ਭਾਰਤ ਭੂਸ਼ਣ ਆਸ਼ੂ ਕੌਣ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਤੇ ਬਾਅਦ ਕੀ 'ਡਰਾਮਾ' ਹੋਇਆ

ਭਾਰਤ ਭੂਸ਼ਣ ਆਸ਼ੂ

ਤਸਵੀਰ ਸਰੋਤ, BBAshu/FB

ਤਸਵੀਰ ਕੈਪਸ਼ਨ, ਤਤਕਾਲੀ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ

ਪੰਜਾਬ ਦੇ ਸਾਬਕਾ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਪੰਜਾਬ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਵਿਜੀਲੈਂਸ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸੋਮਵਾਰ ਸ਼ਾਮ ਨੂੰ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵਿਚ ਇੱਕ ਸੈਲੂਨ ਵਿਚ ਜਦੋਂ ਵਾਲ ਕਟਵਾ ਰਹੇ ਸਨ, ਉਦੋਂ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ।

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੌਕੇ ਉੱਤੇ ਹਾਜ਼ਰ ਸਨ।

ਕਾਂਗਰਸ ਦੇ ਸਾਬਕਾ ਵਿਧਾਇਕ ਸੰਜੇ ਤਲਵਾਰ ਨੇ ਮੀਡੀਆ ਨੂੰ ਦੱਸਿਆ ਕਿ ਰਵਨੀਤ ਬਿੱਟੂ ਤੇ ਆਸ਼ੂ ਨੇ ਗ੍ਰਿਫ਼ਤਾਰੀ ਲਈ ਆਏ ਅਧਿਕਾਰੀਆਂ ਤੋਂ ਵਾਰੰਟ ਦੀ ਮੰਗ ਕੀਤੀ, ਪਰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਕਾਗਜਾਤ ਨਹੀਂ ਦਿਖਾਏ।

ਇਸ ਦੌਰਾਨ ਸੀਨੀਅਰ ਅਫ਼ਸਰ ਮੌਕੇ ਉੱਤੇ ਪਹੁੰਚੇ ਅਤੇ ਧੱਕਾਮੁੱਕੀ ਦੌਰਾਨ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਵਿਜੀਲੈਂਸ ਦਫ਼ਤਰ ਅੱਗੇ ਇਕੱਠੇ ਹੋਕੇ ਰੋਸ ਮੁਜ਼ਾਹਰਾ ਕਰਨ ਪਹੁੰਚੇ ਸਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਆਗੂਆਂ ਨੇ ਚੰਡੀਗੜ੍ਹ ਵਿਚ ਵਿਜੀਲੈਂਸ ਦਫ਼ਤਰ ਦਾ ਘੇਰਾਓ ਕੀਤਾ ਸੀ। ਇਨ੍ਹਾਂ ਆਗੂਆਂ ਵਿਚ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਲ ਸਨ।

ਕੀ ਹੈ ਮਾਮਲਾ?

ਵਿਜੀਲੈਂਸ ਬਿਊਰੋ ਵੱਲੋਂ ਮੰਡੀਆਂ ਵਿਚੋਂ ਅਨਾਜ ਦੀ ਢੋਆ-ਢੋਆਈ ਲਈ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।

ਲੁਧਿਆਣਾ ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਕੁਝ ਦਿਨ ਪਹਿਲਾਂ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਅਨਾਜ ਟੈਂਡਰ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਅਤੇ ਹੋਰ ਵਿਅਕਤੀਆਂ ਦੀ ਪੁੱਛ-ਪੜਤਾਲ ਤੋਂ ਸਾਬਕਾ ਮੰਤਰੀ ਦੇ ਰੋਲ ਦੀ ਵੀ ਗੱਲ ਸਾਹਮਣੇ ਆਈ ਹੈ।

ਜਿਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਇਸ ਕੇਸ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।

ਭਾਰਤ ਭੂਸ਼ਣ ਆਸ਼ੂ

ਤਸਵੀਰ ਸਰੋਤ, Facebook

ਹਾਲਾਂਕਿ ਭਾਰਤ ਭੂਸ਼ਣ ਆਸ਼ੂ ਪਹਿਲਾ ਹੀ ਆਪਣੇ ਖ਼ਿਲਾਫ਼ ਕਥਿਤ ਸਿਆਸੀ ਬਦਲਾਖੋਰੀ ਤਹਿਤ ਮਾਮਲਾ ਦਰਜ ਹੋਣ ਦਾ ਖਦਸ਼ਾ ਪ੍ਰਗਟਾ ਚੁੱਕੇ ਹਨ।

ਖ਼ੁਰਾਕ ਅਤੇ ਸਪਲਾਈ ਵਿਭਾਗ ਵਿੱਚ ਹੋਏ ਇਸ ਕਥਿਤ ਘੁਟਾਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ।

Banner

ਵਿਜੀਲੈਂਸ ਵਲੋਂ 30 ਲੱਖ ਦੇ ਰਿਸ਼ਤਵ ਲੈਣ ਦਾ ਇਲਜ਼ਾਮ

  • ਠੇਕੇਦਾਰ ਗੁਰਪ੍ਰੀਤ ਸਿੰਘ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਹਨ
  • ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਤੋਂ ਇਲਾਵਾ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਮੁਲਜ਼ਮ ਹਨ
  • ਤੇਲੂ ਰਾਮ ਨੇ 2020-21 ਦੌਰਾਨ ਟੈਂਡਰ ਲੈਣ ਲਈ ਮੰਤਰੀ ਨੂੰ 30 ਲੱਖ ਦੀ ਰਿਸ਼ਵਤ ਦੇਣ ਦਾ ਦਾਅਵਾ ਕੀਤਾ ਹੈ
  • ਤੇਲੂ ਰਾਮ ਮੁਤਾਬਕ ਉਹ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ਰਾਹੀਂ ਮੰਤਰੀ ਨੂੰ ਮਿਲਿਆ ਸੀ
  • ਮੰਤਰੀ ਦੀ ਤਰਫੋ ਡਿਪਟੀ ਡਾਇਰੈਕਟਰ ਆਰ ਕੇ ਸਿੰਗਲਾ ਨੇ 20 ਲੱਖ ਰੁਪਏ ਵਸੂਲੇ
  • ਮੰਤਰੀ ਦੇ ਪੀਏ ਮੀਨੂੰ ਮਲਹੋਤਰਾ ਨੇ 6 ਲੱਖ ਅਤੇ ਬਾਕੀ ਹੋਰ ਅਧਿਕਾਰੀਆਂ ਰਾਹੀ ਪੈਸੇ ਦਿੱਤੇ ਗਏ
  • ਵਿਜੀਲੈਂਸ ਨੇ ਉਕਤ ਮੁਲਜ਼ਮਾਂ ਦੇ ਬਿਆਨਾਂ ਦੇ ਅਧਾਰ ਉੱਤੇ ਆਸ਼ੂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਹੈ।
  • ਤੇਲੂ ਰਾਮ ਨੂੰ ਵਿਜੀਲੈਂਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਮੀਨੂੰ ਮਲਹੋਤਰਾ ਫਰਾਰ ਹੈ।
Banner

ਗ੍ਰਿਫਤਾਰੀ ਤੋਂ ਪਹਿਲਾਂ ਗਰਮਾ-ਗਰਮੀ

ਗ੍ਰਿਫ਼ਤਾਰੀ ਤੋਂ ਪਹਿਲਾਂ ਰਵਨੀਤ ਬਿੱਟੂ ਵਲੋਂ ਮੀਡੀਆ ਨੂੰ ਜਾਰੀ ਕੀਤੀ ਇੱਕ ਵੀਡੀਓ ਵਿਚ ਬਿੱਟੂ ਵਿਜੀਲੈਂਸ ਤੋਂ ਵਾਰੰਟ ਦੀ ਮੰਗ ਕਰਦੇ ਦਿਖਦੇ ਹਨ।

ਉਹ ਵਿਜੀਲੈਂਸ ਉੱਤੇ ਇਲਜ਼ਾਮ ਲਾ ਰਹੇ ਹਨ ਕਿ ਬਿਨਾਂ ਵਾਰੰਟ ਤੋਂ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ। ਉਹ ਕਹਿੰਦੇ ਦਿਖੇ ਕਿ ਉਹ ਇਸ ਤਰ੍ਹਾਂ ਗ੍ਰਿਫ਼ਤਾਰੀ ਨਹੀਂ ਹੋਣ ਦੇਣਗੇ।

ਕਾਫੀ ਦੇਰ ਦੀ ਬਹਿਸ ਤੋਂ ਬਾਅਦ ਬਿੱਟੂ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਸ਼ੂ ਨੂੰ ਆਪਣੀ ਗੱਡੀ ਵਿਚ ਲੈ ਕੇ ਜਾਣਗੇ, ਅਧਿਕਾਰੀ ਚਾਹੁਣ ਤਾਂ ਉਨ੍ਹਾਂ ਦੀ ਗੱਡੀ ਵਿਚ ਬੈਠ ਸਕਦੇ ਹਨ।

ਕਾਂਗਰਸ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਧਰਨੇ ਉੱਤੇ ਬੈਠੇ ਕਾਂਗਰਸੀ ਵਰਕਰ

ਗੌਰਤਲਬ ਹੈ ਕਿ ਆਸ਼ੂ ਨੇ ਪਹਿਲਾਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਸੀ ਅਤੇ ਮੰਗ ਕੀਤੀ ਸੀ ਕਿ ਜੇਕਰ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਉਨ੍ਹਾਂ ਨੂੰ 7 ਦਿਨਾਂ ਦਾ ਨੋਟਿਸ ਦਿੱਤਾ ਜਾਵੇ।

ਇਸ ਮਾਮਲੇ ਵਿਚ ਵਿਜੀਲੈਂਸ ਨੇ ਆਸ਼ੂ ਖਿਲਾਫ਼ 18 ਸ਼ਿਕਾਇਤਾਂ ਮਿਲਣ ਦੀ ਗੱਲ ਕੀਤੀ ਸੀ। ਇਸ ਮਾਮਲੇ ਵਿਚ 2-3 ਵਾਰ ਸੁਣਵਾਈ ਵੀ ਹੋਈ ਸੀ ਅਤੇ ਇਸ ਤੇ ਕੋਈ ਰਾਹਤ ਨਹੀਂ ਦਿੱਤੀ ਸੀ।

ਇਸ ਤੋਂ ਬਾਅਦ ਸੋਮਵਾਰ ਨੂੰ ਆਸ਼ੂ ਦੇ ਵਕੀਲਾਂ ਨੇ ਪੁਰਾਣੀ ਪਟੀਸ਼ਨ ਵਾਪਸ ਲੈ ਲਈ ਅਤੇ ਨਵੀਂ ਪਟੀਸ਼ਨ ਪਾਉਣ ਦੀ ਅਦਾਲਤ ਅੱਗੇ ਅਪੀਲ ਕੀਤੀ ਸੀ।

ਇਸ ਦੀ ਅਦਾਲਤ ਨੇ ਇਜਾਜ਼ਤ ਦੇ ਦਿੱਤੀ ਸੀ ਪਰ ਜਿਵੇਂ ਹੀ ਪਟੀਸ਼ਨ ਵਾਪਸ ਹੋਈ ਤਾਂ ਵਿਜੀਲੈਂਸ ਨੇ ਗ੍ਰਿਫ਼ਤਾਰੀ ਕਰ ਲਈ।

ਨਾ ਕੋਈ ਵਰਦੀ 'ਚ ਸੀ ਤੇ ਨਾ ਕਿਸੇ ਕੋਲ ਕੋਈ ਆਈ ਕਾਰਡ - ਬਿੱਟੂ

ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜਿਵੇਂ ਦਿੱਲੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਘੇਰਿਆ ਹੈ, ਉਸੇ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਵੀ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ, ਉਸ ਦਾ ਮੁੱਦਾ ਚੁੱਕਿਆ ਸੀ ਤਾਂ ਉਸ ਦੇ ਕਿਤੇ ਨਾ ਕਿਤੇ ਬਦਲਾ ਲੈਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਨੂੰ ਹੱਥ ਪਾ ਨਹੀਂ ਸਕਦੇ। ਉਹ ਹਿਮਾਚਲ ਵਿੱਚ ਆਪਣਾ ਅਕਸ ਮਜ਼ਬੂਤ ਕਰਨਾ ਚਾਹੁੰਦੇ ਹਨ।"

ਰਵਨੀਤ ਬਿੱਟੂ

"ਇਨ੍ਹਾਂ ਦਾ ਇਰਾਦਾ ਸੀ ਕਿ ਆਸ਼ੂ ਨੂੰ ਇਕੱਲਿਆਂ ਗ੍ਰਿਫ਼ਤਾਰ ਕੀਤਾ ਜਾਵੇ ਤੇ ਪੁੱਛਗਿੱਛ ਕੀਤੀ ਜਾਵੇ ਪਰ ਸਾਡਾ ਇਰਾਦਾ ਸੀ ਆਸ਼ੂ ਨੂੰ ਪੇਸ਼ ਕਰਨ ਦਾ, ਜਿਸ ਲਈ ਅਸੀਂ ਸਵੇਰੇ ਚੰਡੀਗੜ੍ਹ ਵੀ ਗਏ ਸੀ।"

ਬਿੱਟੂ ਨੇ ਕਿਹਾ, "ਜਦੋਂ ਗ੍ਰਿਫ਼ਤਾਰ ਕੀਤਾ ਤਾਂ ਮੈਂ ਉੱਥੇ ਪਹੁੰਚ ਗਿਆ। ਉੱਥੇ ਕੋਈ ਵਰਦੀ ਵਿੱਚ ਨਹੀਂ ਸੀ, ਫਿਰ ਮੈਂ ਕਿਹਾ ਆਈ ਕਾਰਡ ਦਿਖਾਉਣ ਲਈ ਕਿਹਾ, ਕਿਸੇ ਕੋਲ ਕੋਈ ਕਾਗ਼ਜ਼ ਨਹੀਂ ਸੀ ਤੇ ਆਈਕਾਰਡ ਨਹੀਂ ਸੀ।"

"ਹੁਣ ਅਸੀਂ ਐੱਸਐੱਸਪੀ ਸਾਹਮਣੇ ਸਰੈਂਡਰ ਕਰਵਾ ਦਿੱਤਾ ਹੈ। ਬਾਕੀ ਕਾਨੂੰਨ ਦੇਖੇਗਾ।"

ਕਾਂਗਰਸ ਦੇ ਧਰਨੇ ਤੋਂ ਬਾਅਦ ਗ੍ਰਿਫ਼ਤਾਰੀ

ਸੋਮਵਾਰ ਨੂੰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕੁਝ ਸਾਥੀਆਂ ਸਣੇ ਚੰਡੀਗੜ੍ਹ ਵਿੱਚ ਵਿਜੀਲੈਂਸ ਬਿਓਰੋ ਦੇ ਸਾਹਮਣੇ ਇਕੱਠੇ ਹੋਏ ਸਨ।

ਇਸ ਦੌਰਾਨ ਕਾਂਗਰਸ ਨੇ ਰੋਸ ਜਤਾਇਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ 'ਤੇ ਵਿਜੀਲੈਂਸ ਵੱਲੋਂ ਕਾਰਵਾਈ ਕਰਵਾਉਣ ਦਾ ਡਰਾਵਾ ਦਿੰਦੀ ਹੈ। ਇਸ ਲਈ ਉਹ ਆਮ ਵਿਜੀਲੈਂਸ ਅੱਗੇ ਹਾਜ਼ਰ ਹੋਣ ਲਈ ਪਹੁੰਚੇ ਹਨ।

ਇਸ ਮੌਕੇ ਰਾਜਾ ਵੜਿੰਗ ਨੇ ਕਿਹਾ, "ਵਿਜੀਲੈਂਸ ਨੂੰ ਵੀ ਚਾਹੀਦਾ ਹੈ ਕਿ ਉਹ ਪਹਿਲਾਂ ਸੰਮਨ ਜਾਰੀ ਕਰਨ ਤੇ ਜੇ ਕੋਈ ਹਾਜ਼ਰ ਨਹੀਂ ਹੁੰਦਾ, ਆਪਣਾ ਪੱਖ ਨਹੀਂ ਰੱਖਦਾ ਫਿਰ ਜਾਓ। ਚੰਗੀ ਤਰ੍ਹਾਂ ਘੋਖ ਕਰੋ, ਕਿਸੇ ਬਿਆਨਾਂ 'ਤੇ ਪਰਚਾ ਨਾ ਕਰੋ।"

ਕਾਂਗਰਸ ਆਗੂਆਂ ਨੇ ਕਿਹਾ ਅਸਲ ਵਿਚ ਪੰਜਾਬ ਸਰਕਾਰ ਰੋਜ਼ਾਨਾਂ ਕਥਿਤ ਘੋਟਾਲਿਆਂ ਦੀਆਂ ਖ਼ਬਰਾਂ ਲੀਕ ਕਰਕੇ ਆਗੂਆਂ ਦੀ ਬਦਨਾਮੀ ਕਰ ਰਹੀ ਹੈ।ਉਸ ਨੂੰ ਜਿਸ ਵੀ ਗ੍ਰਿਫ਼ਤਾਰੀ ਚਾਹੀਦੀ ਹੈ, ਕਰ ਲਵੇ ਪਰ ਕਾਨੂੰਨੀ ਪ੍ਰਕਿਰਿਆ ਦਾ ਪਾਲ਼ਣ ਹੋਣਾ ਚਾਹੀਦਾ ਹੈ।

ਇਸ ਧਰਨੇ ਤੋਂ ਬਾਅਦ ਜਿਵੇਂ ਹੀ ਆਸ਼ੂ ਚੰਡੀਗੜ੍ਹ ਤੋਂ ਲੁਧਿਆਣਾ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।

ਅਨਾਜ ਘੋਟਾਲਾ, ਕੀ ਹੈ ਪੂਰਾ ਮਾਮਲਾ

ਪੰਜਾਬ ਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਸਾਲ 2020-21 ਦੇ ਸਮੇਂ ਦੌਰਾਨ ਅਨਾਜ (ਕਣਕ ਅਤੇ ਝੋਨੇ) ਨੂੰ ਮੰਡੀਆਂ ਤੋਂ ਗੁਦਾਮਾਂ ਤੱਕ ਲੈ ਕੇ ਜਾਣ ਲਈ ਟਰਾਂਸਪੋਰਟ ਮੁਹੱਈਆ ਕਰਵਾਉਣ ਲਈ ਨਿੱਜੀ ਠੇਕੇਦਾਰਾਂ ਨੂੰ ਟੈਂਡਰ ਜਾਰੀ ਕੀਤੇ ਗਏ ਸਨ।

ਪੰਜਾਬ ਵਿਜੀਲੈਂਸ ਬਿਊਰੋ ਦੇ ਲੁਧਿਆਣਾ ਵਿਖੇ ਤੈਨਾਤ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਲੁਧਿਆਣਾ ਵਿੱਚ ਹੋਏ ਇਸ ਕਥਿਤ ਘੁਟਾਲੇ ਸਬੰਧੀ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ।

Banner
Banner

ਸ਼ਿਕਾਇਤ ਦੇ ਆਧਾਰ ਉੱਤੇ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਕਾਫ਼ੀ ਹੈਰਾਨੀਜਨਕ ਖ਼ੁਲਾਸੇ ਹੋਏ।

ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ ਜਦੋਂ ਟੈਂਡਰ ਜਾਰੀ ਹੁੰਦਾ ਹੈ ਤਾਂ ਟਰੱਕਾਂ ਦੇ ਨੰਬਰ ਖ਼ੁਰਾਕ ਅਤੇ ਸਪਲਾਈ ਵਿਭਾਗ ਕੋਲ ਜਮ੍ਹਾਂ ਕਰਵਾਉਣੇ ਹੁੰਦੇ ਹਨ।

ਪਰ ਤੇਲੂ ਰਾਮ ਨੇ ਜੋ ਟਰੱਕਾਂ ਦਾ ਰਿਕਾਰਡ ਵਿਭਾਗ ਕੋਲ ਜਮਾ ਕਰਵਾਇਆ ਉਹ ਜਾਂਚ ਦੌਰਾਨ ਦਰੁਸਤ ਨਹੀਂ ਪਾਇਆ ਗਿਆ।

ਤਫ਼ਤੀਸ਼ ਦੌਰਾਨ ਪਤਾ ਲੱਗਾ ਜੋ ਟਰੱਕਾਂ ਦੇ ਨੰਬਰ ਦਿੱਤੇ ਗਏ ਹਨ ਉਹ ਅਸਲ ਵਿੱਚ ਸਕੂਟਰਾਂ ਅਤੇ ਮੋਟਰ ਸਾਈਕਲ ਅਤੇ ਕਾਰਾਂ ਦੇ ਹਨ।

ਕੀ ਹੈ ਵਿਜੀਲੈਂਸ ਦੀ ਐਫਆਈਆਰ ਵਿੱਚ

ਐਫਆਈਆਰ ਮੁਤਾਬਕ ਪੰਜਾਬ ਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਸਾਲ 2020-21 ਲਈ ਸੂਬੇ ਭਰ ਦੀਆਂ ਮੰਡੀਆਂ ਵਿਚੋਂ ਅਨਾਜ (ਕਣਕ -ਝੋਨਾ) ਦੀ ਢੋਆ ਢੁਆਈ, ਲੇਬਰ ਅਤੇ ਕਾਰਟੇਜ ਦੇ ਕੰਮ ਦੇ ਟੈਂਡਰ ਅਲਾਟ ਕਰਨ ਸਬੰਧੀ ਬਕਾਇਦਾ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ।

ਇਸ ਤੋਂ ਬਾਅਦ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਟੈਂਡਰ ਸਬੰਧੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤਾ ਗਿਆ।

ਵਿਜੀਲੈਂਸ ਬਿਊਰੋ ਪੰਜਾਬ

ਤਸਵੀਰ ਸਰੋਤ, vigilancebureau.punjab.gov.in

ਤਸਵੀਰ ਕੈਪਸ਼ਨ, ਗੁਰਦੀਪ ਸਿੰਘ ਨਾਮਕ ਠੇਕੇਦਾਰ ਵੱਲੋਂ ਟੈਂਡਰ ਭਰਿਆ ਗਿਆ ਪਰ ਉਨ੍ਹਾਂ ਦੀ ਥਾਂ ਟੈਂਡਰ ਤੇਲੂ ਰਾਮ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ ਪਾਰਟਨਰ ਨੂੰ ਅਲਾਟ ਕੀਤਾ ਗਿਆ

ਜ਼ਿਲ੍ਹਾ ਟੈਂਡਰ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਦੇ ਚੇਅਰਮੈਨ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਅਫ਼ਸਰ, ਜਿਸ ਦਾ ਰੈਂਕ ਡਿਪਟੀ ਡਾਇਰੈਕਟਰ ਦੇ ਬਰਾਬਰ ਦਾ ਹੋਵੇ, ਕਮੇਟੀ ਦੇ ਮੈਂਬਰ ਸਮੂਹ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ, ਨਿਯੁਕਤ ਕੀਤੇ ਗਏ।

ਇਸੇ ਤਹਿਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਡਿਪਟੀ ਡਾਇਕੈਟਰ ਮੁਨੀਸ਼ ਨਰੂਲਾ ਨੂੰ ਟੈਂਡਰ ਕਮੇਟੀ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ।

ਇਸ ਦੌਰਾਨ ਗੁਰਦੀਪ ਸਿੰਘ ਨਾਮਕ ਠੇਕੇਦਾਰ ਵੱਲੋਂ ਟੈਂਡਰ ਭਰਿਆ ਗਿਆ ਪਰ ਉਨ੍ਹਾਂ ਦੀ ਥਾਂ ਟੈਂਡਰ ਤੇਲੂ ਰਾਮ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ ਪਾਰਟਨਰ ਨੂੰ ਅਲਾਟ ਕੀਤਾ ਗਿਆ।

ਇਸ ਦੇ ਖ਼ਿਲਾਫ਼ ਠੇਕੇਦਾਰ ਗੁਰਦੀਪ ਸਿੰਘ ਵੱਲੋਂ ਸ਼ਿਕਾਇਤ ਵਿਜੀਲੈਂਸ ਕੋਲ ਕੀਤੀ ਗਈ ਕਿ ਉਨ੍ਹਾਂ ਦੇ ਕਾਗ਼ਜ਼ ਪੂਰੇ ਹੋਣ ਦੇ ਬਾਵਜੂਦ ਟੈਂਡਰ ਨਹੀਂ ਦਿੱਤਾ ਗਿਆ।

ਇਸ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਤੇਲੂ ਰਾਮ ਵੱਲੋਂ ਟਰੱਕਾਂ ਦਾ ਜੋ ਰਿਕਾਰਡ ਵਿਭਾਗ ਕੋਲ ਜਮ੍ਹਾਂ ਕਰਵਾਇਆ ਤਾਂ ਉਸ ਵਿੱਚ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਇਹ ਨੰਬਰ ਟਰੱਕਾਂ ਦੇ ਨਾ ਹੋ ਕੇ ਸਕੂਟਰਾਂ , ਮੋਟਰ ਸਾਈਕਲਾਂ ਅਤੇ ਕਾਰਾਂ ਦੇ ਹਨ।

ਇੱਥੋਂ ਤੱਕ ਕਿ ਮੰਡੀ ਤੋਂ ਬਾਹਰ ਜਾਣ ਸਮੇਂ ਜੋ ਗੇਟ ਪਾਸ ਜਾਰੀ ਕੀਤੇ ਗਏ ਉਹ ਨੰਬਰ ਵੀ ਟਰੱਕਾਂ ਦੀ ਥਾਂ ਸਕੂਟਰਾਂ ਅਤੇ ਮੋਟਰ ਸਾਈਕਲਾਂ ਦੇ ਸਨ।

ਵਿਜੀਲੈਂਸ ਮੁਤਾਬਕ ਇਨ੍ਹਾਂ ਗੇਟ ਪਾਸਾਂ ਨੂੰ ਵੈਰੀਫਾਈ ਕੀਤੇ ਬਿਨਾਂ ਹੀ ਠੇਕੇਦਾਰਾਂ ਨੂੰ ਉਨ੍ਹਾਂ ਦੇ ਕੰਮ ਬਦਲੇ ਅਦਾਇਗੀ ਕਰ ਦਿੱਤੀ ਗਈ।

ਭਾਰਤ ਭੂਸ਼ਣ ਦੀ ਸਿਆਸੀ ਸਫ਼ਰ

ਲੁਧਿਆਣਾ ਤੋਂ ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਭਰਤ ਭੂਸ਼ਣ ਆਸ਼ੂ ਦਾ ਜਨਮ 20 ਮਾਰਚ 1971 ਵਿੱਚ ਹੋਇਆ। ਆਸ਼ੂ ਨੇ ਬੀਏ 1989 ਵਿਚ ਆਰਿਆ ਕਾਲਜ ਲੁਧਿਆਣਾ ਤੋਂ ਪਾਸ ਕੀਤੀ ਹੈ। ਇਹ ਡੇਅਰੀ ਫਾਰਮਿੰਗ ਦਾ ਬਿਜ਼ਨਸ ਕਰਦੇ ਹਨ।

ਭਾਰਤ ਭੂਸ਼ਣ ਆਸ਼ੂ

ਤਸਵੀਰ ਸਰੋਤ, FB/Bhara Bhushan Ashu

ਆਸ਼ੂ ਨੇ ਆਪਣਾ ਸਿਆਸੀ ਕਰੀਅਰ ਉਦੋਂ ਸ਼ੁਰੂ ਕੀਤਾ ਸੀ ਜਦੋਂ ਉਹ ਸਾਲ 1997 ਵਿੱਚ ਲੁਧਿਆਣਾ ਦੇ ਵਾਰਡ ਨੰਬਰ 48 ਤੋਂ ਕਾਂਗਰਸ ਦੀ ਟਿਕਟ ਤੇ ਮਿਉਂਸਪਲ ਕੌਂਸਲਰ ਚੁਣੇ ਗਏ ਸਨ।

ਸਾਲ 2012 ਵਿੱਚ, ਉਨ੍ਹਾਂ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੀ ਟਿਕਟ ਅਲਾਟ ਕੀਤੀ ਗਈ ਸੀ ਅਤੇ ਉਹ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸੀਐੱਲਪੀ ਨੇਤਾ ਬਣ ਗਏ ਸਨ।

ਸਾਲ 2017 ਵਿੱਚ ਦੁਬਾਰਾ, ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਅਹਿਬਾਬ ਗਰੇਵਾਲ ਨੂੰ 36,521 ਵੋਟਾਂ ਦੇ ਫਰਕ ਨਾਲ ਹਰਾਇਆ।

ਉਹ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਦੇ ਕੈਬਨਿਟ ਮੰਤਰੀ ਬਣੇ।

2022 ਵਿੱਚ, ਉਹ ਲੁਧਿਆਣਾ ਪੱਛਮੀ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਬੱਸੀ ਗੋਗੀ ਤੋਂ 7500 ਤੋਂ ਵੱਧ ਵੋਟਾਂ ਨਾਲ ਚੋਣ ਹਾਰ ਗਏ ਸਨ ।

ਭਾਰਤ ਭੂਸ਼ਣ ਆਸ਼ੂ ਨਾਲ ਜੁੜੇ ਵਿਵਾਦ

ਜਨਵਰੀ 2019 ਵਿੱਚ, ਆਸ਼ੂ ਨੂੰ ਇੱਕ ਜਨਤਕ ਸਮਾਗਮ ਵਿੱਚ ਮਹਿਲਾ ਅਧਿਕਾਰੀ ਨਾਲ ਦੁਰਵਿਵਹਾਰ ਕਰਦੇ ਹੋਏ ਮੀਡੀਆ ਦੁਆਰਾ ਜਨਤਕ ਤੌਰ 'ਤੇ ਦੇਖਿਆ ਅਤੇ ਫੜਿਆ ਗਿਆ ਸੀ।

ਫਰਵਰੀ 2019 ਵਿੱਚ, ਆਸ਼ੂ ਦੇ ਤਤਕਾਲੀ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਇੰਪਰੂਵਮੈਂਟ ਟਰੱਸਟ ਦੇ ਸੁਪਰਡੈਂਟ ਇੰਜੀਨੀਅਰ ਨੂੰ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੀਆਂ ਆਡੀਓ ਰਿਕਾਰਡਿੰਗਾਂ ਵਾਇਰਲ ਹੋਈਆਂ।

ਬਲਵਿੰਦਰ ਸਿੰਘ ਸੇਖੋਂ ਨੂੰ ਆਸ਼ੂ ਦੇ ਨਾਲ ਤਕਰਾਰ ਦੇ ਚਲਦਿਆਂ ਨੌਕਰੀ ਤੋਂ ਕਾਂਗਰਸ ਸਰਕਾਰ ਨੇ ਡਿਸਮਿਸ ਕਰ ਦਿੱਤਾ ਸੀ।

ਅਕਤੂਬਰ 2019 ਵਿੱਚ, ਆਸ਼ੂ 'ਤੇ ਉਪ-ਚੋਣ ਦੀਆਂ ਤਿਆਰੀਆਂ ਦੌਰਾਨ ਆਪਣੀ ਹੀ ਪਾਰਟੀ ਦੇ ਵਲੰਟੀਅਰ ਦੀ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।

ਫੂਡ ਸਪਲਾਈ 'ਚ ਹੋਏ ਘੁਟਾਲੇ ਮਾਮਲੇ ਵਿੱਚ ਵਿਜੀਲੈਂਸ ਨੇ ਤਿੰਨ ਲੋਕਾਂ ਦੇ ਨਾਮ ਕੀਤੇ ਸ਼ਾਮਲ ਇੱਕ ਦੀ ਹੋਈ ਗ੍ਰਿਫ਼ਤਾਰੀ ਦੋ ਫ਼ਰਾਰ, ਘੁਟਾਲਿਆਂ 'ਚ ਸਾਬਕਾ ਮੰਤਰੀ ਦੇ ਪੀਏ ਦਾ ਵੀ ਨਾਮ ਸ਼ਾਮਲ ਹੈ।

Banner

ਇਹ ਵੀ ਪੜ੍ਹੋ-

Banner
Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)