ਭਾਰਤ ਭੂਸ਼ਣ ਆਸ਼ੂ: ਵਿਜੀਲੈਂਸ ਨੂੰ ਮਿਲਿਆ 27 ਅਗਸਤ ਤੱਕ ਰਿਮਾਂਡ, ਹੁਣ ਤੱਕ ਕੀ-ਕੀ ਹੋਇਆ

ਤਸਵੀਰ ਸਰੋਤ, BB Ashu/FB
ਪੰਜਾਬ ਦੇ ਸਾਬਕਾ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਪੰਜਾਬ ਨੇ ਲੰਘੀ ਰਾਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਪੇਸ਼ੀ ਤੋਂ ਬਾਅਦ ਲੁਧਿਆਣਾ ਕੋਰਟ ਨੇ ਭਾਰਤ ਭੂਸ਼ਣ ਆਸ਼ੂ ਦੀ ਰਿਮਾਂਡ 27 ਅਗਸਤ ਤੱਕ ਵਿਜੀਲੈਂਸ ਨੂੰ ਦੇ ਦਿੱਤੀ ਹੈ। ਹਾਲਾਂਕਿ ਵਿਜੀਲੈਂਸ 30 ਅਗਸਤ ਤੱਕ ਰਿਮਾਂਡ ਮੰਗੀ ਸੀ ਪਰ ਅਦਾਲਤ 4 ਦਿਨਾਂ ਹੀ ਮਨਜ਼ੂਰ ਕੀਤੀ ਹੈ।
ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਆਫਿਸ ਵਿੱਚ ਹੀ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾਵੇਗਾ।
ਇਸ ਮੁੱਦੇ ਉੱਤੇ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ, "ਅਸੀਂ ਕਿਸੇ ਗੱਲ ਦੀ ਕੋਈ ਇਤਰਾਜ਼ ਨਹੀਂ ਜਤਾਇਆ ਕਿ ਉਨ੍ਹਾਂ ਨੂੰ ਕਿਉਣਂ ਫੜਿਆ, ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿਸੇ ਵਿਅਕਤੀ ਲੋੜ ਹੈ ਤਾਂ ਤੁਸੀਂ ਬੁਲਾਓ ਤੇ ਲੋੜ ਪੈਣ 'ਤੇ ਤੁਸੀਂ ਫੜ੍ਹ ਵੀ ਸਕਦੇ ਹੋ।"
"ਅਸੀਂ ਪੰਜਾਬ ਦੀ ਜਨਤਾ ਨੂੰ ਇਹ ਦੱਸਣ ਦਾ ਕੰਮ ਕਰਾਂਗੇ ਕਿ ਜਿਸ ਤਰ੍ਹਾਂ ਇਹ ਕੰਮ ਹੋ ਰਿਹਾ ਹੈ ਉਹ ਤਰੀਕਾ ਸਹੀ ਨਹੀਂ ਹੈ। ਆਸ਼ੂ ਦਾ ਨਾਮ ਐੱਫਆਈਆਰ ਵਿੱਚ ਨਹੀਂ ਸੀ, ਇੱਥੇ ਪਹਿਲਾਂ ਫੜ੍ਹਦੇ ਹਨ ਫਿਰ ਐੱਫਆਈਆਰ ਵਿੱਚ ਨਾਮ ਦਰਜ ਕਰਦੇ ਹਨ।"

ਤਸਵੀਰ ਸਰੋਤ, Ani
"ਕਿਸੇ ਦੇ ਬਿਆਨਾਂ ਦੇ ਆਧਾਰ 'ਤੇ ਕਿਸੇ 'ਤੇ ਪਰਚਾ ਦਰਜ ਕਰਨ ਦੀ ਰੀਤ ਨਾ ਪਾਈਏ, ਇਹ ਤੌਰ ਤਰੀਕਾ ਠੀਕ ਨਹੀਂ ਹੈ।"
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਮੁਤਾਬਿਕ ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਰਟ ਵਿੱਚ ਪੇਸ਼ ਕਰ ਕੇ ਰਿਮਾਂਡ ਲੈਣ ਤੋਂ ਬਾਅਦ, ਟੈਂਡਰ ਘੁਟਾਲੇ ਵਿੱਚ ਆਸ਼ੂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।
ਇਸ ਦੌਰਾਨ ਐਸਐਸਪੀ ਵਿਜੀਲੈਂਸ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਆਸ਼ੂ ਨੂੰ ਫੜ੍ਹਨ ਗਏ ਪੁਲਿਸ ਦੇ ਅਫਸਰਾਂ ਨਾਲ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀ ਬਹਿਸ ਬਾਜ਼ੀ ਅਤੇ ਧੱਕਾ ਮੁੱਕੀ ਸਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਭੇਜੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਤਸਵੀਰ ਸਰੋਤ, Ani
ਇਸ ਸਬੰਧੀ ਜਦੋਂ ਕਮਿਸ਼ਨਰ ਡਾਕਟਰ ਕੌਸਤੁਭ ਸ਼ਰਮਾ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਿਜੀਲੈਂਸ ਬਿਊਰੋ ਵੱਲੋਂ ਦਿੱਤੀ ਸ਼ਿਕਾਇਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਇਸ ਸਬੰਧੀ ਕਾਨੂੰਨੀ ਰਾਇ ਹਾਸਿਲ ਕਰਕੇ ਬਣਦੀ ਕਰਵਾਈ ਕਰਨਗੇ।
ਇਸ ਦੌਰਾਨ ਰਵਨੀਤ ਬਿੱਟੂ ਨੇ ਦੱਸਿਆ ਸਵੇਰੇ ਭਾਰਤ ਭੂਸ਼ਣ ਆਸ਼ੂ ਨੂੰ ਸਾਹ ਦੀ ਅੱਧੇ ਘੰਟੇ ਲਈ ਪਰੇਸ਼ਾਨੀ ਆਈ ਪਰ ਵਿਜੀਲੈਂਸ ਨੇ ਆਪ ਮੈਡੀਕਲ ਮਦਦ ਮੁਹੱਈਆ ਕਰਵਾ ਦਿੱਤੀ ਸੀ ਤੇ ਹੁਣ ਆਸ਼ੂ ਬਿਲਕੁਲ ਠੀਕ ਹਨ।
ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਾਨੂੰਨੀ ਸਾਰਿਆਂ ਲਈ ਬਰਾਬਰ ਹੈ , "ਮੈਂ ਕਾਨੂੰਨ ਤੋਂ ਉੱਤੇ ਨਹੀਂ ਹਾਂ। ਅਗਰ ਮੈਂ ਕੁਝ ਗ਼ਲਤ ਕੀਤਾ ਹੈ ਤਾਂ ਮੇਰੇ ਉੱਤੇ ਵੀ ਬਣਦੀ ਕਾਰਵਾਈ ਹੋਵੇਗੀ। ਜੋ ਕਾਨੂੰਨ ਕੰਮ ਕਰੇਗਾ ਬਿਲਕੁਲ ਸਹੀ ਕਰੇਗਾ। ਕਾਨੂੰਨੀ ਕਾਰਵਾਈ ਵਿੱਚ ਨਾ ਨੁਕਤਾਚੀਨੀ ਤੇ ਨਾ ਕੋਈ ਵਿਘਨ ਹੈ।"
"ਪਰ ਅਸੀਂ ਇਨ੍ਹਾਂ ਫਿਲਮੀ ਮਨਸੂਬਾ ਫੇਲ੍ਹ ਕੀਤਾ ਹੈ। ਹੁਣ ਅਗਲੀ ਕਾਰਵਾਈ ਕੋਰਟ ਵਿੱਚ ਹੋਵੇਗੀ। ਜਦੋਂ ਦਿੱਲੀ ਵਿੱਚ ਮੰਤਰੀ ਫੜਿਆ ਜਾਵੇਗਾ ਤਾਂ ਉਦੋਂ-ਉਦੋਂ ਇੱਥੇ ਕੋਈ ਨਾ ਕੋਈ ਫੜਿਆ ਜਾਵੇਗਾ।"
'ਕਾਨੂੰਨ ਆਪਣਾ ਕੰਮ ਕਰ ਰਿਹਾ ਹੈ' - ਸੀਐੱਮ ਮਾਨ
ਭਾਰਤ ਭੂਸ਼ਨ ਆਸ਼ੂ ਦੀ ਗ੍ਰਿਫਤਾਰੀ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ''ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।''
ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਵੋਟਾਂ ਮੰਗਣ ਸਮੇਂ ਜਦੋਂ ਉਹ ਵੱਖ-ਵੱਖ ਪਿੰਡਾਂ ਸ਼ਹਿਰਾਂ 'ਚ ਜਾ ਰਹੇ ਸਨ ਤਾਂ ਨਾਲ ਇਹ ਵੀ ਕਹਿ ਰਹੇ ਸੀ ਕਿ ''ਜਿਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ, ਉਨ੍ਹਾਂ ਤੋਂ ਇੱਕ-ਇੱਕ ਰੁਪਏ ਦਾ ਹਿਸਾਬ ਲਵਾਂਗੇ।''

ਤਸਵੀਰ ਸਰੋਤ, ANI
ਸੀਐੱਮ ਮਾਨ ਨੇ ਕਿਹਾ ਕਿ ''ਇਹ ਜਿਹੜੀਆਂ ਗ੍ਰਿਫਤਾਰੀਆਂ ਹਨ, ਇਸ ਉਸੇ ਕੜੀ ਦਾ ਹਿੱਸਾ ਹਨ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਕਿ ਕਿੰਨਾ ਵੱਡਾ ਘੁਟਾਲਾ ਹੋਇਆ, ਉਸ 'ਚ ਕਿਹੜੇ-ਕਿਹੜੇ ਅਫ਼ਸਰ ਤੇ ਸਿਆਸੀ ਲੋਕ ਸ਼ਾਮਲ ਸਨ।''
ਉਨ੍ਹਾਂ ਕਿਹਾ, ''ਅਸੀਂ ਕੋਈ ਸਿਆਸੀ ਬਦਲਾਖੋਰੀ ਨਹੀਂ ਕਰ ਰਹੇ। ਉਹ ਕਰਨਾ ਹੁੰਦਾ ਤਾਂ ਅਸੀਂ ਜਿਸ 'ਤੇ ਚਾਹੇ ਪਰਚਾ ਕਰ ਲੈਂਦੇ। ਜਿੰਨਾ ਚਿਰ ਸਾਡੇ ਕੋਲ ਸਬੂਤ ਨਹੀਂ ਆਉਂਦਾ, ਓਨਾ ਚਿਰ ਅਸੀਂ ਕੋਈ ਕਾਰਵਾਈ ਨਹੀਂ ਕਰਦੇ।''
ਗ੍ਰਿਫ਼ਤਾਰੀ ਹੋਈ ਪ੍ਰਦਰਸ਼ਨ ਹੋਏ
ਦੇਰ ਰਾਤ ਵਿਜੀਲੈਂਸ ਦਫ਼ਤਰ ਅੱਗੇ ਕਾਂਗਰਸ ਵਰਕਰਾਂ ਅਤੇ ਲੀਡਰਾਂ ਨੇ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕੀਤਾ ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਸ਼ਾਮਿਲ ਹੋਏ।
ਉਨ੍ਹਾਂ ਭਾਰਤ ਭੂਸ਼ਣ ਆਸ਼ੂ ਨੂੰ ਫੜਨ ਦੀ ਕਾਰਵਾਈ ਲਈ ਵਿਜੀਲੈਂਸ ਦੀ ਨਿਖੇਧੀ ਕੀਤੀ।

ਤਸਵੀਰ ਸਰੋਤ, BB Ashu/FB
ਦੱਸ ਦੇਇਏ ਕਿ ਲੰਘੇ ਸੋਮਵਾਰ ਦੀ ਸ਼ਾਮ ਨੂੰ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵਿੱਚ ਇੱਕ ਸੈਲੂਨ ਵਿੱਚ ਜਦੋਂ ਵਾਲ ਕਟਵਾ ਰਹੇ ਸਨ, ਉਦੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੌਕੇ ਉੱਤੇ ਹਾਜ਼ਰ ਸਨ।
ਕਾਂਗਰਸ ਦੇ ਸਾਬਕਾ ਵਿਧਾਇਕ ਸੰਜੇ ਤਲਵਾਰ ਨੇ ਮੀਡੀਆ ਨੂੰ ਦੱਸਿਆ ਕਿ ਰਵਨੀਤ ਬਿੱਟੂ ਤੇ ਆਸ਼ੂ ਨੇ ਗ੍ਰਿਫ਼ਤਾਰੀ ਲਈ ਆਏ ਅਧਿਕਾਰੀਆਂ ਤੋਂ ਵਾਰੰਟ ਦੀ ਮੰਗ ਕੀਤੀ, ਪਰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਕਾਗਜਾਤ ਨਹੀਂ ਦਿਖਾਏ।
ਇਸ ਦੌਰਾਨ ਸੀਨੀਅਰ ਅਫ਼ਸਰ ਮੌਕੇ ਉੱਤੇ ਪਹੁੰਚੇ ਅਤੇ ਧੱਕਾਮੁੱਕੀ ਦੌਰਾਨ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਆਗੂਆਂ ਨੇ ਚੰਡੀਗੜ੍ਹ ਵਿਚ ਵਿਜੀਲੈਂਸ ਦਫ਼ਤਰ ਦਾ ਘੇਰਾਓ ਕੀਤਾ ਸੀ। ਇਨ੍ਹਾਂ ਆਗੂਆਂ ਵਿੱਚ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ-

ਕੀ ਹੈ ਮਾਮਲਾ?
ਵਿਜੀਲੈਂਸ ਬਿਊਰੋ ਵੱਲੋਂ ਮੰਡੀਆਂ ਵਿੱਚੋਂ ਅਨਾਜ ਦੀ ਢੋਆ-ਢੋਆਈ ਲਈ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।
ਲੁਧਿਆਣਾ ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਕੁਝ ਦਿਨ ਪਹਿਲਾਂ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਅਨਾਜ ਟੈਂਡਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਅਤੇ ਹੋਰ ਵਿਅਕਤੀਆਂ ਦੀ ਪੁੱਛ-ਪੜਤਾਲ ਤੋਂ ਸਾਬਕਾ ਮੰਤਰੀ ਦੇ ਰੋਲ ਦੀ ਵੀ ਗੱਲ ਸਾਹਮਣੇ ਆਈ ਹੈ।
ਇਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਇਸ ਕੇਸ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।
ਹਾਲਾਂਕਿ ਭਾਰਤ ਭੂਸ਼ਣ ਆਸ਼ੂ ਪਹਿਲਾ ਹੀ ਆਪਣੇ ਖ਼ਿਲਾਫ਼ ਕਥਿਤ ਸਿਆਸੀ ਬਦਲਾਖੋਰੀ ਤਹਿਤ ਮਾਮਲਾ ਦਰਜ ਹੋਣ ਦਾ ਖਦਸ਼ਾ ਪ੍ਰਗਟਾ ਚੁੱਕੇ ਹਨ।
ਖ਼ੁਰਾਕ ਅਤੇ ਸਪਲਾਈ ਵਿਭਾਗ ਵਿੱਚ ਹੋਏ ਇਸ ਕਥਿਤ ਘੁਟਾਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, BB Ashu/FB

ਮੁੱਖ ਬਿੰਦੂ
- ਵਿਜੀਲੈਂਸ ਵਲੋਂ 30 ਲੱਖ ਦੇ ਰਿਸ਼ਤਵ ਲੈਣ ਦਾ ਇਲਜ਼ਾਮ
- ਠੇਕੇਦਾਰ ਗੁਰਪ੍ਰੀਤ ਸਿੰਘ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਹਨ
- ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਤੋਂ ਇਲਾਵਾ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਮੁਲਜ਼ਮ ਹਨ
- ਤੇਲੂ ਰਾਮ ਨੇ 2020-21 ਦੌਰਾਨ ਟੈਂਡਰ ਲੈਣ ਲਈ ਮੰਤਰੀ ਨੂੰ 30 ਲੱਖ ਦੀ ਰਿਸ਼ਵਤ ਦੇਣ ਦਾ ਦਾਅਵਾ ਕੀਤਾ ਹੈ
- ਤੇਲੂ ਰਾਮ ਮੁਤਾਬਕ ਉਹ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ਰਾਹੀਂ ਮੰਤਰੀ ਨੂੰ ਮਿਲਿਆ ਸੀ
- ਮੰਤਰੀ ਦੀ ਤਰਫੋ ਡਿਪਟੀ ਡਾਇਰੈਕਟਰ ਆਰ ਕੇ ਸਿੰਗਲਾ ਨੇ 20 ਲੱਖ ਰੁਪਏ ਵਸੂਲੇ
- ਮੰਤਰੀ ਦੇ ਪੀਏ ਮੀਨੂੰ ਮਲਹੋਤਰਾ ਨੇ 6 ਲੱਖ ਅਤੇ ਬਾਕੀ ਹੋਰ ਅਧਿਕਾਰੀਆਂ ਰਾਹੀ ਪੈਸੇ ਦਿੱਤੇ ਗਏ
- ਵਿਜੀਲੈਂਸ ਨੇ ਉਕਤ ਮੁਲਜ਼ਮਾਂ ਦੇ ਬਿਆਨਾਂ ਦੇ ਅਧਾਰ ਉੱਤੇ ਆਸ਼ੂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਹੈ।
- ਤੇਲੂ ਰਾਮ ਨੂੰ ਵਿਜੀਲੈਂਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਮੀਨੂੰ ਮਲਹੋਤਰਾ ਫਰਾਰ ਹੈ।

ਗ੍ਰਿਫ਼ਤਾਰੀ ਤੋਂ ਪਹਿਲਾਂ ਗਰਮਾ-ਗਹਿਮੀ
ਗ੍ਰਿਫ਼ਤਾਰੀ ਤੋਂ ਪਹਿਲਾਂ ਰਵਨੀਤ ਬਿੱਟੂ ਵਲੋਂ ਮੀਡੀਆ ਨੂੰ ਜਾਰੀ ਕੀਤੀ ਇੱਕ ਵੀਡੀਓ ਵਿਚ ਬਿੱਟੂ ਵਿਜੀਲੈਂਸ ਤੋਂ ਵਾਰੰਟ ਦੀ ਮੰਗ ਕਰਦੇ ਦਿਖਦੇ ਹਨ।
ਉਹ ਵਿਜੀਲੈਂਸ ਉੱਤੇ ਇਲਜ਼ਾਮ ਲਾ ਰਹੇ ਹਨ ਕਿ ਬਿਨਾਂ ਵਾਰੰਟ ਤੋਂ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ। ਉਹ ਕਹਿੰਦੇ ਦਿਖੇ ਕਿ ਉਹ ਇਸ ਤਰ੍ਹਾਂ ਗ੍ਰਿਫ਼ਤਾਰੀ ਨਹੀਂ ਹੋਣ ਦੇਣਗੇ।
ਕਾਫੀ ਦੇਰ ਦੀ ਬਹਿਸ ਤੋਂ ਬਾਅਦ ਬਿੱਟੂ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਸ਼ੂ ਨੂੰ ਆਪਣੀ ਗੱਡੀ ਵਿੱਚ ਲੈ ਕੇ ਜਾਣਗੇ, ਅਧਿਕਾਰੀ ਚਾਹੁਣ ਤਾਂ ਉਨ੍ਹਾਂ ਦੀ ਗੱਡੀ ਵਿੱਚ ਬੈਠ ਸਕਦੇ ਹਨ।
ਗੌਰਤਲਬ ਹੈ ਕਿ ਆਸ਼ੂ ਨੇ ਪਹਿਲਾਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਅਤੇ ਮੰਗ ਕੀਤੀ ਸੀ ਕਿ ਜੇਕਰ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਉਨ੍ਹਾਂ ਨੂੰ 7 ਦਿਨਾਂ ਦਾ ਨੋਟਿਸ ਦਿੱਤਾ ਜਾਵੇ।
ਇਸ ਮਾਮਲੇ ਵਿੱਚ ਵਿਜੀਲੈਂਸ ਨੇ ਆਸ਼ੂ ਖਿਲਾਫ਼ 18 ਸ਼ਿਕਾਇਤਾਂ ਮਿਲਣ ਦੀ ਗੱਲ ਕੀਤੀ ਸੀ। ਇਸ ਮਾਮਲੇ ਵਿੱਚ 2-3 ਵਾਰ ਸੁਣਵਾਈ ਵੀ ਹੋਈ ਸੀ ਅਤੇ ਇਸ ਤੇ ਕੋਈ ਰਾਹਤ ਨਹੀਂ ਦਿੱਤੀ ਸੀ।

ਤਸਵੀਰ ਸਰੋਤ, BB Ashu/FB
ਇਸ ਤੋਂ ਬਾਅਦ ਸੋਮਵਾਰ ਨੂੰ ਆਸ਼ੂ ਦੇ ਵਕੀਲਾਂ ਨੇ ਪੁਰਾਣੀ ਪਟੀਸ਼ਨ ਵਾਪਸ ਲੈ ਲਈ ਅਤੇ ਨਵੀਂ ਪਟੀਸ਼ਨ ਪਾਉਣ ਦੀ ਅਦਾਲਤ ਅੱਗੇ ਅਪੀਲ ਕੀਤੀ ਸੀ।
ਜਿਸ ਦੀ ਅਦਾਲਤ ਨੇ ਇਜਾਜ਼ਤ ਦੇ ਦਿੱਤੀ ਸੀ, ਪਰ ਜਿਵੇਂ ਹੀ ਪਟੀਸ਼ਨ ਵਾਪਸ ਹੋਈ ਤਾਂ ਵਿਜੀਲੈਂਸ ਨੇ ਗ੍ਰਿਫ਼ਤਾਰੀ ਕਰ ਲਈ।
ਕਾਂਗਰਸ ਦੇ ਧਰਨੇ ਤੋਂ ਬਾਅਦ ਗ੍ਰਿਫ਼ਤਾਰੀ
ਸੋਮਵਾਰ ਨੂੰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅੱਜ ਕੁਝ ਸਾਥੀਆਂ ਸਣੇ ਚੰਡੀਗੜ੍ਹ ਵਿੱਚ ਵਿਜੀਲੈਂਸ ਬਿਓਰੋ ਦੇ ਸਾਹਮਣੇ ਇਕੱਠੇ ਹੋਏ ਸਨ।
ਇਸ ਦੌਰਾਨ ਕਾਂਗਰਸ ਨੇ ਰੋਸ ਜਤਾਇਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ 'ਤੇ ਵਿਜੀਲੈਂਸ ਵੱਲੋਂ ਕਾਰਵਾਈ ਕਰਵਾਉਣ ਦਾ ਡਰਾਵਾ ਦਿੰਦੀ ਹੈ, ਇਸ ਲਈ ਉਹ ਆਪ ਵਿਜੀਲੈਂਸ ਅੱਗੇ ਹਾਜ਼ਰ ਹੋਣ ਲਈ ਪਹੁੰਚੇ ਹਨ।
ਇਸ ਧਰਨੇ ਤੋਂ ਬਾਅਦ ਜਿਵੇਂ ਹੀ ਆਸ਼ੂ ਚੰਡੀਗੜ੍ਹ ਤੋਂ ਲੁਧਿਆਣਾ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












