ਪੰਜਾਬ ਪੁਲਿਸ ਨੇ ਕੇਜਰੀਵਾਲ ਦਾ 'ਐਡਿਟ ਕੀਤਾ' ਵੀਡੀਓ ਸਾਂਝਾ ਕਰਨ 'ਤੇ ਦਿੱਲੀ ਦੇ ਭਾਜਪਾ ਨੇਤਾ 'ਤੇ ਦਰਜ ਕੀਤਾ ਕੇਸ - ਪ੍ਰੈੱਸ ਰਿਵੀਊ

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਭਾਜਪਾ ਆਗੂਆਂ ਖ਼ਿਲਾਫ਼ ਐੱਫ਼ਆਈਆਰ ਦਰਜ ਹੋ ਚੁੱਕੀ ਹੈ।

ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਥਿਤ ਤੌਰ 'ਤੇ ਛੇੜ ਛਾੜ ਕੀਤੀ ਹੋਈ ਵੀਡੀਓ ਕਲਿੱਪ ਸ਼ੇਅਰ ਕਰਨ ਦੇ ਇਲਜ਼ਾਮ 'ਚ ਦਿੱਲੀ ਭਾਜਪਾ ਦੇ ਇੱਕ ਆਗੂ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਇਹ ਤੀਜੀ ਐੱਫ਼ਆਈਆਰ ਹੈ ਜੋ ਭਾਜਪਾ ਦੇ ਕਿਸੇ ਆਗੂ ਵਿਰੁੱਧ ਦਰਜ ਹੋਈ ਹੈ ਅਤੇ ਜੋ ਕਿ ਪੰਜਾਬ ਸੂਬੇ ਤੋਂ ਵੀ ਨਹੀਂ ਹਨ।

ਦਰਅਸਲ ਇਹ ਤਾਜ਼ਾ ਐੱਫਆਈਆਰ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਕੁਮਾਰ ਜਿੰਦਲ ਵਿਰੁੱਧ ਮੋਹਾਲੀ ਦੇ ਫੇਜ਼ 11 ਥਾਣੇ ਵਿੱਚ ਵੀਰਵਾਰ ਰਾਤ ਦਰਜ ਕੀਤੀ ਗਈ।

ਫੇਜ਼-11 ਥਾਣੇ ਦੇ ਐੱਸਐੱਚਓ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਿੰਦਲ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਨ ਵਾਲੇ ਅਤੇ 'ਆਪ' ਦੇ ਕਾਨੂੰਨੀ ਸੈੱਲ ਨਾਲ ਕੰਮ ਕਰਨ ਵਾਲੇ ਐਡਵੋਕੇਟ ਗੁਰਭੇਜ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਜਿੰਦਲ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਕੇਜਰੀਵਾਲ ਦੀ ਇੱਕ ''ਡਾਕਟਰਡ'' ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ।

ਹਾਲਾਂਕਿ, ਜਿੰਦਲ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਰਾਸ਼ਟਰੀ ਰਾਜਧਾਨੀ ਵਿੱਚ ਕੇਜਰੀਵਾਲ ਸਰਕਾਰ ਬਾਰੇ ਵੱਖ-ਵੱਖ ਮੁੱਦਿਆਂ 'ਤੇ "ਖੁਲਾਸੇ" ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਜੋ ਦੱਸਿਆ ਗਿਆ ਹੈ ਕਿ ਉਹ ਇੱਕ ਵਿਅੰਗ ਹੈ।

ਜਿੰਦਲ ਨੇ ਅੱਗੇ ਕਿਹਾ ਕਿ ''ਕਈ ਵਾਰ ਕੇਜਰੀਵਾਲ ਵੀ ਭਾਜਪਾ ਨੇਤਾਵਾਂ 'ਤੇ ਵਿਅੰਗ ਕਰਦੇ ਹਨ, ਪਰ ਅਸੀਂ ਉਨ੍ਹਾਂ 'ਤੇ ਕੇਸ ਦਰਜ ਨਹੀਂ ਕਰਦੇ। ਪਰ ਜਦੋਂ ਤੋਂ 'ਆਪ' ਨੇ ਪੰਜਾਬ ਵਿੱਚ ਸਰਕਾਰ ਬਣਾਈ ਹੈ, ਉਹ ਸੋਚਦੇ ਹਨ ਕਿ ਉਹ ਪੰਜਾਬ ਪੁਲਿਸ ਦੀ ਵਰਤੋਂ ਉਨ੍ਹਾਂ ਵਿਰੁੱਧ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਬੇਨਕਾਬ ਕਰਦੇ ਹਨ''।

ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਅਤੇ ਭਾਜਪਾ ਵਰਕਰ ਪ੍ਰੀਤੀ ਗਾਂਧੀ ਖ਼ਿਲਾਫ਼ ਵੀ ਅਜਿਹੇ ਹੀ ਵੱਖ-ਵੱਖ ਮਾਮਲਿਆਂ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਐਤਵਾਰ ਤੋਂ ਸਾਰੇ ਬਾਲਗ ਵਿਅਕਤੀ ਲੈ ਸਕਦੇ ਹਨ ਕੋਵਿਡ ਟੀਕੇ ਦੀ ਬੂਸਟਰ ਡੋਜ਼, ਜਾਣੋ ਕਿਵੇਂ ਕਰੀਏ ਰਜਿਸਟਰ

ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਐਤਵਾਰ ਭਾਵ 10 ਅਪ੍ਰੈਲ ਤੋਂ ਸਾਰੇ ਬਾਲਗਾਂ ਲਈ ਕੋਰੋਨਾਵਾਇਰਸ ਦੀ 'ਸੁਰੱਖਿਆ ਵਾਲੀ ਖੁਰਾਕ' ਪ੍ਰਾਈਵੇਟ ਟੀਕਾਕਰਨ ਕੇਂਦਰਾਂ 'ਤੇ ਉਪਲੱਬਧ ਹੋਵੇਗੀ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਇਹ ਤੀਸਰੀ ਖੁਰਾਕ ਜ਼ਿਆਦਾਤਰ ਬਾਲਗਾਂ ਲਈ ਮੁਫ਼ਤ ਨਹੀਂ ਹੋਵੇਗੀ ਅਤੇ ਇਸਦੇ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਪਏਗਾ।

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਹ ਸਾਰੇ ਲੋਕ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਜਿਨ੍ਹਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਲਏ ਹੋਏ 9 ਮਹੀਨੇ ਜਾਂ 39 ਹਫ਼ਤੇ ਪੂਰੇ ਹੋ ਚੁੱਕੇ ਹਨ, ਉਹ ਤੀਜੀ ਖੁਰਾਕ ਲੈ ਸਕਣਗੇ।

ਟੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਦੇਸ਼ਾਂ ਵਿੱਚ ਵਾਇਰਸ ਦੀ ਲਾਗ ਵਧ ਰਹੀ ਹੈ ਅਤੇ ਅਜਿਹੇ 'ਚ ਵਿਦੇਸ਼ ਜਾਣ ਵਾਲੇ ਭਾਰਤੀਆਂ ਲਈ ਤੀਜੀ ਖੁਰਾਕ ਬਹੁਤ ਅਹਿਮ ਰਹੇਗੀ।

ਇਸ ਤੋਂ ਇਲਾਵਾ, ਜਿਸ ਵਿਅਕਤੀ ਨੇ ਪਹਿਲੀਆਂ 2 ਖੁਰਾਕਾਂ ਜਿਹੜੀ ਵੈਕਸੀਨ ਦੀਆਂ ਲਈਆਂ ਸਨ, ਉਸਨੂੰ ਤੀਜੀ ਖੁਰਾਕ ਵੀ ਉਸੇ ਵੈਕਸੀਨ ਦੀ ਦਿੱਤੀ ਜਾਵੇਗੀ। ਮਿਸਾਲ ਵਜੋਂ, ਜੇ ਕਿਸੇ ਨੂੰ ਪਹਿਲੀ-ਦੂਜੀ ਖੁਰਾਕ ਕੋਵੀਸ਼ੀਲਡ ਦੀ ਲੱਗੀ ਸੀ ਤਾਂ ਉਸਨੂੰ ਤੀਜੀ ਖੁਰਾਕ ਵੀ ਕੋਵੀਸ਼ੀਲਡ ਦੀ ਹੀ ਲੱਗੇਗੀ।

ਇਸਦੇ ਲਈ ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਰਾਹੀਂ ਹੋ ਸਕਦਾ ਹੈ ਅਤੇ ਵਿਅਕਤੀ ਸਿੱਧਾ ਟੀਕਾਕਰਨ ਕੇਂਦਰ ਜਾ ਕੇ ਵੀ ਰਜਿਸਟਰ ਕਰਵਾ ਸਕਦੇ ਹਨ।

ਇਸਦੇ ਨਾਲ ਹੀ, ਚੀਨ ਅਤੇ ਅਮਰੀਕਾ ਵਿੱਚ ਕੋਵਿਡ ਦੇ ਮਾਮਲਿਆਂ ਦੇ ਮੁੜ ਉਭਾਰ ਦੇ ਵਿਚਕਾਰ, ਸਰਕਾਰ ਨੇ ਪੰਜ ਸੂਬਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਨਿਗਰਾਨੀ ਸਿਸਟਮ ਨੂੰ ਢਿੱਲਾ ਨਾ ਛੱਡਣ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਸ ਬਾਬਤ ਸੂਬਿਆਂ ਨੂੰ ਇੱਕ ਪੱਤਰ ਵੀ ਲਿਖਿਆ ਹੈ।

ਇਹ ਪੱਤਰ ਕੇਰਲ, ਮਿਜ਼ੋਰਮ, ਮਹਾਰਾਸ਼ਟਰ, ਦਿੱਲੀ ਅਤੇ ਹਰਿਆਣਾ ਦੀਆਂ ਸੂਬਾ ਸਰਕਾਰਾਂ ਨੂੰ ਭੇਜਿਆ ਗਿਆ ਹੈ।

26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਪਾਕ ਅਦਾਲਤ ਨੇ ਸੁਣਾਈ ਸਜ਼ਾ

ਪਾਕਿਸਤਾਨ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਸ਼ੁੱਕਰਵਾਰ ਨੂੰ ਲਸ਼ਕਰ-ਏ-ਤੈਇਬਾ (LeT) ਦੇ ਮੁਖੀ ਅਤੇ 26/11 ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਦੇ ਤਾਜ਼ਾ ਮਾਮਲਿਆਂ ਵਿੱਚ 31 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਵੀ ਦਿੱਤਾ ਹੈ।

ਹਾਫਿਜ਼ ਸਈਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਯੁਕਤ ਰਾਜ ਨੇ ਸਈਦ ਨੂੰ ਵਿਸ਼ੇਸ਼ ਤੌਰ 'ਤੇ ਨਾਮਜ਼ਦ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਸੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, 70 ਸਾਲਾ ਕੱਟੜਪੰਥੀ ਸਈਦ ਨੂੰ ਇਸ ਤੋਂ ਪਹਿਲਾਂ ਵੀ, ਅਜਿਹੇ ਹੀ ਪੰਜ ਮਾਮਲਿਆਂ ਵਿੱਚ 36 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਖ਼ਬਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਅਦਾਲਤ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ ਦੁਆਰਾ ਦਰਜ ਕੀਤੀਆਂ ਦੋ ਐਫਆਈਆਰਾਂ ਵਿੱਚ ਸਈਦ ਨੂੰ 31 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਈਦ 'ਤੇ 340,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਅਧਿਕਾਰੀ ਨੇ ਕਿਹਾ ਕਿ ਸਈਦ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਤੋਂ ਅਦਾਲਤ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਹ ਸਖ਼ਤ ਸੁਰੱਖਿਆ ਵਿੱਚ 2019 ਤੋਂ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)