ਬਿਲਕਿਸ ਬਾਨੋ ਦੇ ਪਿੰਡ ਤੋਂ ਮੁਸਲਮਾਨਾਂ ਦੀ ਹਿਜਰਤ: 'ਜੇਕਰ ਮੁੜ ਦੰਗੇ ਹੋ ਗਏ ਤਾਂ ਕੀ ਹੋਵੇਗਾ?"- ਗਰਾਊਂਡ ਰਿਪੋਰਟ

ਬਿਲਕਿਸ ਬਾਨੋ ਦਾ ਗੁਜਰਾਤ ਵਿੱਚ ਪਿੰਡ ਰਣਧੀਕਪੁਰ

ਤਸਵੀਰ ਸਰੋਤ, PAVAN JAISHWAL

ਤਸਵੀਰ ਕੈਪਸ਼ਨ, ਦਾਹੋਦ ਜ਼ਿਲ੍ਹੇ ਦਾ ਰਣਧੀਕਪੁਰ ਪਿੰਡ ਗੋਧਰਾ ਤੋਂ ਕਰੀਬ 50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ
    • ਲੇਖਕ, ਤੇਜਸ ਵੈਦਿਆ
    • ਰੋਲ, ਬੀਬੀਸੀ ਗੁਜਰਾਤੀ

ਸਾਲ 2002 ਵਿੱਚ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਨਾਲ ਸਾਮੂਹਿਕ ਬਲਾਤਕਾਰ ਹੋਇਆ ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ 14 ਜੀਆਂ ਦਾ ਕਤਲ ਹੁੰਦਿਆਂ ਹੋਇਆ ਦੇਖਿਆ, ਜਿਸ ਵਿੱਚ ਉਨ੍ਹਾਂ ਦੀ ਆਪਣੀ ਧੀ ਵੀ ਸ਼ਾਮਿਲ ਸੀ।

ਬਿਲਕਿਸ ਨਾਲ ਜਦੋਂ ਬਲਾਤਕਾਰ ਹੋਇਆ ਤਾਂ ਉਹ ਉਸ ਵੇਲੇ ਗਰਭਵਤੀ ਸੀ। ਸਾਲ 2008 ਵਿੱਚ ਮੁੰਬਈ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਇਨ੍ਹਾਂ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਪਰ ਕੁਝ ਹੀ ਦਿਨ ਪਹਿਲਾਂ 15 ਅਗਸਤ ਨੂੰ ਇਨ੍ਹਾਂ 11 ਮੁਜਰਮਾਂ ਨੂੰ ਗੋਧਰਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਬੀਬੀਸੀ
  • ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਲਗਭਗ 500 ਮੁਸਲਮਾਨ ਰਣਧੀਕਪੁਰ ਪਿੰਡ ਛੱਡ ਚੁੱਕੇ ਹਨ।
  • ਰਣਧੀਕਪੁਰ ਵਿੱਚ ਕੋਈ ਵੀ ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਮਾਫ਼ੀ ਬਾਰੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ।
  • ਰਿਹਾਅ ਹੋਏ 11 ਦੋਸ਼ੀਆਂ ਵਿੱਚੋਂ ਜ਼ਿਆਦਾਤਰ ਰਣਧੀਕਪੁਰ ਦੇ ਨੇੜਲੇ ਪਿੰਡ ਸਿੰਗਵਾੜ ਦੇ ਵਸਨੀਕ ਹਨ।
  • ਜਦੋਂ ਬੀਬੀਸੀ ਦੀ ਟੀਮ 22 ਅਗਸਤ ਨੂੰ ਪਿੰਡ ਦੇ ਮੁਹੱਲਿਆਂ ਵਿੱਚ ਪਹੁੰਚੀ ਤਾਂ ਬਹੁਤੇ ਘਰਾਂ ਨੂੰ ਜਿੰਦਰੇ ਲੱਗੇ ਹੋਏ ਸੀ।
  • 'ਹਰ ਘਰ ਤਿਰੰਗਾ' ਲਹਿਰ ਦੇ ਹਿੱਸੇ ਵੱਜੋਂ ਇੱਕ ਘਰ ਦੀ ਛੱਤ 'ਤੇ ਲਹਿਰਾਇਆ ਗਿਆ ਤਿਰੰਗਾ ਅਜੇ ਵੀ ਉੱਥੇ ਹੀ ਸੀ।
  • 2002 ਤੋਂ ਲੈ ਕੇ ਹੁਣ ਤੱਕ ਪਿੰਡ ਰਣਧੀਕਪੁਰ 'ਚ ਕੋਈ ਵੱਡੀ ਘਟਨਾ ਨਹੀਂ ਵਾਪਰੀ ਹੈ, ਪਰ ਫਿਰ ਵੀ ਹਿੰਦੂਆਂ ਅਤੇ ਮੁਸਲਮਾਨਾਂ 'ਚ ਬੇਭਰੋਸਗੀ ਦਾ ਆਲਮ ਹੈ।
ਬੀਬੀਸੀ

ਇਸ ਤੋਂ ਬਾਅਦ ਗੁਜਰਾਤ ਦੇ ਪਿੰਡ ਰਣਧੀਕਪੁਰ ਦੇ ਵਾਸੀ ਅਤੇ ਬਿਲਕਿਸ ਬਾਨੋ ਦੇ ਰਿਸ਼ਤੇਦਾਰ ਇਮਰਾਨ ਨੇ ਕਿਹਾ, "ਪਹਿਲਾਂ ਵੀ ਕੁਝ ਡਰ ਦਾ ਮਾਹੌਲ ਸੀ, ਪਰ ਹੁਣ 11 ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਡਰ ਅਤੇ ਸਹਿਮ ਵੱਧ ਗਿਆ ਹੈ। ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਸਾਡੇ ਪਿੰਡ ਰਣਧੀਕਪੁਰ ਤੋਂ ਤਕਰੀਬਨ 500 ਮੁਸਲਮਾਨ ਪਿੰਡ ਛੱਡ ਕੇ ਜਾ ਚੁੱਕੇ ਹਨ।"

ਦਾਹੋਦ ਜ਼ਿਲ੍ਹੇ ਦਾ ਰਣਧੀਕਪੁਰ ਪਿੰਡ ਗੋਧਰਾ ਤੋਂ ਕਰੀਬ 50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

27 ਫਰਵਰੀ 2002 ਨੂੰ, ਬਿਲਕਿਸ ਬਾਨੋ ਰਣਧੀਕਪੁਰ ਵਿੱਚ ਹੀ ਸੀ, ਜਦੋਂ ਗੋਧਰਾ ਵਿੱਚ ਸਾਬਰਮਤੀ ਐਕਸਪ੍ਰੈਸ ਰੇਲ ਗੱਡੀ ਨੂੰ ਅੱਗ ਲੱਗਣ ਤੋਂ ਬਾਅਦ ਫਿਰਕੂ ਦੰਗੇ ਭੜਕ ਗਏ ਸਨ।

ਜਦੋਂ ਉਸ ਦਾ ਪਰਿਵਾਰ ਦੰਗਿਆਂ ਤੋਂ ਬਚਣ ਲਈ ਪਿੰਡ ਛੱਡ ਕੇ ਭੱਜ ਰਿਹਾ ਸੀ ਤਾਂ ਉਨ੍ਹਾਂ ਨੂੰ ਰਣਧੀਕਪੁਰ ਤੋਂ 10 ਕਿਲੋਮੀਟਰ ਦੂਰ ਛੱਪਵਾੜ ਪਿੰਡ ਦੇ ਪਾਨੀਵੇਲਾ ਖੇਤਰ 'ਚ ਪਹਾੜੀਆਂ ਦੇ ਨਜ਼ਦੀਕ ਰੋਕ ਲਿਆ ਗਿਆ।

ਉਸ ਸਮੇਂ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਹ ਪੂਰਾ ਮਾਮਲਾ ਸੂਬਾਈ ਤੇ ਕੌਮੀ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਸੀ।

ਪਿੰਡ ਰਣਧੀਕਪੁਰ ਵਿੱਚ ਕੋਈ ਵੀ ਵਿਅਕਤੀ ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਮਾਫ਼ੀ ਬਾਰੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ। ਕੁਝ ਮੁਸਲਮਾਨਾਂ ਨੇ ਇਸ ਬਾਰੇ ਗੱਲ ਕੀਤੀ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ।

ਬਿਲਕਿਸ ਬਾਨੋ ਮਾਮਲੇ ਦੇ ਜ਼ਿਆਦਾਤਰ ਦੋਸ਼ੀਆਂ ਦੇ ਪਿੰਡ ਸਿੰਗਵਾੜ ਦਾ ਬੋਰਡ

ਤਸਵੀਰ ਸਰੋਤ, PAVAN JAISHWAL

ਤਸਵੀਰ ਕੈਪਸ਼ਨ, ਮਾਮਲੇ ਦੇ 11 ਦੋਸ਼ੀਆਂ 'ਚੋਂ ਜ਼ਿਆਦਾਤਰ ਰਣਧੀਕਪੁਰ ਦੇ ਨਾਲ ਲੱਗਦੇ ਪਿੰਡ ਸਿੰਗਵਾੜ ਦੇ ਵਸਨੀਕ ਹਨ

ਬਿਲਕਿਸ ਬਾਨੋ ਦੇ ਪਿਤਾ ਦਾ ਘਰ ਰਣਧੀਕਪੁਰ ਦੇ ਚੁੰਡਾਡੀ ਰੋਡ ਨੇੜੇ ਮੁਸਲਿਮ ਮੁਹੱਲੇ ਵਿੱਚ ਸੀ।

ਇਸੇ ਮੁਹੱਲੇ ਦੇ ਵਸਨੀਕ ਇਕਬਾਲ ਮੁਹੰਮਦ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ, " ਮੋਦੀ ਜੀ ਕਹਿੰਦੇ ਹਨ ਕਿ ਦੇਸ਼ ਦੀਆਂ ਧੀਆਂ ਉਨ੍ਹਾਂ ਦੀਆਂ ਧੀਆਂ ਵਰਗੀਆਂ ਹਨ, ਤਾਂ ਕੀ ਬਿਲਕਿਸ ਉਨ੍ਹਾਂ ਦੀ ਧੀ ਨਹੀਂ ਹੈ?"

" ਉਹ ਬਿਲਕਿਸ ਨੂੰ ਇਨਸਾਫ਼ ਨਹੀਂ ਦੇ ਸਕਦੇ ਹਨ? ਜਿੰਨ੍ਹਾਂ 11 ਦੋਸ਼ੀਆਂ ਨੂੰ ਮਾਫ਼ ਕੀਤਾ ਗਿਆ ਹੈ, ਉਹ ਛੋਟੇ-ਮੋਟੇ ਅਪਰਾਧੀ ਨਹੀਂ ਹਨ। ਉਨ੍ਹਾਂ ਦਾ ਅਪਰਾਧ ਬਹੁਤ ਹੀ ਘਿਨਾਉਣਾ ਹੈ। ਕੀ ਦੇਸ਼ ਦਾ ਸੰਵਿਧਾਨ ਅਜਿਹੀ ਸਜ਼ਾ ਮਾਫ਼ੀ ਦੀ ਇਜਾਜ਼ਤ ਦਿੰਦਾ ਹੈ?"

ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਮਾਮਲੇ ਦੇ 11 ਦੋਸ਼ੀਆਂ 'ਚੋਂ ਜ਼ਿਆਦਾਤਰ ਰਣਧੀਕਪੁਰ ਦੇ ਨਾਲ ਲੱਗਦੇ ਪਿੰਡ ਸਿੰਗਵਾੜ ਦੇ ਵਸਨੀਕ ਹਨ।

ਕੁਝ ਦੋਸ਼ੀਆਂ ਦੇ ਘਰ ਬਿਲਕਿਸ ਬਾਨੋ ਦੇ ਘਰ ਤੋਂ ਮਹਿਜ਼ ਅੱਧੇ ਕਿਲੋਮੀਟਰ ਦੀ ਦੂਰੀ ਤੋਂ ਵੀ ਘੱਟ ਦੂਰੀ 'ਤੇ ਸਥਿਤ ਹਨ।

ਗੁਜਰਾਤ ਦੰਗਿਆਂ ਤੋਂ ਬਾਅਦ ਪਹਿਲੀ ਵਾਰ ਵੱਡਾ ਪਰਵਾਸ

ਰਣਧੀਕਪੁਰ 'ਚ ਚੁੰਡਾਡੀ ਰੋਡ ਤੋਂ ਇਲਾਵਾ ਬਿਲਵਾਲ ਪਲੀਆ ਵਿੱਚ ਮੁਸਲਿਮ ਆਬਾਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 15 ਅਗਸਤ ਨੂੰ ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਇਸ ਇਲਾਕੇ ਤੋਂ ਮੁਸਲਿਮ ਪਰਿਵਾਰਾਂ ਦਾ ਪਰਵਾਸ ਸ਼ੁਰੂ ਹੋ ਗਿਆ ਹੈ।

ਜਦੋਂ ਬੀਬੀਸੀ ਦੀ ਟੀਮ 22 ਅਗਸਤ ਨੂੰ ਪਿੰਡ ਦੇ ਮੁਹੱਲਿਆਂ ਵਿੱਚ ਪਹੁੰਚੀ ਤਾਂ ਬਹੁਤੇ ਘਰਾਂ ਨੂੰ ਜਿੰਦੇ ਲੱਗੇ ਹੋਏ ਸੀ ਅਤੇ ਕਈ ਆਪਣਾ ਸਾਮਾਨ ਬੰਨ੍ਹ ਰਹੇ ਸਨ। ਥਾਣੇ ਦੇ ਬਿਲਕੁਲ ਪਿੱਛੇ ਵਸੇ ਹੋਣ ਦੇ ਬਾਵਜੂਦ ਲੋਕ ਇਸ ਇਲਾਕੇ ਨੂੰ ਛੱਡ ਕੇ ਜਾ ਰਹੇ ਸਨ।

2002 ਦੇ ਦੰਗਿਆਂ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਮੁਸਲਮਾਨ ਰਣਧੀਕਪੁਰ ਪਿੰਡ ਖਾਲੀ ਕਰ ਕੇ ਜਾ ਰਹੇ ਹਨ।

ਬਿਲਕਿਸ ਬਾਨੋ ਦਾ ਗੁਜਰਾਤ ਵਿੱਚ ਪਿੰਡ ਰਣਧੀਕਪੁਰ
ਤਸਵੀਰ ਕੈਪਸ਼ਨ, ਪਿੰਡ ਵਿੱਚ ਬਹੁਤੇ ਘਰਾਂ ਨੂੰ ਜਿੰਦੇ ਲੱਗੇ ਹੋਏ ਸਨ

ਜਦੋਂ ਅਸੀਂ 23 ਅਗਸਤ ਨੂੰ ਮੁੜ ਪਿੰਡ ਦਾ ਦੌਰਾ ਕਰਨ ਲਈ ਗਏ ਤਾਂ ਚੁੰਡਾਡੀ ਰੋਡ ਦੇ ਪਿੱਛੇ ਮੁਸਲਿਮ ਮੁਹੱਲੇ 'ਚ ਸ਼ਾਇਦ ਹੀ ਕੋਈ ਘਰ ਸੀ, ਜਿਸ ਵਿੱਚ ਜਿੰਦਾ ਨਹੀਂ ਲੱਗਿਆ ਹੋਇਆ ਸੀ। ਇੰਨ੍ਹਾਂ ਖਾਲੀ ਗਲੀਆਂ ਵਿੱਚੋਂ ਅਵਾਰਾ ਬੱਕਰੀਆਂ ਅਤੇ ਅਵਾਰਾ ਮੁਰਗੀਆਂ ਦੀ ਆਵਾਜ਼ ਆ ਰਹੀ ਸੀ।

ਪਿੱਛੇ ਕੁਝ ਨੌਜਵਾਨ ਰਹਿ ਗਏ ਹਨ, ਜਿੰਨ੍ਹਾਂ ਵਿੱਚ ਬਿਲਕਿਸ ਦੇ ਚਾਚਾ ਅਯੂਬਭਾਈ ਅਤੇ ਚਚੇਰੇ ਭਰਾ ਇਮਰਾਨ ਸਨ। ਉਨ੍ਹਾਂ ਕਿਹਾ ਕਿ ਉਹ ਵੀ ਇੱਕ-ਦੋ ਦਿਨਾਂ 'ਚ ਇੱਥੋਂ ਚਲੇ ਜਾਣਗੇ।

'ਤਿਰੰਗਾ ਅੱਜ ਵੀ ਉੱਥੇ ਹੀ ਹੈ'

ਜਦੋਂ ਅਸੀਂ ਬਿਲਵਾਲ ਪਲੀਆ ਸਥਿਤ ਅਮੀਨਾ ਬਾਨੋ ਦੇ ਘਰ ਪਹੁੰਚੇ ਤਾਂ ਉਹ ਆਪਣਾ ਸਾਮਾਨ ਬੰਨ੍ਹ ਚੁੱਕੇ ਸੀ। ਹਾਲਾਂਕਿ 'ਹਰ ਘਰ ਤਿਰੰਗਾ' ਲਹਿਰ ਦੌਰਾਨ ਘਰ ਦੀ ਛੱਤ 'ਤੇ ਲਾਇਆ ਗਿਆ ਤਿਰੰਗਾ ਅਜੇ ਵੀ ਉੱਥੇ ਹੀ ਸੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਇੰਨ੍ਹਾਂ 11 ਜਣਿਆਂ ਦੀ ਰਿਹਾਈ ਨੇ ਸਾਡੇ ਮਨਾਂ ਅੰਦਰ ਡਰ ਪੈਦਾ ਕਰ ਦਿੱਤਾ ਹੈ। ਮੇਰਾ ਬੇਟਾ 2002 ਦੇ ਦੰਗਿਆਂ ਵਿੱਚ ਮਾਰਿਆ ਗਿਆ ਸੀ।"

"ਅਸੀਂ ਭੁੱਖੇ-ਪਿਆਸੇ ਜੰਗਲਾਂ ਵਿੱਚ ਭਟਕਦੇ ਰਹੇ ਸੀ। ਹੁਣ ਸਾਨੂੰ ਇੱਕ ਵਾਰ ਫਿਰ ਡਰ ਲੱਗ ਰਿਹਾ ਹੈ। ਜੇਕਰ ਮੁੜ ਦੰਗੇ ਹੋ ਗਏ ਤਾਂ ਕੀ ਹੋਵੇਗਾ?"

ਬਿਲਕਿਸ ਬਾਨੋ ਦਾ ਗੁਜਰਾਤ ਵਿੱਚ ਪਿੰਡ ਰਣਧੀਕਪੁਰ

ਤਸਵੀਰ ਸਰੋਤ, PAVAN JAISHWAL

ਤਸਵੀਰ ਕੈਪਸ਼ਨ, ਅਮੀਨਾ ਬਾਨੋ ਦਾ ਬੇਟਾ 2002 ਦੀ ਹਿੰਸਾ ਵਿੱਚ ਮਾਰਿਆ ਗਿਆ ਸੀ

ਉਨ੍ਹਾਂ ਦੀ ਗੁਆਂਢਣ ਮਦੀਨਾ ਬਾਨੋ ਵੀ ਆਪਣਾ ਸਾਮਾਨ ਬੰਨ੍ਹ ਚੁੱਕੀ ਹੈ।

ਮਦੀਨਾ ਨੇ ਕਿਹਾ, " ਜੇਕਰ ਤੁਹਾਡੇ ਆਂਢ-ਗੁਆਂਢ ਵਿੱਚ ਹਰ ਕੋਈ ਘਰ ਛੱਡ ਕੇ ਚਲਿਆ ਜਾਵੇ ਤਾਂ ਅਸੀਂ ਕਿਵੇਂ ਇੱਥੇ ਰਹਿ ਸਕਦੇ ਹਾਂ? ਮੇਰੀਆਂ ਛੋਟੀਆਂ-ਛੋਟੀਆਂ ਧੀਆਂ ਹਨ। ਸਾਡਾ ਛੇ ਜਣਿਆ ਦਾ ਪਰਿਵਾਰ ਵੀ ਰਣਧੀਕਪੁਰ ਛੱਡ ਕੇ ਦੇਵਗੜਬੜੀਆ ਜਾ ਰਿਹਾ ਹੈ।"

'ਕਿਸ 'ਤੇ ਭਰੋਸਾ ਕਰੀਏ?'

ਰਣਧੀਕਪੁਰ ਦੇ ਮੁਸਲਮਾਨਾਂ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਇੱਕ ਅਰਜੀ ਦਿੱਤੀ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਦਾਹੋਦ ਦੇ ਜ਼ਿਲ੍ਹਾ ਮੈਜਿਸਟਰੇਟ ਹਰਸ਼ਿਤ ਗੋਸਾਵੀ ਨੇ ਕਿਹਾ, "ਹਾਂ, ਉਨ੍ਹਾਂ ਦੀ ਅਰਜ਼ੀ ਮਿਲ ਗਈ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਡਰਨ ਦੀ ਕੋਈ ਲੋੜ ਨਹੀਂ ਹੈ।

ਮੈਂ ਉਨ੍ਹਾਂ ਨੂੰ ਪੁੱਛਿਆ ਕਿ 'ਕੀ ਤੁਹਾਨੂੰ ਕੋਈ ਧਮਕੀ ਮਿਲੀ ਹੈ?' ਤਾਂ ਉਨ੍ਹਾਂ ਮੈਨੂੰ ਕਿਹਾ ਕਿ ਕੋਈ ਧਮਕੀ ਨਹੀਂ ਮਿਲੀ ਹੈ, ਪਰ ਉਹ ਡਰ ਰਹੇ ਹਨ।

ਜੇਕਰ ਕੋਈ ਉਨ੍ਹਾਂ ਨੂੰ ਧਮਕਾਉਂਦਾ ਹੈ ਤਾਂ ਅਸੀਂ ਕਾਰਵਾਈ ਕਰਾਂਗੇ। ਅਸੀਂ ਪਹਿਲਾਂ ਹੀ ਇਸ ਮੁੱਦੇ 'ਤੇ ਐਸਪੀ ਨਾਲ ਵਿਚਾਰ ਚਰਚਾ ਕਰ ਚੁੱਕੇ ਹਾਂ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਇੱਥੇ ਰਾਤ ਦੇ ਸਮੇਂ ਪੁਲਿਸ ਦੀ ਤੈਨਾਤੀ ਵਿਖਾਈ ਦਿੰਦੀ ਹੈ, ਪਰ ਅਯੂਬ ਭਾਈ ਦਾ ਕਹਿਣਾ ਹੈ, " 2002 'ਚ ਪੁਲਿਸ ਹੋਣ ਦੇ ਬਾਵਜੂਦ ਸਾਡੇ ਘਰ ਸਾੜ ਦਿੱਤੇ ਗਏ ਸਨ। ਇਸ ਲਈ ਅਸੀਂ ਕਿਸ 'ਤੇ ਵਿਸ਼ਵਾਸ ਕਰੀਏ ?"

ਦੋਸ਼ੀਆਂ ਦੀ ਰਿਹਾਈ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਕਬਾਲ ਮੁਹੰਮਦ ਨੇ ਕਿਹਾ, ਜਦੋਂ ਦੇਸ ਆਜ਼ਾਦੀ ਦੇ 75 ਸਾਲਾਂ ਦਾ 'ਅੰਮ੍ਰਿਤ ਮਹਾਉਤਸਵ' ਮਨਾ ਰਿਹਾ ਸੀ, ਉਸ ਸਮੇਂ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਦੇ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਸੀ।"

" ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਪਿੰਡ 'ਚ ਜਸ਼ਨ ਦਾ ਮਾਹੌਲ ਸੀ ਅਤੇ ਪਟਾਕੇ ਤੱਕ ਚਲਾਏ ਗਏ ਸਨ। ਇਸੇ ਕਰਕੇ ਹੀ ਅਸੀਂ ਹੋਰ ਡਰ ਗਏ ਹਾਂ।

ਦੇਸ 'ਚ ਵੱਖ-ਵੱਖ ਭਾਈਚਾਰਿਆਂ ਦੇ ਕੈਦੀ 20-30 ਸਾਲਾਂ ਤੋਂ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਹਨ ਪਰ 'ਦੁਰਲੱਭ ਤੋਂ ਦੁਰਲੱਭ ਮਾਮਲੇ 'ਚ ਮੁਆਫੀ ਕਿਵੇਂ ਦਿੱਤੀ ਜਾ ਸਕਦੀ ਹੈ?"

ਬਿਲਕਿਸ ਬਾਨੋ ਦਾ ਗੁਜਰਾਤ ਵਿੱਚ ਪਿੰਡ ਰਣਧੀਕਪੁਰ
ਤਸਵੀਰ ਕੈਪਸ਼ਨ, ਅਯੂਬ ਭਾਈ ਨੇ ਪੁੱਛਿਆ ਕਿ 2002 ਵਿੱਚ ਪੁਲਿਸ ਵੀ ਉੱਥੇ ਹੀ ਸੀ, ਅਸੀਂ ਕਿਸ ਉੱਪਰ ਭਰੋਸਾ ਕਰੀਏ

ਜਦੋਂ ਅਸੀਂ ਰਣਧੀਕਪੁਰ 'ਚ ਇੱਕ ਮੈਡੀਕਲ ਸਟੋਰ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਪੁੱਛਿਆ ਕਿ 'ਉਹ ਇਸ ਮਾਮਲੇ ਅਤੇ ਦੋਸ਼ੀਆਂ ਦੀ ਮੁਆਫੀ ਬਾਰੇ ਕੀ ਸੋਚਦੇ ਹਨ?'

ਉਨ੍ਹਾਂ ਨੇ ਜਵਾਬ ਦਿੱਤਾ, "ਮੈਂ ਇਸ ਸਟੋਰ 'ਚ ਨੌਕਰ ਹਾਂ, ਤੁਸੀਂ ਮਾਲਕ ਨੂੰ ਪੁੱਛੋ, ਮੈਨੂੰ ਇਸ ਮਾਮਲੇ ਬਾਰੇ ਕੁਝ ਪਤਾ ਨਹੀਂ ਹੈ।"

ਮੇਨ ਬਜ਼ਾਰ 'ਚ ਪਾਨ ਦੀ ਦੁਕਾਨ ਚਲਾ ਰਹੇ ਇੱਕ ਵਿਅਕਤੀ ਨੇ ਕਿਹਾ, "2002 'ਚ ਮੈਂ ਬਹੁਤ ਛੋਟਾ ਸੀ। ਇਸ ਲਈ ਮੈਨੂੰ ਨਹੀਂ ਪਤਾ।"

2002 'ਚ ਪਿੰਡ ਰਣਧੀਕਪੁਰ 'ਚ ਹੋਏ ਦੰਗਿਆਂ ਤੋਂ ਬਾਅਦ ਹਿੰਦੂਆਂ ਅਤੇ ਮੁਸਲਮਾਨਾਂ 'ਚ ਅਵਿਸ਼ਵਾਸ ਪੈਦਾ ਹੋ ਗਿਆ ਹੈ, ਭਾਵੇਂ ਕਿ ਦੋਵਾਂ ਹੀ ਭਾਈਚਾਰਿਆਂ ਦੇ ਲੋਕ ਨਾਲ-ਨਾਲ ਹੀ ਰਹਿੰਦੇ ਹਨ।

ਉਹ ਇੱਕ ਦੂਜੇ ਨਾਲ ਵਪਾਰ ਤਾਂ ਜਰੂਰ ਕਰਦੇ ਹਨ, ਪਰ ਉਨ੍ਹਾਂ ਦਰਮਿਆਨ ਰਿਸ਼ਤੇ ਦੀ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਸਿਰਫ ਰਸਮੀ ਗੱਲਬਾਤ ਹੀ ਬਾਕੀ ਹੈ।

ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਪਰ ਰਣਧੀਕਪੁਰ ਅਤੇ ਸਿੰਗਵੜ 'ਚ ਇੱਕ ਵਰਗ ਅਜਿਹਾ ਹੈ, ਜਿਸ ਦਾ ਮੰਨਣਾ ਹੈ ਕਿ ਕੁਝ ਦੋਸ਼ੀ ਬੇਕਸੂਰ ਹਨ।

ਬਿਲਕਿਸ ਬਾਨੋ ਦਾ ਗੁਜਰਾਤ ਵਿੱਚ ਪਿੰਡ ਰਣਧੀਕਪੁਰ

ਤਸਵੀਰ ਸਰੋਤ, TEJAS VAIDYA/bbc

ਤਸਵੀਰ ਕੈਪਸ਼ਨ, ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ, ਰਣਧੀਕਪੁਰ ਦੀ ਆਬਾਦੀ 3177 ਸੀ

ਜਦੋਂ ਅਸੀਂ ਪੁੱਛਿਆ ਕਿ ਇੰਨ੍ਹਾਂ ਦੋਸ਼ੀਆਂ ਦਾ ਸਵਾਗਤ ਕਰਨਾ ਕਿੰਨਾ ਕੁ ਜਾਇਜ਼ ਹੈ ਤਾਂ ਟੀਨਾਬੇਨ ਦਾਰਜੀ ਨੇ ਕਿਹਾ, " ਸਵਾਗਤ ਕਰਨ 'ਚ ਕੀ ਹਰਜ਼ ਹੈ? ਉਹ ਬੇਕਸੂਰ ਸਨ।"

ਰਣਧੀਕਪੁਰ ਪਿੰਡ ਦੇ ਬਾਹਰਵਾਰ ਇੱਕ ਪੈਟਰੋਲ ਪੰਪ 'ਤੇ ਕੰਮ ਕਰਦੇ ਇੱਕ ਨੌਜਵਾਨ ਨੇ ਕਿਹਾ, "ਉਨ੍ਹਾਂ 'ਚੋਂ ਕੁਝ ਬੇਕਸੂਰ ਸਨ। ਜੇਕਰ ਉਨ੍ਹਾਂ ਦਾ ਸਵਾਗਤ ਕੀਤਾ ਜਾਵੇ ਤਾਂ ਇਸ 'ਚ ਗਲਤ ਕੀ ਹੈ।"

ਜਦੋਂ ਅਸੀਂ ਉਸ ਨੌਜਵਾਨ ਨੂੰ ਪੁੱਛਿਆ ਕਿਵੇਂ ਉਹ ਬੇਕਸੂਰ ਹਨ ? ਉਨ੍ਹਾਂ ਨੂੰ ਮਾਣਯੋਗ ਅਦਾਲਤ ਨੇ ਵੀ ਦੋਸ਼ੀ ਠਹਿਰਾਇਆ ਹੈ, ਤਾਂ ਉਸ ਨੇ ਜਵਾਬ ਦਿੱਤਾ, "ਕੁਝ ਲੋਕਾਂ ਦੇ ਨਾਮ ਜੋ ਕਿ ਅਸਲ 'ਚ ਨਿਰਦੋਸ਼ ਸਨ, ਉਨ੍ਹਾਂ ਨੂੰ ਝੂਠਾ ਫ਼ਸਾਇਆ ਗਿਆ ਸੀ।"

ਇਸ ਸਬੰਧੀ ਜਦੋਂ ਪਿੰਡ ਰਣਧੀਕਪੁਰ ਦੀ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ, ਰਣਧੀਕਪੁਰ ਦੀ ਆਬਾਦੀ 3177 ਸੀ, ਜੋ ਕਿ ਹੁਣ ਵਧ ਗਈ ਹੈ, ਪਰ ਪਿੰਡ ਬਹੁਤ ਛੋਟਾ ਜਾਪਦਾ ਹੈ।

ਰਣਧੀਕਪੁਰ ਅਤੇ ਸਿੰਗਵਾੜ 'ਚ ਮੁੱਖ ਤੌਰ 'ਤੇ ਆਦਿਵਾਸੀ, ਕੋਲੀ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਹਨ। ਲੋਕ ਖੇਤੀਬਾੜੀ ਅਤੇ ਖੇਤਾਂ 'ਚ ਮਜ਼ਦੂਰੀ ਕਰਨ ਦੇ ਨਾਲ-ਨਾਲ ਦੁਕਾਨਾਂ ਜਾਂ ਛੋਟੇ ਕਾਰੋਬਾਰਾਂ ਨਾਲ ਜੁੜੇ ਹੋਏ ਹਨ।

ਬਿਲਕਿਸ ਬਾਨੋ ਦਾ ਘਰ

ਬਿਲਕਿਸ ਬਾਨੋ ਦੇ ਪਿਤਾ ਦਾ ਘਰ ਚੁੰਡਾਡੀ ਰੋਡ ਦੇ ਨੇੜੇ ਸੀ, ਜਿਸ ਨੂੰ ਕਿ 2002 ਦੇ ਦੰਗਿਆ 'ਚ ਤਬਾਹ ਕਰ ਦਿੱਤਾ ਗਿਆ ਸੀ।

ਹੁਣ ਇੱਥੇ ਇੱਕ ਰੈਡੀਮੇਡ ਕੱਪੜੇ ਦੇ ਵਪਾਰੀ ਸੁਭਾਸ਼ ਭਾਈ ਦੀ ਦੁਕਾਨ ਹੈ, ਜੋ ਮੂਲ ਤੌਰ 'ਤੇ ਰਾਜਸਥਾਨ ਤੋਂ ਹਨ।

ਬਿਲਕਿਸ ਬਾਨੋ ਦਾ ਗੁਜਰਾਤ ਵਿੱਚ ਪਿੰਡ ਰਣਧੀਕਪੁਰ

ਤਸਵੀਰ ਸਰੋਤ, TEJAS VAIDYA/bbc

ਤਸਵੀਰ ਕੈਪਸ਼ਨ, ਬਿਲਕਿਸ ਬਾਨੋ ਦੇ ਜੱਦੀ ਘਰ ਵਾਲੀ ਥਾਂ 'ਤੇ ਹੁਣ ਰੈਡੀਮੇਡ ਕੱਪੜੇ ਦੀ ਦੁਕਾਨ ਹੈ

ਜਦੋਂ ਅਸੀਂ ਉਨ੍ਹਾਂ ਦੀ ਦੁਕਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਸਾਨੂੰ ਚਾਹ-ਨਾਸ਼ਤਾ ਕਰਨ ਲਈ ਕਿਹਾ।

ਸੁਭਾਸ਼ ਭਾਈ ਨੇ ਕਿਹਾ, "ਸਾਡੇ ਕੋਲ ਇਹ ਦੁਕਾਨ 2003-04 ਤੋਂ ਕਿਰਾਏ 'ਤੇ ਹੈ। ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਲੋਕ ਸਾਡੇ ਤੋਂ ਕੱਪੜੇ ਖਰੀਦਣ ਆਉਂਦੇ ਹਨ।"

ਸੁਭਾਸ਼ ਭਾਈ ਦਾ ਕਾਰੋਬਾਰ ਚੰਗਾ ਚਲਦਾ ਜਾਪਦਾ ਹੈ ਅਤੇ ਸੜਕ ਦੇ ਪਰਲੇ ਪਾਸੇ ਉਨ੍ਹਾਂ ਦੀ ਇੱਕ ਹੋਰ ਦੁਕਾਨ ਹੈ।

ਦੋਸ਼ੀ ਮੰਦਰਾਂ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ

ਅਸੀਂ ਜੇਲ੍ਹ ਤੋਂ ਰਿਹਾਅ ਹੋਏ ਕੁਝ ਦੋਸ਼ੀਆਂ ਨਾਲ ਸੰਪਰਕ ਕਾਇਮ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਅਸੀਂ ਇੱਕ ਸਥਾਨਕ ਪੱਤਰਕਾਰ ਦੀ ਮਦਦ ਨਾਲ ਰਾਧੇਸ਼ਿਆਮ ਸ਼ਾਹ ਨਾਲ ਫੋਨ 'ਤੇ ਗੱਲ ਕੀਤੀ, ਪਰ ਉਨ੍ਹਾਂ ਕਿਹਾ, " ਮੈਂ ਅਜੇ ਇਸ ਮਾਮਲੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ। ਹੁਣ ਮੈਂ ਰਾਜਸਥਾਨ 'ਚ ਹਾਂ ਅਤੇ ਇੱਥੇ ਹੀ ਰਹਿਣਾ ਚਾਹੁੰਦਾ ਹਾਂ।"

ਸ਼ਾਹ ਨੇ ਅੱਗੇ ਕਿਹਾ, " ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਪਾਨੀਵੇਲਾ ਖੇਤਰ ਦੀਆਂ ਪਹਾੜੀਆਂ (ਜਿੱਥੇ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ) 'ਤੇ ਨਹੀਂ ਗਿਆ ਸੀ। ਮੈਂ ਕਹਾਂਗਾ ਕਿ ਮੈਂ ਬੇਕਸੂਰ ਹਾਂ।"

ਜਦੋਂ ਅਸੀਂ ਇੱਕ ਹੋਰ ਦੋਸ਼ੀ ਗੋਵਿੰਦ ਰਾਵਲ ਦੇ ਘਰ ਪਹੁੰਚੇ ਤਾਂ ਸਾਨੂੰ ਜਵਾਬ ਮਿਲਿਆ ਕਿ 'ਉਹ ਘਰ 'ਚ ਨਹੀਂ ਹੈ'।

ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ "ਉਸ ਦੀ ਮਨੋਕਾਮਨਾ ਪੂਰੀ ਹੋ ਗਈ ਹੈ ਅਤੇ ਉਹ ਵੱਖ-ਵੱਖ ਮੰਦਰਾਂ ਦੇ ਦਰਸ਼ਨਾਂ ਲਈ ਗਿਆ ਹੈ।"

ਪਰਿਵਾਰਕ ਮੈਂਬਰਾਂ ਨੇ ਸਜ਼ਾ ਮਾਫ਼ੀ ਜਾਂ ਕੇਸ ਬਾਰੇ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)