ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਦੇ ਨਿਯਮਾਂ ਵਿਚ ਹੋਇਆ ਬਦਲਾਅ, ਕਿੰਨੇ ਪੈਸੇ, ਕਿੰਨੇ ਸਮੇਂ ਵਿਚ ਮੰਗਵਾ ਸਕੋਗੇ

    • ਲੇਖਕ, ਦਲੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਸਰਕਾਰ ਵੱਲੋਂ ਵਿਦੇਸ਼ ਤੋਂ ਪ੍ਰਾਪਤ ਹੋਣ ਵਾਲੇ ਪੈਸਿਆਂ ਸਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਤੁਸੀਂ ਪਹਿਲਾਂ ਨਾਲੋਂ ਤੈਅ ਲਿਮਿਟ ਨਾਲੋਂ 10 ਗੁਣਾ ਜ਼ਿਆਦਾ ਪੈਸਾ ਮੰਗਵਾ ਸਕਦੇ ਹੋ।

ਇਹ ਨਵਾਂ ਨਿਯਮਾਂ ਕੀ ਹੈ, ਕਿਹੜੇ ਬਦਲਾਅ ਆਏ ਹਨ ਅਤੇ ਤੁਸੀਂ ਵਿਦੇਸ਼ ਤੋਂ ਪੈਸਾ ਹਾਸਿਲ ਕਰਨਾ ਹੈ ਤਾਂ ਪ੍ਰਕਿਰਿਆ ਕੀ ਹੈ, ਅਜਿਹੇ ਕਈ ਸਵਾਲਾਂ ਦਾ ਜਵਾਬ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ।

ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਭਾਰਤ ਸਰਕਾਰ ਵੱਲੋਂ ਵਿਦੇਸ਼ ਤੋਂ ਪੈਸਾ ਮੰਗਵਾਉਣ ਦੇ ਨਿਯਮਾਂ ਵਿੱਚ ਕੀ ਬਦਲਾਅ ਕੀਤਾ ਗਿਆ ਹੈ ਯਾਨਿ ਨਵਾਂ ਨਿਯਮ ਕੀ ਹੈ?

ਕੇਂਦਰੀ ਗ੍ਰਹਿ ਮੰਤਰਾਲੇ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਤੋਂ ਭਾਰਤੀ ਲੋਕ 10 ਲੱਖ ਰੁਪਏ ਸਾਲਾਨਾ ਤੱਕ ਹਾਸਿਲ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਸਰਕਾਰ ਨੂੰ ਜਾਣਕਾਰੀ ਨਹੀਂ ਦੇਣੀ ਹੋਵੇਗੀ।

ਪਹਿਲਾਂ ਇਹ ਰਕਮ ਇੱਕ ਲੱਖ ਰੁਪਏ ਸਾਲਾਨਾ ਤੱਕ ਸੀ। ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਜੇ ਇਹ ਰਕਮ 10 ਲੱਖ ਰੁਪਏ ਤੋਂ ਵੱਧ ਹੈ ਤਾਂ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਪਹਿਲਾਂ ਇਹ ਜਾਣਕਾਰੀ ਇੱਕ ਮਹੀਨੇ ਦੇ ਅੰਦਰ-ਅੰਦਰ ਦੇਣੀ ਹੁੰਦੀ ਸੀ।

ਵਿਦੇਸ਼ ਤੋਂ ਆਏ ਪੈਸਿਆਂ ਦੀ ਜਾਣਕਾਰੀ ਕਿਵੇਂ ਦਿੱਤੀ ਜਾਂਦੀ ਹੈ

ਜੇਕਰ ਇਹ ਪੈਸੇ ਇੱਕ ਵਿੱਤੀ ਸਾਲ ਵਿੱਚ 10 ਲੱਖ ਤੋਂ ਪਾਰ ਹੋ ਜਾਂਦੇ ਹਨ ਤਾਂ ਕੇਂਦਰ ਸਰਕਾਰ ਨੂੰ ਤੁਸੀਂ 90 ਦਿਨਾਂ ਦੇ ਅੰਦਰ FC-1 ਫਾਰਮ ਭਰ ਕੇ ਜਾਣਕਾਰੀ ਦੇ ਸਕਦੇ ਹੋ।

ਇਹ ਫਾਰਮ fcraonline.nic.in ਦੀ ਵੈੱਬਸਾਈਟ ਉੱਤੇ ਮੌਜੂਦ ਹੈ। ਇਸੇ ਵੈੱਬਸਾਈਟ ਉੱਤੇ ਆਨਲਾਈਨ ਫਾਰਮ ਕਿਵੇਂ ਭਰੀਏ, ਕਿਹੜੇ ਡਾਕੂਮੈਂਟ ਲੋੜੀਂਦੇ ਹਨ, ਇਹ ਸਭ ਕੁਝ ਦੱਸਿਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਐੱਫਸੀਆਰਏ ਦਾ ਮਤਲਬ ਹੈ ਫੌਰੇਨ ਕੌਂਟ੍ਰੀਬਿਊਸ਼ਨ (ਰੇਗੂਲੇਸ਼ਨ) ਐਕਟ (ਐੱਫਸੀਆਰਏ) ਜਿਸ ਰਾਹੀਂ ਵਿਦੇਸ਼ ਤੋਂ ਪੈਸਿਆਂ ਉੱਤੇ ਸਰਕਾਰ ਵੱਲੋਂ ਨਿਗਰਾਨੀ ਰੱਖੀ ਜਾਂਦੀ ਹੈ।

ਪ੍ਰਾਪਤ ਪੈਸਿਆਂ ਬਾਰੇ ਸਲਾਨਾ ਰਿਟਰਨ ਐੱਫਸੀਆਰਏ ਦੀ ਵੈੱਬਸਾਈਟ ਉੱਤੇ ਫਾਈਲ ਕਰਨੀ ਹੁੰਦੀ ਹੈ, ਇਹ ਰਿਟਰਨ ਭਾਰਤ ਵਿੱਚ ਭਰੀ ਜਾਂਦੀ ਇਨਕਮ ਟੈਕਸ ਰਿਟਰਨ ਤੋਂ ਵੱਖ ਹੁੰਦੀ ਹੈ।

ਕੀ ਪਰਵਾਸੀ ਭਾਰਤੀਆਂ ਵੱਲੋਂ ਭੇਜੇ ਗਏ ਪੈਸੇ ਵਿਦੇਸ਼ੀ ਧਨ ਕਿਹਾ ਜਾ ਸਕਦਾ ਹੈ

ਨਹੀਂ, ਕੋਈ ਵੀ ਭਾਰਤੀ ਨਾਗਰਿਕ ਜੋ ਵਿਦੇਸ਼ ਵਿੱਚ ਰਹਿੰਦਾ ਹੈ ਜੋ ਆਪਣੀ ਬਚਤ ਦੇ ਪੈਸੇ ਭਾਰਤ ਭੇਜਦਾ ਹੈ ਤਾਂ ਉਸ ਦੇ ਪੈਸਿਆਂ ਨੂੰ ਫੌਰਨ ਕੰਟ੍ਰੀਬਿਊਸ਼ਨ ਯਾਨਿ ਵਿਦੇਸ਼ੀ ਧਨ ਨਹੀਂ ਕਿਹਾ ਜਾਵੇਗਾ।

ਉਹ ਇਹ ਪੈਸੇ ਆਮ ਬੈਂਕਿੰਗ ਪ੍ਰਕਿਰਿਆ ਰਾਹੀਂ ਭੇਜ ਸਕਦੇ ਹਨ। ਪਰ ਜੋ ਲੋਕ ਵਿਦੇਸ਼ ਜਾ ਕੇ ਉੱਥੇ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਹਨ ਉਨ੍ਹਾਂ ਦਾ ਭੇਜਿਆ ਪੈਸਾ ਵਿਦੇਸ਼ੀ ਧਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਨਿਯਮ PIO/OCI ਕਾਰਡਹੋਲਡਰ ਲੋਕਾਂ ਉੱਤੇ ਵੀ ਲਾਗੂ ਹੁੰਦਾ ਹੈ।

ਇਹ ਵੀ ਪੜ੍ਹੋ-

ਵਿਦੇਸ਼ ਤੋਂ ਪੈਸੇ ਮੰਗਵਾਉਣ ਲਈ ਬੈਂਕ ਅਕਾਉਂਟ ਸਬੰਧੀ ਕੀ ਹਨ ਨਿਯਮ

ਵਿਦੇਸ਼ ਤੋਂ ਪੈਸੇ ਵੱਖ-ਵੱਖ ਅਕਾਉਂਟਾਂ ਵਿੱਚ ਨਹੀਂ ਸਗੋਂ ਸਿਰਫ਼ ਇੱਕ ਹੀ ਅਕਾਉਂਟ ਵਿੱਚ ਮੰਗਵਾਇਆ ਜਾ ਸਕਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਐਫਸੀਆਰਏ ਅਕਾਊਂਟ।

ਪੈਸਾ ਤੁਸੀਂ ਵੈਸਟਰਨ ਯੂਨੀਅਨ ਜਾਂ ਮਨੀਗਰਾਮ ਵਰਗੀਆਂ ਵਿੱਤੀ ਸੰਸਥਾਵਾਂ ਰਾਹੀਂ ਵੀ ਮੰਗਵਾ ਸਕਦੇ ਹੋ।

ਦਿੱਲੀ ਵਿੱਚ ਵੈਸਟਰਨ ਯੂਨੀਅਨ ਰਾਹੀਂ ਲੋਕਾਂ ਦੇ ਪੈਸੇ ਮੰਗਵਾਉਣ ਵਾਲੇ ਰਾਜੇਸ਼ ਦੱਸਦੇ ਹਨ ਕਿ ਵੈਸਟਰਨ ਯੂਨੀਅਨ ਰਾਹੀਂ ਪੈਸੇ ਪ੍ਰਾਪਤ ਕਰਨ ਦਾ ਵੀ ਹਿਸਾਬ ਕਿਤਾਬ ਸਰਕਾਰ ਕੋਲ ਪਹੁੰਚਦਾ ਹੈ।

ਜਦੋਂ ਤੁਸੀ ਪੈਸੇ ਲੈਣ ਜਾਂਦੇ ਹੋ ਤਾਂ ਤੁਹਾਡਾ ਪਛਾਣ ਪੱਤਰ ਲਿਆ ਜਾਂਦਾ ਹੈ, ਤੁਹਾਨੂੰ ਪੈਸੇ ਭੇਜਣ ਵਾਲੇ ਦਾ ਵੇਰਵਾ ਦੇਣਾ ਹੁੰਦਾ ਹੈ ਅਤੇ MTCN ਯਾਨਿ ਮਨੀ ਟਰਾਂਸਫਰ ਨੰਬਰ ਵੀ ਦੇਣਾ ਹੁੰਦਾ ਹੈ, ਸਾਰੇ ਵੇਰਵੇ ਦੇਣ ਮਗਰੋਂ ਤੁਸੀਂ ਪੈਸੇ ਹਾਸਲ ਕਰ ਸਕਦੇ ਹੋ।

ਫੌਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਵਿੱਚ ਹੋਏ ਨਵੇਂ ਬਦਲਾਅ ਮੁਤਾਬਕ ਜੇਕਰ ਘਰ ਦਾ ਪਤਾ, ਬੈਂਕ ਦਾ ਖਾਤਾ ਨੰਬਰ ਆਦਿ ਵਿੱਚ ਬਦਲਾਅ ਹੋਇਆ ਹੈ ਤਾਂ 15 ਦਿਨ ਦੀ ਜਗ੍ਹਾ ਹੁਣ 45 ਦਿਨ ਦੇ ਵਿੱਚ-ਵਿੱਚ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ।

ਵਿਦੇਸ਼ ਤੋਂ ਪੈਸੇ ਹਾਸਲ ਕਰਨ ਲਈ ਸਰਕਾਰ ਵੱਲੋਂ ਐੱਫਸੀਆਰਏ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ, ਇਸ ਸਰਟੀਫਿਕੇਟ ਦੇ ਤਹਿਤ ਹੀ ਪੈਸੇ ਆਉਂਦੇ ਹਨ।

ਜੇਕਰ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਇਹ ਸਰਟੀਫਿਕੇਟ ਸਸਪੈਂਡ ਵੀ ਕਰ ਸਕਦੀ ਹੈ ਅਤੇ ਖਾਤੇ ਅੰਦਰ ਪਏ ਪੈਸਿਆਂ ਦੀ ਵਰਤੋਂ ਉੱਤੇ ਵੀ ਸ਼ਰਤਾਂ ਲਗਾਈਆਂ ਜਾ ਸਕਦੀਆਂ ਹਨ।

ਭਾਰਤ ਦੁਨੀਆਂ ਭਰ ਵਿੱਚ ਵਿਦੇਸ਼ ਤੋਂ ਪੈਸਾ ਹਾਸਲ ਕਰਨ ਵਿੱਚ ਮੁਹਰੀ

ਵਰਲਡ ਬੈਂਕ ਦੀ ਰਿਪੋਰਟ ਮੁਤਾਬਕ ਭਾਰਤ ਦੁਨੀਆਂ ਭਰ ਵਿੱਚ ਵਿਦੇਸ਼ ਤੋਂ ਪੈਸੇ ਹਾਸਲ ਕਰਨ ਵਿੱਚ ਸਭ ਤੋਂ ਅੱਗੇ ਹੈ।

ਸਾਲ 2021 ਵਿੱਚ ਭਾਰਤ ਨੇ 87 ਬਿਲੀਅਨ ਡਾਲਰ ਵਿਦੇਸ਼ ਤੋਂ ਆਇਆ ਪੈਸਾ ਪ੍ਰਾਪਤ ਕੀਤਾ ਹੈ। ਭਾਰਤ ਤੋਂ ਬਾਅਦ ਨੰਬਰ ਆਉਂਦਾ ਹੈ ਚੀਨ, ਮੈਕਸੀਕੋ ਅਤੇ ਫਿਲੀਪੀਨਜ਼ ਦਾ।

ਸਾਲ 2021 ਦੀ ਰਿਪੋਰਟ ਮੁਤਾਬਕ ਸਭ ਤੋਂ ਵੱਧ ਭਾਰਤ ਨੂੰ ਅਮਰੀਕਾ ਤੋਂ ਪੈਸੇ ਆਏ। ਇਸ ਤੋਂ ਇਲਾਵਾ ਭਾਰਤ ਨੂੰ ਖਾੜੀ ਮੁਲਕਾਂ ਤੋਂ ਲੋਕ ਵੱਡੀ ਗਿਣਤੀ ਵਿੱਚ ਪੈਸਾ ਭੇਜਦੇ ਹਨ।

ਇਨ੍ਹਾਂ ਵਿੱਚੋਂ ਕੇਰਲਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਰੇਗ ਸੂਬਿਆਂ ਦੇ ਲੋਕ ਮੋਹਰੀ ਹਨ ਜੋ ਵਿਦੇਸ਼ਾਂ ਤੋਂ ਪੈਸਾ ਆਪਣੇ ਘਰਾਂ ਨੂੰ ਭੇਜਦੇ ਹਨ।

ਇਨ੍ਹਾਂ ਤੋਂ ਬਾਅਦ ਨੰਬਰ ਪੰਜਾਬ ਦਾ ਆਉਂਦਾ ਹੈ। ਧਿਆਨ ਰਹੇ ਕਿ ਇੱਥੇ ਸਿਰਫ ਉਨ੍ਹਾਂ ਪੈਸਿਆਂ ਦੀ ਹੀ ਗੱਲ ਹੋ ਰਹੀ ਹੈ ਜੋ ਲੋਕ ਕਮਾਈ ਕਰਕੇ ਭੇਜਦੇ ਹਨ ਨਾ ਕਿ ਇੰਪੋਰਟ ਅਤੇ ਐਕਸਪੋਰਟ ਦੌਰਾਨ ਲੈਣ ਦੇਣ ਲਈ ਵਰਤੀ ਜਾਂਦੀ ਰਕਮ।

ਗ਼ੈਰ-ਸਰਕਾਰੀ ਸੰਸਥਾਵਾਂ ਬਾਰੇ ਕੀ ਨਿਯਮ ਹਨ

ਇਹ ਤਾਂ ਗੱਲ ਹੋਈ ਵਿਦੇਸ਼ ਤੋਂ ਭੇਜੇ ਜਾਂਦੇ ਵਿਅਕਤੀਗਤ ਪੈਸਿਆਂ ਬਾਰੇ, ਹੁਣ ਸਵਾਲ ਹੈ ਕਿ ਸੰਸਥਾਵਾਂ ਜਾਂ ਐਨਜੀਓਬਾਰੇ ਕੀ ਹਨ ਨਿਯਮ

ਫੌਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਮੁਤਾਬਕ ਜੇ ਕਿਸੇ ਸੰਸਥਾ ਨੂੰ ਬਾਹਰੋਂ ਪੈਸੇ ਆਉਂਦੇ ਹਨ ਹੈ ਤਾਂ ਉਸ ਦੀਆਂ ਰਸੀਦਾਂ ਅਤੇ ਉਸ ਦੀ ਵਰਤੋਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ।

ਇਹ ਜਾਣਕਾਰੀ ਸੰਸਥਾ ਆਪਣੀ ਵੈੱਬਸਾਈਟ ਜਾਂ ਮੰਤਰਾਲੇ ਦੀ ਵੈੱਬਸਾਈਟ ਉੱਪਰ ਜਾ ਕੇ ਦੇ ਸਕਦੀ ਹੈ।

ਨਵੇਂ ਨਿਯਮਾਂ ਮੁਤਾਬਕ ਸਾਰੀਆਂ ਐਨਜੀਓਜ਼ ਨੂੰ ਐਫਸੀਆਰਏ ਅਧੀਨ ਰਜਿਸਟਰਡ ਕਰਵਾਉਣਾ ਹੋਵੇਗਾ। ਇਹ ਐੱਨਜੀਓਜ਼ ਕਿਸੇ ਰਾਜਨੀਤਕ ਦਲ ਨਾਲ ਜੁੜੇ ਨਹੀਂ ਹੋਣੇ ਚਾਹੀਦੇ ਹਨ।

ਜੇਕਰ ਇਹ ਐੱਨਜੀਓਜ਼ ਕਿਸੇ ਤਰ੍ਹਾਂ ਦੇ ਧਰਨਾ ਪ੍ਰਦਰਸ਼ਨ ਜਾਂ ਬੰਦ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਸ ਨੂੰ ਰਾਜਨੀਤਕ ਗਤੀਵਿਧੀ ਹੀ ਸਮਝਿਆ ਜਾਵੇਗਾ।

ਜੇਕਰ ਤੁਸੀਂ ਵੀ ਇਹ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਜ਼ਿਲ੍ਹੇ ਵਿੱਚ ਕਿਹੜੀ ਸਮਾਜਿਕ, ਸਿੱਖਿਅਕ ਤੇ ਧਾਰਮਿਕ ਸੰਸਥਾ ਜਾਂ ਐੱਨਜੀਓ ਨੇ ਖੁਦ ਨੂੰ ਵਿਦੇਸ਼ਾਂ ਤੋਂ ਪੈਸੇ ਲੈਣ ਲਈ ਰਜਿਸਟਰ ਕਰਵਾਇਆ ਹੈ ਤਾਂ ਤੁਸੀਂ fcraonline.nic.in ਦੀ ਵੈੱਬਸਾਈਟ ਉੱਤੇ ਜਾਓ, ਆਪਣਾ ਸੂਬਾ ਅਤੇ ਜ਼ਿਲ੍ਹਾ ਭਰੋ, ਵੇਰਵਾ ਤੁਹਾਡੇ ਸਾਹਮਣੇ ਆ ਜਾਵੇਗਾ।

ਮਿਸਾਲ ਦੇ ਤੌਰ 'ਤੇ ਜੇ ਤੁਸੀਂ ਅੰਮ੍ਰਿਤਸਰ ਜਿਲ੍ਹੇ ਬਾਰੇ ਸਰਚ ਕਰੋਗੇ ਤਾਂ ਉਸ ਲਿਸਟ ਵਿੱਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਹਰਿਮੰਦਰ ਸਾਹਿਬ ਦਾ ਵੀ ਨਾਂ ਦਿਖੇਗਾ। ਇਨ੍ਹਾਂ ਸੰਸਥਾਵਾਂ ਨੂੰ ਪੈਸਾ ਐੱਫਸੀਆਰਏ ਤਹਿਤ ਹੀ ਆਉਂਦਾ ਹੈ।

ਵਿਦੇਸ਼ਾਂ ਤੋਂ ਕੌਣ ਪੈਸੇ ਨਹੀਂ ਲੈ ਸਕਦਾ

ਫੌਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ 2010 ਦੇ ਮੁਤਾਬਕ ਚੋਣਾਂ ਲੜ ਰਿਹਾ ਸ਼ਖਸ, ਪੱਤਰਕਾਰ, ਕਾਲਮਨਵੀਸ, ਕਾਰਟੂਨਿਸਟ, ਸੰਪਾਦਕ, ਕਿਸੇ ਅਖ਼ਬਾਰ ਦਾ ਮਾਲਕ ਜਾਂ ਪਬਲਿਸ਼ਰ, ਜੱਜ, ਸਰਕਾਰੀ ਨੌਕਰੀ ਕਰਨ ਵਾਲਾ ਸ਼ਖਸ, ਸਿਆਸੀ ਪਾਰਟੀ ਦਾ ਅਹੁਦੇਦਾਰ ਵਿਦੇਸ਼ ਤੋਂ ਪੈਸੇ ਨਹੀਂ ਮੰਗਵਾ ਸਕਦਾ।

ਫੌਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸੰਸਥਾ ਜਾਂ ਸ਼ਖਸ ਖਿਲਾਫ਼ ਸੀਬੀਆਈ, ਸੂਬੇ ਦੀ ਕ੍ਰਾਈਮ ਬਰਾਂਚ ਜਾਂਚ ਸ਼ੁਰੂ ਕਰ ਸਕਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)