ਭਗਤ ਸਿੰਘ ਨੇ ਜਦੋਂ ਕੌਂਸਲ ਹਾਊਸ 'ਚ ਸੁੱਟਿਆ ਬੰਬ, ਕਿਵੇਂ ਕੀਤੀ ਸੀ ਪੂਰੀ ਤਿਆਰੀ

ਤਸਵੀਰ ਸਰੋਤ, chaman lal
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
23 ਮਾਰਚ ਦਾ ਦਿਨ ਭਾਰਤ 'ਚ ਸ਼ਹੀਦ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਸਾਲ 1931 ਨੂੰ ਅੱਜ ਦੇ ਹੀ ਦਿਨ ਆਜ਼ਾਦੀ ਘੁਲਾਟੀਏ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ।
ਉਸ ਸਮੇਂ ਕੌਂਸਲ ਹਾਊਸ ਦੇ ਨਾਂਅ ਨਾਲ ਜਾਣੇ ਜਾਂਦੇ ਅੱਜ ਦੇ ਸੰਸਦ ਭਵਨ ਨੂੰ ਦਿੱਲੀ ਦੀਆਂ ਸਰਬੋਤਮ ਇਮਾਰਤਾਂ 'ਚੋਂ ਇਕ ਮੰਨਿਆ ਜਾਂਦਾ ਸੀ।
ਕੌਂਸਲ ਹਾਊਸ 'ਚ ਸੇਫ਼ਟੀ (ਸੁਰੱਖਿਆ) ਬਿੱਲ ਪੇਸ਼ ਕੀਤੇ ਜਾਣ ਤੋਂ ਦੋ ਦਿਨ ਪਹਿਲਾਂ, ਯਾਨੀ ਕਿ 6 ਅਪ੍ਰੈਲ, 1929 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਕੌਂਸਲ ਹਾਊਸ ਗਏ ਸਨ। ਉਨ੍ਹਾਂ ਦਾ ਉੱਥੇ ਜਾਣ ਦਾ ਮਕਸਦ ਪਬਲਿਕ ਗੈਲਰੀ ਦਾ ਜਾਇਜ਼ਾ ਲੈਣਾ ਸੀ।
ਇਸ ਦੇ ਨਾਲ ਹੀ ਉਹ ਕੌਂਸਲ ਹਾਊਸ ਦੇ ਅੰਦਰ ਦੀ ਬਣਾਵਟ ਸਬੰਧੀ ਜਾਣਕਾਰੀ ਇੱਕਠੀ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਇਹ ਜਾਣ ਸਕਣ ਕਿ ਬੰਬ ਕਿਸ ਥਾਂ ਤੋਂ ਆਸਾਨੀ ਨਾਲ ਸੁੱਟੇ ਜਾ ਸਕਦੇ ਹਨ।
ਉਹ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਉਨ੍ਹਾਂ ਵੱਲੋਂ ਸੁੱਟੇ ਜਾਣ ਵਾਲੇ ਬੰਬਾਂ ਨਾਲ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਹਾਲਾਂਕਿ 'ਟਰੇਡ ਡਿਸਪਿਊਟ ਬਿੱਲ' ਪਾਸ ਕਰ ਦਿੱਤਾ ਗਿਆ ਸੀ, ਜਿਸ ਦੇ ਤਹਿਤ ਮਜ਼ਦੂਰਾਂ ਵੱਲੋਂ ਕੀਤੀ ਜਾਣ ਵਾਲੀ ਹਰ ਕਿਸਮ ਦੀ ਹੜਤਾਲ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਪਰ ਸਪੀਕਰ ਵਿੱਠਲਭਾਈ ਪਟੇਲ ਨੇ ਜਨਤਾ ਸੁਰੱਖਿਆ ਬਿੱਲ 'ਤੇ ਅਜੇ ਆਪਣਾ ਫ਼ੈਸਲਾ ਨਹੀਂ ਸੁਣਾਇਆ ਸੀ।
ਇਸ ਬਿੱਲ 'ਚ ਸਰਕਾਰ ਨੂੰ ਬਿਨ੍ਹਾਂ ਕਿਸੇ ਮੁੱਕਦਮੇ ਦੇ ਸ਼ੱਕੀ ਵਿਅਕਤੀਆਂ ਨੂੰ ਨਜ਼ਰਬੰਦ ਕਰਨ ਦਾ ਅਧਿਕਾਰ ਹਾਸਲ ਹੋਣਾ ਸੀ।

ਤਸਵੀਰ ਸਰੋਤ, WWW.SUPREMECOURTOFINDIA.NIC.IN
ਕੌਂਸਲ ਹਾਊਸ 'ਚ ਦਾਖਲ ਹੋਣਾ
8 ਅਪ੍ਰੈਲ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਲਗਭਗ 11 ਵਜੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਕੌਂਸਲ ਹਾਊਸ 'ਚ ਦਾਖਲ ਹੋ ਗਏ ਸਨ। ਉਨ੍ਹਾਂ ਨੇ ਖਾਕੀ ਰੰਗ ਦੀ ਕਮੀਜ਼ ਅਤੇ ਹਾਫ਼ ਪੈਂਟ ਪਾਈ ਹੋਈ ਸੀ।
ਉਸ ਦੇ ਉੱਪਰ ਉਨ੍ਹਾਂ ਨੇ ਸਿਲੇਟੀ ਰੰਗ ਦਾ ਚਾਰਖਾਨਿਆਂ ਵਾਲਿਆਂ ਕੋਟ ਵੀ ਪਾਇਆ ਹੋਇਆ ਸੀ, ਜਿਸ 'ਚ ਤਿੰਨ ਬਾਹਰਲੀਆਂ ਜੇਬਾਂ ਸਨ ਅਤੇ ਇਕ ਜੇਬ ਕੋਟ ਦੇ ਅੰਦਰਲੇ ਪਾਸੇ ਸੀ। ਉਨ੍ਹਾਂ ਦੋਵਾਂ ਨੇ ਉੱਨ ਦੀਆਂ ਜੁਰਾਬਾਂ ਵੀ ਪਾਈਆਂ ਹੋਈਆਂ ਸਨ।
ਭਗਤ ਸਿੰਘ ਨੇ ਇੱਕ ਵਿਦੇਸ਼ੀ ਫ਼ੇਲਟ ਹੈਟ ਵੀ ਪਾਈ ਹੋਈ ਸੀ। ਟੋਪੀ ਪਾਉਣ ਦਾ ਮਕਸਦ ਇਹ ਸੀ ਕਿ ਕੋਈ ਵੀ ਭਗਤ ਸਿੰਘ ਨੂੰ ਉਨ੍ਹਾਂ ਦੇ ਉੱਚੇ ਕੱਦ ਕਾਠ ਅਤੇ ਸੋਹਣੇ ਨੈਣ ਨਕਸ਼ ਹੋਣ ਕਾਰਨ ਪਹਿਲਾਂ ਹੀ ਨਾ ਪਛਾਣ ਲਵੇ। ਇਸ ਫ਼ਲੇਟ ਹੈਟ ਨੂੰ ਲਾਹੌਰ ਦੀ ਇੱਕ ਦੁਕਾਨ ਤੋਂ ਖ੍ਰੀਦਿਆ ਗਿਆ ਸੀ।
ਸੰਸਦ ਦਾ ਇਕ ਭਾਰਤੀ ਮੈਂਬਰ ਉਨ੍ਹਾਂ ਨੂੰ ਗੇਟ 'ਤੇ ਹੀ ਪਾਸ ਦੇ ਕੇ ਆਪ ਉੱਥੋਂ ਗਾਇਬ ਹੋ ਗਿਆ ਸੀ। ਉਸ ਸਮੇਂ ਜਨਤਕ ਗੈਲਰੀ 'ਚ ਦਰਸ਼ਕਾਂ ਦੀ ਖੂਬ ਭੀੜ੍ਹ ਸੀ।
ਭਗਤ ਸਿੰਘ ਦੇ ਇਕ ਹੋਰ ਜੀਵਨੀ ਲੇਖਕ ਮਲਵਿੰਦਰ ਜੀਤ ਸਿੰਘ ਵੜੈਚ ਅਪਣੀ ਕਿਤਾਬ 'ਭਗਤ ਸਿੰਘ- ਦ ਏਟਰਨਲ ਰੇਬੇਲ' 'ਚ ਲਿਖਦੇ ਹਨ, "ਦਿਲਚਸਪ ਗੱਲ ਇਹ ਹੈ ਕਿ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਉਨ੍ਹਾਂ ਕੱਪੜਿਆਂ 'ਚ ਹੀ 3 ਅਪ੍ਰੈਲ, 1929 ਨੂੰ ਕਸ਼ਮੀਰੀ ਗੇਟ ਦੇ ਰਾਮਨਾਥ ਫੋਟੋਗ੍ਰਾਫ਼ਰ ਦੀ ਦੁਕਾਨ 'ਤੇ ਤਸਵੀਰਾਂ ਖਿੱਚਵਾਈਆਂ ਸਨ, ਜਿੰਨ੍ਹਾਂ 'ਚ ਉਹ ਕੌਂਸਲ ਹਾਊਸ 'ਚ ਬੰਬ ਸੁਟੱਣ ਲਈ ਜਾਣ ਵਾਲੇ ਸਨ। ਫਿਰ 6 ਅਪ੍ਰੈਲ ਨੂੰ ਉਹ ਮੁੜ ਉਸ ਦੁਕਾਨ 'ਤੇ ਉਨ੍ਹਾਂ ਤਸਵੀਰਾਂ ਨੂੰ ਲੈਣ ਵੀ ਗਏ ਸਨ।"
ਅਸੈਂਬਲੀ ਭਵਨ 'ਚ ਜਾਣ ਤੋਂ ਪਹਿਲਾਂ ਭਗਤ ਸਿੰਘ ਨੇ ਆਪਣੀ ਇਕ ਜੇਬ ਘੜ੍ਹੀ ਆਪਣੇ ਇਕ ਸਾਥੀ ਜੈਦੇਵ ਨੂੰ ਦੇ ਦਿੱਤੀ ਸੀ। ਇਸ ਘੜ੍ਹੀ ਦਾ ਵੀ ਇੱਕ ਇਤਿਹਾਸ ਰਿਹਾ ਹੈ। ਸਭ ਤੋਂ ਪਹਿਲਾਂ ਇਹ ਘੜ੍ਹੀ ਗ਼ਦਰ ਪਾਰਟੀ ਦੇ ਇਕ ਮੈਂਬਰ ਨੇ ਫਰਵਰੀ 1915 'ਚ ਖਰੀਦੀ ਸੀ। ਇਸ ਤੋਂ ਬਾਅਦ ਰਾਸ ਬਿਹਾਰੀ ਬੋਸ ਨੇ ਇਹ ਘੜ੍ਹੀ 'ਬੰਦੀ ਜੀਵਨ' ਦੇ ਲੇਖਕ ਸ਼ਚਿੰਦਰ ਨਾਥ ਸਨਿਆਲ ਨੂੰ ਦੇ ਦਿੱਤੀ ਸੀ। ਫਿਰ ਸਨਿਆਲ ਨੇ ਉਹ ਘੜ੍ਹੀ ਭਗਤ ਸਿੰਘ ਨੂੰ ਦਿੱਤੀ ਸੀ।
ਉਸ ਸਮੇਂ ਸੰਸਦ 'ਚ ਸਰ ਜੌਹਨ ਸਾਈਮਨ ਤੋਂ ਇਲਾਵਾ ਮੋਤੀਲਾਲ ਨਹਿਰੂ, ਮੁਹੰਮਦ ਅਲੀ ਜਿਨਾਹ, ਐਨ ਸੀ ਕੇਲਕਰ ਅਤੇ ਐਮ ਆਰ ਜੈਕਰ ਵੀ ਮੌਜੂਦ ਸਨ।
ਭਗਤ ਸਿੰਘ ਇਸ ਗੱਲ ਤੋਂ ਜਾਣੂ ਸਨ ਕਿ ਉਨ੍ਹਾਂ ਦੇ ਬੰਬ ਬਿੱਲ ਨੂੰ ਕਾਨੂੰਨ ਬਣਨ ਤੋਂ ਨਹੀਂ ਰੋਕ ਸਕਣਗੇ ਪਰ ਉਹ ਆਪਣਾ ਵਿਰੋਧ ਪ੍ਰਗਟਾਉਣਾ ਚਾਹੁੰਦੇ ਸਨ। ਦਰਅਸਲ ਨੈਸ਼ਨਲ ਅਸੈਂਬਲੀ 'ਚ ਬ੍ਰਿਟਿਸ਼ ਸਰਕਾਰ ਦੇ ਸਮਰਥਕਾਂ ਦੀ ਕਮੀ ਨਹੀਂ ਸੀ ਅਤੇ ਦੂਜੇ ਵਾਇਸਰਾਇ ਨੂੰ ਕਾਨੂੰਨ ਬਣਾਉਣ ਦੀਆਂ ਅਸਾਧਾਰਣ ਸ਼ਕਤੀਆਂ ਹਾਸਲ ਸਨ।

ਤਸਵੀਰ ਸਰੋਤ, WWW.SUPREMECOURTOFINDIA.NIC.IN
ਦੁਰਗਾ ਦਾਸ ਨੇ ਬੰਬ ਦੀ ਖ਼ਬਰ ਸਾਰੀ ਦੁਨੀਆ ਨੂੰ ਦਿੱਤੀ
ਭਗਤ ਸਿੰਘ ਵੱਲੋਂ ਬੰਬ ਸੁੱਟੇ ਜਾਣ ਦੀ ਘਟਨਾ ਦਾ ਬਹੁਤ ਹੀ ਜੀਵੰਤ ਵਰਣਨ ਦੁਰਗਾ ਦਾਸ ਨੇ ਆਪਣੀ ਮਸ਼ਹੂਰ ਕਿਤਾਬ 'ਇੰਡੀਆ ਫਰੋਮ ਨਹਿਰੂ ਟੂ ਕਰਜ਼ਨ ਐਂਡ ਆਫ਼ਟਰ' 'ਚ ਕੀਤਾ ਹੈ।
ਦੁਰਗਾ ਦਾਸ ਲਿਖਦੇ ਹਨ, "8 ਅਪ੍ਰੈਲ ਨੂੰ ਜਿਵੇਂ ਹੀ ਪ੍ਰਧਾਨ ਵਿੱਠਲਭਾਈ ਪਟੇਲ ਸੇਫ਼ਟੀ ਬਿੱਲ 'ਤੇ ਆਪਣਾ ਫ਼ੈਸਲਾ ਦੇਣ ਲਈ ਖੜ੍ਹੇ ਹੋਏ ਤਾਂ ਭਗਤ ਸਿੰਘ ਨੇ ਅਸੈਂਬਲੀ ਦੇ ਫਰਸ਼ 'ਤੇ ਬੰਬ ਸੁੱਟ ਦਿੱਤਾ। ਮੈਂ ਪੱਤਰਕਾਰਾਂ ਦੀ ਗੈਲਰੀ 'ਤੋਂ ਬਾਹਰ ਨਿਕਲ ਕੇ ਪ੍ਰੈਸ ਰੂਮ ਵੱਲ ਭੱਜਿਆ। ਮੈਂ ਇਕ ਸੁਨੇਹਾ ਡਿਕਟੇਟ ਕਰਵਾਇਆ ਅਤੇ ਏਪੀਆਈ ਦੇ ਨਿਉਜ਼ ਡੇਸਕ ਨੂੰ ਕਿਹਾ ਕਿ ਉਹ ਇਸ ਨੂੰ ਲੰਡਨ 'ਚ ਰਾਇਟਰ ਅਤੇ ਪੂਰੇ ਭਾਰਤ 'ਚ ਫਲੈਸ਼ ਕਰ ਦੇਣ।”
“ਇਸ ਤੋਂ ਪਹਿਲਾਂ ਕਿ ਮੈਂ ਫੋਨ ਜ਼ਰਿਏ ਹੋਰ ਜਾਣਕਾਰੀ ਦਿੰਦਾ, ਫੋਨ ਲਾਈਨ ਹੀ ਡੈੱਡ ਹੋ ਗਈ। ਪੁਲਿਸ ਮੁਲਾਜ਼ਮਾਂ ਨੇ ਫੌਰੀ ਅਸੈਂਬਲੀ ਦਾ ਮੁੱਖ ਗੇਟ ਬੰਦ ਕਰ ਦਿੱਤਾ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਮੇਰੇ ਸਾਹਮਣੇ ਹੀ ਹਿਰਾਸਤ 'ਚ ਲਿਆ ਗਿਆ।”
“ਪਰ ਮੇਰੀ ਖ਼ਬਰ ਨੂੰ ਰਾਇਟਰ ਨੇ ਤਿੰਨ ਘੰਟਿਆਂ ਤੱਕ ਨਹੀਂ ਚਲਾਇਆ ਸੀ, ਕਿਉਂਕਿ ਤਿੰਨ ਘੰਟਿਆਂ ਤੱਕ ਉਸ ਖ਼ਬਰ ਦਾ ਕੋਈ ਫਾਲੋ-ਅਪ ਨਹੀਂ ਭੇਜਿਆ ਗਿਆ ਸੀ। ਭੇਜਿਆ ਵੀ ਕਿਵੇਂ ਜਾਂਦਾ, ਕਿਸੇ ਵੀ ਪੱਤਰਕਾਰ ਨੂੰ ਅਸੈਂਬਲੀ ਹਾਲ ਤੋਂ ਬਾਹਰ ਹੀ ਨਹੀਂ ਜਾਣ ਦਿੱਤਾ ਗਿਆ ਸੀ। ਹਾਲ ਅੰਦਰ ਉੱਠ ਰਹੇ ਧੂੰਏ ਦੇ ਵਿਚਾਲੇ ਹੀ ਸਪੀਕਰ ਵਿੱਠਲਭਾਈ ਪਟੇਲ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।”
ਬੀਬੀਸੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

ਤਸਵੀਰ ਸਰੋਤ, WWW.SUPREMECOURTOFINDIA.NIC.IN
ਬੰਬ ਸੁੱਟਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ
ਭਗਤ ਸਿੰਘ ਨੇ ਬੰਬ ਸੁੱਟਣ ਵੇਲੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਸੀ ਕਿ ਕੁਰਸੀ 'ਤੇ ਬੈਠੇ ਮੈਂਬਰਾਂ ਤੋਂ ਕੁਝ ਦੂਰੀ 'ਤੇ ਹੀ ਬੰਬ ਸੁੱਟਿਆ ਜਾਵੇ ਤਾਂ ਕਿ ਮੈਂਬਰਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਜਿਵੇਂ ਹੀ ਬੰਬ ਫਟਿਆ, ਬਹੁਤ ਜ਼ੋਰ ਨਾਲ ਆਵਾਜ਼ ਆਈ ਅਤੇ ਪੂਰੇ ਅਸੈਂਬਲੀ ਹਾਲ 'ਚ ਘੁੱਪ ਹਨੇਰਾ ਹੋ ਗਿਆ।
ਦਰਸ਼ਕ ਗੈਲਰੀ 'ਚ ਹਫੜਾ-ਤਫੜੀ ਮੱਚ ਗਈ। ਫਿਰ ਬਟੁਕੇਸ਼ਵਰ ਦੱਤ ਨੇ ਦੂਜਾ ਬੰਬ ਸੁੱਟਿਆ। ਗੈਲਰੀ 'ਚ ਬੈਠੇ ਲੋਕਾਂ ਨੇ ਬਾਹਰ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੱਤਾ।
ਕੁਲਦੀਪ ਨਈਅਰ ਆਪਣੀ ਕਿਤਾਬ 'ਵਿਦਆਊਟ ਫਿਅਰ- ਦ ਲਾਈਫ ਐਂਡ ਟਰਾਇਲ ਆਫ ਭਗਤ ਸਿੰਘ' 'ਚ ਲਿਖਦੇ ਹਨ, "ਇਹ ਬੰਬ ਘੱਟ ਸਮਰੱਥਾ ਵਾਲੇ ਸਨ ਅਤੇ ਇੰਨ੍ਹਾਂ ਨੂੰ ਇਸ ਢੰਗ ਨਾਲ ਸੁੱਟਿਆ ਗਿਆ ਸੀ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ।”
“ਬੰਬ ਸੁੱਟਣ ਤੋਂ ਤੁਰੰਤ ਬਾਅਦ ਹੀ ਦਰਸ਼ਕ ਗੈਲਰੀ 'ਚ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰਿਆਂ ਦੇ ਨਾਲ ਹੀ ਦਰੱਖਤਾਂ ਦੇ ਪੱਤਿਆਂ ਦੀ ਤਰ੍ਹਾਂ ਪਰਚੇ ਹੇਠਾਂ ਡਿੱਗਣ ਲੱਗੇ। ਉਨ੍ਹਾਂ ਦਾ ਵਿਸ਼ਾ ਖੁਦ ਭਗਤ ਸਿੰਘ ਨੇ ਲਿਖਿਆ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਪਾਰਟੀ ਦੇ ਲੈਟਰਹੈੱਡ 'ਤੇ ਇਸ ਦੀਆਂ 30-40 ਕਾਪੀਆਂ ਲਿਖੀਆਂ ਗਈਆਂ ਸਨ।"
ਹਿੰਦੁਸਤਾਨ ਟਾਈਮਜ਼ ਦੇ ਸਜਗ ਪੱਤਰਕਾਰ ਦੁਰਗਾ ਦਾਸ ਨੇ ਆਪਣੀ ਸਤਰਕਤਾ ਪੇਸ਼ ਕਰਦਿਆਂ ਉਹ ਪਰਚਾ ਉੱਥੋਂ ਚੁੱਕ ਲਿਆ ਅਤੇ ਹਿੰਦੁਸਤਾਨ ਟਾਈਮਜ਼ ਦੇ ਸ਼ਾਮ ਦੇ ਵਿਸ਼ੇਸ਼ ਪ੍ਰਕਾਸ਼ਨ 'ਚ ਉਸ ਨੂੰ ਛਾਪ ਕੇ ਸਾਰੇ ਦੇਸ਼ ਦੇ ਸਾਹਮਣੇ ਰੱਖ ਦਿੱਤਾ।
ਇਹ ਵੀ ਪੜ੍ਹੋ-

ਤਸਵੀਰ ਸਰੋਤ, WWW.SUPREMECOURTOFINDIA.NIC.IN
ਬੋਲੇ ਕੰਨਾਂ ਲਈ ਧਮਾਕਾ ਜ਼ਰੂਰੀ
ਇਸ ਪਰਚੇ ਦਾ ਸਭ ਤੋਂ ਪਹਿਲਾ ਸ਼ਬਦ ਸੀ - 'ਨੋਟਿਸ'। ਪਰਚੇ 'ਚ ਫਰਾਂਸ ਦੇ ਸ਼ਹੀਦ ਅਗਸਤ ਵੈਲਨ ਦੀ ਮਿਸਾਲ ਸੀ ਕਿ 'ਬੋਲੇ ਕੰਨਾਂ ਨੂੰ ਸੁਣਾਉਣ ਲਈ ਧਮਾਕਿਆਂ ਦੀ ਜ਼ਰੂਰਤ ਪੈਂਦੀ ਹੈ'। ਅਖੀਰ 'ਚ ਕਮਾਂਡਰ ਇਨ ਚੀਫ਼ ਬਲਰਾਜ ਦਾ ਨਾਂਅ ਦਿੱਤਾ ਗਿਆ ਸੀ।
ਜਿਵੇਂ ਹੀ ਬੰਬ ਵਿਸਫੋਟ ਨਾਲ ਪੈਦਾ ਹੋਇਆ ਧੂੰਆ ਘੱਟ ਹੋਇਆ ਤਾਂ ਅਸੈਂਬਲੀ ਦੇ ਮੈਂਬਰ ਆਪੋ ਆਪਣੀ ਸੀਟਾਂ 'ਤੇ ਪਰਤਣ ਲੱਗੇ। ਦਰਸ਼ਕ ਗੈਲਰੀ 'ਚ ਬੈਠੈ ਹੋਏ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਬਿਲਕੁੱਲ ਵੀ ਭੱਜਣ ਦੀ ਕੋਸ਼ਿਸ਼ ਨਾ ਕੀਤੀ।
ਦਰਅਸਲ ਉਨ੍ਹਾਂ ਦੀ ਪਾਰਟੀ ਨੇ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ ਕਿ ਬੰਬ ਸੁੱਟਣ ਤੋਂ ਬਾਅਦ ਉਹ ਆਪਣੀ ਸੀਟਾਂ 'ਤੇ ਹੀ ਖੜ੍ਹੇ ਰਹਿਣਗੇ। ਉੱਥੇ ਮੌਜੂਦ ਪੁਲਿਸ ਮੁਲਾਜ਼ਮ ਇਸ ਡਰ ਨਾਲ ਉਨ੍ਹਾਂ ਨਜ਼ਦੀਕ ਨਾ ਗਏ ਕਿ ਸ਼ਾਇਦ ਉਨ੍ਹਾਂ ਕੋਲ ਕੋਈ ਹਥਿਆਰ ਨਾ ਹੋਵੇ।
ਭਗਤ ਸਿੰਘ ਨੇ ਆਪਣੀ ਆਟੋਮੈਟਿਕ ਪਿਸਤੌਲ ਸਰੈਂਡਰ ਕੀਤੀ, ਜਿਸ ਨਾਲ ਉਨ੍ਹਾਂ ਨੇ ਸੌਂਡਰਸ ਦੇ ਸਰੀਰ 'ਚ ਗੋਲੀਆਂ ਮਾਰੀਆਂ ਸਨ। ਭਗਤ ਸਿੰਘ ਨੂੰ ਪਤਾ ਸੀ ਕਿ ਇਸ ਪਿਸਤੌਲ ਸਾਊਂਡਰਸ ਦੇ ਕਤਲ ਮਾਮਲੇ 'ਚ ਉਨ੍ਹਾਂ ਦੀ ਸ਼ਮੂਲੀਅਤ ਲਈ ਸਭ ਤੋਂ ਅਹਿਮ ਸਬੂਤ ਸੀ।
ਭਗਤ ਸਿੰਘ ਅਤੇ ਦੱਤ ਦੋਵਾਂ ਨੂੰ ਹੀ ਵੱਖੋ-ਵੱਖ ਥਾਣਿਆਂ 'ਚ ਲਿਜਾਇਆ ਗਿਆ। ਭਗਤ ਸਿੰਘ ਨੂੰ ਮੁੱਖ ਕੋਤਵਾਲੀ ਅਤੇ ਦੱਤ ਨੂੰ ਚਾਂਦਨੀ ਚੌਂਕ ਥਾਣੇ 'ਚ ਰੱਖਿਆ ਗਿਆ ਤਾਂ ਜੋ ਦੋਵਾਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ ਜਾ ਸਕੇ।

ਤਸਵੀਰ ਸਰੋਤ, SUPREME COURT OF INDIA
ਖ਼ੁਫੀਆ ਵਿਭਾਗ ਦਾ ਸ਼ੁਰੂਆਤੀ ਸੁਰਾਗ
ਵਾਇਸਰਾਇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋਵਾਂ ਹੀ ਹਮਲਾਵਰਾਂ ਨੇ ਕਿਸੇ ਦਾ ਵੀ ਕਤਲ ਨਹੀਂ ਕੀਤਾ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਜੇਕਰ ਉਹ ਦੋਵੇਂ ਚਾਹੁੰਦੇ ਤਾਂ ਮੰਝਰ ਕੁਝ ਹੋਰ ਹੋ ਸਕਦਾ ਸੀ। ਉਨ੍ਹਾਂ ਦਾ ਨਿਸ਼ਾਨਾ ਤਾਂ ਸਿਰਫ ਸੈਂਟਰਲ ਅਸੈਂਬਲੀ ਹੀ ਸੀ।
ਉਸ ਵਕਤ ਪ੍ਰਗਤੀਵਾਦੀ ਮੰਨੇ ਜਾਂਦੇ ਕਾਂਗਰਸੀ ਆਗੂ ਚਮਨ ਲਾਲ ਨੇ ਸਭ ਤੋਂ ਪਹਿਲਾਂ ਕ੍ਰਾਂਤੀਕਾਰੀਆਂ ਦੇ ਇਸ ਕਦਮ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਬੰਬ ਸੁੱਟਣਾ ਪਾਗਲਪੰਤੀ ਵਾਲਾ ਕੰਮ ਹੈ।
ਕੁਲਦੀਪ ਨਈਅਰ ਆਪਣੀ ਕਿਤਾਬ 'ਚ ਲਿਖਦੇ ਹਨ ਕਿ 'ਬ੍ਰਿਟਿਸ਼ ਖ਼ੁਫੀਆ ਵਿਭਾਗ ਨੂੰ ਲੱਗਿਆ ਸੀ ਕਿ ਹੈਂਡਬਿੱਲ ਨੂੰ ਲਿਖਣ ਦਾ ਤਰੀਕਾ ਅਤੇ ਰੂਪ ਪਹਿਲਾਂ ਵੀ ਇਸਤੇਮਾਲ ਕੀਤਾ ਜਾ ਚੁੱਕਿਆ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਉਨ੍ਹਾਂ ਪੋਸਟਰਾਂ ਦੀ ਪੜਤਾਲ ਕਰਨ ਲਈ ਲਾਹੌਰ ਭੇਜਿਆ ਗਿਆ ਸੀ, ਜੋ ਕਿ ਸੌਂਡਰਸ ਨੂੰ ਮਾਰਨ ਤੋਂ ਬਾਅਦ ਉੱਥੇ ਕੰਧਾਂ 'ਤੇ ਚਿਪਕਾਏ ਗਏ ਸਨ।
ਭਗਤ ਸਿੰਘ ਵੱਲੋਂ ਸੁੱਟੇ ਗਏ, ਟਾਈਪ ਕੀਤੇ ਗਏ ਪਰਚਿਆਂ ਅਤੇ ਉਨ੍ਹਾਂ ਪੋਸਟਰਾਂ 'ਚ ਇਕ ਸਮਾਨਤਾ ਸੀ । ਦੋਵਾਂ ਨੂੰ ਹੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਜਾਰੀ ਕੀਤਾ ਸੀ ਅਤੇ ਦੋਵਾਂ ਨੂੰ ਭੇਜਣ ਵਾਲੇ ਦਾ ਨਾਂਅ ਬਲਰਾਜ ਸੀ, ਜੋ ਕਿ ਇਸ ਸੰਸਥਾ ਦਾ ਕਮਾਂਡਰ ਇਨ ਚੀਫ਼ ਸੀ।
ਦੋਵਾਂ ਦਾ ਹੀ ਪਹਿਲਾ ਸ਼ਬਦ ਨੋਟਿਸ ਸੀ ਅਤੇ ਦੋਵਾਂ ਦਾ ਅੰਤ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਿਆਂ ਨਾਲ ਹੁੰਦਾ ਸੀ।

ਤਸਵੀਰ ਸਰੋਤ, WWW.SUPREMECOURTOFINDIA.NIC.IN
ਆਸਫ਼ ਅਲੀ ਨੇ ਲੜ੍ਹਿਆ ਸੀ ਭਗਤ ਸਿੰਘ ਦਾ ਮੁਕੱਦਮਾ
ਇੱਥੋਂ ਹੀ ਅੰਗਰੇਜ਼ਾਂ ਨੂੰ ਸਾਊਂਡਰਜ਼ ਦੇ ਕਤਲ ਮਾਮਲੇ 'ਚ ਭਗਤ ਸਿੰਘ ਦੀ ਸ਼ਮੂਲੀਅਤ ਦੇ ਸੁਰਾਗ ਮਿਲੇ ਸਨ। ਜਿਵੇਂ-ਜਿਵੇਂ ਜਾਂਚ ਅਗਾਂਹ ਵੱਧਦੀ ਗਈ, ਉਨ੍ਹਾਂ ਦੇ ਸ਼ੱਕ ਦੀ ਵੀ ਪੁਸ਼ਟੀ ਹੁੰਦੀ ਗਈ। ਹੁਣ ਇਹ ਗੱਲ ਤਾਂ ਸਪੱਸ਼ਟ ਹੋ ਗਈ ਸੀ ਕਿ ਪਰਚਿਆਂ ਅਤੇ ਪੋਸਟਰ ਦਾ ਵਿਸ਼ਾ ਭਗਤ ਸਿੰਘ ਨੇ ਹੀ ਲਿਖਿਆ ਸੀ।
ਇਹ ਸਹੀ ਵੀ ਸੀ। ਦੋਵਾਂ ਨੂੰ ਭਗਤ ਸਿੰਘ ਨੇ ਆਪਣੇ ਹੱਥੀਂ ਲਿਖਿਆ ਸੀ। ਭਗਤ ਸਿੰਘ 'ਤੇ ਭਾਰਤੀ ਦੰਢਾਵਲੀ ਦੀ ਧਾਰਾ 307 ਦੇ ਤਹਿਤ ਕਤਲ ਕਰਨ ਦੀ ਕੋਸ਼ਿਸ਼ ਦਾ ਮੁਕੱਦਮਾ ਚਲਾਇਆ ਗਿਆ ਸੀ।
ਕਾਂਗਰਸ ਪਾਰਟੀ ਦੇ ਆਸਫ਼ ਅਲੀ ਨੇ ਭਗਤ ਸਿੰਘ ਦਾ ਮੁਕੱਦਮਾ ਲੜ੍ਹਿਆ ਸੀ। ਆਸਫ਼ ਅਲੀ ਨਾਲ ਅਪਣੀ ਪਹਿਲੀ ਮੁਲਾਕਾਤ 'ਚ ਹੀ ਭਗਤ ਸਿੰਘ ਨੇ ਕਿਹਾ ਸੀ ਕਿ ਉਹ ਚਮਨ ਲਾਲ ਨੂੰ ਦੱਸ ਦੇਣ ਕਿ ਉਹ ਪਾਗਲ ਨਹੀਂ ਹਨ।
“ਅਸੀਂ ਸਿਰਫ ਇਹ ਦਾਅਵਾ ਕਰਦੇ ਹਾਂ ਕਿ ਅਸੀਂ ਇਤਿਹਾਸ ਅਤੇ ਆਪਣੇ ਦੇਸ਼ ਦੇ ਹਾਲਾਤਾਂ ਅਤੇ ਇਸ ਦੀਆਂ ਆਸ਼ਾਵਾਂ ਦੇ ਗੰਭੀਰ ਵਿਦਿਆਰਥੀ ਹਾਂ।”
ਇਸ ਘਟਨਾ ਤੋਂ ਬਾਅਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਭਾਰਤੀ ਨੌਜਵਾਨਾਂ ਦੇ ਨਾਇਕ ਬਣ ਗਏ ਸਨ। ਉਨ੍ਹਾਂ ਪ੍ਰਤੀ ਜਨਤਾ ਦਾ ਵੱਧਦਾ ਸਮਰਥਨ ਵੇਖ ਕੇ ਅੰਗਰੇਜ਼ ਸਰਕਾਰ ਨੇ ਜੇਲ੍ਹ 'ਚ ਹੀ ਅਦਾਲਤ ਲਗਾਉਣ ਦਾ ਫ਼ੈਸਲਾ ਕੀਤਾ। ਇਹ ਜੇਲ੍ਹ ਉਸ ਭਵਨ 'ਚ ਸੀ, ਜਿੱਥੇ ਮੌਜੂਦਾ ਸਮੇਂ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਸਥਿਤ ਹੈ।

ਤਸਵੀਰ ਸਰੋਤ, chaman lala
ਇਸ ਮੁੱਕਦਮੇ 'ਚ ਬ੍ਰਿਟਿਸ਼ ਸਰਕਾਰ ਦੇ ਵਕੀਲ ਰਾਏ ਬਹਾਦੁਰ ਸੂਰਿਯਾਨਾਰਾਇਣ ਸਨ ਅਤੇ ਮੁਕੱਦਮੇ ਦੇ ਜੱਜ ਅਡੀਸ਼ਨਲ ਮੈਜੀਸਟਰੇਟ ਪੀ ਬੀ ਪੂਲ ਸਨ।
ਪੂਰੇ ਮੁਕੱਦਮੇ ਦੌਰਾਨ ਭਗਤ ਸਿੰਘ ਦੇ ਮਾਤਾ-ਪਿਤਾ ਵੀ ਉੱਥੇ ਹੀ ਮੌਜੂਦ ਸਨ। ਜਦੋਂ ਭਗਤ ਸਿੰਘ ਨੂੰ ਪਹਿਲੀ ਵਾਰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਉਦੋਂ ਉਨ੍ਹਾਂ ਨੇ ਆਪਣੀਆਂ ਮੁੱਠੀਆਂ ਬੰਦ ਕਰਕੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਗਾਏ ਸਨ। ਇਸ ਤੋਂ ਬਾਅਦ ਹੀ ਮੈਜੀਸਟਰੇਟ ਨੇ ਹੁਕਮ ਜਾਰੀ ਕੀਤੇ ਸਨ ਕਿ ਦੋਵਾਂ ਨੂੰ ਹੱਥਕੜ੍ਹੀ ਲਗਾ ਦਿੱਤੀ ਜਾਵੇ।
ਦੋਵਾਂ ਨੇ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਅਤੇ ਉਹ ਲੋਹੇ ਦੀ ਰੇਲਿੰਗ ਪਿੱਛੇ ਰੱਖੇ ਬੈਂਚ 'ਤੇ ਬੈਠ ਗਏ। ਭਗਤ ਸਿੰਘ ਨੇ ਇਹ ਕਹਿੰਦਿਆਂ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ, ਉਹ ਜੋ ਕੁਝ ਵੀ ਕਹਿਣਗੇ, ਸਿਰਫ ਸੈਸ਼ਨ ਜੱਜ ਦੀ ਅਦਾਲਤ 'ਚ ਹੀ ਕਹਿਣਗੇ।
ਸਰਕਾਰ ਵੱਲੋਂ ਸਾਰਜੈਂਟ ਟੇਰੀ ਮੁੱਖ ਗਵਾਹ ਸਨ। ਉਨ੍ਹਾਂ ਕਿਹਾ ਸੀ ਕਿ ਜਦੋਂ ਭਗਤ ਸਿੰਘ ਨੂੰ ਅਸੈਂਬਲੀ 'ਚ ਗ੍ਰਿਫਤਾਰ ਕੀਤਾ ਗਿਆ ਸੀ , ਉਸ ਸਮੇਂ ਉਨ੍ਹਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਸੀ।
ਟੇਰੀ ਨੇ ਗਵਾਹੀ ਦਿੰਦਿਆਂ ਕਿਹਾ, "ਪਿਸਤੌਲ ਭਗਤ ਸਿੰਘ ਦੇ ਸੱਜੇ ਹੱਥ 'ਚ ਸੀ ਅਤੇ ਉਸ ਦਾ ਮੂੰਹ ਜ਼ਮੀਨ ਵੱਲ ਸੀ।"
“ਇਹ ਸਹੀ ਨਹੀਂ ਸੀ, ਕਿਉਂਕਿ ਭਗਤ ਸਿੰਘ ਨੇ ਆਪ ਹੀ ਆਪਣੀ ਪਿਸਤੌਲ ਸਰੈਂਡਰ ਕੀਤੀ ਸੀ ਅਤੇ ਉਨ੍ਹਾਂ ਨੇ ਖੁਦ ਹੀ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸੀ। ਇੰਨ੍ਹਾਂ ਜ਼ਰੂਰ ਹੈ ਕਿ ਭਗਤ ਸਿੰਘ ਕੋਲੋਂ ਪਿਸਤੌਲ ਦਾ ਇੱਕ ਲੋਡਿਡ ਮੈਗਜ਼ਿਨ ਵੀ ਬਰਾਮਦ ਹੋਇਆ ਸੀ।”
ਭਗਤ ਸਿੰਘ ਦੇ ਖ਼ਿਲਾਫ 11 ਲੋਕਾਂ ਨੇ ਗਵਾਹੀ ਦਿੱਤੀ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਆਪਣੀ ਇਕ ਜੇਬ 'ਚ ਬੰਬ ਅਤੇ ਦੂਜੀ 'ਚ ਡੈਟੋਨੇਟਰ ਲੈ ਕੇ ਆਏ ਸਨ ਅਤੇ ਉਹ ਜਾਣ ਬੁੱਝ ਕੇ ਹੀ ਹੌਲੀ ਚੱਲ ਰਹੇ ਸਨ ਤਾਂ ਜੋ ਬੰਬ ਪਹਿਲਾਂ ਹੀ ਨਾ ਫੱਟ ਜਾਵੇ।

ਤਸਵੀਰ ਸਰੋਤ, chaman lal
ਉਮਰ ਕੈਦ ਦੀ ਸਜ਼ਾ
ਜਦੋਂ ਭਗਤ ਸਿੰਘ ਨੂੰ ਅਦਾਲਤ 'ਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਨ੍ਹਾਂ ਨੇ ਅਦਾਲਤ ਅੱਗੇ ਗੁਜ਼ਾਰਿਸ਼ ਕੀਤੀ ਕਿ ਉਨ੍ਹਾਂ ਨੂੰ ਜੇਲ੍ਹ 'ਚ ਅਖ਼ਬਾਰ ਮੁਹੱਈਆ ਕਰਵਾਉਣ ਦਾ ਹੁਕਮ ਜਾਰੀ ਕੀਤਾ ਜਾਵੇ ਪਰ ਅਦਾਲਤ ਨੇ ਉਨ੍ਹਾਂ ਦੀ ਇਹ ਬੇਨਤੀ ਠੁਕਰਾ ਦਿੱਤੀ। ਅਦਾਲਤ ਉਨ੍ਹਾਂ ਨਾਲ ਇਕ ਆਮ ਅਪਰਾਧੀ ਦੀ ਤਰ੍ਹਾਂ ਹੀ ਸਲੂਕ ਕਰ ਰਹੀ ਸੀ।
ਫਿਰ 4 ਜੂਨ ਨੂੰ ਇਹ ਮੁਕੱਦਮਾ ਸੈਸ਼ਨ ਜੱਜ ਲਿਓਨਾਰਡ ਮਿਡਲਟਾਊਨ ਦੀ ਅਦਾਲਤ 'ਚ ਤਬਦੀਲ ਕੀਤਾ ਗਿਆ। 6 ਜੂਨ ਨੂੰ ਮੁਲਜ਼ਮਾਂ ਨੇ ਆਪਣੇ ਬਿਆਨ ਦਿੱਤੇ ਅਤੇ 10 ਜੂਨ ਨੂੰ ਮੁਕੱਦਮਾ ਖ਼ਤਮ ਹੋ ਗਿਆ ਸੀ।
12 ਜੂਨ ਨੂੰ ਫ਼ੈਸਲਾ ਸੁਣਾਇਆ ਗਿਆ। ਅਦਾਲਤ ਨੇ ਭਗਤ ਸਿੰਘ ਅਤੇ ਦੱਤ ਨੂੰ ਜਾਣਬੁੱਝ ਕੇ ਵਿਸਫੋਟ ਕਰਨ ਦਾ ਦੋਸ਼ੀ ਦੱਸਿਆ, ਜਿਸ ਨਾਲ ਕਿ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ।

ਤਸਵੀਰ ਸਰੋਤ, chaman lal
ਦੋਵਾਂ ਨੂੰ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮੁਕੱਦਮੇ ਦੇ ਦੌਰਾਨ ਪ੍ਰੋਸੀਕਿਊਸ਼ਨ / ਇਸਤਗਾਸਾ ਗਵਾਹ ਸਰ ਸੋਭਾ ਸਿੰਘ ( ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ) ਨੇ ਆਪਣੀ ਗਵਾਹੀ 'ਚ ਕਿਹਾ ਸੀ ਕਿ ਉਨ੍ਹਾਂ ਨੇ ਭਗਤ ਸਿੰਗ ਅਤੇ ਬਟੁਕੇਸ਼ਵਰ ਦੱਤ ਨੂੰ ਬੰਬ ਸੁੱਟਦਿਆਂ ਵੇਖਿਆ ਸੀ।
ਹਾਲਾਂਕਿ ਉਹ ਦੋਵੇਂ ਹੀ ਇਸ ਫ਼ੈਸਲੇ ਦੇ ਖ਼ਿਲਾਫ ਅਪੀਲ ਕਰਨ ਲਈ ਤਿਆਰ ਨਹੀਂ ਸਨ, ਪਰ ਬਾਅਦ 'ਚ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਨਾ ਲਿਆ ਗਿਆ ਸੀ।
ਇਸ ਪਿੱਛੇ ਇਹ ਦਲੀਲ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਕਰਨ ਨਾਲ ਕ੍ਰਾਂਤੀ ਦੇ ਸੁਨੇਹੇ ਦਾ ਪ੍ਰਚਾਰ ਕਰਨ 'ਚ ਮਦਦ ਮਿਲੇਗੀ। ਜਿਵੇਂ ਕਿ ਉਮੀਦ ਸੀ, ਹਾਈ ਕੋਰਟ ਨੇ 13 ਜਨਵਰੀ 1930 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਅਪੀਲ ਖਾਰਜ ਕਰ ਦਿੱਤੀ ਅਤੇ ਉਨ੍ਹਾਂ ਨੂੰ 14 ਸਾਲਾਂ ਲਈ ਸਲਾਖਾਂ ਪਿੱਛੇ ਭੇਜ ਦਿੱਤਾ।
ਬਾਅਦ 'ਚ ਸੌਂਡਰਜ਼ ਨੂੰ ਮਾਰਨ ਦੇ ਦੋਸ਼ 'ਚ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।












