ਭਗਤ ਸਿੰਘ ਨੇ ਫਾਂਸੀ ਤੋਂ ਪਹਿਲਾਂ ਕਿਹੜੀ ਆਖਰੀ ਇੱਛਾ ਪ੍ਰਗਟ ਕੀਤੀ ਸੀ ਤੇ ਕੀ ਉਹ ਪੂਰੀ ਹੋ ਸਕੀ ਸੀ

- ਲੇਖਕ, ਦਲੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਗਤ ਸਿੰਘ ਦਾ ਅਸਲ ਜਨਮ ਸਥਾਨ ਕਿਹੜਾ ਹੈ?
ਫਾਂਸੀ ਲਾਹੌਰ ਵਿੱਚ ਹੋਈ ਤਾਂ ਹੁਸੈਨੀਵਾਲਾ ਵਿੱਚ ਅੰਤਮ ਸੰਸਕਾਰ ਕਿਉਂ ਹੋਇਆ?
ਭਗਤ ਸਿੰਘ ਦਾ ਆਖ਼ਰੀ ਸਮੇਂ ਕੀ ਧਰਮ ਵੱਲ ਝੁਕਾਅ ਹੋ ਗਿਆ ਸੀ?
ਭਾਰਤ ਦੇ ਅਜ਼ਾਦੀ ਘੁਲਾਟੀਏ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸਬੰਧਤ ਬਹੁਤ ਕਿੱਸੇ ਹਨ।
ਭਗਤ ਸਿੰਘ ਬਾਰੇ ਵੀ ਕਈ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ।

ਤਸਵੀਰ ਸਰੋਤ, CHAMAN LAL/FACEBOOK
ਬੀਬੀਸੀ ਪੰਜਾਬੀ ਨੇ ਅਜਿਹੇ ਹੀ ਕਈ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਭਗਤ ਸਿੰਘ ਉੱਤੇ ਖੋਜ ਕਰਨ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਚਮਨ ਲਾਲ ਨਾਲ।
ਪ੍ਰੋ. ਚਮਨ ਲਾਲ ਨਾਲ ਇਸ ਗੱਲਬਾਤ ਦੇ ਅਹਿਮ ਅੰਸ਼ ਪੜ੍ਹੋ।
ਭਗਤ ਸਿੰਘ ਦੀ ਵਿਚਾਰਧਾਰਾ ਕੀ ਸੀ?
ਬਹੁਤ ਲੋਕ ਭਗਤ ਸਿੰਘ ਨੂੰ ਖੱਬੇਪੱਖੀ ਵੀ ਕਹਿੰਦੇ ਹਨ ਪਰ ਕਿਸੇ ਦੀ ਵਿਆਖਿਆ ਮੰਨਣ ਦੀ ਲੋੜ ਨਹੀਂ ਹੈ।

ਤਸਵੀਰ ਸਰੋਤ, chaman lal
ਭਗਤ ਸਿੰਘ ਨੂੰ ਭਗਤ ਸਿੰਘ ਦੇ ਜ਼ਰੀਏ ਸਮਝਣ ਦੀ ਲੋੜ ਹੈ। ਇਸ ਲਈ ਉਨ੍ਹਾਂ ਦੀ ਜੇਲ੍ਹ ਡਾਇਰੀ ਸਣੇ ਲਿਖਤਾਂ ਨੂੰ ਪੜ੍ਹਨ ਦੀ ਲੋੜ ਹੈ।
ਭਗਤ ਸਿੰਘ ਨੇ ਆਪਣੀ ਪਾਰਟੀ ਦਾ ਨਾਮ 'ਹਿੰਦੁਸਤਾਨ ਰਿਬਲਿਕਨ ਐਸੋਸਿਏਸ਼ਨ' ਤੋਂ ਬਦਲ ਕੇ 'ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ' ਕੀਤਾ ਸੀ। ਇਸ ਦਾ ਮਤਲਬ ਹੈ ਕਿ ਉਹ ਸਮਾਜਵਾਦੀ ਇਨਕਲਾਬੀ ਸੀ।

ਇਹ ਵੀ ਪੜ੍ਹੋ-

ਇਸ ਸਬੰਧੀ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੀ ਭਗਤ ਸਿੰਘ ਦਾ ਬਸੰਤੀ ਰੰਗ ਨਾਲ ਕੋਈ ਸਬੰਧ ਸੀ?
ਭਗਤ ਸਿੰਘ ਦਾ ਪਰਿਵਾਰ ਕਾਂਗਰਸ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪੂਰੇ ਪਰਿਵਾਰ ਦਾ ਲਿਬਾਸ ਖੱਦਰ ਦਾ ਚਿੱਟਾ ਕੁੜਤਾ ਪਜਾਮਾ ਅਤੇ ਖੱਦਰ ਦੀ ਚਿੱਟੀ ਪੱਗ ਸੀ।

ਤਸਵੀਰ ਸਰੋਤ, Getty Images
ਉਸ ਦੌਰ ਦੇ ਇਨਕਲਾਬੀਆਂ ਦਾ ਮੁੱਖ ਪਹਿਰਾਵਾ ਖੱਦਰ ਦੇ ਕੱਪੜੇ ਹੀ ਸਨ। ਭਗਤ ਸਿੰਘ ਦਾ ਵੀ ਓਹੀ ਲਿਬਾਸ ਸੀ।
ਇੱਕ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਭਗਤ ਸਿੰਘ ਨੇ ਕਦੇ ਬਸੰਤੀ ਪੱਗ ਬੰਨ੍ਹੀ ਹੀ ਨਹੀਂ ਸੀ।
ਲੋਕ ਮੇਰੇ ਕੋਲੋਂ ਇਹ ਵੀ ਸਵਾਲ ਕਰਦੇ ਹਨ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਨ੍ਹਾਂ ਬਸੰਤੀ ਪੱਗ ਨਹੀਂ ਬੰਨ੍ਹੀ ਕਿਉਂਕਿ ਉਸ ਸਮੇਂ ਤਾਂ ਬਲੈਕ ਐਂਡ ਵ੍ਹਾਈਟ ਕੈਮਰਾ ਹੁੰਦਾ ਸੀ।
ਮੈਂ ਭਗਤ ਸਿੰਘ ਦੇ ਸਾਥੀਆਂ ਯਸ਼ਪਾਲ, ਸ਼ਿਵ ਵਰਮਾ ਅਤੇ ਹੋਰਾਂ ਦੇ ਇੰਟਰਵਿਊ ਪੜ੍ਹੇ ਹਨ, ਉਨ੍ਹਾਂ ਨੇ ਭਗਤ ਸਿੰਘ ਦੇ ਲਿਬਾਸ ਬਾਰੇ ਵੀ ਗੱਲਾਂ ਕੀਤੀਆਂ ਹਨ।

ਤਸਵੀਰ ਸਰੋਤ, COURTESY- CHAMAN LAL
ਉਨ੍ਹਾਂ ਮੁਤਾਬਕ ਭਗਤ ਸਿੰਘ ਦਾ ਚਿੱਟਾ ਲਿਬਾਸ ਮੈਲਾ-ਕੁਚੈਲਾ ਹੁੰਦਾ ਸੀ ਕਿਉਂਕਿ ਲੁੱਕ-ਛਿੱਪ ਕੇ ਗਤੀਵਿਧੀਆਂ ਚਲਾਉਣੀਆਂ ਅਤੇ ਭੱਜ-ਨੱਠ ਲੱਗੀ ਰਹਿੰਦੀ ਸੀ।
ਉਨ੍ਹਾਂ ਦੀ ਇੱਕ ਜੇਬ੍ਹ ਵਿੱਚ ਡਿਕਸ਼ਨਰੀ ਹੁੰਦੀ ਸੀ ਅਤੇ ਇੱਕ ਵਿੱਚ ਕਿਤਾਬ।
ਭਾਰਤ ਸਥਿਤ ਖਟਕੜ ਕਲਾਂ ਉਨ੍ਹਾਂ ਦਾ ਜਨਮ ਸਥਾਨ ਹੈ ਜਾਂ ਪਾਕਿਸਤਾਨ ਦਾ ਚੱਕ ਬੰਗਾ
ਭਗਤ ਸਿੰਘ ਦੇ ਖਾਨਦਾਨ ਦਾ ਕਰੀਬ 300 ਸਾਲ ਦਾ ਇਤਿਹਾਸ ਮਿਲ ਜਾਂਦਾ ਹੈ।
ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਆਤਮ ਕਥਾ ਹੈ 'ਬਰੀਡ ਅਲਾਈਵ' ਯਾਨੀ 'ਜ਼ਿੰਦਾ ਦਫ਼ਨ'।
ਉਸ ਵਿੱਚ ਉਨ੍ਹਾਂ ਨੇ ਆਪਣੇ ਪੁਰਖਿਆਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਦੇ ਪੁਰਖਿਆਂ ਦਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਾਰਲੀ ਸੀ।
ਮੈਂ ਨਾਰਲੀ ਜਾ ਕੇ ਵੀ ਆਇਆਂ ਪਰ ਉਨ੍ਹਾਂ ਦੀ ਉੱਥੇ ਕੋਈ ਜਾਇਦਾਦ ਜਾਂ ਨਿਸ਼ਾਨੀ ਨਹੀਂ ਮਿਲ ਸਕੀ ਪਰ ਅਜੀਤ ਸਿੰਘ ਦੀ ਕਿਤਾਬ ਵਿੱਚ ਉਸ ਪਿੰਡ ਦਾ ਜ਼ਿਕਰ ਹੈ।
ਉਨ੍ਹਾਂ ਦੇ ਪੁਰਖਿਆਂ ਨੇ ਜਦੋਂ ਸਿੱਖ ਧਰਮ ਨਹੀਂ ਅਪਣਾਇਆ ਸੀ ਉਸ ਵੇਲੇ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਸਦੀਆਂ ਅਸਥੀਆਂ ਪ੍ਰਵਾਹ ਕਰਨ ਹਰਿਦੁਆਰ ਜਾਂਦੇ ਸਨ।
ਉਸ ਦੌਰ ਵਿੱਚ ਕੋਈ ਸਾਧਨ ਨਹੀਂ ਹੁੰਦਾ ਸੀ ਤਾਂ ਲੋਕ ਪੈਦਲ ਹੀ ਯਾਤਰਾ ਕਰਦੇ ਸਨ।

ਤਸਵੀਰ ਸਰੋਤ, BRITISH LIBRARY
ਇਨ੍ਹਾਂ ਦੇ ਪੁਰਖਿਆਂ ਵਿੱਚੋਂ ਇੱਕ ਨੌਜਵਾਨ ਸੀ ਜੋ ਅਸਥੀਆਂ ਲੈਕੇ ਤੁਰਿਆ ਅਤੇ ਰਸਤੇ ਵਿੱਚ ਰਾਤ ਪੈ ਗਈ ਅਤੇ ਉਹ ਖਟਕੜ ਕਲਾਂ ਰੁਕ ਗਿਆ, ਇਸਦਾ ਪਹਿਲਾਂ ਨਾਮ ਗੜ੍ਹ ਕਲਾਂ ਸੀ। ਗੜ੍ਹ ਦਾ ਮਤਬਲ ਕਿਲ੍ਹਾ ਹੁੰਦਾ ਹੈ।
ਉਸ ਨੌਜਵਾਨ ਨੇ ਕਿਲ੍ਹੇ ਦੇ ਮਾਲਕ ਤੋਂ ਇੱਕ ਰਾਤ ਰੁਕਣ ਦੀ ਇਜਾਜ਼ਤ ਮੰਗੀ। ਉਨ੍ਹਾਂ ਦੀ ਇੱਕੋ ਇੱਕ ਕੁੜੀ ਸੀ, ਉਨ੍ਹਾਂ ਨੂੰ ਉਹ ਮੁੰਡਾ ਪਸੰਦ ਆਇਆ।
ਜਾਂਦਿਆਂ ਨੂੰ ਉਨ੍ਹਾਂ ਨੇ ਕਿਹਾ ਕਿ ਵਾਪਸੀ ਵੇਲੇ ਵੀ ਤੁਸੀਂ ਸਾਡੇ ਮਹਿਮਾਨ ਬਣ ਕੇ ਆਉਣਾ।
ਵਾਪਸੀ ਵੇਲੇ ਉਸ ਮੁੰਡੇ ਤੋਂ ਉਨ੍ਹਾਂ ਨੇ ਆਪਣੀ ਧੀ ਦੇ ਰਿਸ਼ਤੇ ਬਾਰੇ ਗੱਲ ਕਰਦਿਆਂ ਇੱਕ ਸ਼ਰਤ ਰੱਖੀ ਕਿ ਵਿਆਹ ਮਗਰੋਂ ਤੁਹਾਨੂੰ ਘਰ ਜਵਾਈ ਬਣ ਕੇ ਰਹਿਣਾ ਪਵੇਗਾ।
ਅਜੀਤ ਸਿੰਘ ਦੀ ਜੀਵਨੀ ਵਿੱਚ ਜ਼ਿਕਰ ਹੈ ਕਿ ਜਦੋਂ ਨੌਜਵਾਨ ਦਾ ਵਿਆਹ ਹੋਇਆ ਤਾਂ ਕਿਲ੍ਹਾ ਉਸਨੂੰ ਤੋਹਫੇ ਵਿੱਚ ਮਿਲਿਆ।
ਉਨ੍ਹਾਂ ਸਮਿਆਂ ਵਿੱਚ ਖੱਟ ਦਾਜ ਨੂੰ ਵੀ ਕਹਿੰਦੇ ਸੀ। ਫਿਰ ਗੜ੍ਹ ਕਲਾਂ ਤੋਂ ਨਾਮ ਬਦਲ ਕੇ ਪੈ ਗਿਆ ਖੱਟਗੜ੍ਹ। ਸਮਾਂ ਪਾ ਕੇ ਇਹ ਨਾਮ ਖੱਟਕੜ੍ਹ ਹੋ ਗਿਆ।

ਤਸਵੀਰ ਸਰੋਤ, AJIT SINGH-AN EXILED REVOLUTIONARY
ਭਗਤ ਸਿੰਘ ਦੇ ਪੁਰਖਿਆਂ ਵਿੱਚੋਂ ਫਤਿਹ ਸਿੰਘ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ।
ਜਦੋਂ ਪੰਜਾਬ ਉੱਤੇ ਅਗਰੇਜਾਂ ਦਾ ਕਬਜਾ ਹੋਇਆ ਤਾਂ ਸਜ਼ਾ ਦੇ ਤੌਰ ’ਤੇ ਉਨ੍ਹਾਂ ਦੀ ਕੁਝ ਜ਼ਮੀਨ ਖੋਹ ਲਈ ਗਈ।
ਪੰਜਾਬ ਦੇ ਮਜੀਠੀਆ ਪਰਿਵਾਰ ਦੇ ਲੋਕਾਂ ਨੇ ਫਤਿਹ ਸਿੰਘ ਨੂੰ ਅੰਗਰੇਜਾਂ ਦਾ ਸਹਿਯੋਗ ਕਰਨ ਅਤੇ ਜ਼ਮੀਨ ਵਾਪਸ ਲੈਣ ਦੀ ਸਲਾਹ ਦਿੱਤੀ।
ਇਸ ਸਲਾਹ ਦਾ ਜਵਾਬ ਦਿੰਦੇ ਹੋਏ ਫਤਿਹ ਸਿੰਘ ਨੇ ਕਿਹਾ ਸੀ ਕਿ ਉਹ ਬ੍ਰਿਟਿਸ਼ ਹਕੂਮਤ ਅੱਗੇ ਨਹੀਂ ਝੁਕਣਗੇ।

ਤਸਵੀਰ ਸਰੋਤ, Courtesy- CHAMAN LAL
ਉਸ ਵੇਲੇ ਤੋਂ ਹੀ ਭਗਤ ਸਿੰਘ ਦੇ ਪਰਿਵਾਰ ਦਾ ਦੇਸ਼ਭਗਤੀ ਨਾਲ ਰਿਸ਼ਤਾ ਕਾਇਮ ਹੁੰਦਾ ਹੈ।
ਫਤਿਹ ਸਿੰਘ ਤੋਂ ਅੱਗੇ ਦੂਜੀ ਤੀਜੀ ਪੀੜ੍ਹੀ ਵਿੱਚ ਆਉਂਦੇ ਹਨ ਅਰਜਨ ਸਿੰਘ ਜੋ ਭਗਤ ਸਿੰਘ ਦੇ ਦਾਦਾ ਸੀ।
ਕਰੀਬ 1900 ਦੇ ਨੇੜੇ ਨਵੇਂ ਜ਼ਿਲ੍ਹੇ ਬਣੇ ਸੀ ਲਾਇਲਪੁਰ ਅਤੇ ਮਿੰਟਗੁਮਰੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਨਹਿਰਾਂ ਬਣੀਆਂ ਸਨ ਅਤੇ ਜ਼ਮੀਨਾਂ ਜਰਖੇਜ਼ ਸਨ।
ਖੇਤੀਬਾੜੀ ਲਈ ਮਾਝੇ ਅਤੇ ਦੁਆਬੇ ਤੋਂ ਵੱਡੀ ਗਿਣਤੀ ਵਿੱਚ ਲੋਕ ਉੱਥੇ ਗਏ। ਇਸ ਪਰਿਵਾਰ ਨੂੰ ਵੀ ਜ਼ਮੀਨਾਂ ਅਲਾਟ ਹੋਈਆਂ।
ਲਾਇਲਪੁਰ ਵਿੱਚ ਇਨ੍ਹਾਂ ਦੀ ਜ਼ਮੀਨ ਸੀ ਚੱਕ ਨੰਬਰ 105, ਇੱਧਰ ਬੰਗਾ ਵਿੱਚ ਇਨ੍ਹਾਂ ਦੇ ਪਿੰਡ ਦਾ ਪਿਛੋਕੜ ਸੀ। ਫਿਰ ਇਸ ਥਾਂ ਦਾ ਨਾਂ ਪੈ ਗਿਆ ਲਾਇਲਪੁਰ ਚੱਕ ਬੰਗਾ।

ਤਸਵੀਰ ਸਰੋਤ, rajpalpublishing.com
ਭਗਤ ਸਿੰਘ ਦੇ ਪਿਤਾ ਅਤੇ ਚਾਚਿਆਂ ਦਾ ਜਨਮ ਮੌਜੂਦਾ ਭਾਰਤੀ ਪੰਜਾਬ ਵਿੱਚ ਹੋਇਆ ਸੀ ਅਤੇ ਭਗਤ ਸਿੰਘ ਦਾ ਜਨਮ ਲਾਇਲਪੁਰ ਚੱਕ ਬੰਗਾ ਪਾਕਿਸਤਾਨ ਵਿੱਚ ਹੋਇਆ ਸੀ।
ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦੀ ਹਿੰਦੀ ਵਿੱਚ ਕਿਤਾਬ ਹੈ 'ਭਗਤ ਸਿੰਘ ਅਤੇ ਉਨ੍ਹਾਂ ਦੇ ਪੁਰਖੇ' ਜੋ 1965 ਵਿੱਚ ਛਪੀ ਸੀ। ਉਸ ਕਿਤਾਬ ਵਿੱਚ ਸਾਰੇ ਖਾਨਦਾਨ ਦਾ ਇਤਿਹਾਸ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

ਭਗਤ ਸਿੰਘ ਦੀ ਜਨਮ ਮਿਤੀ ਕੀ ਹੈ 27 ਸਤੰਬਰ ਜਾਂ 28 ਸਤੰਬਰ
28 ਸਤੰਬਰ ਹੀ ਭਗਤ ਸਿੰਘ ਦੀ ਜਨਮ ਮਿਤੀ ਹੈ।
ਭਗਤ ਸਿੰਘ ਦੇ ਭਰਾ ਕੁਲਤਾਰ ਸਿੰਘ ਦੀ ਧੀ ਵਰਿੰਦਰ ਸਿੰਧੂ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਭਗਤ ਸਿੰਘ ਦਾ ਜਨਮ 28 ਸਤੰਬਰ ਦੀ ਸਵੇਰ ਤਕਰੀਬਨ 9 ਵਜੇ ਹੋਇਆ ਸੀ।
ਲਾਹੌਰ ਜੇਲ੍ਹ ਵਿੱਚ ਫਾਂਸੀ ਤੋਂ ਪਹਿਲਾਂ ਵਾਲੇ ਘੰਟੇ ਕਿਵੇਂ ਬੀਤੇ
ਅਧਿਕਾਰਤ ਹੁਕਮਾਂ ਮੁਤਾਬਕ ਉਨ੍ਹਾਂ ਦੀ ਫਾਂਸੀ 24 ਮਾਰਚ ਨੂੰ ਸਵੇਰੇ ਹੋਣੀ ਸੀ। ਪਰ ਅੰਦਰਖਾਤੇ ਤਿਆਰੀ ਸੀ 23 ਮਾਰਚ ਦੀ ਸ਼ਾਮ ਨੂੰ ਫਾਂਸੀ ਦੇਣ ਦੀ ਕਿਉਂਕਿ ਅੰਗਰੇਜ਼ੀ ਹਕੂਮਤ ਨੂੰ ਖ਼ਤਰਾ ਸੀ ਕਿ ਜੇਲ੍ਹ ਉੱਤੇ ਹਮਲਾ ਹੋ ਸਕਦਾ ਹੈ।

ਤਸਵੀਰ ਸਰੋਤ, SUPREMECOURTOFINDIA.NIC
23 ਤਰੀਕ ਨੂੰ ਸਵੇਰੇ ਪ੍ਰਾਣਨਾਥ ਮਹਿਤਾ ਨੂੰ ਭਗਤ ਸਿੰਘ ਨੇ ਮੁਲਾਕਾਤ ਲਈ ਸੱਦਿਆ ਸੀ ਅਤੇ ਕਿਹਾ ਸੀ ਕਿ ਮੇਰੇ ਲਈ ਕਿਤਾਬ ਲੈ ਕੇ ਆਉਣਾ, ਉਹ ਲੈਨਿਨ ਸਬੰਧੀ ਕਿਤਾਬ ਕਹੀ ਜਾਂਦੀ ਹੈ।
ਪ੍ਰਾਣਨਾਥ ਮਹਿਤਾ ਭਗਤ ਸਿੰਘ ਨੂੰ ਸਵੇਰੇ 11 ਵਜੇ ਇਸ ਬਹਾਨੇ ਨਾਲ ਮਿਲੇ ਕਿ ਮੈਂ ਭਗਤ ਸਿੰਘ ਦੀ ਵਸੀਅਤ ਤੇ ਦਸਤਖ਼ਤ ਕਰਵਾਉਣੇ ਹਨ।
ਭਗਤ ਸਿੰਘ ਨੇ ਪ੍ਰਾਣਨਾਥ ਮਹਿਤਾ ਹੱਥੋਂ ਕਿਤਾਬ ਲਈ ਅਤੇ ਬਹੁਤੀ ਗੱਲਬਾਤ ਕੀਤੇ ਬਗੈਰ ਕਿਤਾਬ ਪੜ੍ਹਨ ਲੱਗੇ।
ਭਗਤ ਸਿੰਘ ਦਾ ਟੀਚਾ ਸੀ ਕਿ 24 ਮਾਰਚ ਨੂੰ ਫਾਂਸੀ ਚੜ੍ਹਨ ਤੋਂ ਪਹਿਲਾਂ ਕਿਤਾਬ ਖ਼ਤਮ ਕਰਨਾ, ਪਰ 23 ਮਾਰਚ ਨੂੰ ਹੀ ਫਾਂਸੀ ਦੀ ਤਿਆਰੀ ਕਰ ਲਈ ਗਈ।
ਭਗਤ ਸਿੰਘ ਜਦੋਂ ਜਾਣ ਲੱਗੇ ਤਾਂ ਆਖਰੀ ਇੱਛਾ ਦੇ ਰੁਪ ਵਿੱਚ ਉਨ੍ਹਾਂ ਨੇ ਜੇਲ੍ਹ ਕਰਮਚਾਰੀ ਬੋਗਾ ਦੇ ਹੱਥੋਂ ਰੋਟੀ ਖਾਣ ਦੀ ਇੱਛਾ ਪ੍ਰਗਟਾਈ ਸੀ।

ਤਸਵੀਰ ਸਰੋਤ, COURTESY- CHAMAN LAL
ਬੋਗਾ ਇਸ ਗੱਲੋਂ ਖਿਝਦਾ ਸੀ। ਬੋਗਾ ਨੂੰ ਭਗਤ ਸਿੰਘ ਪਿਆਰ ਨਾਲ ਬੇਬੇ ਕਹਿੰਦੇ ਸਨ।
ਫਿਰ ਪਿਆਰ ਨਾਲ ਭਗਤ ਸਿੰਘ ਕਹਿੰਦੇ ਕਿ ਬੱਚੇ ਦਾ ਮਲ ਮੂਤਰ ਬੇਬੇ ਹੀ ਸਾਫ਼ ਕਰਦੀ ਹੈ ਤਾਂ ਇਸ ਹਿਸਾਬ ਨਾਲ ਬੋਗਾ ਬੇਬੇ ਹੋਇਆ।
ਬੋਗਾ ਨੇ ਰੋਟੀ ਦੇਣ ਤੋਂ ਪਹਿਲਾਂ ਤਾਂ ਨਾਂਹ ਕਰ ਦਿੱਤੀ ਕਿਉਂਕਿ ਦਲਿਤ ਹੋਣ ਕਾਰਨ ਉਸਨੇ ਕਿਹਾ ਕਿ ਇਹ ਪਾਪ ਹੋਵੇਗਾ।
ਕਿਸੇ ਤਰ੍ਹਾਂ ਬੋਗੇ ਨੂੰ ਤਿਆਰ ਕੀਤਾ ਗਿਆ ਰੋਟੀ ਲਿਆਉਣ ਲਈ ਪਰ ਰੋਟੀ ਆਉਣ ਤੋਂ ਪਹਿਲਾਂ ਹੀ ਭਗਤ ਸਿੰਘ ਨੂੰ ਉੱਥੋਂ ਲੈ ਗਏ।
ਉਸੇ ਵੇਲੇ ਭਗਤ ਸਿੰਘ ਨੇ ਉਸ ਕਿਤਾਬ ਦਾ ਪੰਨਾ ਮੋੜਿਆ ਜਿੱਥੇ ਤੱਕ ਉਹ ਉਸ ਨੂੰ ਪੜ੍ਹ ਸਕੇ ਸਨ ਅਤੇ ਤੁਰ ਪਏ।
ਲਾਹੌਰ ਵਿੱਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿੱਚ ਅੰਤਮ ਸਸਕਾਰ ਕਿਉਂ ਹੋਇਆ
ਲਾਹੌਰ ਜੇਲ੍ਹ ਦੇ ਨਾਲ ਪਿੰਡ ਸੀ ਇੱਛਰਾਂ। ਪੰਜਾਬੀ ਦੇ ਉੱਘੇ ਸ਼ਾਇਰ ਪ੍ਰੋ. ਹਰਿਭਜਨ ਸਿੰਘ ਦਾ ਵੀ ਪਰਿਵਾਰ ਉਸੇ ਪਿੰਡ ਵਿੱਚ ਰਹਿੰਦਾ ਸੀ।

ਤਸਵੀਰ ਸਰੋਤ, Getty Images
ਜਦੋਂ ਭਗਤ ਸਿੰਘ ਨੂੰ ਲੈ ਕੇ ਜਾਣ ਲੱਗੇ ਕੈਦੀਆਂ ਵੱਲੋਂ ਲਾਏ ਗਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਉਸ ਪਿੰਡ ਤੱਕ ਵੀ ਸੁਣੇ ਗਏ।
ਸਮਾਂ ਸ਼ਾਮ 7 ਤੋਂ 7.30 ਦੇ ਵਿਚਾਲੇ ਸੀ ਜਦੋਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ।
ਜੇਲ੍ਹ ਦੇ ਗੇਟ 'ਤੇ ਵੱਡੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਲਾਸ਼ਾਂ ਮੰਗੀਆਂ ਪਰ ਜੇਲ੍ਹ ਪ੍ਰਸਾਸ਼ਨ ਨੇ ਘਬਰਾਹਟ ਵਿੱਚ ਲਾਸ਼ਾਂ ਦੇ ਕਈ ਟੋਟੇ ਕੀਤੇ ਅਤੇ ਟਰੱਕ ਵਿੱਚ ਲੱਦ ਕੇ ਜੇਲ੍ਹ ਦੇ ਪਿਛਲੇ ਗੇਟ ਰਾਹੀਂ ਨਿਕਲ ਗਏ ਅਤੇ ਲਾਹੌਰ ਤੋਂ ਫਿਰੋਜ਼ਪੁਰ ਵਾਲੇ ਪਾਸੇ ਨਿਕਲ ਗਏ।
ਕਸੂਰ ਵਿੱਚ ਇੱਕ ਥਾਂ ਰੁੱਕ ਕੇ ਲੱਕੜਾਂ ਲਈਆਂ, ਇੱਕ ਪੰਡਤ ਅਤੇ ਇੱਕ ਗ੍ਰੰਥੀ ਨੂੰ ਨਾਲ ਲਿਆ ਅਤੇ ਮਿੱਟੀ ਦੇ ਤੇਲ ਦੇ ਕਨਸਤਰ ਵੀ ਚੁੱਕੇ।

ਸਤਲੁਜ ਦੇ ਕੰਢੇ ਜੰਗਲ ਵਿੱਚ ਜਲਦਬਾਜ਼ੀ ਵਿੱਚ ਲਾਸ਼ਾਂ 'ਤੇ ਤੇਲ ਪਾ ਕੇ ਸਾੜ ਦਿੱਤਾ ਗਿਆ।
ਪਿੱਛੋਂ ਲਾਲਾ ਲਾਜਪਤ ਰਾਏ ਦੀ ਧੀ ਪਾਰਵਤੀ ਬਾਈ ਅਤੇ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਅਮਰ ਕੌਰ ਸਣੇ ਕੁਝ 200 ਤੋਂ 300 ਲੋਕ 24 ਮਾਰਚ ਦੀ ਸਵੇਰੇ ਉਸੇ ਥਾਂ 'ਤੇ ਪਹੁੰਚੇ।
ਕਾਫੀ ਲੱਭਣ ਤੋਂ ਬਾਅਦ ਮਿੱਟੀ ਫਰੋਲਦਿਆਂ ਇਨ੍ਹਾਂ ਦੀਆਂ ਅੱਧਸੜੀਆਂ ਹੱਡੀਆਂ ਮਿਲੀਆਂ।

ਤਸਵੀਰ ਸਰੋਤ, ferozepur.nic.in
ਉਨ੍ਹਾਂ ਹੱਡੀਆਂ ਨੂੰ ਚੁਗਿਆ ਗਿਆ ਅਤੇ ਲਾਹੌਰ ਵਾਪਸ ਆ ਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅਰਥੀਆਂ ਤਿਆਰ ਕੀਤੀਆਂ ਗਈਆਂ।
ਰਾਵੀ ਦਰਿਆ ਦੇ ਤੱਟ 'ਤੇ ਤਿੰਨਾਂ ਦੇ ਸਸਕਾਰ ਵਿੱਚ ਲੱਖਾਂ ਲੋਕ ਇਕੱਠੇ ਹੋਏ ਸਨ।
26 ਮਾਰਚ ਦੀ ਟ੍ਰਿਬਿਊਨ ਅਖ਼ਬਾਰ ਵਿੱਚ ਪਹਿਲੇ ਪੰਨੇ ਉੱਤੇ ਇਹ ਖ਼ਬਰ ਲੱਗੀ ਸੀ ਕਿ ਲਾਲਾ ਲਾਜਪਤ ਰਾਏ ਦਾ ਜਿੱਥੇ ਸਸਕਾਰ ਹੋਇਆ ਸੀ ਉੱਥੇ ਹੀ ਇਨ੍ਹਂ ਤਿੰਨਾਂ ਦਾ ਵੱਡੀ ਭੀੜ ਦੀ ਹਾਜ਼ਰੀ ਵਿੱਚ ਅੰਤਮ ਸੰਸਕਾਰ ਕੀਤਾ ਗਿਆ।
ਕੀ ਆਖ਼ਰੀ ਸਮੇਂ ਵਿੱਚ ਭਗਤ ਸਿੰਘ ਦਾ ਧਰਮ ਵੱਲ ਝੁਕਾਅ ਹੋ ਗਿਆ ਸੀ?
ਇਹ ਸਰਾਸਰ ਝੂਠ ਹੈ। ਗਦਰ ਪਾਰਟੀ ਦੇ ਵੱਡੇ ਆਗੂ ਭਾਈ ਰਣਧੀਰ ਸਿੰਘ ਨਾਲ ਭਗਤ ਸਿੰਘ ਦੀ ਮੁਲਾਕਾਤ 2 ਤੋਂ 4 ਅਕਤੂਬਰ 1930 ਦੇ ਵਿਚਾਲੇ ਹੋਈ ਸੀ।
ਭਾਈ ਰਣਜੀਤ ਸਿੰਘ ਨੇ ਪਹਿਲਾਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਕੇਸ ਕਟੇ ਬੰਦੇ ਨੂੰ ਨਹੀਂ ਮਿਲਣਾ।
ਫਿਰ ਭਗਤ ਸਿੰਘ ਨੇ ਰਣਧੀਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਇਹ ਤਾਂ ਸਿਰਫ਼ ਇੱਕ ਅੰਗ ਸੀ ਮੁਲਕ ਲਈ ਬੰਦ ਬੰਦ ਕਟਵਾਉਣ ਨੂੰ ਤਿਆਰ ਹਾਂ।

ਤਸਵੀਰ ਸਰੋਤ, SUPREMECOURTOFINDIA.NIC
ਇਸ ਤੋਂ ਬਾਅਦ ਰਣਧੀਰ ਸਿੰਘ ਨੇ ਮੁਲਾਕਾਤ ਲਈ ਸੱਦਿਆ। ਭਗਤ ਸਿੰਘ ਨੂੰ ਪਤਾ ਸੀ ਕਿ ਇਸ ਮੁਲਾਕਾਤ ਮਗਰੋਂ ਗੱਲਾਂ ਹੋਣਗੀਆਂ।
ਭਗਤ ਸਿੰਘ ਨੇ 3 ਅਤੇ 4 ਅਕਤੂਬਰ 1930 ਨੂੰ ਮੈਂ ਨਾਸਤਿਕ ਕਿਉਂ ਹਾਂ ਲੇਖ ਲਿਖਿਆ ਸੀ।
ਬਾਅਦ ਵਿੱਚ ਇਹ ਰੌਲਾ ਪਿਆ ਕਿ ਇਹ ਲੇਖ ਭਗਤ ਸਿੰਘ ਨੇ ਨਹੀਂ ਸਗੋਂ ਕਾਮਰੇਡਾਂ ਨੇ ਆਪਣੇ ਕੋਲੋਂ ਲਿਖਿਆ ਹੈ। ਇਹ ਸੱਚ ਨਹੀਂ ਹੈ।
ਇਹ ਲੇਖ 27 ਸਤੰਬਰ 1931 ਦੇ 'ਦਿ ਪੀਪਲ' ਅਖ਼ਬਾਰ ਵਿੱਚ ਪਹਿਲੀ ਵਾਰ ਛਪਿਆ ਸੀ।
ਮੈਂ ਹੁਣ ਤੱਕ ਭਗਤ ਸਿੰਘ ਦੀਆਂ 135 ਲਿਖਤਾਂ ਲੱਭ ਚੁਕਿਆ ਹਾਂ ਅਤੇ 130 ਛੱਪ ਚੁਕੀਆਂ ਹਨ ਜੋ ਪ੍ਰਮਾਣਿਕ ਹਨ।
ਭਗਤ ਸਿੰਘ ਨਾਲ ਜੁੜੀਆਂ ਕੁਝ ਕਹਾਣੀਆਂ
- ਭਗਤ ਸਿੰਘ ਦੀ ਉਹ ਘੜੀ ਜੋ ਉਨ੍ਹਾਂ ਨੇ ਤੋਹਫੇ 'ਚ ਦੇ ਦਿੱਤੀ
- ਕੀ ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਤੇ ਊਧਮ ਸਿੰਘ ਕੰਬੋਜ ਹੋ ਸਕਦੇ ਨੇ?
- ਭਗਤ ਸਿੰਘ ਦੀ ਭੈਣ ਤੋਂ ਗੁਰਮੁਖੀ ਸਿੱਖਣ ਵਾਲੇ ਹੁਸੈਨ ਨੇ ਸੁਣਾਈਆਂ ਉਸ ਦੇ ਪਿੰਡ ਦੀਆਂ ਬਾਤਾਂ
- ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਅਜੀਤ ਸਿੰਘ ਜਿਨ੍ਹਾਂ ਦੀ ਅਗਵਾਈ ਵਿੱਚ ਪੰਜਾਬੀਆਂ ਨੇ ਅੰਗਰੇਜ਼ਾਂ ਤੋਂ ਖੇਤੀ ਕਾਨੂੰਨ ਰੱਦ ਕਰਵਾਏ
- ਭਗਤ ਸਿੰਘ ਨੇ ਜਦੋਂ ਕੌਂਸਲ ਹਾਊਸ 'ਚ ਸੁੱਟਿਆ ਬੰਬ, ਕਿਵੇਂ ਕੀਤੀ ਸੀ ਪੂਰੀ ਤਿਆਰੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3














