ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਅਜੀਤ ਸਿੰਘ ਜਿਨ੍ਹਾਂ ਦੀ ਅਗਵਾਈ ਵਿੱਚ ਪੰਜਾਬੀਆਂ ਨੇ ਅੰਗਰੇਜ਼ਾਂ ਤੋਂ ਖੇਤੀ ਕਾਨੂੰਨ ਰੱਦ ਕਰਵਾਏ

ਉਨ੍ਹਾਂ ਨੇ ਬ੍ਰਿਟੇਸ਼ ਅਫ਼ਸਰਾਂ ਦੇ ਰਾਜ਼ ਜਾਨਣ ਲਈ ਉਨ੍ਹਾਂ ਨੂੰ ਕੁਝ ਦੇਰ ਉਰਦੂ ਅਤੇ ਫ਼ਾਰਸੀ ਵੀ ਪੜ੍ਹਾਈ (1903)

ਤਸਵੀਰ ਸਰੋਤ, Ajit Singh-an Exiled revolutionary

ਤਸਵੀਰ ਕੈਪਸ਼ਨ, ਉਨ੍ਹਾਂ ਨੇ ਬ੍ਰਿਟੇਸ਼ ਅਫ਼ਸਰਾਂ ਦੇ ਰਾਜ਼ ਜਾਨਣ ਲਈ ਉਨ੍ਹਾਂ ਨੂੰ ਕੁਝ ਦੇਰ ਉਰਦੂ ਅਤੇ ਫ਼ਾਰਸੀ ਵੀ ਪੜ੍ਹਾਈ ਸੀ (1903)
    • ਲੇਖਕ, ਪ੍ਰੋ. ਚਮਨ ਲਾਲ
    • ਰੋਲ, ਬੀਬੀਸੀ ਪੰਜਾਬੀ ਲਈ ਖ਼ਾਸ

ਆਪਣੇ ਲੇਖ 'ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦਾ ਪਹਿਲਾ ਉਭਾਰ' ਵਿੱਚ ਭਗਤ ਸਿੰਘ ਨੇ ਲਿਖਿਆ ਹੈ-ਜੋ ਨੌਜਵਾਨ ਲੋਕਮਾਨਿਆ ਪ੍ਰਤੀ ਵਿਸ਼ੇਸ਼ ਤੌਰ 'ਤੇ ਆਕਰਸ਼ਿਤ ਹੋਏ ਸਨ, ਉਨ੍ਹਾਂ ਵਿੱਚੋਂ ਕੁਝ ਪੰਜਾਬੀ ਨੌਜਵਾਨ ਵੀ ਸਨ। ਅਜਿਹੇ ਹੀ ਦੋ ਪੰਜਾਬੀ ਜਵਾਨ ਕਿਸ਼ਨ ਸਿੰਘ ਅਤੇ ਮੇਰੇ ਸਤਿਕਾਰਯੋਗ ਚਾਚਾ ਸ. ਅਜੀਤ ਸਿੰਘ ਜੀ ਸਨ।

ਇਹ ਵੀ ਪੜ੍ਹੋ:

ਅਜੀਤ ਸਿੰਘ ਦਾ ਜਨਮ 23 ਫਰਵਰੀ, 1881 ਨੂੰ ਜ਼ਿਲ੍ਹਾ ਜਲੰਧਰ ਦੇ ਖਟਕੜ ਕਲਾਂ ਪਿੰਡ ਵਿੱਚ ਹੋਇਆ ਸੀ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਉਨ੍ਹਾਂ ਦੇ ਵੱਡੇ ਭਰਾ ਅਤੇ ਸਵਰਨ ਸਿੰਘ ਛੋਟੇ ਭਰਾ ਸਨ ਜੋ ਕਿ 23 ਸਾਲ ਦੀ ਹੀ ਉਮਰ ਵਿੱਚ ਆਜ਼ਾਦੀ ਸੰਗਰਾਮ ਦੌਰਾਨ ਜੇਲ੍ਹ ਵਿੱਚ ਲੱਗੀ ਤਪੈਦਿਕ ਦੀ ਬਿਮਾਰੀ ਨਾਲ ਗੁਜ਼ਰ ਗਏ ਸਨ।

ਤਿੰਨਾਂ ਦੇ ਪਿਤਾ ਅਰਜਨ ਸਿੰਘ ਉਨ੍ਹਾਂ ਦਿਨਾਂ ਵਿੱਚ ਆਜ਼ਾਦੀ ਸੰਗਰਾਮ ਦੀ ਵਾਹਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਤਿੰਨੋਂ ਭਰਾ ਵੀ ਉਸ ਨਾਲ ਜੁੜੇ ਹੋਏ ਸਨ। ਤਿੰਨਾਂ ਭਰਾਵਾਂ ਨੇ ਸਾਈਂ ਦਾਸ ਐਂਗਲੋ ਸੰਸਕ੍ਰਿਤ ਸਕੂਲ ਜਲੰਧਰ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਅਜੀਤ ਸਿੰਘ ਨੇ 1903-04 ਵਿੱਚ ਬਰੇਲੀ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।

ਅਜੀਤ ਸਿੰਘ

ਤਸਵੀਰ ਸਰੋਤ, Ajit Singh-an Exiled revolutionary

ਤਸਵੀਰ ਕੈਪਸ਼ਨ, ਅਜੀਤ ਸਿੰਘ 1907 ਦੀ ਸੂਰਤ ਕਾਂਗਰਸ ਦੌਰਾਨ-ਲੋਕਮਾਨਿਆ ਤਿਲਕ ਅਤੇ ਅਰਬਿੰਦੋ ਘੋਸ਼ ਨਾਲ

1903 ਵਿੱਚ ਹੀ ਉਨ੍ਹਾਂ ਦਾ ਵਿਆਹ ਕਸੂਰ ਦੇ ਸੂਫ਼ੀ ਵਿਚਾਰਾਂ ਵਾਲੇ ਧਨਪਤ ਰਾਏ ਦੀ ਪੁੱਤਰੀ ਹਰਨਾਮ ਕੌਰ ਨਾਲ ਹੋਇਆ। 1906 ਦੀ ਕਲਕੱਤਾ ਕਾਂਗਰਸ ਦੀ ਪ੍ਰਧਾਨਗੀ ਦਾਦਾ ਭਾਈ ਨਾਰੋਜੀ ਨੇ ਕੀਤੀ ਸੀ।

ਉੱਥੇ ਹੀ ਅਜੀਤ ਸਿੰਘ ਤਿਲਕ ਤੋਂ ਬੇਹੱਦ ਪ੍ਰਭਾਵਿਤ ਹੋਏ ਸਨ, ਇੱਥੋਂ ਵਾਪਸ ਆ ਕੇ ਦੋਵੇਂ ਭਰਾਵਾਂ-ਕਿਸ਼ਨ ਸਿੰਘ ਅਤੇ ਅਜੀਤ ਸਿੰਘ ਨੇ 'ਭਾਰਤ ਮਾਤਾ ਸੁਸਾਇਟੀ' ਜਾਂ 'ਅੰਜੁਮਨ-ਮੁਹੱਬਬਾਨੇ ਵਤਨ' ਦੀ ਸਥਾਪਨਾ ਕੀਤੀ ਅਤੇ ਅੰਗਰੇਜ਼ਾਂ ਦੇ ਵਿਰੋਧੀ ਕਿਤਾਬਚੇ ਛਾਪਣੇ ਸ਼ੁਰੂ ਕੀਤੇ।

ਅੰਗਰੇਜ਼ਾਂ ਦੇ ਖੇਤੀ ਕਾਨੂੰਨ

1907 ਵਿੱਚ ਅੰਗਰੇਜ਼ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ, ਜਿਸ ਵਿਰੁੱਧ ਪੰਜਾਬ ਦੇ ਕਿਸਾਨਾਂ ਵਿੱਚ ਬੇਹੱਦ ਰੋਸ ਦੀ ਭਾਵਨਾ ਪੈਦਾ ਹੋਈ। ਅਜੀਤ ਸਿੰਘ ਨੇ ਅੱਗੇ ਵਧ ਕੇ ਕਿਸਾਨਾਂ ਨੂੰ ਸੰਗਠਿਤ ਕੀਤਾ ਅਤੇ ਪੂਰੇ ਪੰਜਾਬ ਵਿੱਚ ਰੋਸ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਨ੍ਹਾਂ ਵਿੱਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਲਾਲਾ ਲਾਜਪਤ ਰਾਏ ਨੂੰ ਬੁਲਾਇਆ ਗਿਆ।

ਇਨ੍ਹਾਂ ਤਿੰਨੋਂ ਕਾਨੂੰਨਾਂ ਦਾ ਜ਼ਿਕਰ ਭਗਤ ਸਿੰਘ ਨੇ ਆਪਣੇ ਉਪਰੋਕਤ ਲੇਖ ਵਿੱਚ ਕੀਤਾ ਹੈ।

ਉਨ੍ਹਾਂ ਨੇ ਲਿਖਿਆ, 'ਨਵਾਂ ਕਾਲੋਨੀ ਐਕਟ ਜਿਸ ਤਹਿਤ ਕਿਸਾਨਾਂ ਦੀ ਜ਼ਮੀਨ ਜ਼ਬਤ ਹੋ ਸਕਦੀ ਸੀ, ਵਧਿਆ ਹੋਇਆ ਮਾਲੀਆ (Revenue) ਅਤੇ ਬਾਰੀ ਦੋਆਬ ਨਹਿਰ ਦੇ ਪਾਣੀ ਦੀਆਂ ਵਧੀਆਂ ਹੋਈਆਂ ਦਰਾਂ ਸਨ।'

'ਝੰਗ ਸਿਆਲ' ਪੱਤ੍ਰਿਕਾ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਪੁਲਿਸ ਦੀ ਨੌਕਰੀ ਛੱਡ ਕੇ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਮਾਰਚ 1907 ਦੀ ਲਾਇਲਪੁਰ ਦੀ ਇੱਕ ਵੱਡੀ ਸਭਾ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਵਿਤਾ 'ਪਗੜੀ ਸੰਭਾਲ ਜੱਟਾ' ਪੜ੍ਹੀ ਜਿਸ ਵਿੱਚ ਕਿਸਾਨਾਂ ਦੇ ਸ਼ੋਸ਼ਣ ਦੀ ਦਰਦ ਭਰੀ ਦਾਸਤਾਂ ਦਾ ਵਰਣਨ ਹੈ।

ਅਜੀਤ

ਤਸਵੀਰ ਸਰੋਤ, Ajit Singh-an Exiled revolutionary

ਤਸਵੀਰ ਕੈਪਸ਼ਨ, ਅਜੀਤ ਸਿੰਘ ਇਟਲੀ ਵਿੱਚ- ਪੱਗ ਵਾਲੇ ਵਿਚਕਾਰ

ਉਹ ਕਵਿਤਾ ਇੰਨੀ ਹਰਮਨਪਿਆਰੀ ਹੋਈ ਕਿ ਉਸ ਕਿਸਾਨ ਵਿਰੋਧ ਦਾ ਨਾਂ ਹੀ ਕਵਿਤਾ ਦੇ ਨਾਂ 'ਤੇ 'ਪਗੜੀ ਸੰਭਾਲ ਜੱਟਾ ਅੰਦੋਲਨ' ਪੈ ਗਿਆ।

ਉਸ ਦਾ ਅਸਰ 113 ਸਾਲ ਬਾਅਦ 2020-21 ਦੇ ਕਿਸਾਨ ਅੰਦੋਲਨ 'ਤੇ ਸਾਫ਼ ਦੇਖਿਆ ਜਾ ਸਕਦਾ ਹੈ, ਜਦੋਂ ਕਿਸਾਨਾਂ ਵਿੱਚ ਫਿਰ ਆਪਣੀ ਜ਼ਮੀਨ ਖੋਹਣ ਦਾ ਡਰ ਪੈਦਾ ਹੋਇਆ ਹੈ।

21 ਅ੍ਰਪੈਲ, 1907 ਵਿੱਚ ਰਾਵਲਪਿੰਡੀ ਦੀ ਅਜਿਹੀ ਹੀ ਵੱਡੀ ਮੀਟਿੰਗ ਵਿੱਚ ਅਜੀਤ ਸਿੰਘ ਨੇ ਜੋ ਭਾਸ਼ਣ ਦਿੱਤਾ, ਉਸ ਨੂੰ ਅੰਗਰੇਜ਼ ਸਰਕਾਰ ਨੇ ਬਹੁਤ ਬਾਗੀ ਬਿਰਤੀ ਦਾ ਅਤੇ ਦੇਸ਼ਧ੍ਰੋਹੀ ਭਾਸ਼ਣ ਮੰਨਿਆ। ਅੱਜ ਦੀ ਹੀ ਤਰ੍ਹਾਂ ਉਨ੍ਹਾਂ 'ਤੇ ਦਫ਼ਾ 124-ਏ ਤਹਿਤ ਬਾਅਦ ਵਿੱਚ ਕੇਸ ਦਰਜ ਕੀਤਾ।

ਵੀਡੀਓ ਕੈਪਸ਼ਨ, ਲਾਹੌਰ ਡਾਇਰੀ-6: ਭਗਤ ਸਿੰਘ ਅੱਜ ਵੀ ਪਾਕਿਸਤਾਨ ਵਿੱਚ ਇੰਝ ਜ਼ਿੰਦਾ ਹੈ: 'ਸਾਂਝਾ ਨਾਇਕ ਹੈ'

ਪੰਜਾਬ ਭਰ ਵਿੱਚ ਅਜਿਹੀਆਂ 33 ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚੋਂ 19 ਵਿੱਚ ਅਜੀਤ ਸਿੰਘ ਹੀ ਮੁੱਖ ਬੁਲਾਰੇ ਸਨ। ਭਾਰਤ ਵਿੱਚ ਅੰਗਰੇਜ਼ ਸੈਨਾ ਦੇ ਕਮਾਂਡਰ ਲਾਰਡ ਕਿਚਨਰ ਨੂੰ ਡਰ ਪੈਦਾ ਹੋਇਆ ਕਿ ਇਸ ਅੰਦੋਲਨ ਨਾਲ ਸੈਨਾ ਅਤੇ ਪੁਲਿਸ ਦੇ ਕਿਸਾਨ ਘਰਾਂ ਦੇ ਬੇਟੇ ਬਗਾਵਤ ਕਰ ਸਕਦੇ ਹਨ ਅਤੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਵੀ ਆਪਣੀ ਰਿਪੋਰਟ ਵਿੱਚ ਅਜਿਹਾ ਹੀ ਡਰ ਪ੍ਰਗਟਾਇਆ।

ਆਖ਼ਰ ਅੰਗਰੇਜ਼ ਸਰਕਾਰ ਨੇ ਮਈ, 1907 ਵਿੱਚ ਹੀ ਇਹ ਕਾਨੂੰਨ ਰੱਦ ਕਰ ਦਿੱਤੇ ਪਰ ਅੰਦੋਲਨ ਦੇ ਆਗੂਆਂ-ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ 1818 ਦੀ ਰੈਗੂਲੇਸ਼ਨ-3 ਵਿੱਚ ਛੇ ਮਹੀਨੇ ਲਈ ਬਰਮਾ (ਜੋ ਉਨ੍ਹਾਂ ਦਿਨਾਂ ਵਿੱਚ ਭਾਰਤ ਦਾ ਹਿੱਸਾ ਸੀ) ਦੀ ਮਾਂਡਲੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ।

ਇੱਥੋਂ ਉਨ੍ਹਾਂ ਨੂੰ 11 ਨਵੰਬਰ, 1907 ਨੂੰ ਰਿਹਾਅ ਕੀਤਾ ਗਿਆ। ਮਾਂਡਲੇ ਤੋਂ ਪਰਤਦੇ ਹੀ ਅਜੀਤ ਸਿੰਘ, ਸੂਫੀ ਅੰਬਾ ਪ੍ਰਸਾਦ ਨਾਲ ਦਸੰਬਰ, 1907 ਦੀ ਸੂਰਤ ਕਾਂਗਰਸ ਵਿੱਚ ਭਾਗ ਲੈਣ ਗਏ, ਜਿੱਥੇ ਲੋਕਮਾਨਿਆ ਤਿਲਕ ਨੇ ਅਜੀਤ ਸਿੰਘ ਨੂੰ ਕਿਸਾਨਾਂ ਦਾ ਰਾਜਾ ਕਹਿ ਕੇ ਇੱਕ ਤਾਜ ਪਹਿਨਾਇਆ।

ਅਜੀਤ ਸਿੰਘ

ਤਸਵੀਰ ਸਰੋਤ, Ajit Singh-an Exiled Revolutionary

ਤਸਵੀਰ ਕੈਪਸ਼ਨ, ਲੋਕਮਾਨਿਆ ਤਿਲਕ ਵੱਲੋਂ ਦਿੱਤਾ ਗਿਆ ਤਾਜ

ਇਹ ਤਾਜ ਅੱਜ ਵੀ ਬੰਗਾ ਦੇ ਭਗਤ ਸਿੰਘ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਹੈ। ਸੂਰਤ ਤੋਂ ਪਰਤ ਕੇ ਅਜੀਤ ਸਿੰਘ ਨੇ ਪੰਜਾਬ ਵਿੱਚ 'ਤਿਲਕ ਆਸ਼ਰਮ' ਦੀ ਸਥਾਪਨਾ ਕੀਤੀ ਜੋ ਉਨ੍ਹਾਂ ਦੇ ਵਿਚਾਰਾਂ ਦਾ ਪਸਾਰ ਕਰਦਾ ਸੀ।

ਅੰਗਰੇਜ਼ ਸਰਕਾਰ ਉਨ੍ਹਾਂ ਦੇ ਵਿਦਰੋਹੀ ਵਿਚਾਰਾਂ ਕਾਰਨ ਉਨ੍ਹਾਂ ਖਿਲਾਫ਼ ਵੱਡੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਸੀ। ਇਸ ਦੇ ਮੱਦੇਨਜ਼ਰ ਅਗਸਤ-ਸਤੰਬਰ 1909 ਵਿੱਚ ਸੂਫੀ ਅੰਬਾ ਪ੍ਰਸਾਦ ਨਾਲ ਅਜੀਤ ਸਿੰਘ ਕਰਾਚੀ ਤੋਂ ਸਮੁੰਦਰੀ ਜਹਾਜ 'ਤੇ ਸਵਾਰ ਹੋ ਕੇ ਇਰਾਨ ਚਲੇ ਗਏ।

ਹੁਣ ਉਨ੍ਹਾਂ ਦਾ ਨਾਂ ਮਿਰਜ਼ਾ ਹਸਨ ਖਾਨ ਸੀ, ਜਿਸ ਨਾਂ ਨਾਲ ਬਾਅਦ ਵਿੱਚ ਉਨ੍ਹਾਂ ਦਾ ਪਾਸਪੋਰਟ ਵੀ ਬਣਿਆ।

1914 ਤੱਕ ਇਰਾਨ, ਤੁਰਕੀ, ਪੈਰਿਸ, ਜਰਮਨੀ ਅਤੇ ਸਵਿਟਰਜ਼ਲੈਂਡ ਵਿੱਚ ਰਹਿ ਕੇ ਜਿੱਥੇ ਉਹ ਕਮਾਲ ਪਾਸ਼ਾ, ਲੈਨਿਨ, ਤਾਸਕੀ ਵਰਗੇ ਵਿਦੇਸ਼ੀ ਕ੍ਰਾਂਤੀਕਾਰੀਆਂ ਅਤੇ ਲਾਲਾ ਹਰਦਿਆਲ, ਵੀਰੇਂਦਰ ਚਟੋਪਾਧਿਆਏ ਅਤੇ ਚੰਪਕ ਰਮਨ ਪਿਲੈ ਵਰਗੇ ਭਾਰਤੀ ਕ੍ਰਾਂਤੀਕਾਰੀਆਂ ਨੂੰ ਮਿਲੇ।

ਅਜੀਤ ਸਿੰਘ

ਤਸਵੀਰ ਸਰੋਤ, Ajit Singh-an Exiled Revolutionary

ਤਸਵੀਰ ਕੈਪਸ਼ਨ, 38 ਸਾਲ ਦੇ ਦੇਸ਼ ਨਿਕਾਲੇ ਤੋਂ ਬਾਅਦ ਲਾਹੌਰ ਪਰਤਣ ਸਮੇਂ- ਯਸ਼, ਕੁਲਤਾਰ ਸਿੰਘ, ਮਾਤਾ ਹਰਨਾਮ ਕੌਰ, ਕਿਸ਼ਨ ਸਿੰਘ ਅਤੇ ਵਰਿੰਦਰ ਨਾਲ

ਮੁਸੋਲਿਨੀ ਨੂੰ ਵੀ ਉਹ ਉੱਥੇ ਹੀ ਮਿਲੇ ਸਨ। 1914 ਵਿੱਚ ਉਹ ਬ੍ਰਾਜ਼ੀਲ ਚਲੇ ਗਏ ਅਤੇ 18 ਸਾਲ ਤੱਕ ਉੱਥੇ ਹੀ ਰਹੇ। ਉੱਥੋਂ ਉਹ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਰਹੇ, ਗ਼ਦਰੀ ਕ੍ਰਾਂਤੀਕਾਰੀ ਰਤਨ ਸਿੰਘ ਅਤੇ ਬਾਬਾ ਭਗਤ ਸਿੰਘ ਨੂੰ ਉਹ ਮਿਲਦੇ ਰਹੇ।

ਸਿਹਤ ਸਬੰਧੀ ਕਾਰਨਾਂ ਨਾਲ ਉਹ ਕੁਝ ਸਮਾਂ ਅਰਜਨਟੀਨਾ ਵਿੱਚ ਵੀ ਰਹੇ। ਜੀਵਕਾ ਲਈ ਉਹ ਵਿਦੇਸ਼ੀਆਂ ਨੂੰ ਭਾਰਤੀ ਭਾਸ਼ਾਵਾਂ ਪੜ੍ਹਾਉਂਦੇ ਸਨ ਅਤੇ ਭਾਸ਼ਾ ਪ੍ਰੋਫੈਸਰ ਵੀ ਰਹੇ। ਹੁਣ ਉਹ 40 ਭਾਸ਼ਾਵਾਂ ਦੇ ਜਾਣਕਾਰ ਹੋ ਚੁੱਕੇ ਸਨ।

ਪਰਿਵਾਰ ਨੂੰ ਆਪਣਾ ਪਹਿਲਾ ਪੱਤਰ 1912 ਵਿੱਚ ਉਨ੍ਹਾਂ ਨੇ ਆਪਣੇ ਸਹੁਰੇ ਧਨਪਤ ਰਾਏ ਨੂੰ ਲਿਖਿਆ ਸੀ। ਭਗਤ ਸਿੰਘ ਆਪਣੇ ਚਾਚਾ ਜੀ ਦੀ ਖੋਜ ਖ਼ਬਰ ਲਈ ਆਪਣੇ ਮਿੱਤਰਾਂ ਨੂੰ ਲਿਖਦੇ ਰਹਿੰਦੇ ਸਨ।

ਅਜੀਤ ਸਿੰਘ

ਤਸਵੀਰ ਸਰੋਤ, Ajit Singh-an Exiled Revolutionary

ਤਸਵੀਰ ਕੈਪਸ਼ਨ, ਖੱਬੇ- 1947 ਵਿੱਚ ਭਾਰਤ ਪਰਤਣ ਸਮੇਂ, (ਸੱਜੇ) ਦੱਖਣੀ ਅਮਰੀਕਾ ਵਿੱਚ ਰਹਿਣ ਦੌਰਾਨ

ਉਸ ਦੇ ਜਵਾਬ ਵਿੱਚ ਪ੍ਰਸਿੱਧ ਲੇਖਿਕਾ ਅਤੇ ਭਾਰਤੀ ਕ੍ਰਾਂਤੀਕਾਰੀਆਂ ਦੀ ਹਮਦਰਦ ਐਗਨੈਂਸ ਸਮੇਡਲੀ ਨੇ ਮਾਰਚ, 1928 ਵਿੱਚ ਬੀ.ਐੱਸ. ਸੰਧੂ ਲਾਹੌਰ ਦੇ ਨਾਂ 'ਤੇ ਪੱਤਰ ਵਿੱਚ ਉਨ੍ਹਾਂ ਦਾ ਬ੍ਰਾਜ਼ੀਲ ਦਾ ਪਤਾ ਭੇਜਿਆ।

ਅਜੀਤ ਸਿੰਘ ਦੇ ਭਤੀਜੇ ਭਗਤ ਸਿੰਘ ਨੂੰ ਬਾਹਰ ਬੁਲਾਉਣਾ ਚਾਹੁੰਦੇ ਸਨ ਅਤੇ ਭਗਤ ਸਿੰਘ ਨੂੰ ਇਹ ਫਿਕਰ ਸੀ ਕਿ ਉਨ੍ਹਾਂ ਦੇ ਚਾਚਾ ਵਿਦੇਸ਼ ਵਿੱਚ ਹੀ ਨਾ ਗੁਜ਼ਰ ਜਾਣ।

1932 ਤੋਂ 1938 ਤੱਕ ਅਜੀਤ ਸਿੰਘ ਯੂਰਪ ਦੇ ਕਈ ਦੇਸਾਂ ਵਿੱਚ ਰਹੇ ਪਰ ਜ਼ਿਆਦਾਤਰ ਸਵਿਟਜ਼ਰਲੈਂਡ ਵਿੱਚ ਰਹੇ। ਦੂਜੇ ਵਿਸ਼ਵ ਯੁੱਧ ਦੌਰਾਨ ਉਹ ਇਟਲੀ ਵਿੱਚ ਆ ਗਏ ਸਨ। ਇਟਲੀ ਵਿੱਚ ਉਹ ਨੇਤਾਜੀ ਸੁਭਾਸ਼ ਬੋਸ ਨੂੰ ਮਿਲੇ ਅਤੇ ਉੱਥੇ 11000 ਸੈਨਿਕਾਂ ਦਾ ਆਜ਼ਾਦ ਹਿੰਦ ਲਸ਼ਕਰ ਵੀ ਬਣਾਇਆ।

ਫਰੈਂਡਜ਼ ਆਫ਼ ਇੰਡੀਆ ਸੰਗਠਨ ਜਿਸ ਦੇ ਪ੍ਰਧਾਨ ਮੁਸੋਲਿਨੀ ਦੇ ਨਜ਼ਦੀਕੀ ਸੰਸਦ ਮੈਂਬਰ ਗ੍ਰੇ ਸਨ। ਅਜੀਤ ਸਿੰਘ ਉਨ੍ਹਾਂ ਦੇ ਜਨਰਲ ਸਕੱਤਰ ਅਤੇ ਇਕਬਾਲ ਸ਼ੈਦਾਈ ਉਸ ਦੇ ਉਪ ਪ੍ਰਧਾਨ ਸਨ। ਵਿਸ਼ਵ ਯੁੱਧ ਖਤਮ ਹੋਣ 'ਤੇ ਉਨ੍ਹਾਂ ਨੂੰ ਖਰਾਬ ਸਿਹਤ ਦੇ ਬਾਵਜੂਦ ਜਰਮਨੀ ਦੀ ਜੇਲ੍ਹ ਵਿੱਚ ਕੈਦ ਕਰਕੇ ਰੱਖਿਆ ਗਿਆ।

ਅਜੀਤ ਸਿੰਘ

ਤਸਵੀਰ ਸਰੋਤ, Ajit Singh-an Exiled Revolutionary

ਤਸਵੀਰ ਕੈਪਸ਼ਨ, ਇੰਗਲੈਂਡ ਵਿੱਚ

ਉਨ੍ਹਾਂ ਨੂੰ ਛੁਡਾਉਣ ਲਈ ਅੰਤਰਿਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦਖਲ ਦੇਣਾ ਪਿਆ। ਰਿਹਾਅ ਹੋਣ ਦੇ ਬਾਅਦ ਦੋ ਮਹੀਨੇ ਲੰਡਨ ਵਿੱਚ ਰਹਿ ਕੇ ਉਨ੍ਹਾਂ ਨੇ ਤੰਦਰੁਸਤ ਹੋਣ 'ਤੇ ਧਿਆਨ ਦਿੱਤਾ ਅਤੇ 7 ਮਾਰਚ, 1947 ਨੂੰ ਉਹ 38 ਸਾਲ ਬਾਅਦ ਭਾਰਤ ਪਰਤੇ।

ਦਿੱਲੀ ਵਿੱਚ ਉਹ ਪ੍ਰਧਾਨ ਮੰਤਰੀ ਨਹਿਰੂ ਦੇ ਨਿੱਜੀ ਮਹਿਮਾਨ ਰਹੇ ਅਤੇ 9 ਅਪ੍ਰੈਲ ਨੂੰ ਉਹ ਜਦੋਂ ਲਾਹੌਰ ਪਹੁੰਚੇ ਤਾਂ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਖਰਾਬ ਸਿਹਤ ਕਾਰਨ ਉਹ ਪਿੰਡ ਨਹੀਂ ਜਾ ਸਕੇ ਅਤੇ ਉਨ੍ਹਾਂ ਨੂੰ ਸਿਹਤਯਾਬੀ ਲਈ ਜੁਲਾਈ 1947 ਵਿੱਚ ਡਲਹੌਜ਼ੀ ਜਾਣਾ ਪਿਆ।

ਉੱਥੇ ਉਹ 14-15 ਅਗਸਤ, 1947 ਦੀ ਅੱਧੀ ਰਾਤ ਨੂੰ ਹਿੰਦੁਸਤਾਨ ਵਿੱਚ ਬ੍ਰਿਟਿਸ਼ ਰਾਜ ਖ਼ਤਮ ਹੋਣ 'ਤੇ ਪ੍ਰਧਾਨ ਮੰਤਰੀ ਨਹਿਰੂ ਦਾ ਭਾਸ਼ਣ ਸੁਣ ਕੇ ਸਵੇਰੇ ਲਗਭਗ 3.30 ਵਜੇ ਜੈ ਹਿੰਦ ਕਹਿ ਕੇ ਸਦਾ ਲਈ ਅੱਖਾਂ ਮੀਟ ਗਏ।

ਡਲਹੌਜ਼ੀ ਵਿੱਚ ਹੀ ਉਨ੍ਹਾਂ ਦੀ ਯਾਦਗਾਰ ਪੰਜਪੂਲਾ 'ਤੇ ਬਣਾਈ ਹੋਈ ਹੈ।

ਅਜੀਤ ਸਿੰਘ

ਤਸਵੀਰ ਸਰੋਤ, Chaman Lal

ਤਸਵੀਰ ਕੈਪਸ਼ਨ, ਪੰਜੌਲ-ਡਲਹੌਜ਼ੀ ਵਿਖੇ ਅਜੀਤ ਸਿੰਘ ਮੈਮੋਰੀਅਲ ਕੋਲ ਲੇਖਕ

ਚਮਨ ਲਾਲ ਭਾਰਤੀ ਭਾਸ਼ਾ ਕੇਂਦਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸੇਵਾ ਮੁਕਤ ਪ੍ਰੋਫੈਸਰ ਅਤੇ ਭਗਤ ਸਿੰਘ ਆਰਕਾਈਵਜ਼ ਅਤੇ ਸਰੋਤ ਕੇਂਦਰ ਦੇ ਆਨਰੇਰੀ ਸਲਾਹਕਾਰ ਹਨ।

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)