ਏਸ਼ੀਆ ਕੱਪ 2022: ਆਸਿਫ਼ ਅਲੀ ਅਤੇ ਖੁਸ਼ਦਿਲ ਸ਼ਾਹ ਨੇ ਪਾਕਿਸਤਾਨ ਨੂੰ ਇੰਝ ਦੁਆਈ ਜਿੱਤ

ਮੈਚ

ਤਸਵੀਰ ਸਰੋਤ, Getty Images

ਏਸ਼ੀਆ ਕੱਪ ਦੇ ਸੁਪਰ ਫੋਰ ਮੁਕਾਬਲੇ ਵਿੱਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ।

ਪਾਕਿਸਤਾਨ ਨੂੰ ਇਹ ਜਿੱਤ ਇਫਤੇਖਾਰ ਅਹਿਮਦ ਅਤੇ ਖੁਸ਼ਦਿਲ ਸ਼ਾਹ ਨੇ ਦੁਆਈ। ਆਖ਼ਰੀ ਦੋ ਓਵਰਾਂ ਵਿੱਚ ਪਾਕਿਸਤਾਨ ਦੇ ਬੱਲੇਬਾਜਾਂ ਨੇ 26 ਦੌੜਾਂ ਬਣਾਉਣੀਆਂ ਸਨ।

ਆਸਿਫ਼ ਅਲੀ ਅਤੇ ਖੁਸ਼ਦਿਲ ਨੇ 19ਵੇਂ ਓਵਰ ਵਿੱਚ ਭੁਵਨੇਸ਼ਵਰ ਕੁਮਾਰ ਦੀਆਂ ਗੇਂਦਾਂ 'ਤੇ 19 ਦੌੜਾਂ ਜੋੜ ਕੇ ਭਾਰਤ ਨੂੰ ਮੈਚ ਤੋਂ ਬਾਹਰ ਕਰ ਦਿੱਤਾ।

ਪਰ ਅਰਸ਼ਦੀਪ ਸਿੰਘ ਨੇ ਆਖ਼ਰੀ ਓਵਰ ਵਿੱਚ ਆਸਿਫ਼ ਅਲੀ ਨੂੰ ਆਊਟ ਕਰਕੇ ਭਾਰਤ ਦੇ ਲਈ ਉਮੀਦ ਜ਼ਰੂਰ ਪੈਦਾ ਕੀਤੀ, ਪਰ ਪਾਕਿਸਤਾਨ ਪਿਛਲੀ ਹਾਰ ਦਾ ਹਿਸਾਬ ਬਰਾਬਰ ਕਰਨ ਵਿੱਚ ਕਾਮਯਾਬ ਰਿਹਾ।

ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੇ ਪਾਰੀ ਦੀ ਸ਼ੁਰੂਆਤ ਕੀਤੀ। ਪਰ ਬਾਬਰ ਆਜ਼ਮ ਦੀ ਨਾਕਾਮੀ ਦਾ ਸਿਲਸਿਲਾ ਜਾਰੀ ਰਿਹਾ।

ਏਸ਼ੀਆ ਕੱਪ ਵਿੱਚ ਭਾਰਤ ਤੇ ਪਾਕਿਸਤਾਨ

ਤਸਵੀਰ ਸਰੋਤ, Getty Images

ਆਜ਼ਮ 10 ਗੇਂਦਾਂ 'ਤੇ ਦੋ ਚੌਕਿਆ ਦੀ ਮਦਦ ਨਾਲ ਮਹਿਜ਼ 10 ਦੌੜਾਂ ਬਣਾ ਸਕੇ। ਉਨ੍ਹਾਂ ਨੂੰ ਰਵੀ ਬਿਸ਼ਨੋਈ ਨੇ ਆਪਣਾ ਸ਼ਿਕਾਰ ਬਣਾਇਆ। ਉਹ ਰਵੀ ਬਿਸ਼ਨੋਈ ਨੂੰ ਮਿਡ ਵਿਕੇਟ 'ਤੇ ਖੇਡ ਕੇ ਕੈਚ ਆਊਟ ਹੋਏ।

ਇਸ ਤੋਂ ਬਾਅਦ ਫਖ਼ਰ ਜ਼ਮਾਂ ਕੋਈ ਖਾਸ ਕਮਾਲ ਨਹੀਂ ਦਿਖਾ ਸਕੇ। ਉਨ੍ਹਾਂ ਨੇ 18 ਗੇਂਦਾਂ 'ਤੇ 15 ਦੌੜਾਂ ਬਣਾਈਆਂ। ਪਰ ਰਿਜ਼ਵਾਨ ਦੇ ਬੱਲੇ ਤੋਂ ਰਨ ਨਿਕਲਦੇ ਰਹੇ। ਉਨ੍ਹਾਂ ਦਾ ਮੁਹੰਮਦ ਨਵਾਜ਼ ਨੇ ਬਖੂਬੀ ਸਾਥ ਦਿੱਤਾ। ਦੋਵਾਂ ਨੇ ਮਿਲ ਕੇ ਪਾਕਿਸਤਾਨ ਦੀ ਪਾਰੀ ਨੂੰ ਰਫ਼ਤਾਰ ਦਿੱਤੀ।

ਮੁਹੰਮਦ ਨਵਾਜ਼ ਨੇ ਸਿਰਫ਼ 20 ਗੇਂਦਾਂ 'ਤੇ 42 ਦੌੜਾਂ ਬਣਾ ਕੇ ਮੈਚ ਨੂੰ ਪਾਕਿਸਤਾਨ ਵੱਲ ਮੋੜ ਦਿੱਤਾ ਸੀ। ਪਰ ਭੁਵਨੇਸ਼ਨਰ ਕੁਮਾਰ ਨੇ ਆਪਣੇ ਆਖ਼ਰੀ ਓਵਰਾਂ ਵਿੱਚ ਇੱਕ ਹੌਲੀ ਗੇਂਦ 'ਤੇ ਉਨ੍ਹਾਂ ਨੂੰ ਪਵੇਲੀਅਨ ਭੇਜ ਦਿੱਤਾ। ਨਵਾਜ਼ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਅਤੇ ਦੋ ਛੱਕੇ ਲਗਾਏ ਸਨ।

ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਮੁਹੰਮਦ ਰਿਜ਼ਵਾਨ ਨੂੰ ਆਊਟ ਕਰ ਦਿੱਤਾ। ਰਿਜ਼ਵਾਨ ਨੇ 51 ਗੇਂਦਾਂ 'ਤੇ 71 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 6 ਚੌਕੇ ਅਤੇ ਦੋ ਛੱਕ ਜਮਾਏ। ਰਿਜ਼ਵਾਨ ਦੇ ਆਊਟ ਹੁੰਦੇ ਹੀ ਮੈਚ ਭਾਰਤ ਦੇ ਪੱਖ ਵਿੱਚ ਜ਼ਰੂਰ ਝੁਕਿਆ ਪਰ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਟੀਮ ਨੂੰ ਜਿੱਤ ਦੁਆ ਦਿੱਤੀ।

ਭਾਰਤ ਦੀ ਬੱਲੇਬਾਜ਼ੀ

ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ਵਿੱਚ 7 ਵਿਕਟਾਂ ਉੱਤੇ 181 ਦੌੜਾਂ ਬਣਾਈਆਂ।

ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਜੇ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਆਪਣੇ ਰੰਗ ਵਿੱਚ ਹਨ ਤਾਂ ਮੈਦਾਨ ਵਿੱਚ ਕੀ ਹੋ ਸਕਦਾ ਹੈ, ਇਸਦੀ ਝਲਕ ਇੱਕ ਵਾਰ ਫਿਰ ਏਸ਼ੀਆ ਕੱਪ ਦੇ ਸੁਪਰ ਫੋਰ ਦੇ ਮੈਚ ਵਿੱਚ ਦੇਖਣ ਨੂੰ ਮਿਲੀ।

ਵਿਰਾਟ ਕੋਹਲੀ ਨੇ ਇਕ ਸਿਰੇ 'ਤੇ ਟਿਕ ਕੇ ਭਾਰਤੀ ਪਾਰੀ ਨੂੰ ਰੋਕੀ ਰੱਖਿਆ। ਉਹ ਇਸ ਮੈਚ 'ਚ ਉਹ ਆਪਣੇ ਪੁਰਾਣੇ ਰੰਗ 'ਚ ਨਜ਼ਰ ਆਏ।

16ਵੇਂ ਉਵਰ ਤੱਕ ਭਾਰਤ ਨੇ ਪੰਜ ਵਿਕਟਾਂ ਗੁਆ ਕੇ 140 ਦੌੜਾਂ ਬਣਾਈਆਂ ਸਨ।

ਹਾਰਦਿਕ ਪਾਂਡਿਆ ਬਿਨਾਂ ਖਾਤਾ ਖੋਲ੍ਹੇ ਮੁਹੰਮਦ ਹਸਨੈਨ ਦੀ ਗੇਂਦ ਉੱਪਰ ਕੈਚ ਆਊਟ ਹੋ ਗਏ।

ਉਨ੍ਹਾਂ ਤੋਂ ਪਹਿਲਾਂ ਰਿਸ਼ਭ ਪੰਤ ਵੀ 12 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਉਨ੍ਹਾਂ ਨੂੰ ਸ਼ਾਦਾਬ ਖ਼ਾਨ ਜੋ ਕਿ ਪਾਕਿਸਕਤਾਨ ਦੇ ਲੈਗ ਸਪਿਨਰ ਹਨ ਨੇ ਆਊਟ ਕੀਤਾ।

ਬੀਬੀਸੀ
  • ਇਸ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਨੇ ਸਿੰਗਾਪੁਰ ਨੂੰ ਹਰਾਇਆ ਹੈ।
  • ਪਿਛਲੇ ਮੈਚ ਵਿੱਚ ਪਾਕਿਸਤਾਨ ਹਾਰ ਗਿਆ ਸੀ।
  • ਸਾਲ 2012-13 ਤੋਂ ਬਾਅਦ ਦੋਵਾਂ ਟੀਮਾਂ ਦਰਮਿਆਨ ਕੋਈ ਆਪਸੀ ਸੀਰੀਜ਼ ਨਹੀਂ ਹੋਈ ਹੈ।
  • ਐਤਵਾਰ ਦੇ ਮੈਚ ਤੋਂ ਬਾਅਦ ਹੋ ਸਕਦਾ ਹੈ ਦੋਵੇਂ ਟੀਮਾਂ ਇੱਕ ਵਾਰ ਫਿਰ ਆਹਮਣੇ ਸਾਹਮਣੇ ਹੋਣ।
  • ਬਾਬਰ ਆਜ਼ਮ ਅਤੇ ਵਿਰਾਟ ਕੋਹਲੀ ਦਰਮਿਆਨ ਤੁਲਨਾ 2015 ਵਿੱਚ ਬਾਬਰ ਦੇ ਕੌਮਾਂਤਰੀ ਕ੍ਰਿਕਟ ਵਿੱਚ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ।
ਬੀਬੀਸੀ

ਕੋਹਲੀ ਦਾ ਕਮਾਲ

ਸੂਰਿਆ ਕੁਮਾਰ ਯਾਦਵ ਅਤੇ ਰਿਸ਼ਭ ਪੰਤ ਵਿਕਟ 'ਤੇ ਜ਼ਿਆਦਾ ਦੇਰ ਟਿਕ ਨਹੀਂ ਸਕੇ। ਸੂਰਿਆ ਕੁਮਾਰ ਯਾਦਵ ਨੇ 10 ਗੇਂਦਾਂ ਵਿੱਚ ਦੋ ਚੌਕਿਆਂ ਦੀ ਮਦਦ ਨਾਲ 13 ਦੌੜਾਂ ਬਣਾਈਆਂ। ਜਦਕਿ ਰਿਸ਼ਭ ਪੰਤ ਨੇ 12 ਗੇਂਦਾਂ 'ਚ ਦੋ ਚੌਕਿਆਂ ਦੀ ਮਦਦ ਨਾਲ 14 ਦੌੜਾਂ ਬਣਾਈਆਂ।

ਵਿਰਾਟ ਕੋਹਲੀ ਨੇ ਇਕ ਸਿਰੇ 'ਤੇ ਰੁਕ ਕੇ ਭਾਰਤੀ ਪਾਰੀ ਨੂੰ ਰੋਕੀ ਰੱਖਿਆ।

ਹਾਂਗਕਾਂਗ ਦੇ ਖਿਲਾਫ ਅਰਧ ਸੈਂਕੜੇ ਤੋਂ ਬਾਅਦ ਉਹ ਆਪਣੀ ਫਾਰਮ ਦੀ ਤਲਾਸ਼ ਕਰਦੇ ਨਜ਼ਰ ਆਏ ਪਰ ਪਾਕਿਸਤਾਨ ਖਿਲਾਫ ਇਸ ਮੈਚ 'ਚ ਉਹ ਆਪਣੇ ਪੁਰਾਣੇ ਰੰਗ 'ਚ ਨਜ਼ਰ ਆਏ।

ਪਾਕਿਸਤਾਨ ਖਿਲਾਫ ਪਿਛਲੇ ਮੈਚ ਦੇ ਹੀਰੋ ਰਹੇ ਹਰਫਨਮੌਲਾ ਹਾਰਦਿਕ ਪੰਡਯਾ ਭਾਵੇਂ ਬੱਲੇਬਾਜ਼ੀ ਨਾਲ ਅਸਫਲ ਰਹੇ ਪਰ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਪਰ ਕੋਹਲੀ ਨੇ ਟੀਮ ਨੂੰ ਸੰਭਾਲ ਕੇ ਰੱਖਿਆ।

ਉਨ੍ਹਾਂ ਨੇ ਆਪਣੀ ਪਾਰੀ ਦੀ 34ਵੀਂ ਗੇਂਦ 'ਤੇ ਛੱਕੇ ਦੀ ਮਦਦ ਨਾਲ ਸਰਵੋਤਮ ਅਰਧ ਸੈਂਕੜਾ ਪੂਰਾ ਕੀਤਾ। ਇਸ ਵਿੱਚ ਉਨ੍ਹਾਂ ਨੂੰ ਦੀਪਕ ਹੁੱਡਾ ਦਾ ਬਹੁਤ ਸਹਿਯੋਗ ਮਿਲਿਆ।

ਦੀਪਕ ਨੇ 14 ਗੇਂਦਾਂ 'ਚ ਦੋ ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਮੈਚ ਦੇ ਆਖਰੀ ਓਵਰ ਦੀ ਚੌਥੀ ਗੇਂਦ 'ਤੇ ਕੋਹਲੀ 44 ਗੇਂਦਾਂ 'ਤੇ 60 ਦੌੜਾਂ ਬਣਾ ਕੇ ਰਨ ਆਊਟ ਹੋ ਗਏ।

ਹਾਲਾਂਕਿ ਆਖ਼ਰੀ ਦੋ ਗੇਂਦਾਂ 'ਤੇ ਰਵੀ ਬਿਸ਼ਨੋਈ ਨੇ ਦੋ ਚੌਕਿਆਂ ਦੀ ਮਦਦ ਨਾਲ ਭਾਰਤ ਨੂੰ 181 ਦੌੜਾਂ ਤੱਕ ਪਹੁੰਚਾਇਆ (ਹਾਲਾਂਕਿ ਇਸ ਵਿੱਚ ਪਾਕਿਸਤਾਨ ਦੀ ਮਾੜੀ ਫੀਲਡਿੰਗ ਦਾ ਅਹਿਮ ਯੋਗਦਾਨ ਰਿਹਾ)।

ਭਾਰਤ ਪਾਕਿਸਤਾਨ ਮੈਚ

ਤਸਵੀਰ ਸਰੋਤ, SURJEET YADAV via Getty Images

ਤਸਵੀਰ ਕੈਪਸ਼ਨ, ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ (ਸੱਜੇ) ਸਿੱਕਾ ਉਛਾਲਦੇ ਹੋਏ ਜਦਕਿ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (ਖੱਬੇ) ਦੇਖ ਰਹੇ ਹਨ

ਛੇਂਵੇ ਓਵਰ ਵਿੱਚ ਭਾਰਤੀ ਟੀਮ ਦਾ ਪਹਿਲਾ ਵਿਕਟ ਡਿੱਗ ਗਿਆ। ਕੈਪਟਨ ਰੋਹਿਤ ਸ਼ਰਮਾ 16 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਤਿੰਨ ਚੌਕੇ ਅਤੇ ਦੋ ਛੱਕੇ ਲਗਾਏ।

ਰੋਹਿਤ ਤੇਜ਼ ਗੇਂਦਬਾਜ਼ ਹਾਰਿਸ ਰਊਫ ਦੀ ਗੇਂਦ 'ਤੇ ਕੈਚ ਆਊਟ ਹੋ ਗਏ। ਹੁਣ ਵਿਰਾਟ ਕੋਹਲੀ ਬੈਟਿੰਗ ਕਰ ਰਹੇ ਹਨ।

ਸ਼ੁੱਕਰਵਾਰ ਨੂੰ ਜਦੋਂ ਪਾਕਿਸਤਾਨ ਨੇ ਹਾਂਗਕਾਂਗ ਨੂੰ ਹਰਾਇਆ ਸੀ ਤਾਂ ਏਸ਼ੀਆ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਦੂਜਾ ਮੈਚ ਤੈਅ ਹੋ ਗਿਆ ਸੀ।

ਏਸ਼ੀਆ ਕੱਪ ਵਿੱਚ ਭਾਰਤ ਤੇ ਪਾਕਿਸਤਾਨ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਬਾਬਰ ਆਜ਼ਮ ਅਤੇ ਵਿਰਾਟ ਕੋਹਲੀ ਦਰਮਿਆਨ ਲੰਬੇ ਸਮੇਂ ਤੋਂ ਤੁਲਨਾ ਹੋ ਰਹੀ ਹੈ।

ਪਾਕਿਸਤਾਨੀ ਟੀਮ ਵਿੱਚ ਮੁਹੰਮਦ ਰਿਜ਼ਵਾਨ, ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਖੁਸ਼ਦਿਲ ਸ਼ਾਹ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਆਸਿਫ ਅਲੀ, ਮੁਹੰਮਦ ਨਵਾਜ਼, ਹਰਿਸ ਰਾਊਫ, ਮੁਹੰਮਦ ਹਸਨੈਨ ਅਤੇ ਨਸੀਮ ਸ਼ਾਹ ਸ਼ਾਮਲ ਹਨ।

ਭਾਰਤ ਹਾਲਾਂਕਿ ਮੈਚ ਦਾ ਟਾਸ ਹਾਰ ਗਿਆ ਹੈ। ਉਸ ਦੇ ਪਲੇਇੰਗ 11 ਇਸ ਤਰ੍ਹਾਂ ਹਨ- ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਦੀਪਕ ਹੁੱਡਾ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ।

ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਦੁਪਹਿਰ ਦੀ ਖਿੜੀ ਧੁੱਪ ਦੌਰਾਨ ਖੇਡਿਆ ਜਾ ਰਿਹਾ ਹੈ।

ਇਸ ਮੈਚ ਚੋਂ ਪਹਿਲਾਂ ਸਿੰਗਾਪੁਰ ਨਾਲ ਭਿੜੇ ਸਨ ਦੋਵੇਂ ਦੇਸ

ਪਿਛਲੇ ਐਤਵਾਰ ਨੂੰ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਇਸ ਤੋਂ ਬਾਅਦ ਪਾਕਿਸਤਾਨ ਨੇ ਹਰ ਹਾਲ ਵਿੱਚ ਹਾਂਗਕਾਂਗ ਨੂੰ ਹਰਾਉਣਾ ਜ਼ਰੂਰੀ ਹੋ ਗਿਆ ਸੀ।

ਜਿੱਥੇ ਹਾਂਗਕਾਂਗ ਨੇ ਭਾਰਤ ਦੇ ਖਿਲਾਫ਼ ਵਧੀਆ ਪ੍ਰਦਰਸ਼ਨ ਕੀਤਾ ਸੀ, ਉੱਥੇ ਹੀ ਪਾਕਿਸਤਾਨ ਸਾਹਮਣੇ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ।

ਪਾਕਿਸਤਾਨ ਨੇ ਹਾਂਗਕਾਂਗ ਨੁੰ 194 ਦੌੜਾਂ ਦਾ ਟੀਚਾ ਦਿੱਤਾ ਸੀ, ਜਦੋਂ ਕਿ ਹਾਂਗਕਾਂਗ ਦੀ ਟੀਮ 38 ਦੌੜਾਂ 'ਤੇ ਹੀ ਸਿਮਟ ਗਈ।

ਇਸ ਵੱਡੀ ਜਿੱਤ ਤੋਂ ਬਾਅਦ ਪਾਕਿਸਤਾਨੀ ਟੀਮ ਦੇ ਹੌਸਲੇ ਬੁਲੰਦ ਹਨ। ਪਿਛਲੀ ਹਾਰ ਦਾ ਹਿਸਾਬ ਪੂਰਾ ਕਰਨ ਲਈ ਵੀ ਟੀਮ ਤਿਆਰ ਹੋਵੇਗੀ।

ਏਸ਼ੀਆ ਕੱਪ ਵਿੱਚ ਭਾਰਤ ਤੇ ਪਾਕਿਸਤਾਨ

ਤਸਵੀਰ ਸਰੋਤ, ANI

ਭਾਰਤ ਅਤੇ ਪਾਕਿਸਤਾਨ ਦਰਮਿਆਨ ਕੋਈ ਵੀ ਮੁਕਾਬਲਾ ਹੋਵੇ ਕ੍ਰਿਕਟ ਪ੍ਰੇਮੀਆਂ ਵਿੱਚ ਇਸ ਨੂੰ ਲੈ ਕੇ ਉਤਸ਼ਾਹ ਰਹਿੰਦਾ ਹੀ ਹੈ।

2012-13 ਤੋਂ ਬਾਅਦ ਦੋਹਾਂ ਟੀਮਾਂ ਦਰਮਿਆਨ ਕੋਈ ਆਪਸੀ ਸੀਰੀਜ਼ ਨਹੀਂ ਹੋਈ ਪਰ ਆਈਸੀਸੀ ਦੇ ਟੂਰਨਾਮੈਂਟਾਂ ਵਿੱਚ ਦੋਵਾਂ ਟੀਮਾਂ ਦਾ ਅਕਸਰ ਮੁਕਾਬਲਾ ਹੁੰਦਾ ਰਹਿੰਦਾ ਹੈ।

ਜਦੋਂ ਆਈਸੀਸੀ ਟੀ-ਟਵੰਟੀ ਵਰਲਡ ਕੱਪ ਤੋਂ ਪਹਿਲਾਂ ਏਸ਼ੀਆ ਕੱਪ ਦਾ ਐਲਾਨ ਹੋਇਆ ਸੀ ਤਾਂ ਸਭ ਨੂੰ ਹੀ ਉਮੀਦ ਸੀ ਕਿ ਦੋਵੇਂ ਟੀਮਾਂ ਘੱਟੋ-ਘੱਟ ਤਿੰਨ ਵਾਰ ਆਪਸ ਵਿੱਚ ਮੈਚ ਖੇਡ ਸਕਦੀਆਂ ਹਨ।

ਦੂਜੇ ਮੁਕਾਬਲੇ ਤੋਂ ਬਾਅਦ ਸੰਭਾਵਨਾ ਹੈ ਕਿ ਫਾਈਨਲ ਵਿੱਚ ਇੱਕ ਵਾਰ ਫਿਰ ਦੋਹੇਂ ਟੀਮਾਂ ਇੱਕ ਦੂਜੇ ਦੇ ਆਹਮਣੇ ਸਾਹਮਣੇ ਹੋਣ।

ਜਿੱਥੇ ਗਰੁੱਪ ਏ ਵਿੱਚ ਭਾਰਤ ਅਤੇ ਪਾਕਿਸਤਾਨ ਉੱਪਰ ਹਨ ਉੱਥੇ ਹੀ ਗਰੁੱਪ ਬੀ ਵਿਚ ਸ੍ਰੀਲੰਕਾ ਤੇ ਅਫਗਾਨਿਸਤਾਨ ਦੀ ਟੀਮ ਨੇ ਆਪਣੀ ਜਗ੍ਹਾ ਬਣਾ ਲਈ ਹੈ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)