ਉਨਾਓ 'ਚ ਕੁੜੀਆਂ ਦੀ ਮੌਤ ਦਾ ਰਹੱਸ ਬਰਕਰਾਰ, ਕੀ ਹੈ ਪਿੰਡ ਦਾ ਮਾਹੌਲ ਤੇ ਕੀ ਕਹਿੰਦਾ ਪੀੜਤ ਪਰਿਵਾਰ- ਗਰਾਊਂਡ ਰਿਪੋਰਟ

ਉਨਾਓ

ਤਸਵੀਰ ਸਰੋਤ, SAMIRATMAJ MISHRA/BBC

ਤਸਵੀਰ ਕੈਪਸ਼ਨ, ਬਬੁਰਹਾ ਪਿੰਡ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ
    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਬੀਬੀਸੀ ਸਹਿਯੋਗੀ

ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਬਬੁਰਹਾ ਪਿੰਡ ਵਿੱਚ ਸ਼ੱਕੀ ਹਾਲਤਾਂ ਵਿੱਚ ਮ੍ਰਿਤਕ ਪਾਈਆਂ ਗਈਆਂ ਦੋਵਾਂ ਹੀ ਕੁੜੀਆਂ ਦਾ ਅੰਤਿਮ ਸਸਕਾਰ ਪਿੰਡ ਵਿੱਚ ਹੀ ਕਰ ਦਿੱਤਾ ਗਿਆ ਹੈ, ਜਦੋਂਕਿ ਤੀਜੀ ਕੁੜੀ ਅਜੇ ਵੀ ਕਾਨਪੁਰ ਦੇ ਰਿਜੈਂਸੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ।

ਇਸ ਦੌਰਾਨ ਬਬੁਰਹਾ ਪਿੰਡ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ।

ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 50 ਕਿਲੋਮੀਟਰ ਦੂਰ ਅਸੋਹਾ ਥਾਣਾ ਪੈਂਦਾ ਹੈ ਅਤੇ ਇਸ ਥਾਣੇ ਤੋਂ ਤਕਰੀਬਨ ਤਿੰਨ ਕਿਮੀ. ਦੂਰ ਹੀ ਇਹ ਪਿੰਡ ਸਥਿਤ ਹੈ।

ਬੁੱਧਵਾਰ ਸ਼ਾਮ ਨੂੰ ਖੇਤ 'ਚ ਬੇਹੋਸ਼ ਮਿਲੀਆਂ ਤਿੰਨਾਂ ਕੁੜੀਆਂ ਦੇ ਘਰ ਇਸੇ ਪਿੰਡ 'ਚ ਹੀ ਹਨ। ਇੰਨ੍ਹਾਂ 'ਚੋਂ ਦੋ ਦੀ ਤਾਂ ਮੌਤ ਹੋ ਗਈ ਹੈ ਅਤੇ ਤੀਜੀ ਹਸਪਤਾਲ ਵਿੱਚ ਭਰਤੀ ਹੈ। ਘਟਨਾ ਵਾਲੀ ਜਗ੍ਹਾ ਇੰਨ੍ਹਾਂ ਪੀੜ੍ਹਤ ਕੁੜੀਆਂ ਦੇ ਘਰਾਂ ਤੋਂ ਲਗਭਗ ਡੇਢ ਕਿਮੀ. ਹੀ ਦੂਰ ਹੈ।

ਇਹ ਵੀ ਪੜ੍ਹੋ:

ਵੀਰਵਾਰ ਨੂੰ ਉਨਾਓ ਦੇ ਜ਼ਿਲ੍ਹਾ ਹਸਪਤਾਲ ਵਿੱਚ ਦੋਵਾਂ ਕੁੜੀਆਂ ਦਾ ਪੋਸਟ ਮਾਰਟਮ ਹੋਇਆ ਪਰ ਇਸ ਦੀ ਰਿਪੋਰਟ ਵਿੱਚ ਮੌਤ ਦਾ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ। ਉਨਾਓ ਦੇ ਡਿਪਟੀ ਚੀਫ਼ ਮੈਡੀਕਲ ਅਧਿਕਾਰੀ ਡਾ. ਤਨਮੇ ਕੱਕੜ ਨੇ ਵੀਰਵਾਰ ਨੂੰ ਕਿਹਾ ਕਿ ਅਜੇ ਉਨ੍ਹਾਂ ਨੇ ਪੋਸਟਮਾਰਟਮ ਦੀ ਰਿਪੋਰਟ ਨਹੀਂ ਦੇਖੀ ਹੈ।

ਪਰ ਵੀਰਵਾਰ ਸ਼ਾਮ ਨੂੰ ਹੀ ਯੂਪੀ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਹਿਤੇਸ਼ ਚੰਦਰ ਅਵਸਥੀ ਨੇ ਇੱਕ ਵੀਡੀਓ ਬਿਆਨ ਵਿੱਚ ਇਸ ਰਿਪੋਰਟ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ, "ਦੋਵਾਂ ਕੁੜੀਆਂ ਦੇ ਸਰੀਰ 'ਤੇ ਬਾਹਰੀ ਜਾਂ ਫਿਰ ਅੰਦਰੂਨੀ ਸੱਟਾਂ ਦੇ ਨਿਸ਼ਾਨ ਨਹੀਂ ਮਿਲੇ ਹਨ। ਮੌਤ ਦੀ ਅਸਲ ਵਜ੍ਹਾ ਵੀ ਨਹੀਂ ਪਤਾ ਲੱਗੀ ਹੈ। ਇਸ ਲਈ ਵਿਸਰਾ ਨੂੰ ਜਾਂਚ ਲਈ ਸੁਰੱਖਿਅਤ ਰੱਖ ਲਿਆ ਗਿਆ ਹੈ।"

ਉਨਾਓ ਦੇ ਡਿਪਟੀ ਸੀਐੱਮਓ ਡਾ. ਕੱਕੜ ਨੇ ਬੀਬੀਸੀ ਨੂੰ ਦੱਸਿਆ ਕਿ ਰਸਾਇਣਕ ਜਾਂਚ ਤੋਂ ਬਿਨਾਂ ਇਹ ਕਹਿਣਾ ਮੁਸ਼ਕਲ ਹੈ ਕਿ ਕੁੜੀਆਂ ਦੀ ਮੌਤ ਜ਼ਹਿਰ ਦੇ ਕਾਰਨ ਹੋਈ ਹੈ।

ਉਨਾਓ

ਤਸਵੀਰ ਸਰੋਤ, SAMIRATMAJ MISHRA/BBC

ਇਸ ਸਬੰਧ ਵਿੱਚ ਉਨਾਓ ਦੇ ਪੁਲਿਸ ਸੁਪਰਡੈਂਟ ਸੁਰੇਸ਼ ਕੁਲਕਰਣੀ ਨੇ ਘਟਨਾ ਤੋਂ ਬਾਅਦ ਕਿਹਾ ਸੀ ਕਿ ਮੌਕੇ ਵਾਲੀ ਥਾਂ 'ਤੇ ਝੱਗ ਪਈ ਮਿਲੀ ਸੀ, ਜਿਸ ਤੋਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਸ਼ਾਇਦ ਜ਼ਹਿਰ ਖਾਣ ਨਾਲ ਹੀ ਉਨ੍ਹਾਂ ਦੀ ਮੌਤ ਹੋਈ ਹੈ।

ਘਟਨਾ ਤੋਂ ਅਗਲੇ ਹੀ ਦਿਨ ਮ੍ਰਿਤਕ ਕੁੜੀਆਂ 'ਚੋਂ ਇੱਕ ਦੇ ਪਿਤਾ ਨੇ ਅਸੋਹਾ ਥਾਣੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦੀ ਰਿਪੋਰਟ ਦਰਜ ਕਰਵਾਈ ਹੈ।

ਐੱਫ਼ਆਈਆਰ 'ਚ ਵੀ ਇਹ ਗੱਲ ਦਰਜ ਕੀਤੀ ਗਈ ਹੈ ਕਿ ਮ੍ਰਿਤਕ ਕੁੜੀਆਂ ਦੇ ਗਲੇ ਵਿੱਚ ਚੁੰਨੀ ਲਪੇਟੀ ਹੋਈ ਸੀ ਅਤੇ ਦੋਵਾਂ ਦੇ ਹੀ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਤੀਜੀ ਕੁੜੀ ਵੀ ਇਸੇ ਹਾਲਤ ਵਿੱਚ ਮਿਲੀ ਸੀ ਅਤੇ ਉਹ ਕਾਨਪੁਰ ਦੇ ਰਿਜੈਂਸੀ ਹਸਪਤਾਲ 'ਚ ਜ਼ੇਰੇ ਇਲਾਜ ਹੈ।

ਪੋਸਟਮਾਰਟਮ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਹੀ ਦੋਵਾਂ ਕੁੜੀਆਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਸ਼ੁੱਕਰਵਾਰ ਸਵੇਰ ਨੂੰ ਦੋਵਾਂ ਦੀਆਂ ਅੰਤਿਮ ਰਸਮਾਂ ਅਦਾ ਕਰ ਦਿੱਤੀਆਂ ਗਈਆਂ ਹਨ।

ਵੀਰਵਾਰ ਨੂੰ ਦਿਨ ਦੇ ਸਮੇਂ ਪੁਲਿਸ ਨੇ ਮ੍ਰਿਤਕ ਕੁੜੀਆਂ ਦੀਆਂ ਲਾਸ਼ਾਂ ਦਫ਼ਨਾਉਣ ਲਈ ਜੇਸੀਬੀ ਮਸ਼ੀਨ ਵੀ ਬੁਲਾ ਲਈ ਸੀ ਪਰ ਪਿੰਡ ਦੇ ਕੁਝ ਲੋਕਾਂ ਅਤੇ ਕੁਝ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਦੇ ਸਖ਼ਤ ਵਿਰੋਧ ਤੋਂ ਬਾਅਦ ਜੇਸੀਬੀ ਮਸ਼ੀਨ ਵਾਪਸ ਭੇਜ ਦਿੱਤੀ ਗਈ ਸੀ।

ਇੱਕ ਹੀ ਪਰਿਵਾਰ ਦੀਆਂ ਸਨ ਕੁੜੀਆਂ

ਵੀਰਵਾਰ ਨੂੰ ਦਿਨ ਭਰ ਬਬੁਰਹਾ ਪਿੰਡ ਪੁਲਿਸ ਛਾਉਣੀ ਬਣਿਆ ਰਿਹਾ। ਪਿੰਡ ਆਉਣ ਦੇ ਰਾਹ ਵਿੱਚ ਤਿੰਨ ਥਾਵਾਂ 'ਤੇ ਬੈਰੀਅਰ ਲਗਾਏ ਗਏ ਸਨ ਅਤੇ ਹਰ ਆਉਣ-ਜਾਣ ਵਾਲੇ ਦੀ ਬਰਾਬਰ ਤਲਾਸ਼ੀ ਲਈ ਜਾ ਰਹੀ ਸੀ।

ਮੀਡੀਆ ਕਰਮੀਆਂ ਨੂੰ ਵੀ ਪਛਾਣ ਪੱਤਰ ਵਿਖਾ ਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਉਨਾਓ ਦੇ ਡੀਐੱਮ ਰਵਿੰਦਰ ਕੁਮਾਰ ਅਤੇ ਆਨੰਦ ਕੁਲਕਰਣੀ ਤੋਂ ਇਲਾਵਾ ਲਖਨਊ ਖੇਤਰ ਦੀ ਇੰਸਪੈਕਟਰ ਜਨਰਲ ਪੁਲਿਸ ਲਕਸ਼ਮੀ ਸਿੰਘ ਵੀ ਦਿਨ ਭਰ ਉੱਥੇ ਹੀ ਮੌਜੁਦ ਰਹੀ।

ਫਿਰ ਸ਼ਾਮ ਨੂੰ ਲਕਸ਼ਮੀ ਸਿੰਘ ਨੇ ਬੀਬੀਸੀ ਨੂੰ ਦੱਸਿਆ , "ਅੰਤਿਮ ਸਸਕਾਰ ਲਈ ਕੋਈ ਦਬਾਅ ਨਹੀਂ ਕਾਇਮ ਕੀਤਾ ਗਿਆ ਹੈ। ਅਸੀਂ ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕੀਤੀ ਹੋਈ ਹੈ। ਹੁਣ ਇਹ ਪਰਿਵਾਰ 'ਤੇ ਹੀ ਨਿਰਭਰ ਕਰਦਾ ਹੈ ਕਿ ਉਹ ਕਦੋਂ ਅੰਤਿਮ ਸਸਕਾਰ ਕਰਨਾ ਚਾਹੁੰਦੇ ਹਨ।"

ਓਨਾਓ

ਤਸਵੀਰ ਸਰੋਤ, SAMIRATMAJ MISHRA/BBC

ਤਸਵੀਰ ਕੈਪਸ਼ਨ, ਉਨਾਓ ਦੇ ਜ਼ਿਲ੍ਹਾ ਹਸਪਤਾਲ ਵਿੱਚ ਦੋਵਾਂ ਕੁੜੀਆਂ ਦਾ ਪੋਸਟ ਮਾਰਟਮ ਹੋਇਆ

ਇਹ ਤਿੰਨੋਂ ਹੀ ਕੁੜੀਆਂ ਇੱਕ ਹੀ ਪਰਿਵਾਰ ਦੀਆਂ ਹਨ। ਦੋ ਚਚੇਰੀਆਂ ਭੈਣਾਂ ਹਨ, ਜਿੰਨ੍ਹਾਂ ਦੀ ਉਮਰ 13 ਅਤੇ 16 ਸਾਲ ਦੀ ਹੈ, ਜਦੋਂਕਿ ਤੀਜੀ ਕੁੜੀ ਰਿਸ਼ਤੇ 'ਚ ਇੰਨ੍ਹਾਂ ਦੋਵਾਂ ਦੀ ਭੂਆ ਲੱਗਦੀ ਹੈ। ਇੰਨ੍ਹਾਂ 'ਚੋਂ 16 ਸਾਲ ਦੀ ਕੁੜੀ ਜਿਊਂਦੀ ਹੈ ਅਤੇ ਗੰਭੀਰ ਸਥਿਤੀ 'ਚ ਕਾਨਪੁਰ 'ਚ ਜੇਰੇ ਇਲਾਜ ਹੈ। ਆਈਜੀ ਲਕਸ਼ਮੀ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਭਰਤੀ ਕੁੜੀ ਦੀ ਹਾਲਤ 'ਚ ਪਹਿਲਾਂ ਨਾਲੋਂ ਸੁਧਾਰ ਹੈ।

ਪਰ ਪਰਿਵਾਰ ਵਾਲੇ ਉਸ ਨੂੰ ਕਾਨਪੁਰ ਤੋਂ ਦਿੱਲੀ ਦੇ ਕਿਸੇ ਵਧੀਆ ਹਸਪਤਾਲ 'ਚ ਤਬਦੀਲ ਕਰਨ ਦੀ ਮੰਗ ਕਰ ਰਹੇ ਹਨ।

ਉਨਾਓ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਹਸਪਤਾਲ ਪ੍ਰਬੰਧਨ ਨੂੰ ਚਿੱਠੀ ਲਿੱਖ ਕੇ ਦੱਸਿਆ ਹੈ ਕਿ ਪੀੜਤ ਕੁੜੀ ਦੇ ਇਲਾਜ ਦਾ ਪੂਰਾ ਖਰਚਾ ਸੂਬਾ ਸਰਕਾਰ ਕਰੇਗੀ।

ਮ੍ਰਿਤਕ ਕੁੜੀਆਂ ਦੀ ਇੱਕ ਨਜ਼ਦੀਕੀ ਰਿਸ਼ਤੇਦਾਰ ਮਹਿਲਾ ਨੇ ਗੁੱਸੇ ਵਿੱਚ ਕਿਹਾ, " ਸਾਨੂੰ ਤਾਂ ਪਤਾ ਵੀ ਨਹੀਂ ਹੈ ਕਿ ਉਹ ਜ਼ਿੰਦਾ ਵੀ ਹੈ ਜਾਂ ਉਹ ਵੀ ਮਰ ਗਈ ਹੈ। ਉਸ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਖਰਾਬ ਸੀ। ਅਸੀਂ ਤਾਂ ਕਹਿੰਦੇ ਹੀ ਰਹੇ ਕਿ ਉਸ ਨੂੰ ਕਿਤੇ ਹੋਰ ਭਰਤੀ ਕਰਵਾਇਆ ਜਾਵੇ ਪਰ ਪੁਲਿਸ ਨੇ ਸਾਡੀ ਇੱਕ ਨਾ ਸੁਣੀ। ਉਹ ਹੀ ਹੁਣ ਇਸ ਘਟਨਾ ਦੀ ਚਸ਼ਮਦੀਦ ਗਵਾਹ ਹੈ। ਜੇਕਰ ਉਹ ਵੀ ਨਾ ਬਚੀ ਤਾਂ ਸਾਨੂੰ ਕਦੇ ਵੀ ਨਹੀਂ ਪਤਾ ਚੱਲੇਗਾ ਕਿ ਸਾਡੀਆਂ ਕੁੜੀਆਂ ਨਾਲ ਕੀ ਵਾਪਰਿਆ ਸੀ ਅਤੇ ਇਸ ਪਿੱਛੇ ਕੌਣ ਹੈ?"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੁਲਿਸ ਦਾ ਇੱਕਠ

ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਛੇ ਟੀਮਾਂ ਦਾ ਗਠਨ ਕੀਤਾ ਹੈ ਅਤੇ ਪੂਰੇ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਵੀਰਵਾਰ ਨੂੰ ਤਾਂ ਸਾਰਾ ਦਿਨ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਵੀ ਆਉਣਾ-ਜਾਣਾ ਲੱਗਾ ਹੀ ਰਿਹਾ।

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਰੋਸ ਵੀ ਹੈ ਅਤੇ ਹੈਰਾਨੀ ਵੀ ਹੈ। ਪਿੰਡ ਵਿੱਚ ਦਲਿਤ ਭਾਈਚਾਰੇ ਦੇ ਮੁਸ਼ਕਲ ਨਾਲ ਹੀ ਛੇ-ਸੱਤ ਘਰ ਹਨ, ਜਿੰਨ੍ਹਾਂ ਵਿੱਚ ਪੀੜਤ ਪਰਿਵਾਰਾਂ ਦੇ ਘਰ ਵੀ ਸ਼ਾਮਲ ਹਨ।

ਓਨਾਓ

ਤਸਵੀਰ ਸਰੋਤ, SAMIRATMAJ MISHRA/BBC

ਤਸਵੀਰ ਕੈਪਸ਼ਨ, ਪਿੰਡ ਵਿੱਚ ਦਲਿਤ ਭਾਈਚਾਰੇ ਦੇ ਮੁਸ਼ਕਲ ਨਾਲ ਹੀ ਛੇ-ਸੱਤ ਘਰ ਹਨ, ਜਿੰਨ੍ਹਾਂ ਵਿੱਚ ਪੀੜਤ ਪਰਿਵਾਰਾਂ ਦੇ ਘਰ ਵੀ ਸ਼ਾਮਲ ਹਨ

ਪਿੰਡ ਦੇ ਹੀ ਇੱਕ ਬਜ਼ੁਰਗ ਦਯਾਰਾਮ ਨੇ ਕਿਹਾ , "ਕੁੜੀਆਂ ਅਕਸਰ ਹੀ ਪੱਠੇ ਲੈਣ ਲਈ ਖੇਤ ਵਿੱਚ ਜਾਂਦੀਆਂ ਸਨ। ਪਿੰਡ ਦੀਆਂ ਦੂਜੀਆਂ ਕੁੜੀਆਂ ਵੀ ਜਾਂਦੀਆਂ ਹਨ। ਪਰ ਪਹਿਲਾਂ ਕਦੇ ਵੀ ਅਜਿਹਾ ਕੁਝ ਨਹੀਂ ਵਾਪਰਿਆ ਸੀ। ਪਿੰਡ 'ਚ ਤਾਂ ਇੰਨ੍ਹਾਂ ਦਾ ਕਿਸੇ ਨਾਲ ਲੜਾਈ-ਝਗੜਾ ਵੀ ਨਹੀਂ ਸੀ।"

ਮ੍ਰਿਤਕ ਕੁੜੀਆਂ 'ਚੋਂ ਇੱਕ ਦੇ ਭਰਾ ਨੇ ਦੱਸਿਆ ਕਿ ਤਿੰਨੇ ਹੀ ਪਹਿਲਾਂ ਸਕੂਲ ਜਾਂਦੀਆਂ ਸਨ ਪਰ ਲੌਕਡਾਊਨ ਤੋਂ ਬਾਅਦ ਜਦੋਂ ਤੋਂ ਸਕੂਲ ਬੰਦ ਹੋਏ ਸਨ, ਉਦੋਂ ਤੋਂ ਹੀ ਤਿੰਨੇ ਘਰ ਵਿੱਚ ਰਹਿ ਰਹੀਆਂ ਸਨ।

ਇਹ ਵੀ ਪੜ੍ਹੋ:

"ਮੇਰੀ ਭੈਣ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਜਦੋਂਕਿ ਦੂਜੀ ਮ੍ਰਿਤਕ ਕੁੜੀ ਮੇਰੀ ਭਤੀਜੀ ਸੀ। ਉਸ ਦੀ ਮਾਂ ਬਚਪਨ ਵਿੱਚ ਮਰ ਗਈ ਸੀ। ਮੈਂ ਅਤੇ ਮੇਰਾ ਭਰਾ ਅਸੀਂ ਦੋਵੇਂ ਹੀ ਮਜ਼ਦੂਰੀ ਕਰਦੇ ਹਾਂ। ਸਾਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਇਹ ਕਿਸ ਨੇ ਅਤੇ ਕਿਉਂ ਕੀਤਾ ਹੈ।"

ਮੌਤ ਦੇ ਕਾਰਨਾਂ ਬਾਰੇ ਪਰਿਵਾਰ ਦੇ ਮੈਂਬਰਾਂ ਸਣੇ ਪੁਲਿਸ ਵੀ ਬਹੁਤ ਹੈਰਾਨ ਹੈ। ਪਰ ਪੀੜਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਲਗਾਤਾਰ ਪੀੜਤ ਪਰਿਵਾਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹੀ ਕਤਲ ਦਾ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੀ ਹੈ।

ਇਸ ਘਟਨਾ 'ਚ ਮਾਰੀ ਗਈ ਸਭ ਤੋਂ ਘੱਟ ਉਮਰ ਦੀ ਕੁੜੀ ਦੇ ਘਰ ਦੇ ਬਾਹਰ ਸਭ ਤੋਂ ਵੱਧ ਪੁਲਿਸ ਦਾ ਇਕੱਠ ਸੀ। ਉਨਾਓ ਜ਼ਿਲ੍ਹੇ ਦੇ ਕਈ ਉੱਚ ਅਧਿਕਾਰੀ ਵੀ ਉੱਥੇ ਹੀ ਮੌਜੁਦ ਸਨ।

ਕੀ ਕਹਿਣਾ ਹੈ ਪਰਿਵਾਰ ਦਾ

ਜਦੋਂ ਅਸੀਂ ਘਰ ਵਿੱਚ ਮੰਜੇ 'ਤੇ ਬੈਠੀ ਮ੍ਰਿਤਕ ਕੁੜੀ ਦੀ ਮਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਰਦੀ ਵਿੱਚ ਬਿਨਾਂ ਨੇਮਪਲੇਟ ਦੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਉਸ ਦਾ ਹੱਥ ਫੜ੍ਹ ਕੇ ਕੁਝ ਵੀ ਨਾ ਬੋਲਣ ਦੀ ਹਿਦਾਇਤ ਕੀਤੀ।

ਮੇਰੇ ਨਾਲ ਗਏ ਕੈਮਰਾਮੈਨ ਨੂੰ ਇੱਕ ਬਿਨਾਂ ਨੇਮਪਲੇਟ ਵਾਲੇ ਇੱਕ ਪੁਲਿਸ ਅਧਿਕਾਰੀ ਨੇ ਕਈ ਵਾਰ ਗੱਲਬਾਤ ਰਿਕਾਰਡ ਨਾ ਕਰਨ ਲਈ ਕਿਹਾ। ਹਾਲਾਂਕਿ ਅਸੀਂ ਮ੍ਰਿਤਕ ਕੁੜੀ ਦੀ ਮਾਂ ਅਤੇ ਭਰਜਾਈ ਨਾਲ ਗੱਲਬਾਤ ਕਰਨ ਵਿੱਚ ਕਾਮਯਾਬ ਰਹੇ।

ਜ਼ਿਲ੍ਹਾ ਮਜਿਸਟਰੇਟ ਨੂੰ ਭੇਜਿਆ ਗਿਆ ਬਿਨੈ ਪੱਤਰ

ਤਸਵੀਰ ਸਰੋਤ, SAMIRATMAJ MISHRA/BBC

ਤਸਵੀਰ ਕੈਪਸ਼ਨ, ਜ਼ਿਲ੍ਹਾ ਮਜਿਸਟਰੇਟ ਨੂੰ ਭੇਜਿਆ ਗਿਆ ਬਿਨੈ ਪੱਤਰ

ਮ੍ਰਿਤਕ ਕੁੜੀ ਦੀ ਮਾਂ ਨੇ ਬੀਬੀਸੀ ਨੂੰ ਦੱਸਿਆ, "ਤਿੰਨੇ ਕੁੜੀਆਂ ਹਮੇਸ਼ਾ ਹੀ ਇੱਕਠੀਆਂ ਆਉਂਦੀਆਂ ਜਾਂਦੀਆਂ ਸਨ। ਅਸੀਂ ਹੁਣ ਕੀ ਦੱਸੀਏ ਕਿ ਉਨ੍ਹਾਂ ਨਾਲ ਕੀ ਹੋਇਆ ਹੈ। ਸਾਡੀਆਂ ਕੁੜੀਆਂ ਨਾਲ ਗਲਤ ਕੰਮ ਵੀ ਹੋਇਆ ਹੈ। ਮੇਰੇ ਘਰ ਦੇ ਮਰਦ ਅਤੇ ਬੱਚਿਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ। ਇੱਥੋਂ ਤੱਕ ਕਿ ਸਾਡੇ ਪੂਰੇ ਘਰ ਦੀ ਤਲਾਸ਼ੀ ਲਈ ਗਈ ਹੈ। ਸਾਡੇ ਪਰਿਵਾਰ ਦੇ ਮੈਂਬਰ ਇਸ ਸਮੇਂ ਕਿੱਥੇ ਹਨ, ਸਾਨੂੰ ਕੁਝ ਵੀ ਪਤਾ ਨਹੀਂ ਹੈ।"

ਮ੍ਰਿਤਕ ਕੁੜੀ ਦੀ ਮਾਂ ਨੂੰ ਦਿਲਾਸਾ ਦੇ ਰਹੀ ਇੱਕ ਹੋਰ ਮਹਿਲਾ ਨੇ ਦੱਸਿਆ, "ਘਰ ਦੇ ਸਾਰੇ ਹੀ ਮਰਦ ਥਾਣੇ 'ਚ ਹਨ। ਘਰ ਦਾ ਸਾਰਾ ਸਮਾਨ ਹੀ ਚੁੱਕ ਕੇ ਲੈ ਗਏ ਹਨ। ਪੁਲਿਸ ਨੂੰ ਲੱਗਦਾ ਹੈ ਕਿ ਤਿੰਨਾਂ ਕੁੜੀਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ ਪਰ ਉਹ ਅਜਿਹਾ ਕਿਉਂ ਕਰਨਗੀਆਂ ? ਜੇਕਰ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੁੰਦੀ ਤਾਂ ਉਨ੍ਹਾਂ ਦੇ ਹੱਥ ਚੁੰਨੀ ਨਾਲ ਕਿਵੇਂ ਬੰਨ੍ਹੇ ਹੁੰਦੇ ?"

ਇਸ ਪੂਰੀ ਗੱਲਬਾਤ ਦੌਰਾਨ ਮਹਿਲਾ ਪੁਲਿਸ ਮੁਲਾਜ਼ਮ ਵਾਰ-ਵਾਰ ਉਨ੍ਹਾਂ ਨੂੰ ਘਰ ਦੇ ਅੰਦਰ ਜਾਣ ਦੀ ਅਪੀਲ ਕਰ ਰਹੀ ਸੀ।

ਇਸ ਦੌਰਾਨ ਪੀੜਤ ਪਰਿਵਾਰਾਂ ਨੇ ਉਨਾਓ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਐੱਸਆਈਟੀ ਨੂੰ ਸੌਂਪੀ ਜਾਵੇ, ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੀ ਕੁੜੀ ਕਾਨਪੁਰ 'ਚ ਜ਼ੇਰੇ ਇਲਾਜ ਹੈ, ਉਸ ਨੂੰ ਕਾਨਪੁਰ ਤੋਂ ਦਿੱਲੀ ਦੇ ਕਿਸੇ ਵਧੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)