ਪੰਜਾਬ ਵਿਚ ਭਰੂਣ ਹੱਤਿਆ ਦੀ ਹਕੀਕਤ : 'ਜੇ ਮੇਰੀ ਘਰਵਾਲੀ ਨੇ ਕੁੜੀ ਜੰਮੀ ਹੁੰਦੀ ਤਾਂ ਮੈਂ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ'

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼, ਦਿੱਲੀ
ਕੀ ਭਾਰਤ ਵਿਚ ਜਨਮ ਲਿੰਗ ਅਨੁਪਾਤ ਦਰ ਭਾਵ ਕੁੜੀਆਂ ਦੇ ਮੁਕਾਬਲੇ ਵੱਧ ਮੁੰਡੇ ਪੈਦਾ ਹੋਣਾ, ਹੁਣ ਠੀਕ ਹੋਣਾ ਸ਼ੁਰੂ ਹੋ ਗਈ ਹੈ।
ਜੀ ਹਾਂ , ਅਮਰੀਕਾ ਦੇ ਪਿਊ ਰਿਸਰਚ ਸੈਂਟਰ ਵੱਲੋਂ ਕੀਤੇ ਗਏ ਇੱਕ ਅਧਿਐਨ ਅਨੁਸਾਰ, ਇਹ ਵੱਡੇ ਪੱਧਰ 'ਤੇ ਸਿੱਖ ਭਾਈਚਾਰੇ 'ਚ ਆਈਆਂ ਤਬਦੀਲੀਆਂ ਤੋਂ ਪ੍ਰੇਰਿਤ ਹੋਇਆ ਹੈ।
ਪਿਊ ਰਿਸਰਚ ਇੱਕ ਗੈਰ ਲਾਭਕਾਰੀ ਥਿੰਕ ਟੈਂਕ ਹੈ ਅਤੇ ਇਸ ਨੇ ਤਾਜ਼ਾ ਨੈਸ਼ਨਲ ਫੈਮਿਲੀ ਹੈਲਥ ਸਰਵੇ, ਐਨਐਫਐਚਐਸ-5 ਦੇ ਅੰਕੜਿਆਂ ਦਾ ਅਧਿਐਨ ਕੀਤਾ ਹੈ।
ਅਧਿਐਨ ਮੁਤਾਬਕ ਭਾਰਤ ਸਰਕਾਰ ਵੱਲੋਂ ਸਿਹਤ ਅਤੇ ਸਮਾਜਿਕ ਸੂਚਕਾਂ ਦਾ ਸਭ ਤੋਂ ਵਿਆਪਕ ਘਰੇਲੂ ਸਰਵੇਖਣ, 2019-2021 ਦਰਮਿਆਨ ਕਰਵਾਇਆ ਗਿਆ।
ਸਰਵੇਖਣ ਵਿੱਚ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿ ਜਨਮ ਦਰ ਦਾ ਲਿੰਗ ਅਨੁਪਾਤ ਭਾਰਤ ਦੇ ਪ੍ਰਮੁੱਖ ਧਾਰਮਿਕ ਸਮੂਹਾਂ ਵਿੱਚ ਕਿਵੇਂ ਬਦਲ ਰਿਹਾ ਹੈ।
ਅਧਿਐਨ 'ਚ ਕਿਹਾ ਗਿਆ ਹੈ ਕਿ ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਲਈ ਜਨਮ ਸਮੇਂ ਲਿੰਗ ਅਨੁਪਾਤ, ਐਸਆਰਬੀ 'ਚ ਸੁਧਾਰ ਹੋ ਰਿਹਾ ਹੈ।
ਪਰ ਸਭ ਤੋਂ ਵੱਡੀ ਤਬਦੀਲੀ ਸਿੱਖਾਂ 'ਚ ਵੇਖਣ ਨੂੰ ਮਿਲੀ ਹੈ, ਇਹ ਉਹ ਸਮੂਹ ਹੈ, ਜਿਸ ਵਿੱਚ ਪਹਿਲਾਂ ਸਭ ਤੋਂ ਵੱਧ ਲਿੰਗਕ ਅਸੰਤੁਲਨ ਪਾਇਆ ਜਾਂਦਾ ਸੀ।
ਲਿੰਗ ਅਨੁਪਾਤ ਉੱਤੇ ਸਰਵੇ ਕੀ ਹੈ
ਭਾਵੇਂ ਕਿ ਮਾਹਰ ਇਨ੍ਹਾਂ ਅੰਕੜਿਆਂ ਦੀ ਵਿਆਖਿਆ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ, ਕਿਉਂਕਿ ਸਰਵੇਖਣ ਵਿੱਚ ਭਾਰਤ ਦੇ 30 ਕਰੋੜ ਘਰਾਂ/ਪਰਿਵਾਰਾਂ 'ਚੋਂ ਸਿਰਫ 6,30,000 ਘਰਾਂ/ਪਰਿਵਾਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ।
ਖੋਜਕਰਤਾ ਅਤੇ ਕਾਰਕੁਨ ਸਾਬੂ ਜੌਰਜ ਦਾ ਕਹਿਣਾ ਹੈ, "ਸੱਚੀ ਅਤੇ ਅਸਲ ਤਸਵੀਰ ਤਾਂ ਜਨਗਣਨਾ ਤੋਂ ਬਾਅਦ ਹੀ ਪਤਾ ਲੱਗ ਸਕੇਗੀ, ਜੋ ਕਿ ਪੂਰੀ ਆਬਾਦੀ ਦੀ ਗਿਣਤੀ ਕਰਦੀ ਹੈ ਅਤੇ ਵਧੇਰੇ ਸਟੀਕ ਡੇਟਾ ਮੁਹੱਈਆ ਕਰਦੀ ਹੈ।"
ਪੁੱਤਰਾਂ ਲਈ ਭਾਰਤੀ ਸਮਾਜ ਦੀ ਚਾਹ ਨੇ ਇੱਕ ਪੁਰਸ਼ ਪ੍ਰਧਾਨ ਲਿੰਗ ਅਨੁਪਾਤ ਨੂੰ ਜਨਮ ਦਿੱਤਾ ਹੈ।
ਇਸ ਦੀ ਜੜ੍ਹ ਪੁਰਾਣੇ ਚੱਲੇ ਆ ਰਹੇ ਸੱਭਿਆਚਾਰਕ ਵਿਸ਼ਵਾਸ ਹਨ ਕਿ ਇੱਕ ਮੁੰਡਾ ਹੀ ਪਰਿਵਾਰ ਦਾ ਵਾਰਸ ਹੁੰਦਾ ਹੈ, ਜੋ ਵੰਸ਼ ਦਾ ਨਾਮ ਅੱਗੇ ਲੈ ਕੇ ਜਾਂਦਾ ਹੈ।
ਉਹੀ ਮਾਪਿਆਂ ਦੇ ਬੁੱਢੇ ਹੋਣ ਸਮੇਂ ਉਨ੍ਹਾਂ ਦੀ ਦੇਖਭਾਲ ਕਰੇਗਾ ਅਤੇ ਨਾਲ ਹੀ ਉਨ੍ਹਾਂ ਦੀ ਮੌਤ ਸਮੇਂ ਸਾਰੀਆਂ ਅੰਤਿਮ ਰਸਮਾਂ ਵੀ ਅਦਾ ਕਰੇਗਾ। ਜਦਕਿ ਧੀਆਂ ਨੂੰ ਉਨ੍ਹਾਂ ਦੇ ਵਿਆਹ ਮੌਕੇ ਦਾਜ ਦੇ ਕੇ ਤੋਰਨਾ ਪਵੇਗਾ।
ਕੁੜੀਆਂ ਵਿਰੋਧੀ ਅਜਿਹੇ ਪੱਖਪਾਤ ਕਾਰਨ 1970 ਦੇ ਦਹਾਕੇ ਤੋਂ ਗਰਭ ਦੌਰਾਨ ਬੱਚੇ ਦਾ ਲਿੰਗ (ਪ੍ਰੀ-ਨੈਟਲ ਸੈਕਸ ਸਕ੍ਰੀਨਿੰਗ) ਪਤਾ ਕਰਨ ਦੀ ਆਸਾਨ ਸਹੂਲਤ ਦੇ ਨਾਲ, ਲੱਖਾਂ ਹੀ ਕੁੜੀਆਂ ਦਾ ਕੁੱਖ ਵਿੱਚ ਕਤਲ ਦਿੱਤਾ ਗਿਆ।
ਇਹ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਨੂੰ ਕਿ ਮਾਦਾ ਭਰੂਣ ਹੱਤਿਆਂ (ਕੁੜੀਆਂ ਮਾਰਨ) ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਜਾਣਕਾਰਾਂ ਦਾ ਕਹਿਣਾ ਹੈ ਕਿ 1994 'ਚ ਲਿੰਗ -ਚੋਣ ਟੈਸਟਾਂ 'ਤੇ ਸਾਰਕਾਰੀ ਪਾਬੰਦੀ ਦੇ ਬਾਵਜੂਦ ਇਹ ਲਗਾਤਾਰ ਜਾਰੀ ਹੈ।
'ਗੁੰਮਸ਼ੁਦਾ ਔਰਤਾਂ ਦਾ ਦੇਸ'
ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਭਾਰਤ ਨੂੰ "ਗੁੰਮਸ਼ੁਦਾ ਔਰਤਾਂ ਦਾ ਦੇਸ਼" ਦੱਸਿਆ ਹੈ।
ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਪੱਖਪਾਤੀ ਲਿੰਗ ਚੋਣ ਦੇ ਨਤੀਜੇ ਵੱਜੋਂ ਹਰ ਸਾਲ ਲਗਭਗ 4 ਲੱਖ ਬੱਚੀਆਂ ਦਾ ਜਨਮ ਨਹੀਂ ਹੁੰਦਾ ਜਾਂ ਸਾਰੇ ਮਾਦਾ ਜਨਮਾਂ ਵਿੱਚੋਂ 3% ਗਰਭਪਾਤ ਦਾ ਸ਼ਿਕਾਰ ਹੁੰਦੀਆਂ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਲਿੰਗ ਦੀ ਚੋਣ ਨਹੀਂ ਕੀਤੀ ਜਾਂਦੀ ਹੈ ਤਾਂ ਹਰ 100 ਕੁੜੀਆਂ ਦੇ ਜਨਮ ਪਿੱਛੇ ਕੁਦਰਤੀ ਤੌਰ 'ਤੇ 105 ਮੁੰਡਿਆਂ ਦਾ ਜਨਮ ਹੋਵੇਗਾ। ਜਦਕਿ ਭਾਰਤ ਵਿੱਚ ਕੁੜੀਆਂ ਦੇ ਜਨਮ ਦੀ ਗਿਣਤੀ ਕਈ ਦਹਾਕਿਆਂ ਤੋਂ ਬਹੁਤ ਘੱਟ ਹੈ।

ਲਿੰਗ ਅਨੁਪਾਤ ਬਾਰੇ ਸਰਵੇ ਦਾ ਸੱਚ
- ਭਾਰਤ ਵਿਚ ਜਨਮ ਦਰ ਦੀ ਲਿੰਗ ਅਨੁਪਾਤ ਦੇ ਵਿਗਾੜ ਵਿਚ ਸੁਧਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ
- ਭਾਰਤ ਵਿਚ ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਜਨਮ ਦਰ ਦੀ ਲਿੰਗ ਅਨੁਪਾਤ 'ਚ ਸੁਧਾਰ ਹੋ ਰਿਹਾ ਹੈ।
- ਸਿੱਖ ਭਾਈਚਾਰਾ ਭਾਰਤ ਦੀ ਅਬਾਦੀ ਦਾ 2% ਤੋਂ ਵੀ ਘੱਟ ਹਿੱਸਾ ਹੈ, ਪਰ ਭਰੂਣ ਹੱਤਿਆ ਦੀ ਦਰ 5 ਫੀਸਦ ਹੈ।
- ਪੰਜਾਬ ਜਿੱਥੇ ਵਧੇਰੇ ਸਿੱਖ ਅਬਾਦੀ ਹੈ, ਉੱਥੇ ਪਿਛਲੇ ਕਈ ਸਾਲਾਂ ਤੋਂ ਮਾਦਾ ਭਰੂਣ ਹੱਤਿਆ 'ਚ ਕਮੀ ਦਰਜ ਕੀਤੀ ਗਈ ਹੈ।
- ਕੁਝ ਮਾਹਰਾਂ ਦਾ ਮੰਨਣਾ ਹੈ ਕਿ ਸਰਵੇ ਕਰਨ ਵਾਲੀ ਸੰਸਥਾ ਦਾ ਸੈਂਪਲ ਮੁਲਕ ਦੀ ਅਬਾਦੀ ਮੁਤਾਬਕ ਛੋਟਾ ਹੈ
- ਮਾਹਰਾਂ ਕਹਿਣ ਹੈ ਕਿ ਇਸਦੀ ਅਸਲ ਤਸਵੀਰ ਜਨਗਣਨਾ ਅਬਾਦੀ ਤੋਂ ਸਪੱਸ਼ਟ ਹੋਵੇਗੀ, ਪਰ ਸੁਧਾਰ ਜਰੂਰ ਹੋਇਆ ਹੈ।

2011 ਦੀ ਜਨਗਣਨਾ ਦੇ ਅਨੁਸਾਰ, ਭਾਰਤ 'ਚ ਪ੍ਰਤੀ 100 ਕੁੜੀਆਂ ਦੇ ਪਿੱਛੇ 111 ਮੁੰਡੇ ਸਨ। ਐਨਐਫਐਚਐਸ-4 (2015-16) 'ਚ ਇਸ ਗਿਣਤੀ 'ਚ ਕੁਝ ਸੁਧਾਰ ਦਰਜ ਕੀਤਾ ਗਿਆ ਅਤੇ 109 ਹੋ ਗਈ ਅਤੇ ਹੁਣ 108 ਹੋ ਗਈ ਹੈ।
ਪਿਊ ਰਿਸਰਚ ਮੁਤਾਬਕ ਇਹ ਤਾਜ਼ਾ ਅੰਕੜੇ ਦੱਸਦੇ ਹਨ ਕਿ ਪੁੱਤਰਾਂ ਨੂੰ ਦਿੱਤੀ ਜਾ ਰਹੀ ਤਰਜੀਹ 'ਚ ਕਮੀ ਆ ਰਹੀ ਹੈ।
ਭਾਰਤੀ ਪਰਿਵਾਰਾਂ ਵਿੱਚ ਧੀਆਂ ਦੀ ਬਜਾਏ ਪੁੱਤਰਾਂ ਦੇ ਜਨਮ ਨੂੰ ਯਕੀਨੀ ਬਣਾਉਣ ਲਈ ਗਰਭ ਵਿੱਚ ਲਿੰਗ ਪਤਾ ਕਰਨ ਲਈ ਤਕਨੀਕ ਦੀ ਵਰਤੋਂ ਦੀ ਸੰਭਾਵਨਾ ਵਿੱਚ ਕਮੀ ਆਈ ਹੈ।
ਪਿਊ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਬਦਲਾਅ ਸਿੱਖਾਂ ਵਿੱਚ ਵੇਖਣ ਨੂੰ ਮਿਲਿਆ ਹੈ।
ਇੱਕ ਅਜਿਹਾ ਭਾਈਚਾਰਾ ਜੋ ਕਿ ਭਾਰਤੀ ਆਬਾਦੀ ਦਾ 2% ਤੋਂ ਵੀ ਘੱਟ ਹਿੱਸਾ ਹੈ, ਪਰ ਭਾਰਤ 'ਚ 2000 ਤੋਂ 2019 ਦੇ ਅਰਸੇ ਦੌਰਾਨ 'ਲਾਪਤਾ ਹੋਈਆਂ' 90 ਲੱਖ ਕੁੜੀਆਂ 'ਚੋਂ ਅੰਦਾਜ਼ਨ 5% ਜਾਂ ਲਗਭਗ 4,40,000 ਲਈ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ-

ਭਾਰਤ ਦੇ ਪ੍ਰਮੁੱਖ ਧਾਰਮਿਕ ਸਮੂਹਾਂ 'ਚੋਂ ਸਭ ਤੋਂ ਅਮੀਰ, ਸਿੱਖ ਭਾਈਚਾਰੇ ਨੇ ਭਾਰਤ 'ਚ ਸਭ ਤੋਂ ਪਹਿਲੇ ਸਨ, ਜਿਨ੍ਹਾਂ ਨੇ ਮਾਦਾ ਭਰੂਣ ਦਾ ਗਰਭਪਾਤ ਕਰਨ ਲਈ ਲਿੰਗ ਨਿਰਧਾਰਨ ਟੈਸਟਾਂ ਦੀ ਵਿਆਪਕ ਤੌਰ 'ਤੇ ਵਰਤੋਂ ਕੀਤੀ ਸੀ।
ਇਸ ਭਾਈਚਾਰੇ 'ਚ 2000 ਦੇ ਸ਼ੂਰੂ 'ਚ ਜਨਮ ਸਮੇਂ ਲਿੰਗ ਅਨੁਪਾਤ ਆਪਣੇ ਸਿਖਰ 'ਤੇ 130 ਦਰਜ ਕੀਤਾ ਗਿਆ ਸੀ, ਜੋ ਕਿ ਹੁਣ 110 ਤੱਕ ਹੇਠਾਂ ਆ ਗਿਆ ਹੈ ਅਤੇ ਰਾਸ਼ਟਰੀ ਔਸਤ 108 ਦੇ ਬਹੁਤ ਨਜ਼ਦੀਕ ਹੈ।
ਅਧਿਐਨ 'ਚ ਕਿਹਾ ਗਿਆ ਹੈ, "ਇਹ ਲਿੰਗ ਚੋਣ ਨੂੰ ਰੋਕਣ ਲਈ ਸਰਕਾਰ ਦੇ ਸਾਲਾਂ ਦੇ ਯਤਨਾਂ ਦਾ ਨਤੀਜਾ ਹੈ, ਜਿਸ 'ਚ ਜਨਮ ਤੋਂ ਪਹਿਲਾਂ ਲਿੰਗ ਟੈਸਟਾਂ 'ਤੇ ਪਾਬੰਦੀ ਅਤੇ ਮਾਪਿਆਂ ਨੂੰ ਕੁੜੀਆਂ ਨੂੰ ਬਚਾਉਣ ਲਈ ਅਪੀਲ ਕਰਨ ਲਈ ਵਿਆਪਕ ਪੱਧਰ 'ਤੇ ਸ਼ੁਰੂ ਕੀਤੀ ਗਈ ਮੁਹਿੰਮ ਸ਼ਾਮਲ ਹੈ।
ਇਸ ਦੇ ਨਾਲ ਹੀ ਇਹ ਵਧਦੀ ਸਿੱਖਿਆ ਅਤੇ ਦੌਲਤ ਵਰਗੀਆਂ ਵਿਆਪਕ ਸਮਾਜਿਕ ਤਬਦੀਲੀਆਂ ਨਾਲ ਵੀ ਮੇਲ ਖਾਂਦਾ ਹੈ।

ਤਸਵੀਰ ਸਰੋਤ, NARINDER NANU/AFP via Getty Images
ਖੋਜਕਰਤਾ ਅਤੇ ਕਾਰਕੁਨ ਸਾਬੂ ਜੌਰਜ ਇਸ ਦਾਅਵੇ 'ਤੇ ਸਵਾਲ ਉਠਾਉਂਦੇ ਹਨ ਕਿ ਭਾਰਤ ਦਾ ਜਨਮ ਮੌਕੇ ਲਿੰਗ ਅਨੁਪਾਤ ਸੁਧਰਨਾ ਸ਼ੂਰੂ ਹੋ ਗਿਆ ਹੈ।
ਮਾਮੂਲੀ ਸੁਧਾਰ ਹੈ -ਮਾਹਰ
ਉਨ੍ਹਾਂ ਦਾ ਕਹਿਣਾ ਹੈ ਕਿ "ਐਨਐਫਐਚਐਸ-4 ਤੋਂ ਐਨਐਫਐਚਐਸ-5 ਤੱਕ ਇੱਕ ਦਸ਼ਮਲਵ ਦਾ ਸੁਧਾਰ ਸਿਰਫ ਇੱਕ ਮਾਮੂਲੀ ਸੁਧਾਰ ਹੈ। ਇਸ ਨੂੰ ਆਮ ਜਾਂ ਸਧਾਰਣ ਕਹਿਣਾ ਇੱਕ ਅਤਿਕਥਨੀ ਹੋਵੇਗਾ।"
ਉਨ੍ਹਾਂ ਨੇ ਇਸ ਗੱਲ ਵੀ ਧਿਆਨ ਖਿੱਚਿਆ ਕਿ ਐਨਐਫਐਚਐਸ-5 ਦੇ ਅੰਕੜੇ ਉਸ ਸਮੇਂ ਇੱਕਠੇ ਕੀਤੇ ਗਏ ਸਨ ਜਦੋਂ ਭਾਰਤ ਮਹਾਮਾਰੀ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਸੀ।
"ਕੋਵਿਡ-19 ਨੇ 40 ਲੱਖ ਲੋਕਾਂ ਦੀ ਜਾਨ ਲਈ, ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਢਹਿ ਗਈ ਸੀ ਅਤੇ ਦੇਸ਼ ਭਰ 'ਚ ਜਨਮ ਸੇਵਾਵਾਂ ਸਮੇਤ ਹੋਰ ਕਈ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਨ।
ਉਸ ਸਮੇਂ ਡਾਟਾ ਇੱਕਠਾ ਕਰਨਾ, ਖਾਸ ਤੌਰ 'ਤੇ ਭਾਰਤ ਦੇ ਕੁਝ ਵੱਡੇ, ਵਧੇਰੇ ਆਬਾਦੀ ਵਾਲੇ ਰਾਜਾਂ 'ਚ ਵਧੇਰੇ ਸਟੀਕ ਨਹੀਂ ਸੀ।"
ਉਹ ਇਸ ਗੱਲ ਨਾਲ ਸਹਿਮਤ ਹਨ ਕਿ ਪੰਜਾਬ ਅਤੇ ਹਰਿਆਣਾ, ਜਿੱਥੇ ਵਧੇਰੇ ਸਿੱਖ ਅਬਾਦੀ ਹੈ, ਉੱਥੇ ਪਿਛਲੇ ਕਈ ਸਾਲਾਂ ਤੋਂ ਮਾਦਾ ਭਰੂਣ ਹੱਤਿਆ 'ਚ ਕਮੀ ਦਰਜ ਕੀਤੀ ਗਈ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬ ਅਧਾਰਤ ਇੱਕ ਲਿੰਗ ਖੋਜਕਾਰ ਅਮਿਤ ਕੁਮਾਰ ਦਾ ਕਹਿਣਾ ਹੈ ਕਿ ਇਸ ਗਿਰਾਵਟ ਦੇ ਬਾਵਜੂਦ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਇਸ ਸਬੰਧੀ ਨਜ਼ਰੀਏ ਵਿੱਚ ਬਹੁਤ ਘੱਟ ਬਦਲਾਅ ਨਜ਼ਰ ਆਇਆ ਹੈ।
ਅਮਿਤ ਕੁਮਾਰ ਦਾ ਕਹਿਣਾ ਹੈ, "ਮੈਂ 100 ਸਾਲ ਪਹਿਲਾਂ ਦੀਆਂ ਕਿਤਾਬਾਂ 'ਚ ਜੋ ਕੁਝ ਵੀ ਪੜ੍ਹਿਆ ਜਾਂ ਸੁਣਿਆ, ਅੱਜ ਦੀਆਂ ਕਹਾਣੀਆਂ ਜਾਂ ਬਿਰਤਾਂਤ ਵਿੱਚ ਕੋਈ ਫਰਕ ਨਜ਼ਰ ਨਹੀਂ ਆਇਆ ਹੈ।
ਸਮੇਂ ਦੇ ਨਾਲ-ਨਾਲ ਪਿਤਾ ਪੁਰਖੀ ਢਾਂਚੇ ਦੇ ਏਜੰਟ ਵੀ ਵਿਕਸਤ ਹੁੰਦੇ ਹਨ, ਇਸ ਲਈ ਤੁਸੀਂ ਵੇਖਦੇ ਹੋ ਕਿ ਉਹ ਰਿਵਾਜ ਅੱਜ ਵੀ ਮੌਜੂਦ ਹਨ।
ਹਾਂ, ਇੰਨਾ ਜ਼ਰੂਰ ਹੈ ਕਿ ਉਨ੍ਹਾਂ ਨੂੰ ਸਮੇਂ ਦੀ ਮੰਗ ਅਨੁਸਾਰ ਕੁਝ ਸੋਧ ਜ਼ਰੂਰ ਦਿੱਤਾ ਗਿਆ ਹੈ। ਕਹਿ ਸਕਦੇ ਹਾਂ ਕਿ ਇੰਨ੍ਹਾਂ ਰੀਤੀ-ਰਿਵਾਜਾਂ ਦਾ ਬਾਹਰੀ ਢਾਂਚਾ ਨਵਾਂ ਹੈ ਪਰ ਅੰਦਰੋਂ ਇਹ ਅੱਜ ਵੀ ਰੂੜੀਵਾਦੀ ਵਿਚਾਰਾਂ ਦੀਆਂ ਧਾਰਨੀਆਂ ਹਨ।"
ਅਮਿਤ ਕੁਮਾਰ ਜੋ ਮੈਸਕੁਲੈਨਿਟੀ ਸਟੱਡੀਜ਼ ਵਿੱਚ ਪੀਐਚਡੀ ਖੋਜਾਰਥੀ। ਉਨ੍ਹਾਂ ਨੇ ਦੋ ਸਾਲ ਪਹਿਲਾਂ ਪੇਂਡੂ ਪੰਜਾਬ 'ਚ ਇੱਕ ਸਰਵੇਖਣ ਕੀਤਾ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਇੱਕ 28 ਸਾਲਾ ਪਿੰਡ ਵਾਸੀ ਨਾਲ ਹੋਈ, ਉਸ ਦਾ ਕਹਿਣਾ ਸੀ ਕਿ ਜੇਕਰ ਉਸ ਦੀ ਪਤਨੀ ਇੱਕ ਕੁੜੀ ਨੂੰ ਜਨਮ ਦਿੱਤਾ ਹੁੰਦਾ ਤਾਂ ਉਹ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ।
ਕੁੜੀਆਂ ਬਾਰੇ ਰੂੜੀਵਾਦੀ ਵਿਚਾਰ
ਮੈਸਕੁਲੈਨਿਟੀ ਸਟੱਡੀਜ਼ ਇੱਕ ਇਸਤਰੀਵਾਦ ਤੋਂ ਪ੍ਰੇਰਿਤ ਅਧਿਐਨ ਦੀ ਸ਼ਾਖਾ ਹੈ, ਜੋ ਆਪਣੇ- ਆਪ ਵਿੱਚ ਅੰਤਰ ਅਨੁਸ਼ਾਸ਼ਨੀ ਹੈ ਅਤੇ ਵੀਹਵੀਂ ਸਦੀ ਦੇ ਅਖੀਰ ਵਿੱਚ ਵਿਕਸਿਤ ਹੋਈ ਹੈ।
ਪੰਜਾਬ 'ਚ ਕੁੜੀਆਂ ਨੂੰ ਇੱਕ ਬੋਝ, ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੇਖਿਆ ਜਾਂਦਾ ਹੈ ਅਤੇ ਲੋਕਾਂ ਲਈ ਇੱਕ ਮੁੰਡੇ ਜਾਂ ਪੁੱਤਰ ਲਈ ਗੁਰਦੁਆਰਿਆਂ ਜਾਂ ਮੰਦਰਾਂ 'ਚ ਨਤਮਸਤਕ ਹੋ ਕੇ ਅਸ਼ੀਰਵਾਦ ਹਾਸਲ ਕਰਨਾ ਬਹੁਤ ਹੀ ਆਮ ਅਤੇ ਸੱਭਿਆਚਾਰਕ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ।"
ਜੇਕਰ ਤੁਸੀਂ ਇਸ ਸਬੰਧੀ ਲੋਕਾਂ ਤੋਂ ਸਿੱਧਾ ਸਵਾਲ ਪੁੱਛਦੇ ਹੋ ਤਾਂ ਉਹ ਇਸ ਗੱਲ ਤੋਂ ਮੁਨਕਰ ਹੋ ਜਾਣਗੇ ਕਿ ਉਹ ਕੁੜੀ ਅਤੇ ਮੁੰਡੇ 'ਚ ਵਿਤਕਰਾ ਕਰਦੇ ਹਨ।
ਹਾਲਾਂਕਿ ਜੇਕਰ ਜ਼ਮੀਨੀ ਪੱਧਰ 'ਤੇ ਪੜਤਾਲ ਕੀਤੀ ਜਾਵੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸੱਚਾਈ ਕੁਝ ਹੋਰ ਹੈ।
ਪੁੱਤਰਾਂ ਦੀ ਤਰਜੀਹ ਨੇ ਲੋਕਾਂ ਦੇ ਦਿਮਾਗ ਸੁੰਨ ਕੀਤੇ ਹੋਏ ਹਨ। ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ 'ਚ ਇੱਕ ਪੁੱਤਰ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਹੀ ਅੰਤਿਮ ਰਸਮਾਂ ਨਿਭਾਏਗਾ।
ਅਮਿਤ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਅਜਿਹੇ ਹੋਰਡਿੰਗ ਅਤੇ ਇਸ਼ਤਿਹਾਰ ਸਾਹਮਣੇ ਆਏ ਹਨ ਜੋ ਕਿ ਲੋਕਾਂ ਨੂੰ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟਾਂ ਦਾ ਸਹਾਰਾ ਲੈਣ ਵਿਰੁੱਧ ਚੇਤਾਵਨੀ ਦਿੰਦੇ ਹਨ ਅਤੇ ਇਸ ਨਾਲ ਲੋਕਾਂ 'ਚ ਕੁਝ ਡਰ ਵੀ ਪੈਦਾ ਹੋਇਆ ਹੈ।
"ਇਸ ਲਈ ਲਿੰਗ ਨਿਰਧਾਰਨ ਟੈਸਟਾਂ ਅਤੇ ਗਰਭਪਾਤ ਵਿੱਚ ਕੁਝ ਗਿਰਾਵਟ ਤਾਂ ਆਈ ਹੈ ਪਰ ਇਹ ਨਾ ਦੇ ਬਰਾਬਰ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਜੇਕਰ ਉਹ ਮਾਦਾ ਭਰੂਣ ਦਾ ਗਰਭਪਾਤ ਕਰਵਾਉਣਾ ਚਾਹੁੰਦੇ ਹਨ ਤਾਂ ਕਿਸ ਕਲੀਨਿਕ ਨਾਲ ਸੰਪਰਕ ਕਰਨਾ ਹੈ।"
ਉਹ ਅੱਗੇ ਕਹਿੰਦੇ ਹਨ ਕਿ ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਅਧਿਕਾਰਤ ਅਪਰਾਧ ਅੰਕੜਿਆਂ 'ਤੇ ਝਾਤ ਮਾਰਦੇ ਹੋ ਤਾਂ ਇਹ 2012 ਤੋਂ 'ਗਰਭਪਾਤ ਅਤੇ ਕੁੜੀਆਂ ਨੂੰ ਛੱਡ ਦੇਣ' ਦੀ ਗਿਣਤੀ 'ਚ ਲਗਾਤਾਰ ਵਾਧੇ ਨੂੰ ਦਰਸਾਉਂਦਾ ਹੈ।
ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਜਨਮ ਤੋਂ ਬਾਅਦ ਕੁੜੀਆਂ ਨੂੰ ਅਣਗੌਲਿਆਂ ਜਾਂ ਅਣਦੇਖਿਆ ਕੀਤਾ ਜਾ ਰਿਹਾ ਹੈ।
ਅਮਿਤ ਕੁਮਾਰ ਕਹਿੰਦੇ ਹਨ , "ਸਿਰਫ ਤਾਂ ਸਿਰਫ ਵਿਵਹਾਰ ਜਾਂ ਰਵੱਈਏ 'ਚ ਤਬਦੀਲੀ ਹੀ ਕੁੜੀਆਂ ਦੀ ਅਣਦੇਖੀ ਨੂੰ ਰੋਕ ਸਕਦੀ ਹੈ, ਪਰ ਇਹ ਇੱਕ ਲੰਮੇ ਸਮੇਂ ਦੀ ਪ੍ਰਕਿਰਿਆ ਹੈ। ਰਵੱਈਏ ਨੂੰ ਬਦਲਣ 'ਚ ਸਮਾਂ ਲੱਗਦਾ ਹੈ ਅਤੇ ਤਬਦੀਲੀ ਦੀ ਰਫ਼ਤਾਰ ਬਹੁਤ ਹੌਲੀ ਹੁੰਦੀ ਹੈ।"
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












