ਗਲਤੀ ਕਰੇਗਾ ਤਾਂ ਉਹ ਵੀ ਟਰੋਲ ਹੋਵੇਗਾ।"

"ਜਦੋਂ ਸਮਾਜ ਵਿੱਚ ਅਸ਼ਹਿਣਸ਼ੀਲਤਾ ਆਉਂਦੀ ਹੈ ਤਾਂ ਘੱਟ ਗਿਣਤੀ ਵਾਲਿਆਂ ਨੂੰ ਦਬਾਉਣ ਦੀ ਗੱਲ ਹੁੰਦੀ ਹੈ। ਅਸ਼ਹਿਣਸ਼ੀਲਤਾ ਸਿਫ਼ਰ ਰਾਜਨੀਤੀ ਵਿੱਚ ਹੀ ਨਹੀਂ ਸਗੋਂ ਹਰ ਖੇਤਰ ਵਿੱਚ ਚਲੀ ਜਾਂਦੀ ਹੈ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ
ਬੀਬੀਸੀ

ਅਸਾਨ ਜਿਹਾ ਕੈਚ ਛੱਡਣ ਕਿੰਨੀ ਵੱਡੀ ਗਲਤੀ?

ਅਰਸ਼ਦੀਪ ਸਿੰਘ ਵੱਲੋਂ ਅਸਾਨ ਜਿਹਾ ਕੈਚ ਛੁੱਟ ਜਾਣ ਬਾਰੇ ਪ੍ਰਦੀਪ ਮੈਗਜ਼ੀਨ ਕਹਿੰਦੇ ਹਨ ਕਿ ਵੱਡੇ ਤੋਂ ਵੱਡੇ ਖਿਡਾਰੀ ਅਕਸਰ ਸਿੰਪਲ ਤੋਂ ਸਿੰਪਲ ਕੈਚ ਛੱਡ ਦਿੰਦੇ ਹਨ।

"ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਵਿਰਾਟ ਕੋਹਲੀ ਨੇ ਆਪ ਕੈਚ ਛੱਡੇ ਹਨ, ਰੋਹਿਤ ਸ਼ਰਮਾ ਨੇ ਵੀ ਛੱਡੇ ਹੋਣੇ। ਆਖਰੀ ਘੜੀ ਦੀ ਪ੍ਰੀਖਿਆ ਤਾਂ ਖੇਡ ਨੂੰ ਰੋਚਕ ਬਣਾਉਂਦੀ ਹੈ।"

"ਇਥੇ ਪਤਾਂ ਨਹੀਂ ਹੁੰਦਾ ਕਿ ਚੰਗਾ ਖਿਡਾਰੀ ਕਦੋਂ ਗਲਤ ਸ਼ਾਟ ਖੇਡੇ ਜਾਂ ਮਾੜਾ ਬੈਟਸਮੈਨ ਵੀ ਮੈਚ ਜਿਤਾ ਦਿੰਦਾ ਹੈ। ਇਹੋ ਖੇਡ ਦੀ ਖੂਬਸਰਤੀ ਹੈ।"

ਖੇਡ ਪੱਤਰਕਾਰ ਨਵਦੀਪ ਗਿੱਲ ਕਹਿੰਦੇ ਹਨ, "ਯੁਵਰਾਜ ਸਿੰਘ ਤੋਂ ਵੀ ਕਈ ਵਾਰ ਕੈਚ ਛੁੱਟੇ ਹਨ। ਸਪੋਰਟਸ ਵਿੱਚ ਨਾ ਤਾਂ ਕੋਈ ਗੇਂਦ ਸਿੰਪਲ ਹੁੰਦੀ ਹੈ, ਨਾ ਸਿੰਪਲ ਸ਼ਾਟ ਅਤੇ ਨਾ ਹੀ ਸਿੰਪਲ ਕੈਚ।"

ਹਰਭਜਨ ਸਿੰਘ

"ਅਰਸ਼ਦੀਪ ਸਿੰਘ ਨੇ ਸਭ ਤੋਂ ਬੈਸਟ ਬਾਲਿੰਗ ਕੀਤੀ ਹੈ। ਜੇਕਰ ਉਸ ਦੀ ਭਾਵਨਾ ਗਲਤ ਸੀ ਤਾਂ ਉਹ ਅਜਿਹਾ ਕਦੇ ਨਾ ਕਰਦੇ। ਮੈਚ ਦਾ ਆਖਰੀ ਓਵਰ ਵੀ ਉਨ੍ਹਾਂ ਤੋਂ ਹੀ ਕਰਵਾਇਆ ਗਿਆ ਸੀ।"

ਅਰਸ਼ਦੀਪ ਦਾ ਸਮਰਥਨ

ਏਸ਼ੀਆ ਕੱਪ ਦਾ ਪਹਿਲਾ ਸੁਪਰ 4 ਮੈਚ ਦੁਬਈ ਵਿੱਚ ਐਤਵਾਰ ਨੂੰ ਖੇਡਿਆ ਗਿਆ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ।

182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।

ਪਾਕਿਸਤਾਨ ਨਾਲ ਮੈਚ 'ਚ ਭਾਰਤ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਹਾਲਾਂਕਿ ਕਈ ਵੱਡੀਆਂ ਹਸਤੀਆਂ ਨੇ ਅਰਸ਼ਦੀਪ ਸਿੰਘ ਦਾ ਬਚਾਅ ਵੀ ਕੀਤਾ ਹੈ।

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਕਾਂਗਰਸ ਐੱਮਐਲਏ ਪ੍ਰਗਟ ਸਿੰਘ ਨੇ ਟੱਵਿਟਰ ਕਰਕੇ ਕਿਹਾ, “ਜਦੋਂ ਅਸੀਂ ਭਾਰਤ ਦੀ ਨੁਮਾਇੰਦਗੀ ਕਰਦੇ ਹਾਂ, ਅਸੀਂ ਆਪਣਾ ਸਭ ਕੁਝ ਦੇਸ਼ ਨੂੰ ਦਿੰਦੇ ਹਾਂ- ਖੂਨ, ਮਿਹਨਤ, ਦਿਲ ਅਤੇ ਦਿਮਾਗ। ਇਸ ਪੱਧਰ 'ਤੇ ਗਲਤੀਆਂ ਆਮ ਹੁੰਦੀਆਂ ਹਨ।”

“ਅਸੀਂ ਸਾਰੇ ਅਰਸ਼ਦੀਪ ਸਿੰਘ ਦੇ ਨਾਲ ਖੜ੍ਹੇ ਹਾਂ। ਜੋ ਲੋਕ ਉਸ ਦੀ ਪਹਿਚਾਣ ਕਾਰਨ ਉਸ ਦੀ ਦੇਸ਼ਭਗਤੀ 'ਤੇ ਸਵਾਲ ਉਠਾਉਂਦੇ ਹਨ ਉਹ "ਭਾਰਤ ਦੇ ਵਿਚਾਰ" ਨਾਲ ਵਿਸ਼ਵਾਸਘਾਤ ਕਰਦੇ ਹਨ।”

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਬੀਜੇਪੀ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਗ ਨੇ ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਵੱਲੋਂ ਵਿਕੀਪੀਡੀਆ ਦੀਆਂ ਇਤਰਾਜਯੋਗ ਟਿਪਣੀਆਂ ਉਪਰ ਕਾਰਵਾਈ ਦਾ ਸਵਾਗਤ ਕੀਤਾ ਹੈ।

ਚੁੱਗ ਨੇ ਕਿਹਾ, "ਇਹ ਮੰਦਭਾਗੀ ਗੱਲ ਹੈ ਕਿ ਕੁਝ ਸ਼ਰਾਰਤੀ ਅਨਸਰ ਝੂਠੀਆਂ ਟਿੱਪਣੀਆਂ ਪੋਸਟ ਕਰਕੇ ਪੰਜਾਬ ਵਿੱਚ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਸਰਕਾਰ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।"

ਅਸਲ ਵਿੱਚ ਵਿਕੀਪੀਡੀਆ ਵਿੱਚ ਅਰਸ਼ਦੀਪ ਸਿੰਘ ਬਾਰੇ ਜੋ ਪੇਜ ਸੀ ਉਸ ਵਿੱਚ ਉਨ੍ਹਾਂ ਦੇ 2018 ਵਿੱਚ ਖਾਲਿਸਤਾਨੀ ਸਕਵੈਡ ਦੀ ਟੀਮ ਨਾਲ ਜੁੜੇ ਹੋਣ ਦੀ ਗਲਤ ਜਾਣਕਾਰੀ ਪਾਈ ਹੋਈ ਸੀ। ਇਸ ਬਾਰੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵਿਕੀਪੀਡੀਆ ਦੀ ਸਖ਼ਤ ਆਲੋਚਨਾ ਕੀਤੀ ਸੀ।

ਬੀਬੀਸੀ

ਇਹ ਵੀ ਪੜ੍ਹੋ :

ਇਹ ਵੀਡੀਓ ਵੀ ਦੇਖੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)