ਸਿੱਧੂ ਮੂਸੇਵਾਲਾ ਕਤਲ ਕੇਸ : 'ਪੁੱਤ ਨੂੰ ਇਨਸਾਫ਼ ਦੁਆਉਣ ਲਈ ਸ਼ੇਰਨੀ ਬਣਾਂਗੀ'- ਮਾਪਿਆਂ ਦੇ ਅਲਟੀਮੇਟਮ ਦਾ ਪੁਲਿਸ ਨੇ ਦਿੱਤਾ ਜਵਾਬ

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਂ-ਪਿਉ ਨੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਉਹਨਾਂ ਨੇ ਕਿਹਾ ਹੈ ਕਿ ਕਤਲ ਨੂੰ ਲਗਭਗ ਤਿੰਨ ਮਹੀਨੇ ਬੀਤ ਚੁੱਕੇ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਕਾਫ਼ੀ ਸਮਾਂ ਵੀ ਦਿੱਤਾ ਹੈ ਪਰ ਪੁਲਿਸ ਇਸ ਘਿਨਾਉਣੇ ਅਪਰਾਧ ਦੇ ਅਸਲ ਦੋਸ਼ੀਆਂ ਨੂੰ ਫੜਨ ਵਿੱਚ ਅਸਫ਼ਲ ਰਹੀ ਹੈ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਲਗਭਗ ਸਾਰੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਿੱਧੂ ਦੇ ਮਾਪਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੂਬੇ ਦੇ ਹਰ ਪਿੰਡ ਵਿੱਚ ਮੋਮਬੱਤੀ ਮਾਰਚ ਕਰਨ।
ਸਿੱਧੂ ਦੇ ਮਾਪਿਆਂ ਨੇ ਸਰਕਾਰ ਨੂੰ ਕਾਰਵਾਈ ਲਈ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਅੰਦੋਲਨ ਕਰਨ ਦੀ ਧਮਕੀ ਵੀ ਦਿੱਤੀ ਹੈ।
ਦੂਜੇ ਪਾਸੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਰਦੇ ਮਾਨਸਾ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ।
"ਜਿਆਦਾਤਰ ਲੋਕ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਜੇ ਪਰਿਵਾਰ ਨੂੰ ਕੋਈ ਹੋਰ ਖਦਸ਼ਾ ਹੈ ਤਾਂ ਉਸ ਦੀ ਵੀ ਅਸੀਂ ਜਾਂਚ ਕਰਾਂਗੇ।"
"ਪੁੱਤਰ ਨੂੰ ਇਨਸਾਫ਼ ਦਵਾਉਣ ਲਈ ਸ਼ੇਰਨੀ ਬਣੀ"
ਸਿੱਧੂ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਐਤਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।
ਚਰਨ ਕੌਰ ਨੇ ਕਿਹਾ, "ਅਸੀਂ ਪੁਲਿਸ ਅਤੇ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਪਰ ਕਿਸੇ ਨੇ ਵੀ ਸਾਨੂੰ ਇਨਸਾਫ਼ ਦਿਵਾਉਣ ਲਈ ਕੁਝ ਨਹੀਂ ਕੀਤਾ।"
"ਚੰਗਾ ਹੁੰਦਾ ਜੇਕਰ ਅਸੀਂ ਆਪਣੇ ਬੇਟੇ ਦਾ ਸਸਕਾਰ ਉਦੋਂ ਤੱਕ ਨਾ ਕੀਤਾ ਹੁੰਦਾ ਜਦੋਂ ਤੱਕ ਪੁਲਿਸ ਉਸ ਦੇ ਕਤਲ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ।"
ਚਰਨ ਕੌਰ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਲੋਕ ਸ਼ੇਰਨੀ ਕਹਿ ਰਹੇ ਹਨ, ਉਹ ਐਨੀ ਬਹਾਦਰ ਨਹੀਂ ਸੀ।

ਤਸਵੀਰ ਸਰੋਤ, FB/SIDHU MOOSEWALA
"ਮੈਂ ਹੁਣ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਸ਼ੇਰਨੀ ਬਣੀ ਹਾਂ। ਕੋਈ ਆਵੇ ਜਾਂ ਨਾ ਆਵੇ, ਅਸੀਂ ਦੋਵੇਂ ਬੈਠ ਕੇ ਇਨਸਾਫ਼ ਦੀ ਮੰਗ ਕਰਦੇ ਹੋਏ ਧਰਨਾ ਦੇਵਾਂਗੇ।"
ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਆਪਣੀ ਗੱਡੀ ਵਿੱਚ ਜਾ ਰਿਹਾ ਸੀ।
ਬਾਅਦ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕੈਨੇਡਾ ਰਹਿੰਦੇ ਸਾਥੀ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਬਿਸ਼ਨੋਈ ਹੁਣ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ. ਜਦਕਿ ਗੋਲਡੀ ਬਰਾੜ ਫ਼ਰਾਰ ਹੈ।
'ਇਨਸਾਫ਼' ਲਈ ਸੜਕਾਂ 'ਤੇ ਆਉਣ ਦਾ ਫੈਸਲਾ

ਤਸਵੀਰ ਸਰੋਤ, Getty Images
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਹੈ ਪਰ ਪੁਲੀਸ ਸਿੱਧੂ ਦੇ ਅਸਲ ਕਾਤਲਾਂ ਨੂੰ ਸਾਹਮਣੇ ਨਹੀਂ ਲਿਆ ਸਕੀ।
ਉਨ੍ਹਾਂ ਕਿਹਾ ਕਿ ਗੋਲੀਬਾਰੀ ਕਰਨ ਵਾਲਿਆਂ ਨੂੰ ਪੈਸੇ ਦੇਣ ਅਤੇ ਪਨਾਹ ਦੇਣ ਵਾਲੇ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਅਤੇ ਪੁਲਿਸ ਨੂੰ ਉਨ੍ਹਾਂ ਦਾ ਪਤਾ ਲਗਾਉਣਾ ਚਾਹੀਦਾ ਹੈ।
ਬਲਕੌਰ ਸਿੰਘ ਕਿਹਾ, "ਜੇ ਸਰਕਾਰ ਪਰਦੇ ਪਿੱਛੇ ਲੋਕਾਂ ਨੂੰ ਉਜਾਗਰ ਕਰਨ ਵਿੱਚ ਅਸਫ਼ਲ ਰਹੀ ਤਾਂ ਹੁਣ ਅਸੀਂ ਆਪਣੇ ਪੁੱਤਰ ਲਈ ਇਨਸਾਫ਼ ਵਾਸਤੇ ਲੋਕਾਂ ਦੇ ਸਮਰਥਨ ਨਾਲ ਸੜਕਾਂ 'ਤੇ ਆਉਣ ਦਾ ਫੈਸਲਾ ਕੀਤਾ ਹੈ।"
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਨੂੰ 90 ਦਿਨ ਬੀਤ ਚੁੱਕੇ ਹਨ ਅਤੇ ਉਹ ਸਰਕਾਰ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ
ਗਾਇਕ ਮੁਸੇਵਾਲਾ ਦੇ ਪਿਤਾ ਮੁਤਾਬਕ ਸਿੱਧੂ 'ਤੇ ਗੋਲੀਆਂ ਚਲਾਉਣ ਵਾਲੇ ਹੀ ਉਨ੍ਹਾਂ ਦੇ ਕਤਲ ਲਈ ਜ਼ਿੰਮੇਵਾਰ ਨਹੀਂ ਹਨ ਸਗੋਂ ਗੈਂਗਸਟਰਾਂ ਦੇ ਬਰਾਬਰ ਇੱਕ ਭਾਈਚਾਰਾ ਹੈ, ਜੋ ਉਨ੍ਹਾਂ ਦੀਆਂ ਅੱਖਾਂ, ਕੰਨ ਅਤੇ ਨੱਕ ਦਾ ਕੰਮ ਕਰਦਾ ਹੈ।
"ਇਹ ਸਫ਼ੈਦਪੋਸ਼ ਲੋਕ ਇਨ੍ਹਾਂ ਦੇ ਨਾਂ 'ਤੇ ਫਿਰੌਤੀ ਇਕੱਠੀ ਕਰਦੇ ਹਨ ਅਤੇ ਸਾਰੇ ਗੈਰ-ਕਾਨੂੰਨੀ ਕੰਮ ਚਲਾਉਂਦੇ ਹਨ। ਗੋਲੀ ਚਲਾਉਣ ਵਾਲੇ ਸਿਰਫ਼ ਭਾੜੇ ਦੇ ਬੰਦੇ ਸਨ। ਦੋਵਾਂ ਨੂੰ ਐਨਕਾਊਂਟਰ ਵਿੱਚ ਮਾਰਨਾ ਇਨਸਾਫ਼ ਨਹੀਂ ਸੀ। ਜਾਂਚ ਦੀ ਰਫ਼ਤਾਰ ਵੀ ਬਹੁਤ ਧੀਮੀ ਹੈ।"
ਉਨ੍ਹਾਂ ਕਿਹਾ ਕਿ ਸਲਾਖਾਂ ਪਿੱਛੇ ਬੈਠ ਕੇ ਇਨ੍ਹਾਂ ਗੈਂਗਸਟਰਾਂ ਨੇ ਯੋਜਨਾ ਬਣਾ ਕੇ ਉਹਨਾਂ ਦੇ ਪੁੱਤਰ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਉਹ ਹਥਿਆਰ ਖਰੀਦ ਕੇ ਬਿਨਾਂ ਕਿਸੇ ਸੁਰਾਗ ਦੇ ਪੰਜਾਬ ਲੈ ਆਉਂਦੇ ਸਨ।
ਪੁਲਿਸ ਦਾ ਕੀ ਕਹਿਣਾ ਹੈ
ਇਸ ਦੌਰਾਨ ਪੁਲੀਸ ਸੂਤਰਾਂ ਦਾ ਦਾਅਵਾ ਹੈ ਕਿ ਪੁਲੀਸ ਨੇ ਕਤਲ ਵਿੱਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਤਕਰੀਬਨ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲਿਆਂ ਵਿੱਚ ਸਿਰਫ਼ ਸ਼ੂਟਰ ਦੀਪਕ ਮੁੰਡੀ ਹੀ ਫਰਾਰ ਹੈ। ਪੁਲੀਸ ਵੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਲਈ ਤਿਆਰ ਹੈ।
ਬਠਿੰਡਾ ਰੇਂਜ ਦੇ ਇੰਸਪੈਕਟਰ ਜਨਰਲ ਸ਼ਿਵ ਕੁਮਾਰ ਵਰਮਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਦੋ ਗੱਲਾਂ ਧਿਆਨ ਦੇਣ ਯੋਗ ਹਨ।
"ਇੱਕ, ਜਾਂਚ ਪਹਿਲਾਂ ਹੀ ਚੱਲ ਰਹੀ ਹੈ ਜਿਸ ਜੋ ਐਸਆਈਟੀ ਕਰ ਰਹੀ ਹੈ। ਦੂਸਰਾ, ਮੂਸੇਵਾਲਾ ਦੇ ਮਾਪਿਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੇ ਐਨਾਨ ਸਬੰਧ, ਅਸੀਂ ਉਨ੍ਹਾਂ ਦੇ ਪ੍ਰਦਰਸ਼ਨ ਲਈ ਸੁਰੱਖਿਆ ਦੇ ਪ੍ਰਬੰਧ ਕਰਾਂਗੇ।"
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਰਦੇ ਮਾਨਸਾ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ।
"ਜਿਆਦਾਤਰ ਲੋਕ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਜੇ ਪਰਿਵਾਰ ਨੂੰ ਕੋਈ ਹੋਰ ਖਦਸ਼ਾ ਹੈ ਤਾਂ ਉਸ ਦੀ ਵੀ ਅਸੀਂ ਜਾਂਚ ਕਰਾਂਗੇ।"
ਇਹ ਪੁਛਣ 'ਤੇ ਕਿ ਪਰਿਵਾਰ ਦਾ ਕਹਿਣਾ ਹੈ ਕਿ ਨਿਆ ਅਧੂਰਾ ਮਿਲਿਆ ਹੈ ਕਿਉਂਕਿ ਹੋਰ ਲੋਕ ਵੀ ਇਸ ਕਤਲ ਵਿਚ ਸ਼ਾਮਲ ਹਨ ਤਾਂ ਉਹਨਾਂ ਨੇ ਕਿਹਾ, "ਕੁਲ ਮਿਲਾ ਕੇ ਇਸ ਮਾਮਲੇ ਨੂੰ ਤਿੰਨ ਹਿੱਸਿਆਂ ਵਿਚ ਵੰਡ ਲੈਨੇ ਹਾਂ।
"ਇਕ ਤਾਂ ਉਹ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਗੋਲੀ ਮਾਰੀ, ਇਕ ਸ਼ੂਟਰ ਨੂੰ ਛੱਡ ਕੇ ਅਸੀਂ ਸਾਰੇ ਸ਼ੂਟਰ ਫੜ ਲਏ ਹਨ।"
"ਦੂਜਾ ਉਹ ਲੋਕ ਜਿਨ੍ਹਾਂ ਨੇ ਸ਼ੂਟਰਾਂ ਦੀ ਇਸ ਅਪਰਾਧ ਵਿਚ ਮਦਦ ਕੀਤੀ। ਉਹ ਵੀ ਲਗਭਗ ਸਾਰੇ ਫੜੇ ਜਾ ਚੁਕੇ ਹਨ।"
"ਤੀਜਾ ਉਹ ਲੋਕ ਜੋ ਇਸ ਦੀ ਸਾਜਿਸ਼ ਵਿਚ ਸ਼ਾਮਲ ਹਨ ਜਿਵੇਂ ਗੋਲਡੀ ਬਰਾੜ ਵਗੈਰਾ ਜਾਂ ਉਹ ਲੋਕ ਜਿੰਨਾ 'ਤੇ ਮੂਸੇਵਾਲਾ ਦੇ ਘਰਦਿਆਂ ਨੂੰ ਸ਼ੱਕ ਹੈ ਉਹਨਾਂ ਨੂੰ ਫੜਣ ਲਈ ਜਾਂਚ ਚਲਦੀ ਰਹੇਗੀ। ਚਾਰਜਸ਼ੀਟ ਕੋਈ ਜਾਂਚ ਦਾ ਅੰਤ ਨਹੀਂ ਹੈ।"

ਇਹ ਵੀ ਪੜ੍ਹੋ-

ਸੋਸ਼ਲ ਮੀਡੀਆ 'ਤੇ ਇਨਸਾਫ਼ ਲਈ ਲੋਕਾਂ ਅਤੇ ਗਾਇਕਾਂ ਦੀ ਮੁਹਿੰਮ
ਸੋਸ਼ਲ ਮੀਡੀਆ ਉਪਰ ਮਰਹੂਮ ਗਾਇਕ ਦੇ ਚਾਹੁਣ ਵਾਲਿਆਂ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਵੱਲੋਂ ਜਸਟਿਸ ਫ਼ਾਰ ਸਿੱਧੂ ਮੂਸੇਵਾਲਾ ਦੇ ਨਾਅਰੇ ਤਹਿਤ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਉਪਰ ਰੋਸ ਪ੍ਰਦਰਸ਼ਨ ਵਿੱਚ ਭਰਵੇ ਇਕੱਠ ਦੀ ਉਮੀਦ ਕਰਦਿਆਂ ਲੋਕਾਂ ਨੂੰ 'ਤਕੜੇ' ਹੋ ਜਾਣ ਦੀ ਗੱਲ ਆਖੀ ਹੈ।

ਤਸਵੀਰ ਸਰੋਤ, FB/ RUPINDER HANDA
ਇਸ ਤੋਂ ਇਲਾਵਾ ਗਾਇਕਾ ਅਫ਼ਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਪੇਜ ਉਪਰ ਸਿੱਧੂ ਮੂਸੇਵਾਲਾ ਦੇ ਮਾਤਾ ਅਤੇ ਪਿਤਾ ਦੇ ਸੰਬੋਧਨ ਦੀਆਂ ਵੀਡੀਓਜ਼ ਸਾਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ-














