ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦੀ ਤਿਆਰੀ , 4-5 ਵਿਧਾਇਕਾਂ ਨੂੰ ਮਿਲ ਸਕਦੀ ਹੈ ਝੰਡੀ ਵਾਲੀ ਕਾਰ

ਤਸਵੀਰ ਸਰੋਤ, Getty Images
ਪੰਜਾਬ ਕੈਬਨਿਟ ਦੇ ਵਿਸਥਾਰ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੇ ਐਤਵਾਰ ਜਾਂ ਸੋਮਵਾਰ ਨੂੰ ਮੰਤਰੀ ਮੰਡਲ ਦੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ।
ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਵੀ ਕੀਤੀ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਬੈਠਕ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਅਤੇ ਪਹਿਲਾਂ ਮੌਜੂਦ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਨੂੰ ਲੈ ਕੇ ਚਰਚਾ ਹੋਈ ਅਤੇ ਸਹਿਮਤੀ ਬਣੀ।
ਇਸ ਵੇਲੇ ਪੰਜਾਬ ਦੀ ਕੈਬਨਿਟ ਵਿੱਚ ਮੁੱਖ ਮੰਤਰੀ ਮਾਨ ਤੋਂ ਇਲਾਵਾ 9 ਮੰਤਰੀ ਹਨ।
'ਆਪ' ਸਰਕਾਰ ਬਣਨ ਤੋਂ ਬਾਅਦ, ਪਹਿਲਾਂ 10 ਮੰਤਰੀ ਚੁਣੇ ਗਏ ਸਨ, ਜਿਨ੍ਹਾਂ ਵਿੱਚੋਂ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਸੂਬੇ ਵਿੱਚ ਸਰਕਾਰ ਦੀ ਕੈਬਨਿਟ 'ਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। 'ਆਪ' ਸਰਕਾਰ ਦੀ ਕੈਬਨਿਟ ਵਿੱਚ ਇਸ ਵੇਲੇ 8 ਮੰਤਰੀ ਅਹੁਦੇ ਖਾਲ਼ੀ ਪਏ ਹਨ।

ਤਸਵੀਰ ਸਰੋਤ, Bhagwant Mann/FB
ਹੁਣ ਸੂਬਾ ਸਰਕਾਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨ ਦੀ ਤਿਆਰੀ 'ਚ ਹੈ ਅਤੇ ਇਸ ਵਾਰੀ 4 ਜਾਂ 5 ਹੋਰ ਨਵੇਂ ਮੰਤਰੀ ਪੰਜਾਬ ਕੈਬਨਿਟ ਨੂੰ ਮਿਲ ਸਕਦੇ ਹਨ, ਜਿਨ੍ਹਾਂ ਵਿੱਚ ਇੱਕ ਮਹਿਲਾ ਵਿਧਾਇਕ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ।
ਮਹਿਲਾ ਵਿਧਾਇਕਾਂ 'ਚੋਂ ਰਾਜਪੁਰਾ ਤੋਂ ਨੀਨਾ ਮਿੱਤਲ, ਖਰੜ ਤੋਂ ਅਨਮੋਲ ਗਗਨ ਮਾਨ ਅਤੇ ਇੰਦਰਜੀਤ ਕੌਰ ਨੂੰ ਸ਼ਾਮਲ ਕੀਤੇ ਜਾਣ ਦੀ ਚਰਚਾ ਹੈ।
ਇਸ ਦੇ ਨਾਲ ਹੀ ਚਰਚਾ ਹੈ ਕਿ ਇਨ੍ਹਾਂ ਨਵੇਂ ਮੰਤਰੀਆਂ ਵਿੱਚ ਇੱਕ ਚਿਹਰਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਤੋਂ ਹੋ ਸਕਦਾ ਹੈ।
ਸੂਤਰਾਂ ਮੁਤਾਬਕ, ਨਵੇਂ ਮੰਤਰੀਆਂ ਨੂੰ ਉਹ ਵਿਭਾਗ ਸੌਂਪੇ ਜਾ ਸਕਦੇ ਹਨ ਜੋ ਮੁੱਖ ਮੰਤਰੀ ਆਪ ਸੰਭਾਲ ਰਹੇ ਹਨ।
ਮੁੱਖ ਮੰਤਰੀ ਨੇ ਸ਼ੁਰੂ ਵਿੱਚ 27 ਵਿਭਾਗਾਂ ਅਤੇ ਸਿਹਤ ਅਤੇ ਪਰਿਵਾਰ ਭਲਾਈ ਦਾ ਚਾਰਜ ਸੰਭਾਲਿਆ ਸੀ।
ਫਿਰ ਸਿੰਗਲਾ ਨੂੰ ਹਟਾਏ ਜਾਣ ਅਤੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੀ ਉਨ੍ਹਾਂ ਕੋਲ ਆ ਗਿਆ।
ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਨੂੰ ਸਿਹਤ, ਸੰਸਦੀ ਮਾਮਲੇ, ਸਥਾਨਕ ਸਰਕਾਰ, ਖੇਤੀਬਾੜੀ, ਉਦਯੋਗ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ ਅਲਾਟ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ:
ਅਮਰਿੰਦਰ ਸਿੰਘ ਦੀ ਪਾਰਟੀ ਦੀਆਂ ਭਾਜਪਾ 'ਚ ਰਲੇਵੇਂ ਦੀਆਂ ਸੰਭਾਵਨਾਵਾਂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ 'ਚ ਸ਼ਾਮਿਲ ਹੋਣ ਲਈ ਤਿਆਰ ਨਜ਼ਰ ਆ ਰਹੇ ਹਨ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਕਾਂਗਰਸ ਪਾਰਟੀ ਛੱਡਣ ਵਾਲੇ ਅਮਰਿੰਦਰ ਸਿੰਘ ਦੇ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਅਮਰਿੰਦਰ ਸਿੰਘ ਪੰਜ ਦਹਾਕਿਆਂ ਤੱਕ ਕਾਂਗਰਸ ਦਾ ਹਿੱਸਾ ਰਹੇ ਹਨ ਪਰ ਲੰਘੇ ਸਾਲ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਚੱਲਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਅਹੁਦਾ ਛੱਡ ਦਿੱਤਾ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਤਸਵੀਰ ਸਰੋਤ, Getty Images
ਉਸ ਸਮੇਂ ਕੈਪਟਨ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ਸਬੰਧੀ ਇੱਕ ਪੱਤਰ ਵੀ ਲਿਖਿਆ ਸੀ. ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਲੀਡਰਸ਼ਿਪ ਵੱਲੋਂ ਤਿੰਨ ਵਾਰ ਅਪਮਾਨਿਤ ਕੀਤਾ ਗਿਆ ਹੈ ਅਤੇ ਹੁਣ ਉਹ ਇਸ ਨੂੰ ਸਹਿਣ ਨਹੀਂ ਕਰ ਸਕਦੇ।
ਉਸ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਿੱਚ ਅਜੇ ਵੀ ਸਿਆਸਤ ਹੈ।
ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਬਣਾਈ ਅਤੇ ਫਿਰ ਉਨ੍ਹਾਂ ਨੇ ਭਾਜਪਾ ਨਾਲ ਗੱਠਜੋੜ ਕਰਕੇ ਅਪ੍ਰੈਲ-ਮਈ ਦੀਆਂ ਪੰਜਾਬ ਚੋਣਾਂ ਲੜੀਆਂ, ਪਰ ਇਨ੍ਹਾਂ ਚੋਣਾਂ ਵਿੱਚ ਇਹ ਗੱਠਜੋੜ ਆਪਣਾ ਕੋਈ ਪ੍ਰਭਾਵ ਨਹੀਂ ਦਿਖਾ ਸਕਿਆ।
ਪਹਿਲਾਂ ਹਾਲਾਂਕਿ ਅਮਰਿੰਦਰ ਨੇ ਆਪਣੇ ਅਸਤੀਫ਼ੇ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਦੇ ਪਾਰਟੀ ਦੇ ਭਾਜਪਾ ਵਿੱਚ ਰਲੇਵੇਂ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
ਜਾਣਕਾਰੀ ਮੁਤਾਬਕ, 80 ਸਾਲਾ ਕੈਪਟਨ ਇਸ ਵੇਲੇ ਪਿੱਠ ਦੀ ਸਰਜਰੀ ਲਈ ਲੰਡਨ ਵਿੱਚ ਹਨ ਅਤੇ ਸੰਭਾਵਨਾ ਹੈ ਕਿ ਅਗਲੇ ਹਫ਼ਤੇ ਵਾਪਸੀ ਤੋਂ ਬਾਅਦ ਉਹ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਭਾਜਪਾ ਵਿੱਚ ਮਿਲਾ ਲੈਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਰਜਰੀ ਤੋਂ ਬਾਅਦ ਅਮਰਿੰਦਰ ਸਿੰਘ ਨਾਲ ਗੱਲ ਵੀ ਕੀਤੀ ਹੈ।
ਭਾਵੇਂ ਕਿ ਕੈਪਟਨ ਅਮਰਿੰਦਰ ਦੇ ਸਕੱਤਰ ਕੈਪਟਨ ਅਮਰਦੀਪ ਸਿੰਘ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਦੀ ਸਿਹਤਯਾਬੀ ਪੁੱਛਣ ਲਈ ਹੀ ਫੋਨ ਕੀਤਾ ਸੀ।
ਹੋਰ ਕਿਸੇ ਵੀ ਤਰ੍ਹਾਂ ਦੀ ਸਿਆਸੀ ਗੱਲਬਾਤ ਨਹੀਂ ਹੋਈ। ਪਰ ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਦੇ ਲੰਡਨ ਤੋਂ ਪਰਤਣ ਤੋਂ ਬਾਅਦ ਭਾਜਪਾ ਵਿਚ ਪੰਜਾਬ ਲੋਕ ਕਾਂਗਰਸ ਦੇ ਰਲ਼ੇਵੇ ਦੀ ਤਿਆਰੀ ਹੋਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












