You’re viewing a text-only version of this website that uses less data. View the main version of the website including all images and videos.
ਰਾਸ਼ਟਰਮੰਡਲ ਖੇਡਾਂ: ਟੋਕਾ ਕਰਨ ਵਾਲੀ ਮਸ਼ੀਨ ਤੋਂ ਮਿਲੀ ਬਾਹਾਂ ਨੂੰ ਮਜ਼ਬੂਤੀ ਨੇ ਜਿਤਾਇਆ ਕਾਂਸੇ ਦਾ ਤਮਗਾ
ਪੰਜਾਬ ਦੇ ਨਾਭਾ ਤੋਂ ਹਰਜਿੰਦਰ ਕੌਰ ਨੇ ਬਰਮਿੰਘਮ ਵਿਖੇ ਜਾਰੀ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਭਾਰਤੋਲਨ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ।
ਔਰਤਾਂ ਦੇ 71 ਕਿੱਲੋ ਵਰਗ ਵਿੱਚ ਹਰਜਿੰਦਰ ਕੌਰ ਨੇ ਇਹ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਨੇ ਕੁੱਲ 212 ਕਿਲੋ ਵਜ਼ਨ ਚੁੱਕਿਆ ਹੈ।
ਆਪਣੀ ਜਿੱਤ ਤੋਂ ਬਾਅਦ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਹਰਜਿੰਦਰ ਕੌਰ ਨੇ ਦੱਸਿਆ, "ਮੈਨੂੰ ਪੂਰੀ ਉਮੀਦ ਸੀ ਕਿ ਮੈਨੂੰ ਮੈਡਲ ਮਿਲੇਗਾ। ਹਾਲਾਂਕਿ ਮੈਂ ਆਪਣੇ ਪ੍ਰਦਰਸ਼ਨ ਨਾਲ ਖੁਸ਼ ਨਹੀਂ ਹਾਂ ਪਰ ਮੈਨੂੰ ਖ਼ੁਸ਼ੀ ਹੈ ਕਿ ਮੈਂ ਮੈਡਲ ਜਿੱਤਿਆ। ਇਸ ਤੋਂ ਬਾਅਦ ਮੇਰਾ ਅਗਲਾ ਟੀਚਾ ਏਸ਼ੀਆ ਚੈਂਪੀਅਨਸ਼ਿਪ ਹੈ।"
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਰਜਿੰਦਰ ਕੌਰ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ,"ਭਾਰਤੀ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਹਰਜਿੰਦਰ ਕੌਰ ਨੂੰ ਤਮਗਾ ਜਿੱਤਣ ਤੇ ਵਧਾਈ ਅਤੇ ਇਸ ਨਾਲ ਭਵਿੱਖ ਲਈ ਸ਼ੁੱਭਕਾਮਨਾਵਾਂ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਹੈ।
ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਕੀਤੀ ਪਰਿਵਾਰ ਨੇ ਸਹਾਇਤਾ
ਰਾਸ਼ਟਰਮੰਡਲ ਖੇਡਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਹਰਜਿੰਦਰ ਕੌਰ ਨੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨਾਲ ਗੱਲ ਕੀਤੀ ਸੀ।
ਉਨ੍ਹਾਂ ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਾਹਿਬ ਸਿੰਘ ਅਤੇ ਭਰਾ ਪ੍ਰਿਤਪਾਲ ਸਿੰਘ ਨੇ ਉਨ੍ਹਾਂ ਦੀ ਹਮੇਸ਼ਾ ਸਹਾਇਤਾ ਕੀਤੀ ਹੈ।
ਇਸ ਲਈ ਉਨ੍ਹਾਂ ਨੇ ਕਈ ਵਾਰ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਵੀ ਲਿਆ ਹੈ।
ਪਿੰਡ ਦੇ ਹੀ ਬੈਂਕ ਤੋਂ ਉਨ੍ਹਾਂ ਦੇ ਪਰਿਵਾਰ ਨੇ ਰਾਜਿੰਦਰ ਕੌਰ ਲਈ 50000 ਦਾ ਕਰਜ਼ਾ ਲਿਆ ਸੀ। 2017 ਵਿੱਚ ਪੰਜਾਬ ਵਿੱਚ ਵੇਟਲਿਫਟਿੰਗ ਚੈਂਪੀਅਨ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਉਤਾਰਨ ਵਿੱਚ ਆਪਣੇ ਪਰਿਵਾਰ ਦੀ ਸਹਾਇਤਾ ਕੀਤੀ।
'ਖੇਤਾਂ ਵਿੱਚ ਕੰਮ ਅਤੇ ਪਸ਼ੂਆਂ ਲਈ ਚਾਰਾ ਕੱਟ ਕੇ ਸਰੀਰ ਹੋਇਆ ਮਜ਼ਬੂਤ'
ਅਖ਼ਬਾਰ ਵਿੱਚ ਛਪੀ ਇੰਟਰਵਿਊ ਮੁਤਾਬਕ ਉਨ੍ਹਾਂ ਦਾ ਪਰਿਵਾਰ ਨਾਭਾ ਨਜ਼ਦੀਕ ਮੈਹਸ ਪਿੰਡ ਵਿੱਚ ਇੱਕ ਕਮਰੇ ਦੇ ਘਰ ਵਿੱਚ ਰਹਿੰਦਾ ਹੈ ਅਤੇ ਠੇਕੇ 'ਤੇ ਖੇਤੀ ਕਰਦਾ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਕੁੱਲ ਛੇ ਮੱਝਾਂ ਹਨ ਅਤੇ ਖੇਤੀਬਾੜੀ ਵਿੱਚ ਹਰਜਿੰਦਰ ਕੌਰ ਨੇ ਵੀ ਸਹਾਇਤਾ ਕੀਤੀ ਹੈ।
ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ 212 ਕਿੱਲੋ ਭਾਰ ਚੁੱਕਿਆ ਹੈ ।
ਇਸ ਜਿੱਤ ਤੋਂ ਪਹਿਲਾਂ ਭਾਰਤ ਵਿੱਚ ਦਿੱਤੀ ਗਈ ਇੰਟਰਵਿਊ ਵਿੱਚ ਉਨ੍ਹਾਂ ਨੇ ਆਖਿਆ ਸੀ," ਜੇਕਰ ਮੈਂ ਮੈਡਲ ਜਿੱਤਿਆ ਤਾਂ ਮੈਂ ਕਹਾਂਗੀ ਕਿ ਇਸ ਦਾ ਕਾਰਨ ਖੇਤਾਂ ਵਿੱਚ ਕੰਮ ਤੇ ਟੋਕੇ 'ਤੇ ਜਾਨਵਰਾਂ ਲਈ ਚਾਰਾ ਕੁਤਰਨਾ ਹੈ। ਇਸ ਨਾਲ ਮੇਰੀਆਂ ਬਾਹਾਂ ਮਜ਼ਬੂਤ ਹੋਈਆਂ ਹਨ ਅਤੇ ਵੇਟਲਿਫਟਿੰਗ ਵਿੱਚ ਮੈਨੂੰ ਸਹਾਇਤਾ ਮਿਲੀ ਹੈ।”
ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੇ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਤੋਂ ਪਹਿਲਾਂ ਕਬੱਡੀ ਵਿੱਚ ਵੀ ਹੱਥ ਅਜ਼ਮਾਇਆ ਹੈ ਅਤੇ ਉਨ੍ਹਾਂ ਨੇ ਨਾਭਾ ਦੇ ਸਰਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਹੈ।
ਸਕੂਲ ਜਾਣ ਲਈ ਉਨ੍ਹਾਂ ਨੂੰ ਹਰ ਰੋਜ਼ ਪੰਜ ਕਿਲੋਮੀਟਰ ਸਾਈਕਲ ਚਲਾਉਣਾ ਪੈਂਦਾ ਸੀ ਅਤੇ ਉਨ੍ਹਾਂ ਨੇ ਆਪਣੇ ਕਾਲਜ ਦੀ ਪੜ੍ਹਾਈ ਅਨੰਦਪੁਰ ਸਾਹਿਬ ਤੋਂ ਕੀਤੀ ਹੈ।
"ਨਾਭਾ ਤੋਂ ਆਨੰਦਪੁਰ ਸਾਹਿਬ ਜਾਣ ਲਈ ਮੇਰੇ ਪਿਤਾ ਮੈਨੂੰ 350 ਰੁਪਏ ਕਿਰਾਏ ਵਾਸਤੇ ਦਿੰਦੇ ਸਨ ਅਤੇ 350 ਰੁਪਏ ਜੇਬ ਖਰਚੇ ਲਈ। ਮੈਨੂੰ ਉਨ੍ਹਾਂ ਤੋਂ ਹੋਰ ਪੈਸੇ ਮੰਗਣ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ।"
ਕਬੱਡੀ ਵਿੱਚ ਹਿੱਸਾ ਲੈਣ ਤੋਂ ਬਾਅਦ ਪਟਿਆਲਾ ਵਿਖੇ ਉਨ੍ਹਾਂ ਨੂੰ ਕੋਚ ਪਰਮਜੀਤ ਸ਼ਰਮਾ ਨੇ ਵੇਟਲਿਫਟਿੰਗ ਲਈ ਉਤਸ਼ਾਹਿਤ ਕੀਤਾ। 2016 ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਸ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ: