ਰਾਜ ਸਭਾ: ਸੰਜੀਵ ਅਰੋੜਾ, ਰਾਘਵ ਚੱਢਾ, ਹਰਭਜਨ ਤੋਂ ਇਲਾਵਾ ਜਾਣੋ ਦੋ ਹੋਰ ਆਗੂ ਜੋ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰਨਗੇ

ਪੰਜਾਬ ਤੋਂ ਰਾਜ ਸਭਾ ਮੈਂਬਰਾਂ ਲਈ ਆਮ ਆਦਮੀ ਪਾਰਟੀ ਨੇ 5 ਨਾਂਅ ਤੈਅ ਕਰ ਲਏ ਹਨ।

ਇਨ੍ਹਾਂ ਵਿੱਚ ਆਪ ਆਗੂ ਅਤੇ ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਪੰਜਾਬ ਦੇ ਉਦਯੋਗਪਤੀ ਸੰਜੀਵ ਅਰੋੜਾ ਦੇ ਨਾਂ ਸ਼ਾਮਲ ਹਨ।

ਰਾਜ ਸਭਾ ਵਿੱਚ ਪੰਜਾਬ ਦੀਆਂ 7 ਸੀਟਾਂ ਹਨ। ਜਿਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋਣ ਮਗਰੋਂ ਪੰਜ ਸੀਟਾਂ 9 ਅਪ੍ਰੈਲ ਨੂੰ ਖਾਲੀ ਹੋ ਰਹੀਆਂ ਹਨ।

ਬਾਕੀ ਦੋ ਸੀਟਾਂ ਲਈ ਬਲਵਿੰਦਰ ਸਿੰਘ ਭੂੰਦੜ ਅਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋਵੇਗਾ ਅਤੇ ਇਨ੍ਹਾਂ ਸੀਟਾਂ ਲਈ ਲਈ ਚੋਣਾਂ ਵੀ ਬਾਅਦ 'ਚੋਂ ਹੋਣਗੀਆਂ।

ਖਾਲੀ ਹੋਰ ਰਹੀਆਂ 5 ਸੀਟਾਂ ਲਈ, ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ ਅਤੇ ਆਮ ਆਦਮੀ ਪਾਰਟੀ ਨੇ ਇਸਦੇ ਲਈ 5 ਉਮੀਦਵਾਰਾਂ ਦੇ ਨਾਮ ਜਾਰੀ ਕਰ ਦਿੱਤੇ ਹਨ।

ਆਉ ਜਾਣਦੇ ਹਾਂ 'ਆਪ' ਦੁਆਰਾ ਰਾਜ ਸਭਾ ਲਈ ਐਲਾਨੇ ਗਏ ਉਮੀਦਵਾਰਾਂ ਬਾਰੇ

ਇਹ ਵੀ ਪੜ੍ਹੋ:

ਰਾਘਵ ਚੱਢਾ

33 ਸਾਲਾ ਰਾਘਵ ਚੱਢਾ ਦਿੱਲੀ ਦੇ ਰਜਿੰਦਰ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਅਤੇ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ 2022 ਦੀਆਂ ਚੋਣਾਂ ਵਿੱਚ ਸਹਿ-ਪ੍ਰਭਾਰੀ ਰਹੇ ਹਨ।

ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਹੋਈ ਵੱਡੀ ਜਿੱਤਾ ਵਿਚ ਉਨ੍ਹਾਂ ਦਾ ਅਹਿਮ ਰੋਲ ਰਿਹਾ ਹੈ।

ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਰਾਘਵ ਚੱਢਾ ਇੱਕ ਚਾਰਟਡ ਅਕਾਉਂਟੈਂਟ ਸਨ।

ਉਹ ਆਮ ਆਦਮੀ ਪਾਰਟੀ ਦੀ ਨੈਸ਼ਨਲ ਕਾਰਜਕਾਰਨੀ ਦੇ ਮੈਂਬਰ ਹਨ ਅਤੇ ਪਾਰਟੀ ਦੇ ਕੌਮੀ ਬੁਲਾਰੇ ਵੀ ਹਨ।

ਸਾਲ 2013 ਵਿੱਚ ਉਹ 'ਆਪ' ਦਾ ਚੋਣ ਮੈਨੀਫੈਸਟੋ ਬਣਾਉਣ ਵਾਲੀ ਕਮੇਟੀ ਦੇ ਮੈਂਬਰ ਵੀ ਸਨ।

ਪ੍ਰੋਫੈਸਰ ਸੰਦੀਪ ਪਾਠਕ

ਪ੍ਰੋਫੈਸਰ ਸੰਦੀਪ ਪਾਠਕ ਆਈਆਈਟੀ ਦਿੱਲੀ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ ਅਤੇ ਉਹ ਆਮ ਆਦਮੀ ਪਾਰਟੀ ਦੇ ਨੀਤੀਘਾੜੇ ਦੇ ਤੌਰ 'ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ।

ਆਈਆਈਟੀ ਦਿੱਲੀ ਦੀ ਵੈੱਬਸਾਈਟ ਮੁਤਾਬਕ, ਡਿਪਾਰਟਮੈਂਟ ਆਫ਼ ਐਨਰਜੀ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਸੰਦੀਪ ਪਾਠਕ ਨੇ 2011 ਵਿੱਚ ਯੁਨੀਵਰਸਿਟੀ ਆਫ ਕੈਮਬ੍ਰਿਜ (ਯੂਕੇ) ਤੋਂ ਆਪਣੀ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ।

ਐਤਵਾਰ ਨੂੰ ਜਦੋਂ 'ਆਪ' ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਰ ਪਾਰਟੀ ਦੇ ਪੰਜਾਬ ਵਿਧਾਇਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਨ੍ਹਾਂ ਨੇ ਸੰਦੀਪ ਪਾਠਕ ਦੇ ਚੋਣਾਂ ਵਿੱਚ ਨਿਭਾਏ ਰੋਲ ਅਤੇ ਕੰਮ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਪਾਠਕ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਸੰਦੀਪ ਪਾਠਕ ਅਕਸਰ ਪਰਦੇ ਦੇ ਪਿੱਛੋਂ ਪਾਰਟੀ ਲਈ ਕੰਮ ਕਰਦੇ ਰਹੇ ਹਨ ਅਤੇ ਆਪਣੀ ਸਾਦਗੀ ਲਈ ਜਾਣੇ ਜਾਂਦੇ ਹਨ।

ਸੰਦੀਪ ਪਾਠਕ ਦੀ ਅਗਵਾਈ ਵਿੱਚ ਉਨ੍ਹਾਂ ਦੇ ਜੂਨੀਅਰਾਂ ਦੀ ਇੱਕ ਟੀਮ ਬਣੀ ਜੋ ਖੁੱਦ ਨੂੰ ਸੋਸ਼ਲ ਮੀਡੀਆ ਅਤੇ ਚੋਣਾਂ ਦੀਆਂ ਸਰਗਰਮੀਆਂ ਤੋਂ ਦੂਰ ਰੱਖਦੀ ਸੀ।

ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਅਤੇ ਇੱਕ ਵਿਅਕਤੀ ਨੂੰ ਇੱਕ ਜ਼ੋਨ ਦੀ ਜਿੰਮੇਵਾਰੀ ਦਿੱਤੀ ਗਈ।

ਹਰ ਜ਼ੋਨ ਦਾ ਪੂਰਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਉਮੀਦਵਾਰਾਂ ਨੂੰ ਚੁਨਣ ਵਿੱਚ ਮਦਦ ਕੀਤੀ।

ਇਸ ਦੇ ਨਾਲ ਹੀ ਇਹ ਵੀ ਪਤਾ ਲਾਇਆ ਗਿਆ ਕਿ ਕਿਸ ਉਮੀਦਵਾਰ ਨੂੰ ਟਿਕਟ ਦੇਣ ਨਾਲ ਕਿਸ ਤਰ੍ਹਾਂ ਦੀ ਨਰ਼ਾਜਗੀ ਫੈਲ ਸਕਦੀ ਹੈ। ਸਮਾਂ ਰਹਿੰਦੇ ਹੋਏ ਪਾਰਟੀ ਨੇ ਇਸ ਦਾ ਹੱਲ ਵੀ ਕੱਢਿਆ।

ਪੰਜਾਬ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਨਾਲ ਪਾਰਟੀ ਨੂੰ ਵੱਡੀ ਸਹਾਇਤਾ ਮਿਲੀ।

ਸੰਦੀਪ ਪਾਠਕ ਨੇ ਇਸ ਤੋਂ ਪਹਿਲਾਂ 2020 ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਮੁਹਿੰਮ ਨੂੰ ਚਲਾਇਆ ਸੀ ਜਿਸ ਵਿੱਚ ਪਾਰਟੀ ਨੂੰ ਵੱਡੀ ਸਫਤਲਾ ਮਿਲੀ ਸੀ।

ਹਰਭਜਨ ਸਿੰਘ

3 ਜੁਲਾਈ 1980 ਨੂੰ ਜਲੰਧਰ 'ਚ ਜੰਮੇ ਹਰਭਜਨ ਸਿੰਘ ਭਾਰਤੀ ਤੇ ਅੰਤਰਰਾਸ਼ਟਰੀ ਕ੍ਰਿਕੇਟ ਦਾ ਵੱਡਾ ਨਾਂਅ ਹਨ।

ਕ੍ਰਿਕੇਟ ਦੀ ਦੁਨੀਆ ਵਿੱਚ ਉਨ੍ਹਾਂ ਨੂੰ ਭੱਜੀ ਅਤੇ ਟਰਬਨੇਟਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਹਰਭਜਨ ਸਿੰਘ ਨੇ ਭਾਰਤ ਵੱਲੋਂ 103 ਟੈਸਟ ਮੈਚ ਅਤੇ 236 ਵਨਡੇਅ ਮੈਚ ਖੇਡੇ ਹਨ।

ਉਹ 2007 ਵਿੱਚ ਟੀ-20 ਵਿਸ਼ਵ ਕੱਪ ਟੀਮ ਅਤੇ 2011 ਦੀ ਵਨਡੇਅ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਵੀ ਸਨ।

ਭਾਰਤੀ ਟੀਮ ਦੇ ਸਟਾਰ ਸਪਿੱਨਰ ਰਹੇ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਰਿਟਾਇਰਮੈਂਟ ਲੈ ਚੁੱਕੇ ਹਨ।

ਉਹ ਵੱਖ-ਵੱਖ ਟੀਵੀ ਚੈਨਲਾਂ 'ਤੇ ਇੱਕ ਮਾਹਰ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਅਤੇ ਆਪਣੀ ਬੇਬਾਕ ਟਿੱਪਣੀਆਂ ਲਈ ਵੀ ਜਾਣੇ ਜਾਂਦੇ ਹਨ।

ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਸਿਆਸੀ 'ਚ ਆਉਣ ਦੇ ਚਰਚੇ ਰਹੇ ਹਨ। ਉਨ੍ਹਾਂ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਚੁਣੇ ਜਾਣ 'ਤੇ ਵਧਾਈ ਵੀ ਦਿੱਤੀ ਸੀ।

ਅਸ਼ੋਕ ਮਿੱਤਲ

ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਹਨ। ਉਨ੍ਹਾਂ ਦੀ ਵਿਦਿਅਕ ਯੋਗਤਾ ਐੱਲਐੱਲਬੀ ਹੈ ਅਤੇ ਉਨ੍ਹਾਂ ਦਾ ਨਾਂਅ ਪੰਜਾਬ ਦੇ ਵੱਡੇ ਕਾਰੋਬਾਰੀਆਂ ਵਿੱਚ ਸ਼ਾਮਿਲ ਹੈ।

ਉਹ ਚਾਰ ਭਰਾ ਹਨ। ਅਸ਼ੋਕ ਮਿੱਤਲ ਦੇ ਛੋਟੇ ਭਰਾ ਅਮਨ ਮਿੱਤਲ ਨੇਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਸਭ ਤੋਂ ਪਹਿਲਾਂ ਜਲੰਧਰ ਛਾਉਣੀ ਵਿੱਚ ਲਵਲੀ ਸਵੀਟਸ ਨਾਂਅ ਦੀ ਦੁਕਾਨ ਸ਼ੁਰੂ ਕੀਤੀ ਸੀ ਜਿਹੜੀ ਅੱਜ ਵੀ ਹੈ।

ਫਿਰ ਲਵਲੀ ਇੰਸਟੀਚਿਊਟ ਬਣਾਇਆ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸਮੇਂ ਇਸ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਣਾ ਦਿੱਤਾ ਗਿਆ।

ਅਸ਼ੋਕ ਮਿੱਤਲ ਦਾ ਜਨਮ 10 ਸਤੰਬਰ, 1964 ਵਿੱਚ ਹੋਇਆ ਸੀ। ਉਨ੍ਹਾਂ ਦੀ ਪਤਨੀ ਰਸ਼ਮੀ ਮਿੱਤਲ ਕੰਮ ਵਿੱਚ ਵੱਡਾ ਸਹਿਯੋਗ ਕਰਦੀ ਹੈ ਤੇ ਉਨ੍ਹਾਂ ਦੇ ਦੋ ਬੱਚਿਆਂ ਪ੍ਰਥਮ ਮਿੱਤਲ ਅਤੇ ਸ੍ਰਿਸ਼ਟੀ ਮਿੱਤਲ ਹਨ। ਅਸ਼ੋਕ ਮਿੱਤਲ ਆਪਣੇ ਸਾਰੇ ਭਰਵਾਂ ਵਿੱਚੋਂ ਸਭ ਤੋਂ ਛੋਟੇ ਹਨ

ਇਸ ਯੂਨੀਵਰਸਿਟੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਹੇ ਪ੍ਰਣਬ ਮੁਖਰਜੀ ਸਮੇਤ ਕਈ ਦੇਸ਼ਾਂ ਦੇ ਆਗੂ ਅਉਂਦੇ ਰਹੇ ਹਨ ਤੇ ਕਈ ਦੇਸ਼ਾਂ ਦੇ ਵਿਦਿਆਰਥੀ ਇੱਥੇ ਪੜ੍ਹਦੇ ਹਨ।

ਇਹ ਯੂਨੀਵਰਸਿਟੀ ਅਸ਼ੋਕ ਮਿੱਤਲ ਹੋਰਾਂ ਦੀ ਦੇਖ ਰੇਖ ਹੇਠਾਂ ਹੀ ਚੱਲ ਰਹੀ ਹੈ ਜਿਹੜੀ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੈ।

ਮਿੱਤਲ ਭਰਾਵਾਂ ਨੇ ਮਿਲ ਕੇ ਆਪਣੇ ਕਾਰੋਬਾਰ ਵਿੱਚ ਬੇਤਹਾਸ਼ਾ ਵਾਧਾ ਕੀਤਾ, ਲਵਲੀ ਆਟੋ ਮੋਬਾਇਲ ਦਾ ਸ਼ੋਅ ਰੂਮ ਖੋਲ੍ਹਿਆ ਜਿਸ ਵਿੱਚ ਸਭ ਤੋਂ ਪਹਿਲਾਂ ਬਜਾਜ ਸਕੂਟਰ ਵੇਚਣੇ ਸ਼ੁਰੂ ਕੀਤੇ ਤੇ ਫਿਰ ਮਾਰੂਤੀ ਦੀ ਏਜੰਸੀ ਲਈ ਜਿਸ ਨੇ ਦੇਸ਼ ਵਿੱਚ ਸਭ ਵੱਧ ਕਾਰਾਂ ਵੇਚਣ ਦਾ ਰਿਕਾਰਡ ਲਵਲੀ ਆਟੋ ਦੇ ਨਾਂਅ ਕੀਤਾ।

ਸੰਜੀਵ ਅਰੋੜਾ

ਸੰਜੀਵ ਅਰੋੜਾ ਪੰਜਾਬ ਦੇ ਵੱਡੇ ਉਦਯੋਗਪਤੀਆਂ 'ਚ ਸ਼ਾਮਲ ਹਨ।

ਉਹ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੀ ਚਲਾਉਂਦੇ ਹਨ।

ਉਨ੍ਹਾਂ ਦੇ ਮਾਤਾ-ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਟਰੱਸਟ ਦੀ ਸ਼ੁਰੂਆਤ ਕੀਤੀ ਸੀ।

ਸੰਜੀਵ ਅਰੋੜਾ ਪਿਛਲੇ 15 ਸਾਲਾਂ ਤੋਂ ਪੰਜਾਬ ਵਿੱਚ ਸਮਾਜ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)