ਰਾਜ ਸਭਾ ਚੋਣਾਂ: ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਪੁੱਛੇ ਜਾ ਰਹੇ ਇਹ ਸਵਾਲ

ਸੋਮਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ, ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ, ਆਈਆਈਟੀ ਦੇ ਅਸਿਸਟੈਂਟ ਪ੍ਰੋਫ਼ੈਸਰ ਸੰਦੀਪ ਪਾਠਕ, ਲਵਲੀ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਅਤੇ ਲੁਧਿਆਣਾ ਦੇ ਉਦਯੋਗਪਤੀ ਸੰਜੀਵ ਅਰੋੜਾ ਦਾ ਨਾਮ ਸ਼ਾਮਲ ਹੈ।

ਰਾਜ ਸਭਾ ਵਿੱਚ ਪੰਜਾਬ ਦੀਆਂ 7 ਸੀਟਾਂ ਹਨ। ਜਿਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋਣ ਮਗਰੋਂ ਪੰਜ ਸੀਟਾਂ 9 ਅਪ੍ਰੈਲ ਨੂੰ ਖਾਲੀ ਹੋ ਰਹੀਆਂ ਹਨ।

ਬਾਕੀ ਦੋ ਸੀਟਾਂ ਲਈ ਬਲਵਿੰਦਰ ਸਿੰਘ ਭੂੰਦੜ ਅਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋਵੇਗਾ ਅਤੇ ਇਨ੍ਹਾਂ ਸੀਟਾਂ ਲਈ ਲਈ ਚੋਣਾਂ ਵੀ ਬਾਅਦ 'ਚੋਂ ਹੋਣਗੀਆਂ।

ਖਾਲੀ ਹੋਰ ਰਹੀਆਂ 5 ਸੀਟਾਂ ਲਈ, ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ ਅਤੇ ਆਮ ਆਦਮੀ ਪਾਰਟੀ ਨੇ ਇਸਦੇ ਲਈ 5 ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਏ ਹਨ।

ਆਮ ਆਦਮੀ ਦੀ ਇਸ ਚੋਣ ਉੱਪਰ ਸਿਆਸੀ ਆਗੂ ਅਤੇ ਮੀਡਿਆ ਨਾਲ ਜੁੜੇ ਲੋਕਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

'ਇਹ ਉਹੀ ਮੁੱਦੇ ਚੁੱਕਣਗੇ ਜੋ ਪਾਰਟੀ ਵੱਲੋਂ ਦੱਸੇ ਜਾਣਗੇ'

ਬੀਬੀਸੀ ਸਹਿਯੋਗੀ ਮਨਪ੍ਰੀਤ ਕੌਰ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਇਸ ਬਾਰੇ ਗੱਲ ਕੀਤੀ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੇ ਇਸ ਪਹਿਲੇ ਫ਼ੈਸਲੇ ਤੋਂ ਬਾਅਦ ਹੀ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਹੁੰ ਚੁੱਕ ਸਮਾਗਮ ਵੇਲੇ ਵੀ ਪੰਚ ਲਾਈਨ 'ਇਨਕਲਾਬ ਜ਼ਿੰਦਾਬਾਦ' ਸੀ। ਉਮੀਦਵਾਰਾਂ ਦੇ ਨਾਮ ਦਾ ਫ਼ੈਸਲਾ ਉਨ੍ਹਾਂ ਦੀ ਪੰਚ ਲਾਈਨ ਨਾਲ ਮੇਲ ਨਹੀਂ ਖਾਂਦਾ।

ਉਹ ਆਖਦੇ ਹਨ, "ਪੰਜਾਬ ਦੀ ਸਿਆਸਤ ਬਾਕੀ ਸੂਬਿਆਂ ਤੋਂ ਵੱਖਰੀ ਹੈ। ਇੱਥੇ ਸਿਰਫ਼ ਸਿਹਤ ਅਤੇ ਸਿੱਖਿਆ ਹੀ ਮੁੱਦਾ ਨਹੀਂ ਹੈ। ਇਹ ਇੱਕ ਸਵਾਲ ਹੈ ਕਿ ਚੁਣੇ ਹੋਏ ਉਮੀਦਵਾਰ ਕੀ ਪੰਜਾਬ ਦੇ ਮੁੱਦੇ ਸਮਝਦੇ ਹਨ?"

ਜਗਤਾਰ ਸਿੰਘ ਮੁਤਾਬਿਕ ਇਹ ਉਮੀਦਵਾਰ ਪੰਜਾਬ ਦੀ ਰੂਹ ਦੀ ਨੁਮਾਇੰਦਗੀ ਨਹੀਂ ਕਰਦੇ। ਇਹ ਉਹੀ ਮੁੱਦੇ ਚੁੱਕਣਗੇ ਜੋ ਪਾਰਟੀ ਵੱਲੋਂ ਦੱਸੇ ਜਾਣਗੇ।ਉਹ ਅੱਗੇ ਆਖਦੇ ਹਨ,"ਪੰਜਾਬ ਦੇ ਰਾਜ ਸਭਾ ਮੈਂਬਰ ਚਾਹੇ ਉਹ ਸ਼ਵੇਤ ਮਲਿਕ ਹੋਣ ਜਾਂ ਸ਼ਮਸ਼ੇਰ ਸਿੰਘ ਦੂਲੋ ਹੋਣ,ਵੱਲੋਂ ਪੰਜਾਬ ਦੇ ਮੁੱਦੇ ਕੋਈ ਬਹੁਤੇ ਚੰਗੇ ਤਰੀਕੇ ਨਾਲ ਨਹੀਂ ਚੁੱਕੇ ਗਏ।

ਉਨ੍ਹਾਂ ਨੇ ਆਖਿਆ ਕਿ ਰਾਜ ਸਭਾ ਸਾਂਸਦਾਂ ਨੂੰ ਇੱਕ ਸਮੇਂ 'ਗੂੰਗੇ ਭਲਵਾਨ' ਆਖਿਆ ਜਾਂਦਾ ਸੀ। ਗੁਰਚਰਨ ਸਿੰਘ ਟੌਹੜਾ ਇੱਕ ਅਜਿਹੇ ਸੰਸਦ ਮੈਂਬਰ ਸਨ ਜੋ ਪੰਜਾਬ ਦੇ ਮੁੱਦੇ ਚੁੱਕਦੇ ਸਨ। ਹੁਣ ਦੇ ਸੰਸਦ ਮੈਂਬਰਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਮੁੱਦੇ ਚੁੱਕਦੇ ਹਨ।"

ਸੀਨੀਅਰ ਪੱਤਰਕਾਰ ਅੰਜੂ ਅਗਨੀਹੋਤਰੀ ਨੇ ਅਸ਼ੋਕ ਮਿੱਤਲ ਬਾਰੇ ਟਵੀਟ ਵਿਚ ਕਿਹਾ ਹੈ ਕਾਰੋਬਾਰ 'ਮਠਿਆਈ ਬਣਾਉਣ ਤੋਂ ਲੈਕੇ ਸੰਸਦ ਤੱਕ'

ਇੱਕ ਹੋਰ ਪੱਤਰਕਾਰ ਮਨਅਮਨ ਸਿੰਘ ਛੀਨਾ ਨੇ ਟਵੀਟ ਕਰਦਿਆਂ ਲਿਖਿਆ ਹੈ, ਰਾਜ ਸਭਾ ਜਾਣ ਲ਼ਈ ਲਵਲੀ ਤਰੀਕਾ, ਧੰਨਵਾਦ ਆਮ ਆਦਮੀ ਪਾਰਟੀ

ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਵੱਲੋਂ ਨਾਵਾਂ ਦੇ ਐਲਾਨ ਤੋਂ ਪਹਿਲਾਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਨਾਮ ਇੱਕ ਚਿੱਠੀ ਲਿਖੀ ਸੀ।

ਇਸ ਚਿੱਠੀ ਰਾਹੀਂ ਉਨ੍ਹਾਂ ਨੇ ਭਗਵੰਤ ਮਾਨ ਉਨ੍ਹਾਂ ਲਿਖਿਆ ਸੀ,"ਉਮੀਦ ਹੈ ਕਿ ਤੁਸੀਂ ਪੰਜਾਬ ਦੇ ਹੀ ਨੁਮਾਇੰਦੇ ਭੇਜ ਕੇ ਪੰਜਾਬ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰੋਗੇ।"ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਕਈ ਉਮੀਦਵਾਰ ਪੰਜਾਬ ਦੇ ਨਹੀਂ ਹਨ।

'ਬਹੁਮਤ ਦੀ ਬੇਇਜ਼ਤੀ'

ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਹੈ ਕਿ ਇਕ ਗੈਰ ਪੰਜਾਬੀ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਉਣਾ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਬਹੁਮਤ ਦੀ ਬੇਇਜ਼ਤੀ ਹੈ।ਖ਼ਬਰ ਏਜੰਸੀ ਏਐਨਆਈ ਮੁਤਾਬਕ ਉਨ੍ਹਾਂ ਨੇ ਹਰਭਜਨ ਸਿੰਘ ਦਾ ਸਵਾਗਤ ਕੀਤਾ ਹੈ ਪਰ ਰਾਘਵ ਚੱਢਾ,ਸੰਦੀਪ ਪਾਠਕ ਦੇ ਨਾਮ ਉੱਪਰ ਵਿਰੋਧ ਜਤਾਇਆ।ਉਨ੍ਹਾਂ ਨੇ ਇਹ ਵੀ ਆਖਿਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਮਤਿਹਾਨ ਹੈ।

ਕਾਂਗਰਸ ਆਗੂ ਪ੍ਰਗਟ ਸਿੰਘ ਨੇ ਵੀ ਕੇਜਰੀਵਾਲ 'ਤੇ ਆਪਣੇ ਹਿੱਤ ਸਾਧਣ ਦਾ ਇਲਜ਼ਾਮ ਲਗਾਇਆ ਹੈ ਅਤੇ ਕਿਹਾ ਕਿ ਜੋ ਪੰਜਾਬ ਦੀ ਸਿਆਸਤ ਲਈ ਕਦੇ ਖੜ੍ਹੇ ਨਹੀਂ ਹੋਏ, ਅਤੇ ਕੁਝ ਦਾ ਤਾਂ ਪੰਜਾਬ ਨਾਲ ਕੋਈ ਸਬੰਧ ਵੀ ਨਹੀਂ ਹੈ, ਅਜਿਹੇ ਲੋਕਾਂ ਨੂੰ ਚੁਣ ਕੇ ਕੇਜਰੀਵਾਲ ਨੇ ਆਪਣਾ ਅਸਲੀ ਚਿਹਰਾ ਦਿਖਾਇਆ ਹੈ।

'ਲੋਕਾਂ ਨਾਲ ਧੋਖਾ'

ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਬਿਆਨ ਜਾਰੀ ਕਰਕੇ ਆਖਿਆ ਗਿਆ ਹੈ ਕਿ ਪੰਜਾਬ ਵਿੱਚ ਰਾਜ ਸਭਾ ਲਈ ਗੈਰ ਪੰਜਾਬੀ ਉਮੀਦਵਾਰ ਚੁਣ ਕੇ ਲੋਕਾਂ ਨਾਲ ਧੋਖਾ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ਕੇ ਪੰਜਾਬ ਅਤੇ ਪੰਜਾਬੀਅਤ ਨੁੰ ਪਹਿਲੀ ਵੱਡੀ ਸੱਟ ਮਾਰੀ ਹੈ ਅਤੇ ਅਜਿਹਾ ਕਰਦਿਆਂ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜਦੋਂ ਕਿ ਲੋਕਾਂ ਨੇ ਵਿਆਪਕ ਹਾਂ ਪੱਖੀ ਬਦਲਾਅ ਲਿਆਉਣ ਲਈ ਇਸਦੀ ਗੱਲ 'ਤੇ ਵਿਸ਼ਵਾਸ ਕੀਤਾ ਤੇ ਪਾਰਟੀ ਨੁੰ ਇਹ ਬਦਲਾਅ ਲਿਆਉਣ ਵਾਸਤੇ ਵੱਡਾ ਫਤਵਾ ਦਿੱਤਾ।

ਪਾਰਟੀ ਦੇ ਆਗੂ ਹਰਚਰਨ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰਾਂ ਬਾਰੇ ਸਵਾਲ ਚੁੱਕਦਿਆਂ ਇੱਕ ਟਵੀਟ 'ਚ ਲਿਖਿਆ ਕਿ 'ਆਪ' ਦੁਆਰਾ ਚੁਣੇ ਗਏ ਰਾਜ ਸਭਾ ਉਮੀਦਵਾਰਾਂ 'ਚ 4 ਹਿੰਦੂ, ਜਿਨ੍ਹਾਂ 'ਚੋਂ 2 ਗੈਰ-ਪੰਜਾਬੀ ਹਨ ਅਤੇ ਇੱਕ ਸਿੱਖ ਹੈ। ਇਨ੍ਹਾਂ 'ਚੋਂ ਕੋਈ ਜੱਟ, ਦਲਿਤ, ਮੁਸਲਮਾਨ ਜਾਂ ਈਸਾਈ ਨਹੀਂ ਹੈ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਇਹੀ 'ਰੰਗਲਾ ਪੰਜਾਬ' ਹੈ।

ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਰਾਜ ਸਭਾ ਲਈ ਉਮੀਦਵਾਰਾਂ ਦੀ ਚੋਣ ਨੂੰ ਪੰਜਾਬ ਦੇ ਲੋਕਾਂ ਦੀ ਸਮਰੱਥਾ ਉੱਤੇ ਸਵਾਲ ਖੜਾ ਕਰਨ ਬਰਾਬਰ ਦੱਸਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)