ਸਟਾਲਿਨ ਦੀ ਰਣਨੀਤੀ ਤੇ ਹਿਟਲਰ ਦੀਆਂ ਗਲਤੀਆਂ, ਜਿਸਨੇ ਦੂਜੇ ਵਿਸ਼ਵ ਯੁੱਧ ਦਾ ਰੁਖ਼ ਹੀ ਬਦਲ ਦਿੱਤਾ

22 ਜੂਨ, 1941 ਨੂੰ ਨਾਜ਼ੀ ਜਰਮਨੀ ਨੇ ਆਪ੍ਰੇਸ਼ਨ ਬਾਰਬਰੋਸਾ ਸ਼ੂਰੂ ਕੀਤਾ ਸੀ, ਜੋ ਸੋਵੀਅਤ ਸੰਘ ਦੇ ਖ਼ਿਲਾਫ ਇੱਕ ਵੱਡੀ ਹਮਲਾਵਰ ਕਾਰਵਾਈ ਸੀ। ਉਸ ਸਮੇਂ ਸੋਵੀਅਤ ਯੂਨੀਅਨ ਦੀ ਕਮਾਨ ਸਟਾਲਿਨ ਦੇ ਹੱਥਾਂ 'ਚ ਸੀ।

ਇਹ ਇਤਿਹਾਸ ਦਾ ਸਭ ਤੋਂ ਵੱਡਾ ਫੌਜੀ ਹਮਲਾ ਸੀ। ਇਹ ਇਕ ਜੋਖ਼ਮ ਭਰੀ ਬਾਜ਼ੀ ਵੀ ਸੀ, ਜੋ ਉਸ ਸਮੇਂ ਅਡੋਲਫ਼ ਹਿਟਲਰ ਨੇ ਦੂਜੇ ਵਿਸ਼ਵ ਯੁੱਧ ਨੂੰ ਫ਼ੈਸਲਾਕੁੰਨ ਤਰੀਕੇ ਨਾਲ ਆਪਣੇ ਪੱਖ 'ਚ ਕਰਨ ਲਈ ਖੇਡੀ ਸੀ।

ਪਰ ਚੀਜ਼ਾਂ ਉਸ ਢੰਗ ਨਾਲ ਨਾ ਵਾਪਰੀਆਂ, ਜਿਸ ਤਰ੍ਹਾਂ ਜਰਮਨੀ ਦਾ ਆਗੂ ਹਿਟਲਰ ਚਾਹੁੰਦਾ ਸੀ। ਇਤਿਹਾਸਕਾਰ ਇਸ ਆਪ੍ਰੇਸ਼ਨ ਨੂੰ ਦੂਜੇ ਵਿਸ਼ਵ ਯੁੱਧ ਦਾ ਇਕ ਨਵਾਂ ਮੋੜ ਮੰਨਦੇ ਹਨ ਅਤੇ ਇਸ ਦੇ ਨਾਲ ਹੀ ਇਸ ਨੂੰ ਜਰਮਨੀ ਦੀ ਸਰਾਦੀਰ ਦੇ ਅੰਤ ਦੀ ਸ਼ੁਰੂਆਤ ਵੀ ਮੰਨਦੇ ਹਨ।

ਆਪ੍ਰੇਸ਼ਨ ਬਾਰਬਰੋਸਾ ਨੇ ਦੋਵੇਂ ਸਰਬੋਤਮ ਸ਼ਕਤੀਆਂ ਦਰਮਿਆਨ ਛੇ ਮਹੀਨੇ ਤੱਕ ਚੱਲਣ ਵਾਲੀ ਭਿਆਨਕ ਜੰਗ ਦਾ ਆਗਾਜ਼ ਕੀਤਾ ਸੀ। ਇਹ ਇੱਕ ਅਜਿਹਾ ਮੁਕਾਬਲਾ ਸੀ, ਜੋ ਦੂਜੇ ਵਿਸ਼ਵ ਯੁੱਧ ਦਾ ਫ਼ੈਸਲਾਕੁੰਨ ਨਤੀਜਾ ਲਿਆਉਣ ਵਾਲਾ ਸੀ।

ਆਪ੍ਰੇਸ਼ਨ ਬਾਰਬਰੋਸਾ ਦਾ ਨਾਂਅ 12ਵੀਂ ਸਦੀ ਦੇ ਪਵਿੱਤਰ ਰੋਮਨ ਸਮਰਾਟ ਫਰੈਡਿਕ ਬਾਰਬਰੋਸਾ ਦੇ ਨਾਮ 'ਤੇ ਰੱਖਿਆ ਗਿਆ ਸੀ। ਸੋਵੀਅਤ ਯੂਨੀਅਨ 'ਤੇ ਜਰਮਨੀ ਦੇ ਹਮਲੇ ਦੇ ਨਾਲ ਹੀ ਸਾਲ 1939 'ਚ ਹੋਇਆ ਜਰਮਨ-ਸੋਵੀਅਤ ਸਮਝੌਤਾ ਵੀ ਟੁੱਟ ਗਿਆ ਸੀ।

ਜਰਮਨੀ ਤੇ ਸਮਰਥਕ ਦੇਸ਼ਾਂ ਦੀਆਂ ਫੌਜਾਂ ਨੇ 30 ਲੱਖ ਲੋਕਾਂ ਨੂੰ ਤਿੰਨ ਸਮੂਹਾਂ 'ਚ ਵੰਡ ਕੇ ਲੈਨਿਨਗਰਾਦ, ਕੀਐਫ਼ ਅਤੇ ਮਾਸਕੋ ਨੂੰ ਨਿਸ਼ਾਨਾ ਬਣਾਇਆ।

ਸੋਵੀਅਤ ਫੌਜ ਅਚਾਨਕ ਹੋਏ ਇਸ ਹਮਲੇ ਕਾਰਨ ਹੈਰਾਨ ਰਹਿ ਗਈ ਅਤੇ ਪਹਿਲੀ ਲੜਾਈ 'ਚ ਉਸ ਨੂੰ ਭਾਰੀ ਨੁਕਸਾਨ ਝੱਲਣਾ ਪਿਆ।

ਮੰਨਿਆ ਜਾਂਦਾ ਹੈ ਕਿ ਇਸ ਹਮਲੇ 'ਚ ਕਈ ਲੱਖ ਲੋਕਾਂ ਦੀਆਂ ਜਾਨਾਂ ਗਈਆਂ। ਕੀਐਫ਼, ਸਮੋਲੇਂਸਕ ਅਤੇ ਵਿਆਜ਼ਮਾ ਵਰਗੇ ਸ਼ੀਹਰਾਂ 'ਤੇ ਨਾਜ਼ੀਆਂ ਨੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਸੀ।

ਹਾਲਾਂਕਿ ਨਾਜ਼ੀਆਂ ਨੂੰ ਵੀ ਵੱਡੀ ਕੀਮਤ ਅਦਾ ਕਰਨੀ ਪਈ ਸੀ। ਹੌਲੀ-ਹੌਲੀ ਸੋਵੀਅਤ ਰੱਖਿਆ 'ਚ ਹੋ ਰਹੇ ਸੁਧਾਰ ਅਤੇ ਰੂਸ ਦੀ ਕੜਾਕੇ ਦੀ ਠੰਡ ਦੇ ਕਾਰਨ ਦਸੰਬਰ ਮਹੀਨੇ ਜਰਮਨੀ ਦੀ ਪੈਦਲ ਫੌਜ ਦਾ ਅੱਗੇ ਵੱਧਣਾ ਰੁਕ ਗਿਆ ਸੀ।

ਜਰਮਨੀ ਫੌਜ ਉਸ ਸਮੇਂ ਤੱਕ ਮਾਸਕੋ ਤੱਕ ਪਹੁੰਚ ਗਈ ਸੀ। ਇਸ ਦੌਰਾਨ ਹਿਟਲਰ ਨੇ ਫ਼ੈਸਲਾ ਕੀਤਾ ਕਿ ਜਰਮਨੀ ਦੀ ਫੌਜ ਲੈਨਿਨਗਰਾਦ 'ਚ ਹਮਲਾਵਰ ਕਾਰਵਾਈ ਨਹੀਂ ਬਲਕਿ ਲੰਮੀ ਘੇਰਾਬੰਦੀ ਕਰੇਗੀ।

ਭਾਵੇਂ ਕਿ ਸੋਵੀਅਤ ਫੌਜ ਸ਼ੁਰੂਆਤੀ ਹਮਲਿਆਂ 'ਚ ਬਚ ਗਈ, ਪਰ ਜਰਮਨੀ ਦੀ ਫੌਜ ਨੇ 1942 'ਚ ਨਵੇਂ ਹਮਲੇ ਦੀ ਸ਼ੁਰੂਆਤ ਕੀਤੀ ਅਤੇ ਸੋਵੀਅਤ ਯੂਨੀਅਨ ਦੇ ਖੇਤਰ 'ਚ ਅੰਦਰ ਤੱਕ ਦਾਖਲ ਹੋ ਗਈ।

ਸਾਲ 1942 ਅਤੇ 1943 ਦਰਮਿਆਨ ਸਟਾਲਿਨਗਰਾਦ ਦੀ ਲੜਾਈ ਨੇ ਸਥਿਤੀ ਨੂੰ ਬਦਲ ਹੀ ਦਿੱਤਾ ਅਤੇ ਆਖ਼ਰਕਾਰ ਜਰਮਨੀ ਦੀ ਫੌਜ ਨੂੰ ਪਿੱਛੇ ਹੱਟਣਾ ਪਿਆ।

ਜਰਮਨੀ ਹਮਲਿਆਂ ਦੇ ਨਾਲ ਹੀ ਸੋਵੀਅਤ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਸਨ ਅਤੇ ਸਭ ਤੋਂ ਵੱਧ ਯਹੁਦੀ ਪ੍ਰਭਾਵਤ ਹੋਏ ਸਨ।

10 ਲੱਖ ਤੋਂ ਵੱਧ ਯਹੂਦੀ ਮਾਰੇ ਗਏ ਸਨ। ਹਿਟਲਰ ਨੇ ਯਹੂਦੀਆਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਦੀ ਤਰਕੀਬ ਬਣਾਈ ਸੀ।

ਹੁਣ ਇਸ ਆਪ੍ਰੇਸ਼ਨ ਦੇ ਤਕਰੀਬਨ 80 ਸਾਲ ਬਾਅਦ ਫੌਜੀ ਇਤਿਹਾਸ ਅਤੇ ਦੂਜੇ ਵਿਸ਼ਵ ਯੁੱਧ ਦੇ ਮਾਹਰ ਬ੍ਰਿਟਿਸ਼ ਇਤਿਹਾਸਕਾਰ ਐਂਟਨੀ ਬੀਵਰ ਨੇ ਬੀਬੀਸੀ ਹਿਸਟਰੀ ਦੇ 10 ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਹਿਟਲਰ ਦੀਆਂ ਵੱਡੀਆਂ ਗਲਤੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ।

1 - ਕੀ ਹਿਟਲਰ ਕੋਲ ਸੋਵੀਅਤ ਸੰਘ 'ਤੇ ਹਮਲਾ ਕਰਨਾ ਦੀ ਲੰਮੀ ਮਿਆਦ ਦੀ ਯੋਜਨਾ ਸੀ?

ਅਡੋਲਫ਼ ਹਿਟਲਰ ਨੇ ਵੱਡੇ-ਵੱਡੇ ਕਾਰੋਬਾਰਾਂ ਪ੍ਰਤੀ ਤੇਜ਼ੀ ਨਾਲ ਆਪਣਾ ਨਜ਼ਰੀਆ ਬਦਲਿਆ, ਪਰ ਮੈਨੂੰ ਲੱਗਦਾ ਹੈ ਕਿ ਸੋਵੀਅਤ ਸੰਘ 'ਤੇ ਉਨ੍ਹਾਂ ਦਾ ਹਮਲਾ ਕੁਝ ਅਜਿਹਾ ਹੈ, ਜੋ ਪਹਿਲੇ ਵਿਸ਼ਵ ਯੁੱਧ ਦੇ ਅੰਤ ਤੱਕ ਜਾਂਦਾ ਹੈ।

ਬੋਲਸ਼ੇਵਿਜ਼ਮ ਪ੍ਰਤੀ ਨਫ਼ਰਤ ਉਸ ਦੇ ਅੰਦਰ ਤੋਂ ਹੀ ਸੀ। ਪਰ ਇਹ ਸਾਲ 1918 'ਚ ਯੁਕ੍ਰੇਨ 'ਤੇ ਜਰਮਨੀ ਦੇ ਕਬਜ਼ੇ ਦੇ ਕਾਰਨ ਅਤੇ ਇਸ ਵਿਸ਼ਵਾਸ਼ ਤੋਂ ਵੀ ਪ੍ਰਭਾਵਿਤ ਹੋਈ ਸੀ ਕਿ ਭਵਿੱਖ 'ਚ ਬੋਲਸ਼ੇਵਿਜ਼ਮ ਵਧੇਰੇ ਪ੍ਰਫੁੱਲਤ ਹੋ ਸਕਦਾ ਹੈ।

ਇਹ ਵੀ ਵਿਚਾਰ ਸੀ ਕਿ ਇਸ ਖੇਤਰ 'ਤੇ ਕਬਜ਼ਾ ਕਰਨ ਨਾਲ ਬ੍ਰਿਟਿਸ਼ ਨਾਕੇਬੰਦੀ ਨੂੰ ਰੋਕਿਆ ਜਾ ਸਕਦਾ ਹੈ, ਜਿਸ ਕਾਰਨ ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ 'ਚ ਸੌਕਾ/ਕਾਲ ਪੈ ਗਿਆ ਸੀ। ਇਸ ਲਈ ਇਹ ਇੱਕ ਰਣਨੀਤਿਕ ਫ਼ੈਸਲਾ ਤਾਂ ਸੀ ਪਰ ਨਾਲ ਹੀ ਕੁਦਰਤੀ ਵੀ ਸੀ।

ਅਸਲੀਅਤ ਤਾਂ ਇਹ ਸੀ ਕਿ ਦਸੰਬਰ 1940 ਤੱਕ ਯੋਜਨਾ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਹਿਟਲਰ ਨੇ ਆਪਣੇ ਜਰਨੈਲਾਂ ਸਾਹਮਣੇ ਸੋਵੀਅਤ ਯੂਨੀਅਨ 'ਤੇ ਹਮਲੇ ਨੂੰ ਜਾਇਜ਼ ਠਹਿਰਾਉਂਦਿਆਂ ਇਹ ਕਿਹਾ ਸੀ ਕਿ ਬ੍ਰਿਟੇਨ ਨੂੰ ਇਸ ਜੰਗ ਤੋਂ ਬਾਹਰ ਕਰਨ ਦਾ ਇਹੀ ਇੱਕੋ ਇੱਕ ਰਾਹ ਹੈ।

ਜੇ ਸੋਵੀਅਤ ਸੰਘ ਹਾਰ ਜਾਂਦਾ ਹੈ ਤਾਂ ਬ੍ਰਿਟੇਨ ਕੋਲ ਆਤਮ ਸਮਰਪਣ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਹੋਵੇਗਾ। ਜੋ ਕਿ ਤਤਕਾਲੀ ਸਥਿਤੀਆਂ ਦਾ ਵਿਸ਼ੇਸ਼ ਵਿਸ਼ਲੇਸ਼ਣ ਸੀ।

2 - ਕੀ ਜਰਮਨ - ਸੋਵੀਅਤ ਸਮਝੌਤਾ ਹਿਟਲਰ ਦੇ ਲਈ ਇੱਕ ਅਸਥਾਈ ਹੱਲ ਨਾਲੋਂ ਵਧੇਰੇ ਸੀ?

ਇਹ ਜਾਣਬੁੱਝ ਕੇ ਕੀਤਾ ਗਿਆ ਸੀ। ਹਿਟਲਰ ਸਮਝ ਗਿਆ ਸੀ ਕਿ ਉਸ ਨੂੰ ਪਹਿਲਾਂ ਪੱਛਮੀ ਗੱਠਜੋੜ ਨੂੰ ਮਾਤ ਦੇਣੀ ਪਵੇਗੀ ਅਤੇ ਇਹ ਉਨ੍ਹਾਂ ਦੇ ਅਸਾਧਾਰਣ ਆਤਮ ਵਿਸ਼ਵਾਸ ਨੂੰ ਦਰਸਾਉਂਦਾ ਹੈ, ਖਾਸ ਕਰਕੇ ਜੇ ਕੋਈ ਇਹ ਸੋਚਦਾ ਹੈ ਕਿ ਉਸ ਸਮੇਂ ਫਰਾਂਸ ਦੀ ਫੌਜ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ।

ਨਾਜ਼ੀਆਂ ਅਤੇ ਸੋਵੀਅਤ ਸੰਘ ਦਰਮਿਆਨ ਰਿਬੇਨਤ੍ਰੋਪ-ਮੋਲੋਤੋਵ ਸੰਧੀ ਦੇ ਕਾਰਨ ਅੱਧੇ ਨਾਲੋਂ ਵੱਧ ਯੂਰਪ ਨੂੰ ਕਈ ਦਹਾਕਿਆਂ ਤੱਕ ਦੁੱਖ ਝੱਲਣਾ ਪਿਆ।

ਸਟਾਲਿਨ ਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਪੂੰਜੀਵਾਦ ਰਾਸ਼ਟਰ ਅਤੇ ਨਾਜ਼ੀ ਆਪਸੀ ਖੂਨ ਖ਼ਰਾਬੇ ਨਾਲ ਖ਼ਤਮ ਹੋ ਜਾਣਗੇ।

ਸਟਾਲਿਨ ਲਈ ਵੀ ਜਰਮਨ-ਸੋਵੀਅਤ ਸਮਝੌਤਾ ਇੱਕ ਜ਼ਰੂਰਤ ਹੀ ਸੀ, ਕਿਉਂਕਿ ਉਨ੍ਹਾਂ ਹਾਲ 'ਚ ਹੀ ਆਪਣੀ ਰੈੱਡ ਆਰਮੀ ਨੂੰ ਖ਼ਤਮ ਕੀਤਾ ਸੀ ਅਤੇ ਉਹ ਵੀ ਜਰਮਨੀ ਨਾਲ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਟਕਰਾਅ ਨੂੰ ਰੋਕਣਾ ਚਾਹੁੰਦੇ ਸੀ।

3 - ਅਕਸਰ ਹੀ ਇਸ ਦੀ ਅਲੋਚਨਾ ਹੁੰਦੀ ਹੈ ਕਿ ਜਰਮਨੀ ਨੇ ਹਮਲਾ ਕਰਨ ਲਈ ਬਹੁਤ ਲੰਮਾ ਸਮਾਂ ਇੰਤਜ਼ਾਰ ਕੀਤਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?

ਬੇਸ਼ੱਕ ਇਹ ਸੱਚ ਹੈ ਕਿ ਆਪ੍ਰੇਸ਼ਨ ਬਾਰਬਰੋਸਾ ਕਾਫ਼ੀ ਦੇਰ ਨਾਲ ਸ਼ੂਰੂ ਕੀਤਾ ਗਿਆ ਸੀ ਅਤੇ ਇਸ ਗੱਲ ਬਾਰੇ ਕਾਫ਼ੀ ਚਰਚਾ ਵੀ ਹੁੰਦੀ ਹੈ ਕਿ ਇਸ ਨੂੰ ਅੰਜਾਮ ਦੇਣ 'ਚ ਇੰਨ੍ਹੀ ਦੇਰੀ ਕਿਉਂ ਲੱਗੀ।

ਇੱਕ ਪੁਰਾਣੀ ਧਾਰਣਾ ਹੈ ਕਿ ਅਪ੍ਰੈਲ 1941 'ਚ ਯੂਨਾਨ 'ਤੇ ਹੋਏ ਹਮਲੇ ਦੇ ਕਾਰਨ ਇਸ ਨੂੰ ਰੋਕਣਾ ਪਿਆ ਸੀ, ਪਰ ਉਸ ਸਮੇਂ ਤੱਕ ਇਹ ਪਤਾ ਲੱਗ ਚੁੱਕਿਆ ਸੀ ਕਿ ਇਸ ਦੀ ਦੇਰੀ ਪਿੱਛੇ ਮੁੱਖ ਕਾਰਨ ਸਮਾਂ ਹੀ ਸੀ।

1940-41 ਦੀ ਠੰਡ ਦੌਰਾਨ ਭਾਰੀ ਮੀਂਹ ਪਿਆ ਅਤੇ ਇਸ ਦੇ ਕਾਰਨ ਦੋ ਮੁਸ਼ਕਲਾਂ ਪੈਦਾ ਹੋਈਆਂ। ਪਹਿਲੀ ਮੁਸ਼ਕਲ ਇਹ ਸੀ ਕਿ ਜਰਮਨ ਮਿਲਟਰੀ ਹਵਾਬਾਜ਼ੀ ਲੁਫ਼ਟਵਾਫ਼ੇ ਦਾ ਅਗਲਾ ਏਅਰਫੀਲਡ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਿਆ ਸੀ ਅਤੇ ਜਦੋਂ ਤੱਕ ਏਅਰਫੀਲਡ ਸੁੱਕ ਨਹੀਂ ਜਾਂਦਾ, ਉਦੋਂ ਤੱਕ ਉੱਥੇ ਜਹਾਜ਼ਾਂ ਦੀ ਆਵਾਜਾਈ ਸੰਭਵ ਨਹੀਂ ਸੀ।

ਦੂਜੀ ਮੁਸ਼ਕਲ ਇਹ ਸੀ ਕਿ ਖ਼ਰਾਬ ਮੌਸਮ ਦੇ ਕਾਰਨ ਪੂਰਬੀ ਫਰੰਟ 'ਤੇ ਟਰਾਂਸਪੋਰਟ ਵਾਹਨਾਂ ਦੀ ਤੈਨਾਤੀ 'ਚ ਦੇਰੀ ਹੋਈ ਸੀ। ਇੱਕ ਹੋਰ ਦਿਲਚਸਪ ਤੱਥ ਇਹ ਸੀ ਕਿ ਜਰਮਨ ਦੇ ਮੋਟਰ ਟਰਾਂਸਪੋਰਟ ਡਿਵੀਜ਼ਨ ਦੇ 80% ਲੋਕ ਹਾਰੀ ਹੋਈ ਫਰਾਂਸ ਦੀ ਸੈਨਾ 'ਚੋਂ ਸਨ।

ਇਹੀ ਕਾਰਨ ਸੀ ਕਿ ਸਟਾਲਿਨ ਫਰਾਂਸ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਨੇ 1943 'ਚ ਤਹਿਰਾਨ ਕਾਨਫਰੰਸ 'ਚ ਇਹ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਦੇਸ਼ਧ੍ਰੋਹੀ ਅਤੇ ਸਹਿਯੋਗੀਆਂ ਦੇ ਰੂਪ 'ਚ ਪੇਸ਼ ਆਉਣਾ ਚਾਹੀਦਾ ਹੈ।

ਤੱਥ ਇਹ ਹੈ ਕਿ ਜਦੋਂ ਉਨ੍ਹਾਂ ਨੇ ਆਤਮ ਸਮਰਪਣ ਕੀਤਾ ਸੀ ਉਸ ਸਮੇਂ ਉਨ੍ਹਾਂ ਨੇ ਆਪਣੇ ਵਾਹਨਾਂ ਨੂੰ ਨਸ਼ਟ ਨਹੀਂ ਕੀਤਾ ਸੀ ਅਤੇ ਸਟਾਲਿਨ ਲਈ ਇਹੀ ਗੱਲ ਉਨ੍ਹਾਂ ਦੇ ਖ਼ਿਲਾਫ ਬਹੁਤ ਗੰਭੀਰ ਸੀ।

4 - ਇਹ ਹਰ ਕੋਈ ਜਾਣਦਾ ਹੈ ਕਿ ਸਟਾਲਿਨ ਇੱਕ ਜਾਨੂੰਨੀ ਕਿਸਮ ਦਾ ਬੰਦਾ ਸੀ। ਉਹ ਜਰਮਨੀ ਹਮਲੇ ਬਾਰੇ ਇੰਨੀਆਂ ਚੇਤਾਵਨੀਆਂ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦਾ ਸੀ?

ਇਹ ਇਤਿਹਾਸ ਦੇ ਸਭ ਤੋਂ ਵੱਡੇ ਵਿਰੋਧਾਭਾਸ/ ਤ੍ਰਾਸਦੀ 'ਚੋਂ ਇੱਕ ਹੈ। ਹਰ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਵਾਲਾ ਸਟਾਲਿਨ ਹਿਟਲਰ ਤੋਂ ਧੋਖਾ ਖਾ ਗਿਆ।

ਇਸ ਦੇ ਕਾਰਨ ਹੀ ਕਈ ਤਰ੍ਹਾਂ ਦੀਆਂ ਗੱਲਾਂ ਚਰਚਾ 'ਚ ਆਈਆਂ, ਜਿੰਨ੍ਹਾਂ 'ਚੋਂ ਇੱਕ 'ਚ ਇਹ ਸੀ ਕਿ ਸਟਾਲਿਨ ਜਰਮਨੀ 'ਤੇ ਪਹਿਲਾਂ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।

ਹਾਲਾਂਕਿ ਇਸ ਗੱਲ ਦਾ ਕੋਈ ਆਧਾਰ ਨਹੀਂ ਹੈ। ਦਰਅਸਲ ਇਹ ਗੱਲ ਸੋਵੀਅਤ ਸੰਘ ਦੇ 11 ਮਈ, 1941 ਦੇ ਐਮਰਜੈਂਸੀ ਦਸਤਾਵੇਜ਼ 'ਤੇ ਆਧਾਰਿਤ ਹੈ।

ਇਸ ਦਸਤਾਵੇਜ਼ 'ਚ ਨਾਜ਼ੀ ਹਮਲੇ ਦੀ ਯੋਜਨਾ ਤੋਂ ਜਾਣੂ ਜਨਰਲ ਜ਼ੁਖੋਵ ਅਤੇ ਹੋਰਨਾਂ ਲੋਕਾਂ ਨੇ ਸੰਭਾਵਤ ਜਵਾਬੀ ਹਮਲੇ ਬਾਰੇ ਚਰਚਾ ਕੀਤੀ ਸੀ।

ਇਹ ਵੀ ਪੜ੍ਹੋ:

ਜਿੰਨ੍ਹਾਂ ਗੱਲਾਂ 'ਤੇ ਉਨ੍ਹਾਂ ਨੇ ਵਿਚਾਰ ਵਟਾਂਦਰਾ ਕੀਤਾ ਸੀ, ਉਸ 'ਚੋਂ ਇੱਕ ਸੀ ਪਹਿਲਾਂ ਹੀ ਹਮਲਾ ਕੀਤਾ ਜਾਵੇ। ਪਰ ਸਟਾਲਿਨ ਦੀ ਰੈੱਡ ਆਰਮੀ ਉਸ ਸਮੇਂ ਅਜਿਹਾ ਕਰਨ ਦੀ ਸਥਿਤੀ 'ਚ ਨਹੀਂ ਸੀ।

ਇੱਕ ਹੋਰ ਮੁਸ਼ਕਲ ਇਹ ਵੀ ਸੀ ਕਿ ਜਿੰਨ੍ਹਾਂ ਟ੍ਰੈਕਟਰਾਂ ਜ਼ਰੀਏ ਉਹ ਆਪਣੇ ਤੋਪਖਾਨੇ ਲਿਜਾਂਦੇ ਸਨ, ਉਹ ਫਸਲਾਂ ਦੀ ਕਟਾਈ ਲਈ ਵਰਤੇ ਜਾ ਰਹੇ ਹਨ।

ਪਰ ਇਹ ਵੀ ਦਿਲਚਸਪ ਹੈ ਕਿ ਕਿਵੇਂ ਸਟਾਲਿਨ ਨੇ ਹਰ ਚੇਤਾਵਨੀ ਨੂੰ ਖਾਰਜ ਕੀਤਾ। ਇਹ ਚੇਤਾਵਨੀ ਉਨ੍ਹਾਂ ਨੂੰ ਸਿਰਫ ਬ੍ਰਿਟੇਨ ਤੋਂ ਹੀ ਨਹੀਂ ਮਿਲੀ ਸੀ, ਬਲਕਿ ਉਨ੍ਹਾਂ ਦੇ ਆਪਣੇ ਕੂਟਨੀਤਕਾਂ ਅਤੇ ਜਾਸੂਸਾਂ ਨੇ ਵੀ ਉਨ੍ਹਾਂ ਨੂੰ ਚੌਕਸ ਕੀਤਾ ਸੀ।

ਸ਼ਾਇਦ ਇਸ ਦੀ ਵਿਆਖਿਆ ਇਹ ਹੈ ਕਿ ਸਪੂਨਿਸ਼ ਘਰੇਲੂ ਯੁੱਧ ਤੋਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਸੀ ਕਿ ਵਿਦੇਸ਼ 'ਚ ਰਹਿਣ ਵਾਲਾ ਹਰ ਵਿਅਕਤੀ ਭ੍ਰਿਸ਼ਟ ਅਤੇ ਸੋਵੀਅਤ ਵਿਰੋਧੀ ਹੈ।

ਇਸ ਲਈ ਜਦੋਂ ਬਰਲਿਨ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।

ਜਦੋਂ ਉਨ੍ਹਾਂ ਨੂੰ ਜਰਮਨ ਸੈਨਿਕਾਂ ਵੱਲੋਂ ਇੱਕ ਛੋਟੀ ਡਿਕਸ਼ਨਰੀ ਭੇਜੀ ਗਈ, ਜਿਸ 'ਚ ਲਿਖਿਆ ਸੀ 'ਮੈਨੂੰ ਆਪਣੇ ਫਿਰਕੂ ਰੂਪ 'ਚ ਲੈ ਜਾਓ', ਉਸ ਸਮੇਂ ਵੀ ਸਟਾਲਿਨ ਨੇ ਇਸ ਵੱਲ ਧਿਆਨ ਨਾ ਦਿੱਤਾ। ਉਸ ਨੂੰ ਲੱਗਦਾ ਸੀ ਕਿ ਜਰਮਨੀ ਨਾਲ ਜੰਗ ਲਈ ਮਜਬੂਰ ਕਰਨ ਲਈ ਅੰਗਰੇਜ਼ਾਂ ਦੀ ਇਹ ਇੱਕ ਸਾਜਿਸ਼ ਸੀ।

ਫਿਰ ਵੀ ਵਰਣਨਯੋਗ ਹੈ ਕਿ ਸਟਾਲਿਨ ਨੇ ਹਿਟਲਰ ਵੱਲੋਂ ਦਿੱਤੇ ਇਸ ਭਰੋਸੇ ਨੂੰ ਵੀ ਸਵੀਕਾਰ ਕਰ ਲਿਆ ਸੀ ਕਿ ਬਹੁਤ ਸਾਰੇ ਸੈਨਿਕਾਂ ਨੂੰ ਬ੍ਰਿਟਿਸ਼ ਬਾਂਬਰਸ ਤੋਂ ਬਹੁਤ ਦੂਰ ਪੂਰਬ ਵੱਲ ਭੇਜਿਆ ਜਾ ਰਿਹਾ ਸੀ।

ਹਲਾਂਕਿ ਉਸ ਸਮੇਂ ਉਹ ਇੰਨ੍ਹੇ ਕਮਜ਼ੋਰ ਸਨ ਕਿ ਉਹ ਵਿਰੋਧੀ ਸੈਨਾ ਨੂੰ ਤੋੜਨ 'ਚ ਅਸਮਰੱਥ ਸਨ।

5 - ਜਰਮਨੀ ਦਾ ਮਕਸਦ ਕੀ ਸੀ? ਕੀ ਜਰਮਨੀ ਸੱਚਮੁੱਚ ਪੂਰੀ ਤਰ੍ਹਾਂ ਨਾਲ ਸੋਵੀਅਤ ਯੂਨੀਅਨ 'ਤੇ ਜਿੱਤ ਦਰਜ ਕਰਨਾ ਚਾਹੁੰਦਾ ਸੀ?

ਯੋਜਨਾ ਇਹ ਸੀ ਕਿ ਅਰਖਗੇਲ ਤੋਂ ਅਸਤ੍ਰਾਖਨ ਤੱਕ ਏਏ ਲਾਈਨ ਵੱਲ ਵਧਿਆ ਜਾਵੇ। ਜੇ ਅਜਿਹਾ ਹੋ ਜਾਂਦਾ ਤਾਂ ਜਰਮਨੀ ਸੈਨਿਕਾਂ ਨੂੰ ਮਾਸਕੋ ਅਤੇ ਵੋਲਗਾ ਤੋਂ ਅੱਗੇ ਵਧਣ 'ਚ ਮਦਦ ਮਿਲ ਸਕਦੀ ਸੀ।

ਇਸ ਲਈ ਜਦੋਂ ਸਟਾਲਿਨਗਰਾਦ ਦੀ ਲੜਾਈ ਸ਼ੁਰੂ ਹੋਈ ਤਾਂ ਕਈ ਜਰਮਨੀ ਸੈਨਿਕਾਂ ਨੇ ਇਹ ਸੋਚਿਆ ਕਿ ਸਿਰਫ ਇਸ ਸ਼ਹਿਰ 'ਤੇ ਕਬਜ਼ਾ ਕਰਨ ਅਤੇ ਵੋਲਗਾ ਤੱਕ ਪਹੁੰਚਣ ਨਾਲ ਹੀ ਜਿੱਤ ਹੋ ਜਾਵੇਗੀ।

ਵਿਚਾਰ ਇਹ ਸੀ ਕਿ ਸੋਵੀਅਤ ਯੂਨੀਅਨ ਦੇ ਸੈਨਿਕ, ਜੋ ਕਿ ਹਮਲੇ ਦੀ ਸ਼ੁਰੂਆਤ 'ਚ ਵੱਡੀ ਜੰਗ 'ਚ ਬਚ ਗਏ ਸਨ, ਉਹ ਵੱਖ-ਵੱਖ ਰਹਿਣਗੇ ਅਤੇ ਉਨ੍ਹਾਂ ਨੂੰ ਬੰਬਾਰੀ ਕਰਕੇ ਘੇਰ ਲਿਆ ਜਾਵੇਗਾ।

ਇਸ ਦੌਰਾਨ ਰੂਸ ਅਤੇ ਯੂਕਰੇਨ ਦੇ ਜਿੱਤੇ ਗਏ ਇਲਾਕਿਆਂ ਨੂੰ ਜਰਮਨੀ ਬਸਤੀਆਂ ਲਈ ਖੋਲ੍ਹ ਦਿੱਤਾ ਜਾਵੇਗਾ।

ਜਰਮਨ ਹੰਗਰ ਪਲਾਨ ਦੇ ਮੁਤਾਬਕ ਕਈ ਪ੍ਰਮੁੱਖ ਸ਼ਹਿਰਾਂ ਦੇ ਲੋਕ ਭੁੱਖ ਨਾਲ ਮਰ ਜਾਣਗੇ। ਇਹ ਵੀ ਅੰਦਾਜ਼ਾ ਲਗਾਇਆ ਗਿਆ ਸੀ ਕਿ ਮਰਨ ਵਾਲਿਆਂ ਦੀ ਗਿਣਤੀ 3 ਕਰੋੜ 50 ਲੱਖ ਹੋਵੇਗੀ।

ਪਰ ਇਹ ਪੂਰੀ ਯੋਜਨਾ ਇਸ ਗੱਲ 'ਤੇ ਨਿਰਭਰ ਸੀ ਕਿ ਏਏ ਲਾਈਨ ਵੱਲ ਤੇਜ਼ੀ ਨਾਲ ਵਧਿਆ ਜਾਵੇ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਘੇਰਾਬੰਦੀ ਕਰਕੇ ਰੈੱਡ ਆਰਮੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਜਾਵੇ।

ਇੰਨ੍ਹਾਂ 'ਚੋਂ ਕੁਝ ਚੀਜ਼ਾਂ ਵਿਉਂਤ ਅਨੁਸਾਰ ਵਾਪਰੀਆਂ ਵੀ। ਉਦਾਹਰਣ ਦੇ ਤੌਰ 'ਤੇ ਕੀਐਫ਼ ਮਨੁੱਖੀ ਇਤਿਹਾਸ 'ਚ ਫੜ੍ਹੇ ਗਏ ਕੈਦੀਆਂ ਦੇ ਮਾਮਲੇ 'ਚ ਦੁਨੀਆ ਦਾ ਸਭ ਤੋਂ ਵੱਡੀਆਂ ਲੜਾਈਆਂ 'ਚੋਂ ਇੱਕ ਸਾਬਤ ਹੋਇਆ ਸੀ।

6 - ਕੀ ਜਰਮਨੀ ਕੋਲ ਸਫਲਤਾ ਦਾ ਕੋਈ ਮੌਕਾ ਸੀ?

1941 ਦੇ ਅਖੀਰ 'ਚ ਘਬਰਾਹਟ 'ਚ ਆ ਕੇ ਸਟਾਲਿਨ ਨੇ ਬੁਲਗਾਰੀਆ ਦੇ ਰਾਜਦੂਤ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਮਾਸਕੋ 'ਤੇ ਕਬਜ਼ਾ ਹੋ ਜਾਵੇਗਾ ਅਤੇ ਸਭ ਕੁਝ ਤਹਿਸ ਨਹਿਸ ਹੋ ਜਾਵੇਗਾ।

ਫਿਰ ਰਾਜਦੂਤ ਸਟੈਮੇਨੋਵ ਨੇ ਜਵਾਬ ਦਿੱਤਾ ਸੀ, "ਉਹ ਪਾਗਲ ਹੈ ਅਤੇ ਜੇ ਪਿੱਛੇ ਹੱਟਦੇ ਹੋਏ ਉਹ ਯੂਰਾਲਸ ਵੱਲ ਜਾਵੇਗਾ ਤਾਂ ਉਸ ਦੀ ਜਿੱਤ ਹੋਵੇਗੀ।"

ਮੇਰੇ ਲਈ ਇਹ ਇੱਕ ਅਹਿਮ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਆਪ੍ਰੇਸ਼ਨ ਬਾਰਬਰੋਸਾ ਕਿਉਂ ਅਸਫਲ ਹੋਣ ਜਾ ਰਿਹਾ ਸੀ।

ਦੇਸ਼ ਦੇ ਆਕਾਰ ਦੇ ਮੱਦੇਨਜ਼ਰ ਇਹ ਸਪੱਸ਼ਟ ਸੀ ਕਿ ਜਰਮਨ ਸੈਨਾ ਅਤੇ ਉਸ ਦੇ ਸਹਿਯੋਗੀ ਰੋਮਾਨੀਆ ਅਤੇ ਹੰਗਰੀ ਕੋਲ ਇੰਨ੍ਹੇ ਜ਼ਿਆਦਾ ਸੈਨਿਕ ਨਹੀਂ ਸਨ ਕਿ ਉਹ ਇੰਨ੍ਹੇ ਵੱਡੇ ਇਲਾਕੇ ਵਾਲੇ ਦੇਸ਼ ਨੂੰ ਜਿੱਤ ਸਕਣ ਅਤੇ ਕਬਜ਼ਾ ਕਰ ਸਕਣ।

ਦੂਜੀ ਗੱਲ ਇਹ ਹੈ ਕਿ ਹਿਟਲਰ ਨੇ ਚੀਨ 'ਤੇ ਜਾਪਾਨੀ ਕਾਰਵਾਈ ਤੋਂ ਕੋਈ ਸਬਕ ਨਹੀਂ ਲਿਆ ਸੀ, ਜਿਸ 'ਚ ਇੱਕ ਆਧੁਨਿਕ ਮਸ਼ੀਨੀ ਅਤੇ ਤਕਨੀਕੀ ਤੌਰ 'ਤੇ ਬਿਤਹਰ ਦੇਸ਼ ਨੇ ਇੱਕ ਅਜਿਹੇ ਦੇਸ਼ 'ਤੇ ਹਮਲਾ ਕੀਤਾ ਸੀ, ਜਿਸ ਦਾ ਖੇਤਰਫਲ ਬਹੁਤ ਵੱਡਾ ਸੀ।

ਇਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਸ਼ੁਰੂ 'ਚ ਤਾਂ ਤੁਸੀਂ ਜਿੱਤ ਸਕਦੇ ਹੋ, ਪਰ ਹਿਟਲਰ ਨੇ ਸੋਵੀਅਤ ਯੂਨੀਅਨ ਦੇ ਖ਼ਿਲਾਫ ਜਿਸ ਬੇਰਹਿਮੀ ਦੀ ਵਰਤੋਂ ਕੀਤੀ ਸੀ, ਉਸ ਨਾਲ ਪੈਦਾ ਹੋਣ ਵਾਲੇ ਦਹਿਸ਼ਤ ਅਤੇ ਬਦਲੇ ਦੀ ਭਾਵਨਾ ਉਨਾਂ ਹੀ ਵਿਰੋਧ ਪੈਦਾ ਕਰਦੀ ਹੈ, ਜਿੰਨਾਂ ਅੱਤਵਾਦ ਅਤੇ ਅਰਾਜਕਤਾ ਦੇ ਕਾਰਨ ਪੈਦਾ ਹੁੰਦਾ ਹੈ।

ਹਿਟਲਰ ਨੇ ਕਦੇ ਵੀ ਇਸ 'ਤੇ ਵਿਚਾਰ ਨਹੀਂ ਕੀਤਾ।

ਉਹ ਹਮੇਸ਼ਾਂ ਹੀ ਇਸ ਮੁਹਾਵਰੇ ਦੀ ਵਰਤੋਂ ਕਰਦਾ ਰਿਹਾ- ਦਰਵਾਜ਼ੇ 'ਤੇ ਲੱਤ ਮਾਰੋ ਤਾਂ ਪੂਰਾ ਢਾਂਚਾ ਹੀ ਡਿੱਗ ਜਾਵੇਗਾ। ਪਰ ਉਸ ਨੇ ਸੋਵੀਅਤ ਸੰਘ ਦੇ ਲੋਕਾਂ ਦੀ ਦੇਸ਼ ਭਗਤੀ, ਉਨ੍ਹਾਂ ਦੀ ਉਮਰ ਅਤੇ ਜੰਗ ਜਾਰੀ ਰੱਖਣ ਦੀ ਵਚਨਬੱਧਤਾ ਨੂੰ ਘੱਟ ਕਰਕੇ ਜਾਣਿਆ ਸੀ।

7 - ਕੀ ਇਹ ਕਹਿਣਾ ਸਹੀ ਹੋਵੇਗਾ ਕਿ ਸਟਾਲਿਨ ਸੋਵੀਅਤ ਸੁਰੱਖਿਆ ਦੀ ਰਾਹ 'ਚ ਰੁਕਾਵਟ ਸੀ?

ਖ਼ਾਸ ਕਰਕੇ ਕੀਐਫ਼ ਦੀ ਘੇਰਾਬੰਦੀ ਤੋਂ ਪਿੱਛੇ ਨਾ ਹਟਣ ਕਰਨ ਲੱਖਾਂ ਹੀ ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਵਿਰੋਧ ਕਰਨ ਜਾਂ ਮਰ ਜਾਣ ਦਾ ਹੁਕਮ ਸੀ। ਇਸ ਹੁਕਮ 'ਚ ਤਬਦੀਲੀ ਦੀ ਬਹੁਤ ਘੱਟ ਗੁੰਜ਼ਾਇਸ਼ ਸੀ।

ਮਾਸਕੋ ਵੱਲ ਪਿੱਛੇ ਹਟਣ ਦੇ ਅੰਤਿਮ ਗੇੜ੍ਹ 'ਚ ਹੀ ਸਟਾਲਿਨ ਨੇ ਕੁਝ ਢਿਲ ਦਿੱਤੀ ਸੀ। ਇਹ ਠੀਕ ਵੀ ਸੀ ਕਿ ਉਨ੍ਹਾਂ ਨੇ ਅਜਿਹਾ ਕੀਤਾ, ਕਿਉਂਕਿ ਇਸ ਦੇ ਕਾਰਨ ਹੀ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਸੈਨਿਕਾਂ ਨੂੰ ਬਚਾਇਆ ਜਾ ਸਕਿਆ ਸੀ।

8 - ਕੀ ਹਮਲੇ ਦੇ ਸ਼ੁਰੂਆਤੀ ਗੇੜ੍ਹ 'ਚ ਸੋਵੀਅਤ ਸੰਘ ਦੇ ਪਤਨ ਦਾ ਕੋਈ ਖ਼ਤਰਾ ਮੌਜੂਦ ਸੀ?

ਸੋਵੀਅਤ ਸ਼ਾਸਨ ਦੇ ਪਤਨ ਲਈ ਕਿਸੇ ਵਿਰੋਧ ਜਾਂ ਫਿਰ ਅਜਿਹਾ ਕੁਝ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ।

ਦਰਅਸਲ ਸੋਵੀਅਤ ਸ਼ਾਸਨ ਦੀ ਕੋਈ ਖਾਸ ਆਲੋਚਨਾ ਵੀ ਨਹੀਂ ਸੀ, ਕਿਉਂਕਿ ਕੋਈ ਵੀ ਇਹ ਨਹੀਂ ਜਾਣਦਾ ਸੀ ਕਿ ਅਸਲ 'ਚ ਹੋ ਕੀ ਰਿਹਾ ਹੈ। ਉਸ ਸਮੇਂ ਲੋਕਾਂ ਦਾ ਗੁੱਸਾ ਜਰਮਨੀ ਅਤੇ ਜਰਮਨ-ਸੋਵੀਅਤ ਸਮਝੌਤੇ ਸਬੰਧੀ ਧੋਖੇ ਕਾਰਨ ਸੀ।

ਇਕ ਮੌਕਾ ਸੀ ਜਦੋਂ ਸੋਵੀਅਤ ਆਗੂ ਉਨ੍ਹਾਂ ਨੂੰ ਮਿਲਣ ਆਏ, ਉਸ ਸਮੇਂ ਉਹ ਪੂਰੀ ਤਰ੍ਹਾਂ ਨਾਲ ਉਦਾਸ ਆਪਣੀ ਝੌਂਪੜੀ 'ਚ ਰਹਿ ਰਹੇ ਸਨ।

ਸਟਾਲਿਨ ਨੇ ਜਦੋਂ ਸੋਵੀਅਤ ਆਗੂਆਂ ਨੂੰ ਉੱਥੇ ਵੇਖਿਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਉਹ ਸਾਰੇ ਉਸ ਨੂੰ ਗ੍ਰਿਫਤਾਰ ਕਰਨ ਆਏ ਹਨ।

ਪਰ ਜਲਦੀ ਹੀ ਉਹ ਸਮਝ ਗਏ ਸਨ ਕਿ ਉਹ ਵੀ ਉਨ੍ਹਾਂ ਦੀ ਤਰ੍ਹਾਂ ਹੀ ਡਰੇ ਹੋਏ ਸਨ। ਉਨ੍ਹਾਂ ਨੇ ਸਟਾਲਿਨ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੇ ਅੱਗੇ ਵਧਣਾ ਹੈ।

9 - ਮਾਸਕੋ ਦੀ ਲੜਾਈ ਦੌਰਾਨ ਰੂਸ ਦੀ ਸਰਦੀ ਕਿੰਨ੍ਹੀ ਕੁ ਨਿਰਣਾਇਕ ਸੀ?

ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੜਾਕੇ ਦੀ ਠੰਡ ਬਹੁਤ ਅਹਿਮ ਸੀ। ਉਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਸੀ ਅਤੇ ਕਈ ਵਾਰ ਤਾਂ ਤਾਪਮਾਨ ਜ਼ੀਰੋ ਤੋਂ 40 ਡਿਗਰੀ ਤੱਕ ਹੇਠਾਂ ਚਲਾ ਜਾਂਦਾ ਸੀ।

ਜਰਮਨੀ ਇਸ ਲਈ ਤਿਆਰ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਹਥਿਆਰ ਅਤੇ ਨਾ ਹੀ ਕੱਪੜੇ ਇਸ ਮਾਹੌਲ ਲਈ ਢੁਕਵੇਂ ਸਨ।

ਉਦਾਹਰਣ ਦੇ ਤੌਰ 'ਤੇ ਜਰਮਨੀ ਮਸ਼ੀਨਗਨ ਅਕਸਰ ਹੀ ਜੰਮ ਜਾਂਦੇ ਹਨ। ਸੈਨਿਕਾਂ ਨੂੰ ਉਸ 'ਤੇ ਪੇਸ਼ਾਬ ਕਰਨਾ ਪੈਂਦਾ ਸੀ ਤਾਂ ਕਿ ਉਸ ਨੂੰ ਕੰਮ ਕਰਨ ਦੇ ਯੋਗ ਬਣਾਇਆ ਜਾ ਸਕੇ।

ਪੈਂਜਰ ਟੈਂਕਾਂ ਦੇ ਟ੍ਰੈਕ ਵੀ ਬਹੁਤ ਤੰਗ ਸਨ ਅਤੇ ਇਸ ਲਈ ਉਹ ਬਰਫ਼ 'ਚ ਠੀਕ ਤਰ੍ਹਾਂ ਨਾਲ ਨਹੀਂ ਚੱਲ ਪਾਉਂਦੇ ਸਨ। ਸੋਵੀਅਤ ਸੰਘ ਕੋਲ ਟੀ-34 ਟੈਂਕ ਸਨ, ਜਿਸ ਕਾਰਨ ਉਨ੍ਹਾਂ ਨੂੰ ਫ਼ਾਇਦਾ ਮਿਲ ਜਾਂਦਾ ਸੀ।

ਰੂਸ ਦੀ ਕੜਾਕੇ ਦੀ ਠੰਡ ਨੇ ਜਰਮਨੀ ਦੀ ਪੈਦਲ ਸੈਨਾ ਨੂੰ ਅੱਗੇ ਵਧਣ ਦੀ ਰਫ਼ਤਾਰ ਹੌਲੀ ਕਰ ਦਿੱਤੀ ਸੀ। ਮੀਂਹ ਦੇ ਕਾਰਨ ਚਿੱਕੜ ਨੇ ਵੀ ਜਰਮਨੀ ਦੀ ਫੌਜ ਦੀ ਅੱਗੇ ਵਧਣ ਦੀ ਗਤੀ ਘਟਾ ਦਿੱਤੀ ਸੀ ਅਤੇ ਹੁਣ ਕੜਾਕੇ ਦੀ ਠੰਡ ਨੇ ਹਾਲਾਤ ਹੋਰ ਬਦਤਰ ਕਰ ਦਿੱਤੇ ਸਨ।

ਉਨ੍ਹਾਂ ਨੂੰ ਰਾਤ ਭਰ ਜਹਾਜ਼ਾਂ ਦੇ ਇੰਜਣਾਂ ਹੇਠ ਅੱਗ ਜਲਾ ਕੇ ਰੱਖਣੀ ਪੈਂਦੀ ਸੀ ਤਾਂ ਜੋ ਅਗਲੀ ਸਵੇਰ ਜਦੋਂ ਉਹ ਉੱਥੇ ਪਹੁੰਚਣ ਤਾਂ ਕੰਮ ਸ਼ੁਰੂ ਕਰ ਸਕਣ।

10 - ਕੀ ਸੋਵੀਅਤ ਯੂਨੀਅਨ 'ਤੇ ਹਮਲਾ ਹਿਟਲਰ ਦੀ ਸਭ ਤੋਂ ਵੱਡੀ ਗਲਤੀ ਸੀ?

ਬਿਲਕੁੱਲ ਸੀ। ਜੇ ਫਰਾਂਸ ਤੋਂ ਮਿਲੀ ਹਾਰ ਤੋਂ ਬਾਅਦ ਜਰਮਨੀ ਨੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਹੁੰਦੀ ਅਤੇ ਉਨ੍ਹਾਂ ਦੇਸ਼ਾਂ ਦੇ ਸਰੋਤਾਂ ਨਾਲ ਆਪਣੇ ਦੇਸ਼ ਦੀ ਫੌਜ ਹੋਰ ਮਜਬੂਤ ਕੀਤੀ ਹੁੰਦੀ, ਜਿਸ 'ਤੇ ਹਿਟਲਰ ਨੇ ਪਹਿਲਾਂ ਜਿੱਤ ਦਰਜ ਕੀਤੀ ਸੀ, ਤਾਂ ਜਰਮਨੀ ਦੀ ਸਥਿਤੀ ਕਾਫ਼ੀ ਮਜਬੂਤ ਹੁੰਦੀ।

ਇਸ ਲਈ ਜੇ ਸਟਾਲਿਨ ਨੇ 1942 ਅਤੇ 1943 'ਚ ਪਹਿਲਾਂ ਹਮਲਾ ਕੀਤਾ ਹੁੰਦਾ ਤਾਂ ਇਹ ਸੋਵੀਅਤ ਸੰਘ ਲਈ ਬਹੁਤ ਵਿਨਾਸ਼ਕਾਰੀ ਸਿੱਧ ਹੁੰਦਾ।

ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਯੁੱਧ ਦਾ ਨਵਾਂ ਮੋੜ ਸੀ। ਪੂਰਬੀ ਮੋਰਚੇ 'ਤੇ ਹੀ ਜਰਮਨੀ ਫੌਜ ਨੂੰ 80% ਨੁਕਸਾਨ ਹੋਇਆ ਸੀ। ਇਹ ਆਪ੍ਰੇਸ਼ਨ ਬਾਰਬਰੋਸਾ ਹੀ ਸੀ, ਜਿਸ ਨੇ ਜਰਮਨੀ ਫੌਜ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)