ਬੱਚੀ ਦੇ ਫੁੱਲ ਤੋੜਨ ਦੀ ਕੀਮਤ ਇੱਕ ਪਿੰਡ ਦੇ 40 ਦਲਿਤ ਪਰਿਵਾਰ ਕਿਵੇਂ ਚੁੱਕਾ ਰਹੇ

ਤਸਵੀਰ ਸਰੋਤ, HINDUSTAN TIMES
- ਲੇਖਕ, ਸੰਦੀਪ ਸਾਹੂ
- ਰੋਲ, ਬੀਬੀਸੀ ਪੱਤਰਕਾਰ
ਓਡੀਸ਼ਾ ਦੇ ਡੇਂਕਾਨਾਲ ਜ਼ਿਲ੍ਹੇ ਵਿਚ ਇੱਕ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਅਖੌਤੀ ਉੱਚ ਜਾਤੀਆਂ ਨੇ ਦਲਿਤਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ, ਜਿਸ ਕਾਰਨ ਦਲਿਤਾਂ ਲਈ ਹਾਲਾਤ ਬੇਹੱਦ ਮੁਸ਼ਕਲ ਹੋ ਗਏ।
ਮੀਡੀਆ ਰਿਪੋਰਟਾਂ ਆਉਣ ਤੋਂ ਬਾਅਦ ਅਤੇ ਬਾਈਕਾਟ ਦੇ ਚਾਰ ਮਹੀਨਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਹੁਣ ਦਖ਼ਲ ਦਿੱਤਾ ਹੈ ਅਤੇ ਅਖੌਤੀ ਉੱਚ ਜਾਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਹਾਲਾਂਕਿ, ਅਖੌਤੀ ਉੱਚ ਜਾਤੀਆਂ ਨੇ ਸਮਾਜਿਕ ਬਾਈਕਾਟ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ ਅਤੇ ਇਸ ਨੂੰ ਆਪਣੇ ਬਚਾਅ ਵਿਚ ਚੁੱਕਿਆ ਗਿਆ ਕਦਮ ਦੱਸਿਆ ਹੈ।
ਉੱਚ ਜਾਤੀਆਂ ਦਾ ਕਹਿਣਾ ਹੈ ਕਿ ਦਲਿਤ ਹਰ ਗੱਲ 'ਤੇ ਦਲਿਤ ਉਤਪੀੜਨ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਧਮਕੀ ਦਿੰਦੇ ਹਨ ਜਿਸ ਤੋਂ ਬਾਅਦ 'ਆਪਸੀ ਸਹਿਮਤੀ ਨਾਲ' ਦਲਿਤਾਂ ਨਾਲ ਸੰਪਰਕ ਨਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ

ਤਸਵੀਰ ਸਰੋਤ, SANDEEP SAHU/BBC
ਆਖ਼ਰ ਮਾਮਲਾ ਕੀ ਹੈ?
ਦਰਅਸਲ, ਪਿੰਡ ਦੀ ਇੱਕ ਨਾਬਾਲਗ ਕੁੜੀ ਨੇ ਕਿਸੇ ਦੇ ਬਗੀਚੇ ਵਿੱਚੋਂ ਇਕ ਸੂਰਜਮੁਖੀ ਦਾ ਫੁੱਲ ਤੋੜ ਲਿਆ ਸੀ। ਪਰ ਸਮਾਜਿਕ ਤੌਰ-ਤਰੀਕਿਆਂ ਤੋਂ ਅਣਜਾਣ ਉਸ ਮਾਸੂਮ ਕੁੜੀ ਨੂੰ ਕੀ ਪਤਾ ਸੀ ਕਿ ਉਸ ਦੀ ਇਸ 'ਗੁਸਤਾਖ਼ੀ' ਦਾ ਨਤੀਜਾ ਇਨ੍ਹਾਂ ਭਿਆਨਕ ਹੋਵੇਗਾ ਕਿ ਪੂਰੇ ਚਾਰ ਮਹੀਨਿਆਂ ਤੱਕ, ਉਸ ਦਾ ਹੀ ਨਹੀਂ, ਬਲਕਿ ਉਸਦੀ ਸਮੁੱਚੀ ਬਿਰਾਦਰੀ ਦਾ ਜਿਉਣਾ ਮੁਹਾਲ ਹੋ ਜਾਵੇਗਾ।
6 ਅਪ੍ਰੈਲ ਨੂੰ ਓਡੀਸ਼ਾ ਦੇ ਡੇਂਕਾਨਾਲ ਜ਼ਿਲ੍ਹੇ ਦੇ ਕਟਿਓ-ਕਾਟੇਨੀ ਪਿੰਡ ਦੀ 14 ਸਾਲਾ ਦਲਿਤ ਕੁੜੀ ਸ਼ਰੂਤੀਸਮਿਤਾ ਨਾਇਕ ਦੇ ਉਸ 'ਅਪਰਾਧ' ਦੀ ਸਜ਼ਾ ਪਿੰਡ ਦੇ ਸਾਰੇ 40 ਦਲਿਤ ਪਰਿਵਾਰ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਭੁਗਤ ਰਹੇ ਹਨ।
ਉਸ ਦਿਨ ਤੋਂ ਲੈ ਕੇ ਹੁਣ ਤੱਕ ਪਿੰਡ ਦੇ 800 ਅਖੌਤੀ ਉੱਚ ਜਾਤੀ ਦੇ ਪਰਿਵਾਰਾਂ ਨੇ ਦਲਿਤਾਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਹੈ। ਸਥਿਤੀ ਅਜਿਹੀ ਹੈ ਕਿ ਕੋਈ ਅਖੌਤੀ ਉੱਚ ਜਾਤੀ ਦਾ ਵਿਅਕਤੀ ਕਿਸੇ ਦਲਿਤ ਨਾਲ ਗੱਲ ਤੱਕ ਨਹੀਂ ਕਰਦਾ। ਸਮਾਜਕ ਸੰਪਰਕ ਪੂਰੀ ਤਰਾਂ ਕੱਟਿਆ ਹੋਇਆ ਹੈ।
ਉਸ ਦਿਨ ਨੂੰ ਯਾਦ ਕਰਦਿਆਂ, ਸ਼ਰੂਤੀਸਮਿਤਾ ਨੇ ਬੀਬੀਸੀ ਨੂੰ ਦੱਸਿਆ, "ਉਸ ਦਿਨ ਅਸੀਂ ਕੁਝ ਕੁੜੀਆਂ ਤਲਾਅ 'ਤੇ ਗਈਆਂ ਸਨ। ਉੱਥੋਂ ਵਾਪਸ ਪਰਤਦਿਆਂ ਮੈਂ ਇਕ ਫੁੱਲ ਦੇਖਿਆ ਅਤੇ ਇਸ ਨੂੰ ਤੋੜ ਲਿਆ। ਪਰ ਫਿਰ ਇਕ ਆਦਮੀ ਉਥੇ ਆਇਆ ਅਤੇ ਉਸ ਨੇ ਸਾਡੇ ਨਾਲ ਬਦਸਲੂਕੀ ਕੀਤੀ।”
“ਅਸੀਂ ਕਿਹਾ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਅਤੇ ਵਾਅਦਾ ਕੀਤਾ ਕਿ ਅਸੀਂ ਦੁਬਾਰਾ ਅਜਿਹੀ ਗਲਤੀ ਕਦੇ ਨਹੀਂ ਕਰਾਂਗੇ, ਪਰ ਉਨ੍ਹਾਂ ਨੇ ਸਾਡੀ ਇਕ ਨਾ ਸੁਣੀ ਅਤੇ ਸਾਨੂੰ ਗਾਲਾਂ ਕੱਢੀਆਂ। ਅਸੀਂ ਰੌਂਦੇ ਹੋਏ ਘਰ ਵਾਪਸ ਆਏ ਅਤੇ ਉਦੋਂ ਤੋਂ ਹੀ ਅਸੀਂ ਤਲਾਬ ਵੱਲ ਰੁਖ਼ ਨਹੀਂ ਕੀਤਾ।"
ਇਸ ਘਟਨਾ ਤੋਂ ਬਾਅਦ ਸ਼ਰੂਤੀਸਮਿਤਾ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਥਾਣੇ ਵਿਚ ਸ਼ਿਕਾਇਤ ਕੀਤੀ ਸੀ, ਪਰ ਇਥੇ ਵੀ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਗਿਆ। ਥਾਣੇ ਵਿਚ ਤਾਂ ਇਹ ਮਾਮਲਾ ਰਫ਼ਾ-ਦਫ਼ਾ ਹੋ ਗਿਆ, ਪਰ ਇਸ ਨੇ ਪਿੰਡ ਵਿਚ ਅਖੌਤੀ ਉੱਚ ਜਾਤੀਆਂ ਅਤੇ ਦਲਿਤਾਂ ਦਰਮਿਆਨ ਕੰਧ ਖੜ੍ਹੀ ਕਰ ਦਿੱਤੀ।
ਸ਼ਰੂਤੀਸਮਿਤਾ ਅਤੇ ਉਸ ਦੀਆਂ ਸਹੇਲੀਆਂ ਉਸ ਦਿਨ ਤੋਂ ਬਾਅਦ ਤਲਾਅ ਵੱਲ ਨਹੀਂ ਗਈਆਂ, ਪਰ ਜਦੋਂ ਪਿੰਡ ਦੀ 52 ਸਾਲਾ ਔਰਤ ਸਖ਼ੀ ਨਾਇਕ ਨੇ ਉੱਥੇ ਜਾਣ ਦੀ 'ਗਲਤੀ' ਕੀਤੀ ਤਾਂ ਅਖੌਤੀ ਉੱਚ ਜਾਤੀਆਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਧਮਕੀ ਦਿੱਤੀ ਕਿ ਉਹ ਦੁਬਾਰਾ ਕਦੇ ਤਲਾਅ 'ਤੇ ਨਹੀਂ ਆਵੇਗੀ। ਇਸ ਤੋਂ ਬਾਅਦ, ਉਹ ਵੀ ਕਦੇ ਤਲਾਅ ਵੱਲ ਨਹੀਂ ਗਈ।

ਤਸਵੀਰ ਸਰੋਤ, Sandeep sahu / bbc
ਹਰ ਦਲਿਤ ਦੀ ਆਪਣੀ ਕਹਾਣੀ
ਸਿਰਫ ਸ਼ਰੂਤੀ ਅਤੇ ਸਖ਼ੀ ਹੀ ਨਹੀਂ, ਪਿੰਡ ਦੇ ਲਗਭਗ ਹਰ ਦਲਿਤ ਦੀ ਅਪਮਾਨ ਅਤੇ ਬਦਨਾਮੀ ਦੀ ਆਪਣੀ ਹੀ ਕੋਈ ਕਹਾਣੀ ਹੈ।
ਪਿੰਡ ਦੇ ਇੱਕ ਦਲਿਤ ਨੌਜਵਾਨ, ਸਰਵੇਸ਼ਵਰ ਨਾਇਕ ਨੇ ਬੀਬੀਸੀ ਨੂੰ ਦੱਸਿਆ, "ਪਿਛਲੇ ਦੋ ਮਹੀਨਿਆਂ ਤੋਂ ਅਖੌਤੀ ਉੱਚ ਜਾਤੀ ਨੇ ਸਾਡਾ ਪੂਰਾ ਬਾਈਕਾਟ ਕੀਤਾ ਹੋਇਆ ਹੈ, ਜਿਸ ਕਾਰਨ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”
“ਦੁਕਾਨਦਾਰ ਸਾਨੂੰ ਕੋਈ ਸਾਮਾਨ ਨਹੀਂ ਵੇਚ ਰਹੇ। ਸਾਡਾ ਰਾਸ਼ਨ ਵੀ ਬੰਦ ਹੈ। 'ਜਨ ਸੇਵਾ ਕੇਂਦਰ' ਦੇ ਦਰਵਾਜ਼ੇ ਸਾਡੇ ਲਈ ਬੰਦ ਕਰ ਦਿੱਤੇ ਗਏ ਹਨ। ਲੋੜੀਂਦਾ ਸਮਾਨ ਖਰੀਦਣ ਲਈ ਸਾਨੂੰ ਪੰਜ ਕਿਲੋਮੀਟਰ ਦੀ ਦੂਰੀ 'ਤੇ ਜਾਣਾ ਪੈ ਰਿਹਾ ਹੈ।”
“ਸਾਡੀ ਖੇਤੀ ਵੀ ਬੰਦ ਕਰ ਦਿੱਤੀ ਗਈ ਹੈ। ਟਰੈਕਟਰ, ਟਰਾਲੀਆਂ ਆਦਿ ਵੀ ਸਾਡੇ ਲਈ ਉਪਲਬਧ ਨਹੀਂ ਹਨ। ਸਾਨੂੰ ਤਲਾਅ ਵਿਚ ਇਸ਼ਨਾਨ ਨਹੀਂ ਕਰਨ ਦਿੱਤਾ ਜਾ ਰਿਹਾ। ਜੇ ਕੋਈ ਸਾਡੇ ਨਾਲ ਗੱਲ ਕਰਦਾ ਹੈ ਤਾਂ ਉਸ ਨੂੰ 1000 ਰੁਪਏ ਜੁਰਮਾਨਾ ਦੇਣਾ ਪੈਂਦਾ ਹੈ।"
ਸ਼ਰੂਤੀਸਮਿਤਾ ਦੇ ਵਿਵਾਦ ਦੇ ਬਾਅਦ ਤੋਂ, ਦਲਿਤਾਂ ਅਤੇ ਅਖੌਤੀ ਉੱਚ ਜਾਤੀਆਂ ਦੇ ਵਿਚਕਾਰ ਸਮਾਜਕ ਦੂਰੀ ਵਧਦੀ ਜਾ ਰਹੀ ਹੈ।
ਫਿਰ 16 ਜੂਨ ਨੂੰ ਅਖੌਤੀ ਉੱਚ ਜਾਤੀਆਂ ਨੇ ਪਿੰਡ ਵਿੱਚ ਇੱਕ ਪੰਚਾਇਤ ਬੁਲਾਈ, ਜਿਸ ਵਿੱਚ ਦਲਿਤ ਵੀ ਸ਼ਾਮਲ ਸਨ। ਇਸ ਪੰਚਾਇਤ ਤੋਂ ਬਾਅਦ ਪਿੰਡ ਵਿਚ ਦਲਿਤਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ।
ਪਿੰਡ ਵਿਚ 800 ਦੇ ਕਰੀਬ ਅਖੌਤੀ ਉੱਚ ਜਾਤੀ ਦੇ ਪਰਿਵਾਰ ਹਨ ਜਦਕਿ ਸਿਰਫ਼ 40 ਦਲਿਤ ਪਰਿਵਾਰ ਹਨ, ਇਸ ਲਈ ਦਲਿਤ ਚੁੱਪ-ਚਾਪ ਸਮਾਜਿਕ ਬਾਈਕਾਟ ਨੂੰ ਸਹਿ ਰਹੇ ਹਨ। ਉਨ੍ਹਾਂ ਵਿਚ ਇਸ ਦਾ ਵਿਰੋਧ ਕਰਨ ਦੀ ਤਾਕਤ ਨਜ਼ਰ ਨਹੀਂ ਆਉਂਦੀ।

ਤਸਵੀਰ ਸਰੋਤ, SANDEEP SAHU/BBC
ਅਖੌਤੀ ਉੱਚ ਜਾਤੀਆਂ ਨੂੰ ਵੀ ਦਲਿਤਾਂ ਨਾਲ ਸ਼ਿਕਾਇਤਾਂ ਹਨ
ਪਰ ਅਖੌਤੀ ਉੱਚ ਜਾਤੀ ਦੇ ਲੋਕਾਂ ਕੋਲ ਵੀ ਦਲਿਤਾਂ ਵਿਰੁੱਧ ਆਪਣੀਆਂ ਸ਼ਿਕਾਇਤਾਂ ਹਨ।
ਉਨ੍ਹਾਂ ਇਲਜ਼ਾਮ ਲਾਇਆ ਕਿ, 'ਦਲਿਤਾਂ ਦੀ ਬਸਤੀ 'ਚ ਬਣੇ ਚੌਪਾਲ 'ਤੇ ਦਲਿਤ ਨੌਜਵਾਨ ਸਾਰਾ ਦਿਨ ਮਟਰਗਸ਼ਤੀ ਕਰਦੇ ਰਹਿੰਦੇ ਹਨ ਅਤੇ ਉਸ ਰਾਹ ਤੋਂ ਲੰਘ ਰਹੀਆਂ ਅਖੌਤੀ ਉੱਚ ਜਾਤੀਆਂ ਦੀਆਂ ਔਰਤਾਂ ਵਿਰੁੱਧ ਅਸ਼ਲੀਲ ਟਿੱਪਣੀਆਂ ਕਰਦੇ ਹਨ।”
ਹਾਲਾਂਕਿ, ਇਸ ਬਾਰੇ ਸਥਾਨਕ ਥਾਣੇ 'ਚ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।
ਦਲਿਤਾਂ ਖਿਲਾਫ਼ ਉੱਚ ਜਾਤੀਆਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਉਹ ਆਦਿਵਾਸੀ ਦਲਿਤ ਉਤਪੀੜਨ ਕਾਨੂੰਨ ਦੀ ਦੁਰਵਰਤੋਂ ਕਰਦੇ ਹਨ।
ਪਿੰਡ ਦੇ ਕੈਲਾਸ਼ ਬਿਸਵਾਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਦਲਿਤ ਲੋਕ ਅਕਸਰ ਆਪਣਾ ਲੋਹਾ ਮਨਵਾਉਣ ਲਈ ਇਸ ਕਾਨੂੰਨ ਦੀ ਦੁਰਵਰਤੋਂ ਕਰਦੇ ਹਨ ਜਾਂ ਕਰਨ ਦੀ ਧਮਕੀਆਂ ਦਿੰਦੇ ਹਨ। ਹਾਲਾਂਕਿ ਅਜੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਪਰ ਸਾਡੇ ਲੋਕਾਂ ਨੂੰ ਇਸ ਕਾਰਨ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਹੈ।"
ਉਨ੍ਹਾਂ ਕਿਹਾ ਕਿ ਉਹ ਸਾਨੂੰ ਪ੍ਰੇਸ਼ਾਨ ਕਰਨ ਦੇ ਮੌਕੇ ਭਾਲਦੇ ਰਹਿੰਦੇ ਹਨ। ਉਨ੍ਹਾਂ ਦੁਆਰਾ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ।
ਉਨ੍ਹਾਂ ਕਿਹਾ, “ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਅੰਤ ਵਿੱਚ ਇੱਕ ਮੀਟਿੰਗ ਬੁਲਾਈ, ਜਿਸ ਵਿੱਚ ਦਲਿਤਾਂ ਨੂੰ ਵੀ ਬੁਲਾਇਆ ਗਿਆ ਸੀ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਕੋਈ ਵੀ ਦਲਿਤਾਂ ਨਾਲ ਗੱਲ ਨਹੀਂ ਕਰੇਗਾ। ਗੱਲ ਕਰੇਗਾ ਤਾਂ ਹੀ ਕੋਈ ਸਮੱਸਿਆ ਹੋਏਗੀ। ਇਸ ਫੈਸਲੇ ਤਹਿਤ ਅਸੀਂ ਉਨ੍ਹਾਂ ਦੇ ਖਿਲਾਫ 'ਅਸਹਿਯੋਗ ਅੰਦੋਲਨ' ਦੀ ਸ਼ੁਰੂਆਤ ਕੀਤੀ।”
ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ, ਸ਼ੁੱਕਰਵਾਰ ਦੀ ਸ਼ਾਮ ਨੂੰ ਡੇਂਕਾਨਾਲ ਦੇ ਐਸਪੀ, ਸਬ-ਕੁਲੈਕਟਰ, ਸਥਾਨਕ ਤੁਮੂਸਿੰਘਾ ਥਾਣੇ ਦੇ ਥਾਣੇਦਾਰ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਵਿਚਕਾਰ ਇੱਕ ਮੀਟਿੰਗ ਹੋਈ।
ਬੈਠਕ ਵਿੱਚ ਲਏ ਗਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਾਮਾਕਸ਼ਿਆਨਗਰ ਦੇ ਉਪ ਕੁਲੈਕਟਰ ਬਿਸ਼ਨੂ ਪ੍ਰਸਾਦ ਅਚਾਰੀਆ ਨੇ ਬੀਬੀਸੀ ਨੂੰ ਦੱਸਿਆ, "ਸ਼ੁੱਕਰਵਾਰ ਨੂੰ ਹੋਈ ਬੈਠਕ ਵਿੱਚ ਦੋਵਾਂ ਪਾਸਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਮੀਟਿੰਗ ਵਿੱਚ ਬਹੁਤ ਹੀ ਸੁਹਿਰਦ ਮਾਹੌਲ ਵਿੱਚ ਗੱਲਬਾਤ ਹੋਈ।”
“ਇਹ ਫੈਸਲਾ ਲਿਆ ਗਿਆ ਕਿ ਹਰੇਕ ਵਾਰਡ ਵਿਚ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਦੋਵਾਂ ਪਾਸਿਆਂ ਦੇ ਲੋਕ ਹੋਣਗੇ। ਇਹ ਕਮੇਟੀ ਵਾਰਡ ਵਿਚ ਕਿਸੇ ਵੀ ਸਮੱਸਿਆ ਦਾ ਹੱਲ ਲੱਭੇਗੀ ਅਤੇ ਕੋਈ ਹੱਲ ਨਾ ਹੋਣ 'ਤੇ ਪਿੰਡ ਦੀ ਕਮੇਟੀ ਨੂੰ ਸੂਚਿਤ ਕਰੇਗੀ।"
ਸਟੇਸ਼ਨ ਇੰਚਾਰਜ ਆਨੰਦ ਡੂੰਗਡੂੰਗ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਪਿੰਡ ਵਿਚ ਸਦਭਾਵਨਾ ਬਣਾਏ ਰੱਖਣ ਦਾ ਵਾਅਦਾ ਕੀਤਾ ਹੈ ਅਤੇ ਇਸ ਬਾਰੇ ਇਕ ਖਰੜੇ 'ਤੇ ਵੀ ਦਸਤਖ਼ਤ ਕੀਤੇ ਹਨ।

ਤਸਵੀਰ ਸਰੋਤ, SANDEEP SAHU/BBC
ਪਾਬੰਦੀ ਹਟਾਉਣ ਲਈ ਕਿਹਾ
ਪਿੰਡ ਦੇ ਸਰਪੰਚ ਪ੍ਰਾਣਬੰਧੂ ਦਾਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੀ ਮੁਲਾਕਾਤ ਤੋਂ ਬਾਅਦ ਦਲਿਤਾਂ ਖ਼ਿਲਾਫ਼ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਹੁਣ ਹਰ ਕੋਈ ਪਹਿਲਾਂ ਦੀ ਤਰ੍ਹਾਂ ਮਿਲਜੁੱਲ ਕੇ ਰਹੇਗਾ। ਜੇ ਦੁਬਾਰਾ ਕੁਝ ਹੋਇਆ ਤਾਂ ਮੈਂ ਤੁਰੰਤ ਥਾਣੇ ਨੂੰ ਇੱਤਲਾਹ ਕਰਾਂਗਾ।"
ਸਰਪੰਚ ਦਾਸ ਦਾ ਇਹ ਆਖ਼ਰੀ ਵਾਕ ਦਰਸਾਉਂਦਾ ਹੈ ਕਿ ਚਾਹੇ ਸਮੱਸਿਆ ਕਾਗਜ਼ਾਂ ‘ਤੇ ਹੱਲ ਹੋ ਜਾਵੇ, ਪਰ ਦੋਵਾਂ ਧਿਰਾਂ ਵਿਚਾਲੇ ਤਣਾਅ ਅਜੇ ਖ਼ਤਮ ਨਹੀਂ ਹੋਇਆ ਹੈ। ਮਾਮਲਾ ਕਿਸੇ ਵੀ ਸਮੇਂ ਤੂਲ ਫੜ ਸਕਦਾ ਹੈ ਅਤੇ ਸਥਿਤੀ ਫਿਰ ਵਿਗੜ ਸਕਦੀ ਹੈ।
ਦਲਿਤ ਨੌਜਵਾਨ ਸਰਵੇਸ਼ਵਰ ਦੇ ਮਨ ਵਿਚ ਵੀ ਇਹੀ ਡਰ ਹੈ। ਉਹ ਕਹਿੰਦਾ ਹੈ, "ਫੈਸਲਾ ਸ਼ੁੱਕਰਵਾਰ ਰਾਤ ਨੂੰ ਹੀ ਲਿਆ ਗਿਆ ਹੈ। ਪਰ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਹੈ। ਇਸ ਲਈ ਸਾਨੂੰ ਇਹ ਪਤਾ ਲਗਾਉਣ ਲਈ ਕੁਝ ਹੋਰ ਦਿਨ ਉਡੀਕ ਕਰਨੀ ਪਏਗੀ ਕਿ ਕੀ ਸਮਾਜਿਕ ਬਾਈਕਾਟ ਅਸਲ ਵਿੱਚ ਖ਼ਤਮ ਹੋਇਆ ਹੈ ਜਾਂ ਨਹੀਂ।"
ਇਸ ਵੇਲੇ ਪਿੰਡ ਵਿਚ ਇਕ ਅਜੀਬ ਸ਼ਾਂਤੀ ਹੈ ਜੋ ਕਦੇ ਵੀ ਟੁੱਟ ਸਕਦੀ ਹੈ ਅਤੇ ਤਣਾਅ ਫਿਰ ਤੋਂ ਸ਼ੁਰੂ ਹੋ ਸਕਦਾ ਹੈ।
ਇਸ ਦੌਰਾਨ ਪੁਲਿਸ ਸੁਪਰਡੈਂਟ ਨੇ ਵੀ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਐਫ਼ਆਈਆਰ ਦਰਜ ਕੀਤੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਓਡੀਸ਼ਾ ਦੇ ਦਲਿਤ ਅਧਿਕਾਰ ਮੰਚ ਦੇ ਕਨਵੀਨਰ ਪ੍ਰਸ਼ਾਂਤ ਮਲਿਕ ਇਸ ਘਟਨਾਕ੍ਰਮ ਉੱਤੇ ਕਹਿੰਦੇ ਹਨ, "ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਅਜਿਹੀਆਂ ਘਟਨਾਵਾਂ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਵਾਪਰ ਰਹੀਆਂ ਹਨ। ਇਹ ਕੋਈ ਅਪਵਾਦ ਨਹੀਂ ਹੈ।”
“ਹਰ ਪਿੰਡ ਵਿੱਚ ਦਲਿਤਾਂ ਪ੍ਰਤੀ ਵਿਤਕਰਾ, ਛੂਆਛੂਤ ਅਤੇ ਅਤਿਆਚਾਰ ਅੱਜ ਵੀ ਜਾਰੀ ਹੈ। ਇਹ ਸੰਵਿਧਾਨ ਦਾ ਅਪਮਾਨ ਹੈ। ਇਸ ਸਮਾਜਿਕ ਕਲੰਕ ਨੂੰ ਖ਼ਤਮ ਕਰਨ ਲਈ ਜੋ ਰਾਜਨੀਤਿਕ ਇੱਛਾ ਸ਼ਕਤੀ ਚਾਹੀਦੀ ਹੈ, ਸਾਡੇ ਆਗੂਆਂ ਵਿੱਚ ਉਹ ਨਜ਼ਰ ਨਹੀਂ ਆਉਂਦੀ।"
ਸਮਾਜਿਕ ਬਾਈਕਾਟ ਦਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਪੂਰੇ ਮਾਮਲੇ ਨੂੰ ਪ੍ਰਸ਼ਾਸਨ ਵਲੋਂ ਰਫ਼ਾ-ਦਫ਼ਾ ਕਰਨ ਦਾ ਰਵੱਈਆ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਇਸ ਜ਼ੁਲਮ ਅਤੇ ਵਿਤਕਰੇ ਨੂੰ ਹਾਕਮ ਜਮਾਤ ਦੀ ਮੂਕ' ਸਹਿਮਤੀ ਵੀ ਹੈ।
ਇਹ ਵੀ ਪੜ੍ਹੋ
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












