ਨਾਸਾ ਦੇ ਮੰਗਲ ਉੱਪਰ ਪਹੁੰਚੇ ਰੋਵਰ ਬਾਰੇ ਤਿੰਨ ਵੱਡੇ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, NASA / JPL-CALTECH
- ਲੇਖਕ, ਪੌਲ ਰਿੰਕਨ,
- ਰੋਲ, ਸਾਇੰਸ ਸੰਪਾਦਕ ਬੀਬੀਸੀ ਨਿਊਜ਼ ਵੈਬਸਾਈਟ
ਵੀਰਵਾਰ ਨੂੰ ਨਾਸਾ ਦਾ ਪਰਜ਼ੈਵਰੈਂਸ ਰੋਵਰ (ਘੁਮੰਤੂ) ਮੰਗਲ ਗ੍ਰਹਿ ਉੱਪਰ ਉਤਰ ਗਿਆ ਹੈ। ਧਰਤੀ ਤੋਂ ਆਪਣੀ ਮੰਜ਼ਿਲ ਮੰਗਲ ਗ੍ਰਹਿ ਤੱਕ ਪਹੁੰਚਣ ਵਿੱਚ ਉਸ ਨੂੰ ਲਗਭਗ ਸੱਤ ਮਹੀਨੇ ਲੱਗੇ ਹਨ।
ਜਿਵੇਂ ਹੀ ਰੋਵਰ ਨੇ ਮੰਗਲ ਗ੍ਰਹਿ ਦੀ ਜ਼ਮੀਨ ਨੂੰ ਛੋਹਿਆ ਅਤੇ ਇਸ ਦੀ ਪੁਸ਼ਟੀ ਹੋਈ ਕੰਟਰੋਲ ਰੂਮ ਵਿੱਚ ਬੈਠੇ ਵਿਗਿਆਨੀ ਖ਼ੁਸ਼ੀ ਨਾਲ ਖੀਵੇ ਹੋ ਉੱਠੇ।
ਇਹ ਵੀ ਪੜ੍ਹੋ
ਇਹ ਰੋਵਰ (ਘੁਮੰਤੂ) ਹੁਣ ਮੰਗਲ ਗ੍ਰਹਿ ਉੱਪਰ ਘੱਟੋ-ਘੱਟ ਦੋ ਸਾਲ ਬਿਤਾਏਗਾ। ਇਸ ਦੌਰਾਨ ਇਹ ਪੱਥਰਾਂ ਦੀ ਖੁਦਾਈ ਕਰੇਗਾ ਅਤੇ ਅਤੀਤ ਵਿੱਚ ਰਹੀ ਕਿਸੇ ਜ਼ਿੰਦਗੀ ਦੇ ਸਬੂਤਾਂ ਦੀ ਭਾਲ ਕਰੇਗਾ।
ਮੰਨਿਆ ਜਾਂਦਾ ਹੈ ਕਿ ਜਜ਼ੈਰੋ 'ਤੇ ਖਰਬਾਂ ਸਾਲ ਪਹਿਲਾਂ ਇੱਕ ਵਿਸ਼ਾਲ ਝੀਲ ਸੀ। (ਅਤੇ) ਜਿੱਥੇ ਪਾਣੀ ਹੋਵੇ ਉੱਥੇ ਜ਼ਿੰਦਗੀ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ।
ਖ਼ਬਰ ਵਿੱਚ ਥੱਲੇ ਜਾ ਕੇ ਪੜ੍ਹੋ ਭਾਰਤੀ ਮੂਲ ਦੀ ਉਸ ਮਹਿਲਾ ਵਿਗਿਆਨੀ ਬਾਰੇ ਜਿਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ ਮੁੱਕ ਭੂਮਿਕਾ ਨਿਭਾਈ।
ਆਓ ਜਾਣਦੇ ਹਾਂ ਇਸ ਰੋਵਰ ਬਾਰੇ ਕੁਝ ਦਿਲਚਸਪ ਤੱਥ-

ਰੋਵਰ ਕਰੇਗਾ ਕੀ?

ਤਸਵੀਰ ਸਰੋਤ, NASA / JPL-CALTECH
ਇਹ ਘੁਮੰਤੂ ਮੰਗਲ ਗ੍ਰਹਿ ਉੱਪਰ ਕਿਸੇ ਸੰਭਾਵਿਤ ਸੂਖਮ ਜ਼ਿੰਦਗੀ ਦੀ ਭਾਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਸਾਲ 1970 ਦੇ ਵਾਈਕਿੰਗ ਮਿਸ਼ਨ ਤੋਂ ਬਾਅਦ ਗ੍ਰਹਿ ਉੱਪਰ 'ਜ਼ਿੰਦਗੀ ਦੇ ਹਸਤਾਖਰ' (biosignatures) ਸਿੱਧੇ ਤੌਰ 'ਤੇ ਤਲਾਸ਼ਣ ਦਾ ਨਾਸਾ ਵੱਲੋਂ ਪਹਿਲਾ ਉਪਰਾਲਾ ਹੈ।
ਰੋਵਰ ਉੱਥੋਂ ਪੱਥਰ, ਮਿੱਟੀ ਦੇ ਨਮੂਨੇ ਇਕੱਠੇ ਕਰ ਕੇ ਟਿਊਬਾਂ ਵਿੱਚ ਭਰੇਗਾ। ਜਿਨ੍ਹਾਂ ਨੂੰ ਫਿਰ ਕਿਸੇ ਸਮੇਂ ਧਰਤੀ ਉੱਪਰ ਮੰਗਾਇਆ ਜਾਵੇਗਾ।
ਇਸ ਰਾਹਾਂ ਨਾਸਾ ਭਵਿੱਖ ਵਿੱਚ ਮੰਗਲ ਤੇ ਇਨਸਾਨ ਭੇਜਣ ਲਈ ਜ਼ਰੂਰੀ ਆਕਸੀਜ਼ਨ ਗੈਸ ਦੀ ਮੌਜੂਦਗੀ ਬਾਰੇ ਵੀ ਅਧਿਐਨ ਕਰੇਗਾ। ਆਕਸੀਜ਼ਨ ਰਾਕਟਾਂ ਦੇ ਬਲਣ ਅਤੇ ਸਾਹ ਲੈਣ ਲਈ ਜ਼ਰੂਰੀ ਹੈ।
ਇਸ ਤੋਂ ਇਲਾਵਾ ਇਹ ਰੋਵਰ ਮੰਗਲ ਗ੍ਰਹਿ ਉੱਪਰ ਇੱਕ ਹੈਲੀਕਾਪਟਰ ਵੀ ਉਡਾਏਗਾ। ਅਜਿਹਾ ਪਹਿਲੀ ਵਾਰ ਕੀਤਾ ਜਾਵੇਗਾ ਤਾਂ ਜੋ ਦੇਖਿਆ ਜਾ ਸਕੇ ਕਿ ਕੀ ਉੱਥੇ ਅਜਿਹੀਆਂ ਉਡਾਣਾਂ ਸੰਭਵ ਹਨ।
ਰੋਵਰ ਮੰਗਲ ਗ੍ਰਹਿ ਉੱਪਰ ਉੱਥੋਂ ਦੇ ਇੱਕ ਸਾਲ ਜਿੰਨਾ ਅਰਸਾ ਵੱਖ-ਵੱਖ ਖੋਜ ਕਾਰਜਾਂ ਵਿੱਚ ਬਿਤਾਏਗਾ। ਮੰਗਲ ਗ੍ਰਹਿ ਦਾ ਇੱਕ ਸਾਲ ਧਰਤੀ ਦੇ 687 ਦਿਨਾਂ ਦਾ ਹੁੰਦਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਰੋਵਰ ਦਾ ਧਰਤੀ ਤੋਂ ਮੰਗਲ ਤੱਕ ਦੇ ਸਫ਼ਰ ਬਾਰੇ
ਪਰਜ਼ੈਵਰੈਂਸ ਨੂੰ ਧਰਤੀ ਤੋਂ 30 ਜੁਲਾਈ 2020 ਵਿੱਚ ਅਮਰੀਕਾ ਦੇ ਫਲੋਰਿਡਾ ਵਿੱਚ ਸਥਿਤ ਕੇਪ ਕਨੇਵਰਲ ਤੋਂ ਲਾਂਚ ਕੀਤਾ ਗਿਆ ਸੀ ਅਤੇ ਇਸ ਨੇ ਧਰਤੀ ਤੋਂ ਮੰਗਲ ਗ੍ਰਹਿ ਤੱਕ ਲਗਭਗ 47 ਕਰੋੜ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ।
ਪੁਲਾੜ ਵਿੱਚ ਇਸ ਨੂੰ ਸੁਰੱਖਿਅਤ ਰੱਖਣ ਲਈ ਰੋਵਰ ਨੂੰ ਖ਼ਾਸ ਐਰੋਸ਼ੈਲ ਵਿੱਚ ਪੈਕ ਕੀਤਾ ਗਿਆ ਸੀ ਤਾਂ ਜੋ ਹਵਾ ਦੇ ਘਰਸ਼ਣ ਨਾਲ ਪੈਦਾ ਹੋਣ ਵਾਲੀ ਗਰਮੀ ਤੋਂ ਇਸ ਦਾ ਬਚਾਅ ਹੋ ਸਕੇ।
ਇਸ ਨੂੰ ਗਰਮੀ ਤੋਂ ਬਚਾਉਣ ਲਈ ਵਰਤੀ ਗਈ ਹੀਟਸ਼ੀਲਡ 2,100 ਸੈਲਸੀਅਸ (3,800F) ਤੱਕ ਦਾ ਤਾਪਮਾਨ ਸਹਿਣ ਕਰ ਸਕਦੀ ਹੈ।
ਐਰੋਸ਼ੈਲ ਨੇ ਇਸ ਨੂੰ ਮੰਗਲ ਗ੍ਰਹਿ ਵੱਲ ਸੁੱਟਿਆ ਤਾਂ ਜੋ ਇਹ ਤੈਅ ਥਾਂ ਉੱਪਰ ਉਤਰ ਸਕੇ।

ਖੋਜ ਕਿਵੇਂ ਕਰੇਗਾ?

ਤਸਵੀਰ ਸਰੋਤ, ESA / ATG MEDIALAB
ਮੰਗਲ ਗ੍ਰਹਿ ਦੀ ਭੂਮੱਧ ਰੇਖਾ ਜਿਸ ਨੂੰ ਜੇਜ਼ੈਰੋ ਕਿਹਾ ਜਾਂਦਾ ਹੈ, ਦਾ ਡੇਲਟਾ ਜ਼ਿੰਦਗੀ ਦੀ ਭਾਲ ਲਈ ਇਸ ਦਾ ਮੁੱਖ ਖੋਜ ਖੇਤਰ ਹੋਵੇਗਾ।
ਸਾਇੰਸਦਾਨਾਂ ਨੇ ਉੱਥੇ ਨਹਾਉਣ ਵਾਲੇ ਟੱਬ ਵਰਗੇ ਕਾਰਬੋਨੇਟ ਖਣਿਜ ਵੀ ਦੇਖੇ ਹਨ। ਇਥੇ ਵਿਗਿਆਨੀ ਅਜਿਹੇ ਪੈਟਰਨਾਂ ਅਤੇ ਤੱਤਾਂ ਦੀ ਭਾਲ ਵੱਲ ਰੁਚਿਤ ਹੋਣਗੇ ਜਿਨ੍ਹਾਂ ਤੋਂ ਜ਼ਿੰਦਗੀ ਦੀ ਸੂਹ ਲਾਈ ਜਾ ਸਕੇ।
ਪ੍ਰੋਜੈਕਟ ਦੇ ਉਪ ਸਾਇੰਸਦਾਨ ਕੇਟੀ ਸਟੈਕ ਮੈਰਗਨ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉੱਥੇ ਜ਼ਿੰਦਗੀ ਦੇ ਹਸਤਾਖਰ ਕਿਹੋ ਜਿਹੇ ਹੋਣਗੇ। (ਪਰ) ਪ੍ਰਾਚੀਨ ਧਰਤੀ ਇਸ ਬਾਰੇ ਕੋਈ ਸੰਕੇਤ ਦੇ ਸਕੇਗੀ।
ਬੈਕਟੀਰੀਆ ਦੀਆਂ ਤਹਿਆਂ ਵਾਲੇ ਪੱਥਰ ਧਰਤੀ ਉੱਪਰ ਮਿਲਦੇ ਹਨ ਜੇ ਅਜਿਹੀਆਂ ਰਚਨਾਵਾਂ ਮੰਗਲ ਗ੍ਰਹਿ ਉੱਪਰ ਮਿਲਦੀਆਂ ਹਨ ਤਾਂ ਇਹ ਉੱਥੇ ਸੂਖਮ (ਮਾਈਕ੍ਰੋਬਾਇਔਲੋਜੀਕਲ) ਜ਼ਿੰਦਗੀ ਦੇ ਸੰਕੇਤ ਹੋ ਸਕਦੇ ਹਨ।
ਹੈਲੀਕਾਪਟਰ ਕੀ ਕਰੇਗਾ?
ਇਹ ਹੈਲੀਕਾਪਟਰ 1.8 ਕਿੱਲੋਗ੍ਰਾਮ ਵਜ਼ਨੀ ਹੈ। ਇਸਨੂੰ ਭੇਜਣ ਦਾ ਮਕਸਦ ਹੈ। ਮੰਗਲ ਗ੍ਰਹਿ ਦੀ ਖਿੱਚ ਤਾਂ ਭਾਵੇਂ ਧਰਤੀ ਨਾਲੋਂ ਘੱਟ ਹੈ ਪਰ ਇਸ ਦਾ ਵਾਯੂਮੰਡਲ ਧਰਤੀ ਨਾਲੋਂ ਸੰਘਣਾ ਹੈ। ਇਸ ਵਜ੍ਹਾ ਕਾਰਨ ਉੱਥੇ ਉਡਾਣ ਭਰਨਾ ਮੁਸ਼ਕਲ ਹੈ।
ਦੋ ਪੱਖਿਆਂ ਵਾਲਾ ਇਹ ਹੈਲੀਕਾਪਟਰ ਮੰਗਲ ਦੀ ਸਤਹਿ ਦੀਆਂ 13 ਮੈਗਾ ਪਿਕਸਲ ਦੇ ਕੈਮਰੇ ਨਾਲ ਰੰਗੀਨ ਤਸਵੀਰਾਂ ਲਵੇਗਾ। ਤੁਹਾਡਾ ਅੰਦਾਜ਼ਾ ਸਹੀ ਹੈ ਇਹ ਉਹੀ ਕੈਮਰਾ ਹੈ ਜੋ ਤੁਹਾਡੇ ਸਰਾਟਫੋਨ ਵਿੱਚ ਵੀ ਹੈ।
ਉਡਾਣ ਭਰ ਸਕਣ ਵਾਲੇ ਘੁਮੰਤੂ ਇਸ ਪੱਖੋਂ ਵੀ ਉਪਯੋਗੀ ਹੁੰਦੇ ਹਨ ਕਿ ਇਹ ਜ਼ਮੀਨੀ ਘੁਮੰਤੂਆਂ ਨਾਲੋਂ ਤੇਜ਼ ਕੰਮ ਕਰਦੇ ਹਨ।

ਪਰਜ਼ੈਵਰੈਂਸ ਨੂੰ ਮੰਗਲ ਤੇ ਭੇਜਣ ਵਾਲੀ ਡਾ਼ ਸਵਾਤੀ ਮੋਹਨ
ਨਾਸਾ ਦੇ ਇਸ ਮਹੱਤਵਕਾਂਸ਼ੀ ਮਿਸ਼ਨ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਦੀ ਅਗਵਾਈ ਭਾਰਤੀ-ਅਮਰੀਕੀ ਡਾ. ਸਵਾਤੀ ਮੋਹਨ ਕਰ ਰਹੇ ਸਨ।
ਹਿੰਦੁਸਤਾਨ ਟਾਈਮਜ਼ ਮੁਤਾਬਕ "ਟੱਚਡਾਊਨ ਕਨਫ਼ਰਮਡ! ਪਰਜ਼ੈਵਰੈਂਸ ਸੁਰੱਖਿਅਤ ਮੰਗਲ ਦੀ ਸਤਹਿ 'ਤੇ ਪਹੁੰਚ ਗਿਆ ਹੈ।" ਇਹ ਖ਼ੁਸ਼ਖ਼ਬਰੀ ਅਤੇ ਪੁਸ਼ਟੀ ਸਵਾਤੀ ਨੇ ਹੀ ਕੀਤੀ ਸੀ।
ਨਾਸਾ ਵਿਗਿਆਨੀ ਸਵਾਤੀ ਮੋਹਨ ਮਹਿਜ਼ ਇੱਕ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਮਾਪੇ ਭਾਰਤ ਤੋਂ ਅਮਰੀਕਾ ਪਰਵਾਸ ਕਰ ਗਏ ਸਨ। ਉਨ੍ਹਾਂ ਦਾ ਮੁਢਲਾ ਬਚਪਨ ਉੱਤਰੀ ਵਰਜੀਨੀਆ-ਵਾਸ਼ਿੰਗਟਨ ਡੀਸੀ ਦੇ ਮੈਟਰੋ ਖੇਤਰ ਵਿੱਚ ਬੀਤਿਆਂ।

ਤਸਵੀਰ ਸਰੋਤ, DrSwatiMohan/twitter
ਨੌਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸਟਾਰ ਟਰੈਕ ਵਿੱਚ ਬ੍ਰਹਿਮੰਡ ਦੇ ਜੋ ਨਜ਼ਾਰੇ ਦੇਖੇ ਉਸ ਨੇ ਸਵਾਤੀ ਦੀ ਦਿਲਚਸਪੀ ਪੁਲਾੜ ਵਿੱਚ ਜਗਾ ਦਿੱਤੀ।
ਉਦੋਂ ਹੀ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਵੀ ਅਜਿਹਾ ਕਰਨਾ ਚਾਹੁੰਦੇ ਹਨ ਅਤੇ "ਬ੍ਰਹਿਮੰਡ ਦੀਆਂ ਨਵੀਂ ਸੁੰਦਰ ਥਾਵਾਂ ਤਲਾਸ਼ਣਾ ਚਾਹੁੰਦੇ ਹਨ।"
ਸੋਲਾਂ ਸਾਲ ਦੀ ਉਮਰ ਤੱਕ ਉਹ ਬੱਚਿਆਂ ਦੀ ਡਾਕਟਰ ਬਣਨਾ ਚਾਹੁੰਦੇ ਸਨ ਪਰ ਭੌਤਿਕ ਵਿਗਿਆਨ ਵਿੱਚ ਮਿਲੇ ਇੱਕ "ਮਹਾਨ ਅਧਿਆਪਕ" ਨੇ ਉਨ੍ਹਾਂ ਨੂੰ ਪੁਲਾੜੀ ਖੋਜ ਵੱਲ ਜਾਣ ਲ਼ਈ ਪ੍ਰੇਰਿਆ।
ਡਾ਼ ਮੋਹਨ ਨੇ ਮਕੈਨੀਕਲ ਅਤੇ ਐਰੋਸਪੇਸ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕਾਰਨੈਲ ਯੂਨੀਵਰਸਿਟੀ ਤੋਂ ਅਤੇ ਫਿਰ ਐਰੋਨੌਟਿਕਸ ਵਿੱਚ ਐੱਮਐੱਸ ਅਤੇ ਡਾਕਟਰੇਟ ਐੱਮਆਈਟੀ ਤੋਂ ਪੂਰੀ ਕੀਤੀ।
ਡਾ਼ ਮੋਹਨ ਨਾਸਾ ਦੇ ਇਸ ਪ੍ਰੋਜੈਕਟ ਨਾਲ ਤਾਂ ਮੁਢ ਤੋਂ ਜੁੜੇ ਹੀ ਰਹੇ ਹਨ ਉਹ ਸੰਸਥਾ ਦੇ ਹੋਰ ਵੀ ਕਈ ਅਹਿਮ ਪ੍ਰੋਜੈਕਟਾਂ ਦਾ ਹਿੱਸਾ ਰਹੇ ਹਨ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














