You’re viewing a text-only version of this website that uses less data. View the main version of the website including all images and videos.
ਰਾਸ਼ਟਰਮੰਡਲ ਖੇਡਾਂ 2022: ਨੌਕਰੀ ਨਾ ਮਿਲਣ ਕਾਰਨ ਮਾਯੂਸ ਹੈ ਤਮਗਾ ਜੇਤੂ ਹਰਜਿੰਦਰ ਕੌਰ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਘਰ ਦਾ ਆਰਥਿਕ ਹਾਲਤ ਇੰਨੀ ਕਮਜ਼ੋਰ ਸੀ ਕਿ ਮੇਰੇ ਕੋਲ ਹੋਸਟਲ ਦੇ ਮੈੱਸ ਦਾ ਬਿੱਲ ਦੇਣ ਦੇ ਪੈਸੇ ਵੀ ਨਹੀਂ ਸੀ ਹੁੰਦੇ, ਦਿਨ ਭਰ ਮਿਹਨਤ ਕਰਨੀ ਅਤੇ ਫਿਰ ਮੈਸ ਦੀਆਂ ਰੋਟੀਆਂ ਖਾ ਕੇ ਅਭਿਆਸ ਕਰਨਾ, ਇਸ ਤਰੀਕੇ ਨਾਲ ਮੈਂ ਮੈਡਲ ਜਿੱਤਿਆ ਹੈ।''
ਇਹ ਸ਼ਬਦ ਹਨ ਬ੍ਰਿਟੇਨ ਦੇ ਸ਼ਹਿਰ ਬਰਮਿੰਘਮ ਵਿੱਚ ਜਾਰੀ ਰਾਸ਼ਟਰਮੰਡਲ ਖੇਡਾਂ ਦੇ ਵੈਟ ਲਿਫ਼ਟਿੰਗ ਵਰਗ ਵਿੱਚ ਕਾਂਸੇ ਦਾ ਤਮਗ਼ਾ ਜੇਤੂ ਹਰਜਿੰਦਰ ਕੌਰ ਦੇ। ਹਰਜਿੰਦਰ ਕੌਰ ਦਾ ਸਬੰਧ ਪੰਜਾਬ ਦੇ ਨਾਭਾ ਸ਼ਹਿਰ ਨਾਲ ਹੈ ਅਤੇ ਉਨ੍ਹਾਂ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ ਸੀ ਅਤੇ ਪਹਿਲੀ ਵਾਰ ਹੀ ਮੈਡਲ ਜਿੱਤ ਲਿਆ ਹੈ।
ਬਰਮਿੰਘਮ ਤੋਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਕੌਰ ਨੇ ਦੱਸਿਆ ਕਿ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਪਿੱਛੇ ਉਸ ਦੇ ਪਰਿਵਾਰ ਦਾ ਲੰਮਾ ਸੰਘਰਸ਼ ਹੈ।
ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਕੋਲ ਜ਼ਮੀਨ ਨਹੀਂ ਹੈ ਅਤੇ ਉਨ੍ਹਾਂ ਦੇ ਪਿਤਾ ਪਸ਼ੂਆਂ ਦਾ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਤੋਰਦੇ ਹਨ। ਗ਼ਰੀਬੀ ਇੰਨੀ ਕਿ ਕਾਲਜ ਦੀ ਫ਼ੀਸ ਭਰਨ ਲਈ ਪਰਿਵਾਰ ਕੋਲ ਪੈਸੇ ਨਹੀਂ ਸਨ ਹੁੰਦੇ।
ਹਰਜਿੰਦਰ ਦੱਸਦੇ ਹਨ ਕਿ 2016 ਵਿੱਚ ਉਨ੍ਹਾਂ ਨੇ ਵੇਟ ਲਿਫ਼ਟਿੰਗ ਸ਼ੁਰੂ ਕੀਤੀ ਇਸ ਤੋਂ ਪਹਿਲਾਂ ਉਹ ਕਬੱਡੀ ਖੇਡਦੇ ਰਹੇ ਹਨ। ਹਰਜਿੰਦਰ ਕੌਰ ਦੇ ਦੱਸਣ ਮੁਤਾਬਕ ''ਪੈਸੇ ਦੀ ਕਮੀ ਕਾਰਨਟਟ ਕਈ ਵਾਰ ਉਹ ਨਿਰਾਸ਼ ਵੀ ਹੋ ਜਾਂਦੇ ਪਰ ਕੋਚ ਦੀ ਹਲਾਸ਼ੇਰੀ ਕਾਰਨ ਉਸ ਨੇ ਖੇਡ ਜਾਰੀ ਰੱਖੀ।
ਹਾਲਾਂਕਿ ਹੁਣ ਹਰਜਿੰਦਰ ਨੂੰ ਦੀ ਸੰਤੁਸ਼ਟੀ ਦੀ ਇੱਕ ਵਜ੍ਹਾ ਤਾਂ ਹੈ। ਉਹ ਦੱਸਦੇ ਹਨ, ''ਜ਼ਿੰਦਗੀ ਦੇ ਹਰ ਮੋੜ ਉੱਤੇ ਸੰਘਰਸ਼ ਦੇਖਿਆ ਹੈ ਪਰ ਅੱਜ ਖ਼ੁਸ਼ੀ ਹੈ ਕਿ ਮੇਰੀ ਮਿਹਨਤ ਦਾ ਮੁੱਲ ਪੈ ਗਿਆ।''
ਹਰਜਿੰਦਰ ਦੇ ਮਾਤਾ-ਪਿਤਾ ਤੋਂ ਇਲਾਵਾ ਉਸ ਦੇ ਪਰਿਵਾਰ ਵਿੱਚ ਇੱਕ ਭਰਾ ਅਤੇ ਭੈਣ ਹੈ। ਹਰਜਿੰਦਰ ਨੇ ਦੱਸਿਆ ਕਿ ਉਹ ਆਪਣੇ ਮੌਜੂਦਾ ਪ੍ਰਦਰਸ਼ਨ ਤੋਂ ਖ਼ੁਸ਼ ਨਹੀਂ ਹਨ ਪਰ ਫਿਰ ''ਖ਼ੁਸ਼ ਹਾਂ ਕਿ ਮੈਡਲ ਮਿਲ ਗਿਆ।'' ਹਰਜਿੰਦਰ ਦਾ ਅਗਲਾ ਟੀਚਾ ਏਸ਼ੀਆ ਚੈਂਪੀਅਨਸ਼ਿਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਹੈ।
ਪਿਛਲੇ ਇੱਕ ਸਾਲ ਤੋਂ ਘਰ ਨਹੀਂ ਗਈ
ਹਰਜਿੰਦਰ ਨੇ ਦੱਸਿਆ, ''ਮੈਂ ਪਿਛਲੇ ਇੱਕ ਸਾਲ ਤੋਂ ਘਰ ਨਹੀਂ ਗਈ। ਕੈਂਪ ਵਿੱਚ ਰਹਿਣ ਕਾਰਨ ਪਿਛਲੇ ਕਈ ਸਾਲਾਂ ਤੋਂ ਦੀਵਾਲੀ ਅਤੇ ਹੋਰ ਕੋਈ ਵੀ ਤਿਉਹਾਰ ਘਰੇ ਨਹੀਂ ਮਨਾਇਆ।''
ਹਰਜਿੰਦਰ ਮੁਤਾਬਕ, ''ਰੱਖੜੀ ਮੌਕੇ ਵੀ ਭਰਾ ਘਰ ਨਹੀਂ ਸੀ ਆਉਣ ਦਿੰਦਾ ਤਾਂ ਜੋ ਮੇਰੀ ਪ੍ਰੈਕਟਿਸ ਤੋਂ ਛੁੱਟੀ ਨਾ ਹੋ ਜਾਵੇ।''
"ਮੈ ਇੱਕ ਸਾਲ ਤੋਂ ਘਰ ਨਹੀਂ ਗਈ, ਮੈਡਲ ਜਿੱਤਣ ਦੀ ਤਾਂ ਮੈਨੂੰ ਖ਼ੁਸ਼ੀ ਹੈ ਪਰ ਸਭ ਤੋਂ ਜ਼ਿਆਦਾ ਖ਼ੁਸ਼ੀ ਉਸ ਦਿਨ ਹੋਵੇਗੀ ਜਿਸ ਦਿਨ ਮੈ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਾਂਗੀ।"
ਇਹ ਵੀ ਪੜ੍ਹੋ:
ਹਰਜਿੰਦਰ ਮੁਤਾਬਕ ਉਨ੍ਹਾਂ ਨੇ ਪੈਸੇ ਦੀ ਬਹੁਤ ਤੰਗੀ ਦੇਖੀ ਹੈ ਅਤੇ ''ਲੱਗਦਾ ਸੀ ਖੇਡ ਹੀ ਘਰ ਦੀ ਗ਼ਰੀਬੀ ਦੂਰ ਕਰੇਗੀ ਇਸ ਕਰ ਕੇ ਮਿਹਨਤ ਕੀਤੀ, ਅਤੇ ਆਖ਼ਰਕਾਰ ਮੈਨੂੰ ਕਾਮਯਾਬੀ ਮਿਲ ਗਈ।''
ਹਰਜਿੰਦਰ ਮੁਤਾਬਕ ਘਰਦਿਆਂ ਦੀ ਗ਼ਰੀਬੀ ਦੂਰ ਕਰਨ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੀ ਹੈ।
ਪਰਿਵਾਰ ਲਈ ਸਰਕਾਰ ਕੋਲੋਂ ਨੌਕਰੀ ਦੀ ਮੰਗ
ਐਮਪੀਐਡ ਦੀ ਡਿਗਰੀ ਕਰ ਰਹੀ ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਯੂਨੀਵਰਸਿਟੀ ਅਤੇ ਹੋਰ ਕੌਮਾਂਤਰੀ ਮੁਕਾਬਲਿਆਂ ਵਿੱਚ ਮੈਡਲ ਜਿੱਤੇ ਹਨ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ।
ਉਹ ਗਿਲਾ ਪ੍ਰਗਟਾਉਂਦੇ ਹਨ ਕਿ ਉਨ੍ਹਾਂ ਨੇ ''ਕਈ ਮੈਡਲ ਜਿੱਤੇ ਹਨ ਪਰ ਨੌਕਰੀ ਨਾ ਮਿਲਣ ਕਾਰਨ ਮੈਂ ਮਾਯੂਸ ਹਾਂ''।
ਉਹ ਕਹਿੰਦੇ ਹਨ, ''ਇੰਗਲੈਂਡ ਆਉਣ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਨੌਕਰੀ ਤਾਂ ਕੀ ਵਧਾਈ ਵੀ ਨਹੀਂ ਦਿੱਤੀ। ... ਮੈਨੂੰ ਪਰਿਵਾਰ ਲਈ ਚਾਹੀਦੀ ਹੈ ਤਾਂ ਜੋ ਮੈਂ ਉਨ੍ਹਾਂ ਦੀ ਵਿੱਤੀ ਮਦਦ ਕਰ ਸਕਾਂ''।
ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਨੌਕਰੀ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਮੈਡਲ ਜਿੱਤਣ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਵੱਲੋਂ ਉਨ੍ਹਾਂ ਨੂੰ ਫ਼ੋਨ ਰਾਹੀਂ ਵਧਾਈ ਦਿੱਤੀ ਗਈ ਹੈ ਅਤੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਪੂਰੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ।
'ਲਿਫਟ ਲੈ ਕੇ ਪਹੁੰਚਣਾ ਮੈਦਾਨ'
ਹਰਜਿੰਦਰ ਦੱਸਦੇ ਹਨ ਕਿ ਜਦੋਂ ਖੇਡ ਸ਼ੁਰੂ ਕੀਤੀ ਤਾਂ ਉਸ ਦਾ ਸ਼ੁਰਆਤੀ ਸਫ਼ਰ ਸੌਖਾ ਨਹੀਂ ਸੀ।
ਹਰਜਿੰਦ ਨੇ ਕਿਹਾ, ''ਮੇਰੇ ਪਿਤਾ ਚਾਹੁੰਦੇ ਸਨ ਮੈਂ ਖੇਡਾਂ ਵਿੱਚ ਹਿੱਸਾ ਲਵਾਂ ਪਰ ਘਰ ਦੇ ਹਾਲਤ ਕਾਰਨ ਇਹ ਸਫ਼ਰ ਕਾਫ਼ੀ ਔਖਾ ਸੀ। ਪਹਿਲਾਂ ਸਾਈਕਲ ਉੱਤੇ ਸਕੂਲ ਜਾਣਾ ਅਤੇ ਫਿਰ ਵਾਪਸ ਆ ਕੇ ਪਸ਼ੂਆਂ ਦੀ ਦੇਖਭਾਲ ਕਰਨੀ। ਘਰ ਵਿੱਚ ਪਸ਼ੂਆਂ ਦੇ ਚਾਰੇ ਵਾਲੀ ਮਸ਼ੀਨ ਉੱਤੇ ਬਹੁਤ ਕੰਮ ਕੀਤਾ।''
ਹਰਜਿੰਦਰ ਨੂੰ ਮੈਦਾਨ ਵਿੱਚ ਲੈ ਕੇ ਜਾਣ ਵਾਲਾ ਕੋਈ ਨਹੀਂ ਸੀ ਹੁੰਦਾ ਅਤੇ ਲੋਕਾਂ ਤੋਂ ਲਿਫ਼ਟ ਲੈ ਕੇ ਦੂਜੇ ਪਿੰਡ ਪ੍ਰੈਕਟਿਸ ਲਈ ਜਾਂਦੇ ਸੀ। ਕੋਚ ਦੇ ਕਹਿਣ ਉੱਤੇ ਹਰਜਿੰਦਰ ਨੇ ਕਬੱਡੀ ਦੀ ਥਾਂ ਵੇਟ ਲਿਫ਼ਟਿੰਗ ਸ਼ੁਰੂ ਕੀਤੀ ਸੀ। ਖੇਡ ਦਾ ਮੈਦਾਨ ਦੇਖ ਕੇ ਹਰਜਿੰਦਰ ਦੇ ਸਰੀਰ ਵਿੱਚ ਐਨਰਜੀ ਆ ਜਾਂਦੀ ਹੈ।
ਕੁੜੀਆਂ ਉੱਤੇ ਭਰੋਸਾ ਕਰਨ ਮਾਪੇ
ਹਰਜਿੰਦਰ ਨੇ ਕਿਹਾ, "ਜਦੋਂ ਮੈਂ ਰਾਸ਼ਟਰ ਮੰਡਲ ਖੇਡਾਂ ਵਿੱਚ ਹਿੱਸਾ ਲੈਣ ਲਈ ਤੁਰੀ ਸੀ ਤਾਂ ਮੈਨੂੰ ਕੋਈ ਨਹੀਂ ਸੀ ਜਾਣਦਾ। ਪਰ ਮੈਡਲ ਜਿੱਤਣ ਤੋਂ ਬਾਅਦ ਜ਼ਿੰਦਗੀ ਪੂਰੀ ਤਰਾਂ ਬਦਲ ਗਈ ਹੈ। ਵਧਾਈਆਂ ਦੇ ਸੁਨੇਹੇ ਆਉਣ ਕਰ ਕੇ ਮੇਰੀ ਨੀਂਦ ਵੀ ਪੂਰੀ ਨਹੀਂ ਹੋ ਰਹੀ।"
ਹਰਜਿੰਦਰ ਆਖਦੀ ਹੈ ਕਿ ਮਾਪਿਆਂ ਨੂੰ ਕੁੜੀਆਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਸਰਕਾਰੀ ਖੇਡ ਢਾਂਚੇ ਨੂੰ ਵਿਕਸਤ ਕੀਤਾ ਜਾਵੇ ਖ਼ਾਸ ਤੌਰ ਉੱਤੇ ਪਿੰਡਾਂ ਵਿੱਚ।
ਉਨ੍ਹਾਂ ਨੇ ਕਿਹਾ, ''ਜੇਕਰ ਕੁੜੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਦੇਸ਼ ਕੌਮਾਂਤਰੀ ਪੱਧਰ ਉੱਤੇ ਹੋਰ ਮੈਡਲ ਜਿੱਤ ਸਕਦਾ ਹੈ।''
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਬਹੁਤ ਸਾਰੇ ਮਾਪੇ ਆਪਣੀਆਂ ਬੇਟੀਆਂ ਨੂੰ ਲੈ ਕੇ ਆ ਰਹੇ ਹਨ ਤੇ ਮਾਤਾ ਪਿਤਾ ਤੋਂ ੁਨ੍ਹਾਂ ਬਾਰੇ ਪੁੱਛ ਰਹੇ ਹਨ। ''ਮੇਰੀ ਕਾਮਯਾਬੀ ਤੋਂ ਕੁੜੀਆਂ ਨੂੰ ਖੇਡਾਂ ਵਿੱਚ ਜਾਣ ਦਾ ਹੋਰ ਹੌਸਲਾ ਮਿਲੇਗਾ।''
'ਸੋਸ਼ਲ ਮੀਡੀਆ ਦੇਖਣ ਦਾ ਟਾਈਮ ਹੀ ਨਹੀਂ ਮਿਲਦਾ'
ਹਰਜਿੰਦਰ ਦੱਸਦੇ ਹਨ ਕਿ ਵੇਟ ਲਿਫ਼ਟਿੰਗ ਦੀ ਟਰੇਨਿੰਗ ਬਹੁਤ ਸਖ਼ਤ ਹੈ। ਇਸ ਕਰ ਕੇ ਸੋਸ਼ਲ ਮੀਡੀਆ ਨੂੰ ਚਲਾਉਣ ਦਾ ਤਾਂ ਵਕਤ ਨਹੀਂ ਨਹੀਂ ਮਿਲਦਾ।
ਫ਼ੋਨ ਉੱਤੇ ਵਟਸਐੱਪ ਅਤੇ ਇੰਸਟਾਗ੍ਰਾਮ ਉਹ ਚਲਾਉਂਦੀ ਹੈ ਪਰ ਬਹੁਤ ਘੱਟ।
ਹਰਜਿੰਦਰ ਦੱਸਦੇ ਹਨ, ''ਸਵੇਰੇ ਸ਼ਾਮ ਸਖ਼ਤ ਟਰੇਨਿੰਗ ਤੋਂ ਬਾਅਦ ਮੇਰੇ ਕੋਲ ਇੰਨਾ ਵਕਤ ਨਹੀਂ ਹੁੰਦਾ ਕਿ ਮੈਂ ਫ਼ੋਨ ਦਾ ਇਸਤੇਮਾਲ ਕਰ ਸਕਾਂ।''
ਉਹ ਸੀਨੀਅਰ ਵੇਟ ਲਿਫਟਰ ਮੀਰਾ ਬਾਈ ਚਾਨੂੰ ਨੂੰ ਆਪਣਾ ਆਦਰਸ਼ ਮੰਨਦੇ ਹਨ।
ਇਹ ਵੀ ਪੜ੍ਹੋ: